ਸੂਬਾ ਪੱਧਰੀ ਯੁਵਾ ਸਿਖਲਾਈ ਵਰਕਸ਼ਾਪ ’ਚ ਪਹੁੰਚੇ ਮੀਤ ਹੇਅਰ

ਵਰਕਸ਼ਾਪਾਂ ਨੌਜਵਾਨਾਂ ਦੀ ਸ਼ਖ਼ਸੀਅਤ ਉਸਾਰੀ ਵਿੱਚ ਅਹਿਮ ਯੋਗਦਾਨ ਪਾਉਦੀਆਂ ਹਨ

ਮੋਹਾਲੀ/ ਖਰੜ (ਐੱਮ ਕੇ ਸ਼ਾਇਨਾ)। ਨੌਜਵਾਨ ਸਾਡੇ ਸੂਬੇ ਪੰਜਾਬ ਅਤੇ ਸਾਡੇ ਦੇਸ਼ ਦਾ ਭਵਿੱਖ ਹਨ ਇਸੇ ਲਈ ਪੰਜਾਬ ਸਰਕਾਰ ਨੌਜਵਾਨਾਂ ਦੇ ਵਿਕਾਸ ਲਈ ਵੱਧ ਤੋਂ ਵੱਧ ਉਪਰਾਲੇ ਕਰ ਰਹੀ ਹੈ ਤੇ ਇਸ ਦੇ ਸਾਰਥਕ ਸਿੱਟੇ ਵੀ ਨਿਕਲ ਰਹੇ ਹਨ। ਇਹਨਾਂ ਉਪਰਾਲਿਆਂ ਦੀ ਲੜੀ ਤਹਿਤ ਹੀ ਯੁਵਕ ਸੇਵਾਵਾਂ ਵਿਭਾਗ, ਪੰਜਾਬ, ਵੱਲੋਂ ਨੌਜਵਾਨਾਂ ਦੀ ਸ਼ਖ਼ਸੀਅਤ ਉਸਾਰੀ ਲਈ ਸਮੇਂ-ਸਮੇਂ ਤੇ ਕੈਂਪ ਅਤੇ ਵਰਕਸ਼ਾਪ ਕਰਵਾਈਆਂ ਜਾਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੇਡਾਂ ਤੇ ਯੁਵਕ ਸੇਵਾਵਾਂ,ਪ੍ਰਸ਼ਾਸਕੀ ਸੁਧਾਰ,ਜਲ ਸਰੋਤ,ਖਣਨ ਤੇ ਭੂ-ਵਿਗਿਆਨ, ਸਾਇੰਸ ਤਕਨਾਲੋਜੀ ਤੇ ਵਾਤਾਵਰਨ ਮੰਤਰੀ, ਪੰਜਾਬ, ਗੁਰਮੀਤ ਸਿੰਘ ਮੀਤ ਹੇਅਰ ਨੇ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆ, ਵਿਖੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਕਰਵਾਈ ਪੰਜ ਰੋਜ਼ਾ ਸੂਬਾ ਪੱਧਰੀ ਯੁਵਾ ਸਿਖਲਾਈ ਵਰਕਸ਼ਾਪ ਦੇ ਸਮਾਪਤੀ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ।

ਮੀਤ ਹੇਅਰ ਨੇ ਵਿਭਾਗੀ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਇਸ ਵਰਕਸ਼ਾਪ ਦੀ ਸਫ਼ਲਤਾ ਲਈ ਵਧਾਈ ਦਿੱਤੀ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ । ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪਸ ਜਿੱਥੇ ਨੌਜਵਾਨਾਂ ਦੀ ਸ਼ਖ਼ਸੀਅਤ ਉਸਾਰੀ ਵਿੱਚ ਅਹਿਮ ਯੋਗਦਾਨ ਪਾਉਦੀਆਂ ਹਨ, ਉਥੇ ਵੱਖੋ-ਵੱਖ ਖਿੱਤਿਆਂ ਤੋਂ ਆਏ ਨੌਜਵਾਨ ਜਦੋਂ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਵੱਖੋ-ਵੱਖ ਖਿੱਤਿਆਂ ਬਾਰੇ ਉਨ੍ਹਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੁੰਦਾ ਹੈ। ਮੁੱਖ ਮਹਿਮਾਨ ਨੇ ਸਮਾਗਮ ਦੌਰਾਨ ਭੰਗੜਾ ਪਾਉਣ ਵਾਲੀ ਟੀਮ ਦੀ ਉਚੇਚੇ ਤੌਰ ‘ਤੇ ਹੌਸਲਾ ਅਫ਼ਜ਼ਾਈ ਕੀਤੀ । ਜ਼ਿਕਰਯੋਗ ਹੈ ਕਿ ਇਸ ਟੀਮ ਨੇ ਕੌਮੀ ਪੱਧਰ ਉੱਤੇ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭੰਗੜੇ ਵਿੱਚ ਊਰਜਾ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੀ ਦਰਸ਼ਕਾਂ ਨੂੰ ਵੀ ਆਪਣੇ ਘੇਰੇ ਵਿੱਚ ਲੈਂਦੀ ਹੈ। ਇਸ ਮੌਕੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਵੀ ਸਾਂਝੇ ਕੀਤੇ ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਪ੍ਰਫੁੱਲਤ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਕਾਰਵਾਈਆਂ ਗਈਆਂ ਤੇ 60 ਹਜ਼ਾਰ ਬੱਚਿਆਂ ਨੇ ਸੂਬਾ ਪੱਧਰ ਉੱਤੇ ਭਾਗ ਲਿਆ। ਓਦੋਂ ਵੀ ਬੱਚੇ ਵੱਖੋ-ਵੱਖ ਜ਼ਿਲ੍ਹਿਆਂ ਵਿਚ ਗਏ ਤੇ ਉਨ੍ਹਾਂ ਨੂੰ ਇਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ।

ਵਰਕਸ਼ਾਪ ਵਿੱਚ ਸੂਬੇ ਭਰ ਤੋਂ ਆਏ ਕਰੀਬ 200 ਬੱਚਿਆਂ ਨੇ ਹਿੱਸਾ ਲਿਆ

ਸਮਾਗਮ ਨੂੰ ਸੰਬੋਧਨ ਕਰਦਿਆਂ ਅਮਿਤ ਤਲਵਾੜ, ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਸੂਬੇ ਭਰ ਤੋਂ ਆਏ ਕਰੀਬ 200 ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ ਨੂੰ ਨਸ਼ਿਆਂ ਤੇ ਸਮਾਜਕ ਅਲਾਹਮਤਾਂ ਤੋਂ ਬਚਾਅ ਤੇ ਹੱਲ ਬਾਰੇ ਜਾਗਰੂਕ ਕੀਤਾ ਗਿਆ ਹੈ। ਸੜਕ ਸੁਰਖਿਆ ਸਮੇਤ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਬਾਰੇ ਅਤੇ ਸਿਹਤ ਸੰਭਾਲ ਸਬੰਧੀ ਵੀ ਜਾਗਰੂਕ ਕੀਤਾ ਗਿਆ ਹੈ। ਵੱਖੋ-ਵੱਖ ਕਲਾਕਾਰਾਂ ਨਾਲ ਵੀ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਨੌਜਵਾਨਾਂ ਨੂੰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਅਜਿਹੇ ਕੈਂਪ ਸਾਰਾ ਸਾਲ ਲਗਦੇ ਰਹਿਣਗੇ।

ਇਸ ਮੌਕੇ ਵੱਖ ਵੱਖ ਨੌਜਵਾਨਾਂ ਵੱਲੋਂ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਮੁੱਖ ਮਹਿਮਾਨ ਵੱਲੋਂ ਸਿਖਲਾਈ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ। ਇਨਾਮੀ ਰਾਸ਼ੀ ਦੇ ਚੈੱਕ ਨਾਲ ਭੰਗੜਾ ਟੀਮ ਦਾ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਵਿਭਾਗੀ ਅਧਿਕਾਰੀਆਂ ਤੇ ਕਰਮਚਾਰੀਆਂ, ਐੱਸ.ਡੀ.ਐਮ. ਖਰੜ ਰਵਿੰਦਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਦੇ ਡਿਪਟੀ ਡਾਇਰੈਕਟਰ, ਪੰਜਾਬ, ਕਮਲਜੀਤ ਸਿੰਘ ਸਿੱਧੂ, ਸਹਾਇਕ ਡਾਇਰੈਕਟਰ, ਪੰਜਾਬ, ਸ਼੍ਰੀਮਤੀ ਰੁਪਿੰਦਰ ਕੌਰ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕ

LEAVE A REPLY

Please enter your comment!
Please enter your name here