ਜੁਲਾਈ ਦੇ ਅੰਤ ਤੱਕ ਸ਼ੁਰੂ ਹੋਣਗੇ 75 ਪੀ.ਐਸ.ਏ. ਮੈਡੀਕਲ ਆਕਸੀਜਨ ਪਲਾਂਟ

ਅਧਿਕਾਰੀਆਂ ਨੂੰ ਜੀਵਨ ਰੱਖਿਅਕ ਗੈਸ ਦੇ ਦਬਾਅ ਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਅਤੇ 25 ਜੁਲਾਈ ਤੱਕ ਪਲਾਂਟ ਸਥਾਪਤ ਕਰਨ ਦਾ ਕੰਮ ਮੁਕੰਮਲ ਕਰਨ ਲਈ ਕਿਹਾ

ਅਸ਼ਵਨੀ ਚਾਵਲਾ, ਚੰਡੀਗੜ। ਕੋਵਿਡ-19 ਦੀ ਸੰਭਾਵੀ ਤੀਜੀ ਲਹਿਰ ਦੇ ਟਾਕਰੇ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਤਹਿਤ ਮੈਡੀਕਲ ਆਕਸੀਜਨ ਦਾ ਉਤਪਾਦਨ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਜੁਲਾਈ ਦੇ ਅਖੀਰ ਤੱਕ 75 ਹੋਰ ਪ੍ਰੈੱਸ਼ਰ ਸਵਿੰਗ ਐਡਸੌਰਪਸ਼ਨ (ਪੀ.ਐਸ.ਏ.) ਪਲਾਂਟ ਸਥਾਪਤ ਕੀਤੇ ਜਾਣਗੇ।

ਅੱਜ ਇਸ ਸਬੰਧੀ ਐਲਾਨ ਕਰਦਿਆਂ ਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਨੇ ਦੱਸਿਆ ਕਿ ਸਬੰਧਤ ਵਿਭਾਗਾਂ ਨੂੰ ਅਗਲੇ ਮਹੀਨੇ ਦੇ ਅੰਤ ਤੱਕ ਇਹ ਪਲਾਂਟ ਲਗਾਉਣ ਅਤੇ ਇਸ ਜੀਵਨ ਰੱਖਿਅਕ ਗੈਸ ਦਾ ਉੱਚਿਤ ਪ੍ਰੈੱਸਰ ਤੇ ਸੁੱਧਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਨਾਲ ਸੂਬੇ ਦੀਆਂ ਸਿਹਤ ਸੰਸਥਾਵਾਂ ਵਿੱਚ ਮੈਡੀਕਲ ਆਕਸੀਜਨ ਸਪਲਾਈ ਦੀ ਮੰਗ ਪੂਰੀ ਹੋਵੇਗੀ।

ਪੀ.ਐਸ.ਏ. ਪਲਾਂਟਾਂ ਦੀ ਸਥਾਪਨਾ ਅਤੇ ਇਸ ਨਾਲ ਜੁੜੇ ਕੰਮਾਂ ਦੀ ਸਮੀਖਿਆ ਕਰਨ ਲਈ ਬੁਲਾਈ ਉੱਚ ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਲਾਂਟਾਂ ਦੀ ਸਥਾਪਨਾ ਤੋਂ ਪਹਿਲਾਂ ਦੀਆਂ ਸਾਰੀਆਂ ਗਤੀਵਿਧੀਆਂ ਨੂੰ 15 ਜੁਲਾਈ ਤੱਕ ਮੁਕੰਮਲ ਕੀਤਾ ਜਾਵੇ ਤਾਂ ਜੋ ਪਲਾਂਟਾਂ ਦੀ ਸਥਾਪਨਾ ਅਤੇ ਇਨਾਂ ਨੂੰ ਚਲਾਉਣ ਦਾ ਕੰਮ 25 ਜੁਲਾਈ ਤੱਕ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨਾਂ ਨੇ ਇਸ ਨਾਲ ਸਬੰਧਤ ਹੋਰ ਕੰਮਾਂ ਜਿਵੇਂ ਸਾਈਟ ਤਿਆਰ ਕਰਨ, ਜੈਨਰੇਟਰਾਂ ਅਤੇ ਗੈਸ ਪਾਈਪਲਾਈਨ ਨੈੱਟਵਰਕ ਲਈ ਨੋਡਲ ਅਧਿਕਾਰੀ ਨਿਯੁਕਤ ਕਰਨ ਲਈ ਵੀ ਕਿਹਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।