ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home ਵਿਚਾਰ ਭਾਰਤ ’ਚ ਮੈਡੀਕ...

    ਭਾਰਤ ’ਚ ਮੈਡੀਕਲ ਸਿੱਖਿਆ ਬਹੁਤ ਜ਼ਰੂਰੀ

    Education

    ਭਾਰਤ ’ਚ ਮੈਡੀਕਲ ਸਿੱਖਿਆ ਬਹੁਤ ਜ਼ਰੂਰੀ

    ਹੁਣ ਜਦੋਂ ਨਾ ਸਿਰਫ਼ ਸਾਡਾ ਮੁਲਕ, ਬਲਕਿ ਸਮੁੱਚਾ ਵਿਸ਼ਵ ਕੋਰੋਨਾ ਜਿਹੀ ਭਿਆਨਕ ਮਹਾਂਮਾਰੀ ਨਾਲ ਜੂਝ ਰਿਹਾ ਹੈ, ਇਸ ਸਮੇਂ ਵੱਧ ਤੋਂ ਵੱਧ ਡਾਕਟਰਾਂ ਤੇ ਹੋਰ ਸਿਹਤ ਅਮਲੇ ਦੀ ਜ਼ਰੂਰਤ ਨੂੰ ਸਮਝਦਿਆਂ ਮੈਡੀਕਲ ਸਿੱਖਿਆ ਸੰਸਥਾਵਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਸਸਤੀ ਮੈਡੀਕਲ ਸਿੱਖਿਆ ਮੁਹੱਈਆ ਕਰਵਾਉਣੀ ਜ਼ਰੂਰੀ ਹੈ। ਵਿਸ਼ਵ ਸਿਹਤ ਸੰਸਥਾ (ਡਬਲਯੂਐਚਓ) ਮੁਤਾਬਿਕ ਹਰ 1000 ਦੀ ਆਬਾਦੀ ਪਿੱਛੇ ਇੱਕ ਡਾਕਟਰ ਹੋਣਾ ਚਾਹੀਦਾ ਹੈ, ਪਰ ਸਾਡੇ ਮੁਲਕ ਵਿੱਚ ਹਰ 10,000 ਪਿੱਛੇ ਸਿਰਫ਼ 5 ਡਾਕਟਰ ਹਨ। ਸਰਕਾਰ ਨੂੰ ਮੈਡੀਕਲ ਸਿੱਖਿਆ ਦਾ ਤਾਣਾਬਾਣਾ ਮੁੜ ਸਹੀ ਸੰਦਰਭ ਵਿੱਚ ਜ਼ਮੀਨੀ ਹਾਲਤਾਂ ਨੂੰ ਧਿਆਨ ਵਿੱਚ ਰੱਖ ਕੇ ਬੁਣਨਾ ਚਾਹੀਦਾ ਹੈ। ਇਹ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਸਾਨੂੰ ਸਾਰੇ ਡਾਕਟਰ ਸੁਪਰ ਸਪੈਸ਼ਲਿਸਟ ਨਹੀਂ ਚਾਹੀਦੇ। ਸਾਨੂੰ ਡਾਕਟਰ ਸਾਡੇ ਪ੍ਰਾਇਮਰੀ ਹੈਲਥ ਸੈਂਟਰਾਂ, ਜ਼ਿਲ੍ਹਾ ਹਸਪਤਾਲਾਂ ਤੇ ਛੋਟੇ ਪ੍ਰਾਈਵੇਟ ਹਸਪਤਾਲਾਂ ਲਈ ਚਾਹੀਦੇ ਹਨ।  ਇਸ ਮੰਤਵ ਲਈ ਹੋਰ ਮੈਡੀਕਲ ਕਾਲਜ ਖੋਲ੍ਹਣ ਦੀ ਜ਼ਰੂਰਤ ਹੈ।

    ਕਾਲਜ ਖੋਲ੍ਹਣ ਲਈ ਬੇਲੋੜੀਆਂ ਸ਼ਰਤਾਂ ਖ਼ਤਮ ਕਰਨੀਆਂ ਚਾਹੀਦੀਆਂ ਹਨ, ਤਾਂ ਕਿ ਖ਼ਰਚਾ ਘੱਟ ਹੋਵੇ। ਫ਼ੈਕਲਟੀ ਵੀ ਲੋੜ ਅਨੁਸਾਰ ਹੋਵੇ।
    ਮੈਡੀਕਲ ਕਮਿਸ਼ਨ ਦਾ ਰੋਲ ਸਲਾਹਕਾਰੀ ਹੋਣਾ ਚਾਹੀਦਾ ਹੈ, ਵੱਧ ਨਹੀਂ। ਰਾਜ ਸਰਕਾਰਾਂ ਮੈਡੀਕਲ ਸਿੱਖਿਆ ਸੰਸਥਾਵਾਂ ਦੀ ਕਾਰਗੁਜ਼ਾਰੀ ਤੇ ਪ੍ਰਬੰਧ ਦੇਖਣ ਤਾਂ ਜੋ ਮੈਡੀਕਲ ਸਿੱਖਿਆ ਸਸਤੀ ਤੇ ਪ੍ਰਾਸੰਗਿਕ ਹੋਵੇ। ਦਾਖ਼ਲਾ ਪ੍ਰਕਿਰਿਆ ਰਾਜ ਪੱਧਰੀ ਹੋਵੇ। ਕੌਮੀ ਪੱਧਰ ਦੀ ਪ੍ਰੀਖਿਆ (ਨੀਟ) ਨੇ ਦਾਖ਼ਲਾ ਪ੍ਰੀਖਿਆ ਨੂੰ ਹਾਸੋ-ਹੀਣਾ ਕਰ ਦਿੱਤਾ ਹੈ, ਜਿਸ ਨੂੰ ਪੂਰੀ ਹੁੰਦਿਆਂ ਸਾਲ ਲੱਗ ਜਾਂਦਾ ਹੈ। ਨਿੱਜੀ ਸੰਸਥਾਵਾਂ ਦੀ ਬਜਾਏ ਮੈਡੀਕਲ ਸਿੱਖਿਆ ਸਰਕਾਰੀ ਸੰਸਥਾਵਾਂ ਰਾਹੀਂ ਹੋਵੇ। ਸਾਡੇ ਕੋਲ ਜ਼ਿਲ੍ਹਾ ਪੱਧਰ ਦੇ ਵੱਡੇ ਹਸਪਤਾਲ ਹਨ, ਪੈਰਾਮੈਡੀਕਲ ਸਿੱਖਿਆ ਸੰਸਥਾਵਾਂ ਹਨ। ਇਨ੍ਹਾਂ ਰਾਹੀਂ ਮੈਡੀਕਲ ਸਿੱਖਿਆ ਨੂੰ ਪੂਰਾ ਕਰਵਾਇਆ ਜਾ ਸਕਦਾ ਹੈ ਤੇ ਇਹ ਸਸਤੀ ਹੋ ਸਕਦੀ ਹੈ। ਸਾਡਾ ਮੈਡੀਕਲ (ਐਮਬੀਬੀਐਸ) ਦਾ ਕੋਰਸ ਸਾਢੇ ਚਾਰ ਸਾਲ ਦਾ ਹੈ। ਪਹਿਲੇ ਢਾਈ ਸਾਲ ਸਿਰਫ਼ ਬੇਸਿਕ ਸਬਜੈਕਟ ਹੀ ਪੜ੍ਹਾਏ ਜਾਂਦੇ ਹਨ। ਇਨ੍ਹਾਂ ਵਿਸ਼ਿਆਂ ਦੀ ਪੜ੍ਹਾਈ ਕਿਸੇ ਵੀ ਸਾਇੰਸ ਕਾਲਜ ਜਾਂ ਯੂਨੀਵਰਸਿਟੀ ਦੇ ਸਾਇੰਸ ਕਾਲਜ ਵਿੱਚ ਹੋ ਸਕਦੀ ਹੈ, ਕਿਉਂਕਿ ਇਸ ਵਿੱਚ ਕੋਈ ਜ਼ਿਆਦਾ ਫ਼ਰਕ ਨਹੀਂ ਹੁੰਦਾ। ਇਸ ਨਾਲ ਮੈਡੀਕਲ ਸਿੱਖਿਆ ਕਾਫ਼ੀ ਸਸਤੀ ਹੋ ਸਕਦੀ ਹੈ।

    ਪਿਛਲੇ ਦੋ ਸਾਲਾਂ ਵਿੱਚ ਪੀਡਿਆਟਿ੍ਰਕਸ, ਆਈ, ਈਐਨਟੀ, ਮੈਡੀਸਨ, ਸਰਜਰੀ ਤੇ ਗਾਇਨੀ ਦੇ ਵਿਸ਼ੇ ਪੜ੍ਹਾਏ ਜਾਂਦੇ ਹਨ ਤੇ ਨਾਲ ਹੀ ਮਰੀਜ਼ ਵੀ ਦੇਖਣੇ ਹੁੰਦੇ ਹਨ। ਇਸ ਪੜ੍ਹਾਈ ਲਈ ਵੱਡੇ ਹਸਪਤਾਲਾਂ ਦੀ ਲੋੜ ਹੈ, ਜਿਸ ’ਤੇ ਜ਼ਿਆਦਾ ਖ਼ਰਚਾ ਹੁੰਦਾ ਹੈ। ਇਸ ਦਾ ਸਸਤਾ ਤੇ ਕਾਰਗਰ ਤਰੀਕਾ ਇਹ ਹੈ ਕਿ ਬੱਚਿਆਂ ਨੂੰ ਉੱਥੇ ਲਿਜਾਇਆ ਜਾਵੇ, ਜਿੱਥੇ ਮਰੀਜ਼ ਹਨ। ਸਾਡੇ ਜ਼ਿਲ੍ਹਾ ਪੱਧਰ ਦੇ ਸਰਕਾਰੀ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਅਜਿਹਾ ਕਰਨ ਨਾਲ ਬੱਚੇ ਆਪਣੀ ਪੜ੍ਹਾਈ ਕਰ ਸਕਣਗੇ ਤੇ ਹਸਪਤਾਲਾਂ ਨੂੰ ਵੀ ਡਾਕਟਰ ਮਿਲ ਜਾਣਗੇ। ਅਮਰੀਕਾ ਵਰਗੇ ਮੁਲਕ ਵੀ ਇਹੀ ਤਰੀਕਾ ਅਪਣਾ ਰਹੇ ਹਨ। ਇਸ ਨਾਲ ਮੈਡੀਕਲ ਸਿੱਖਿਆ ’ਤੇ ਆਉਣ ਵਾਲਾ ਖ਼ਰਚਾ ਕਾਫ਼ੀ ਘਟ ਸਕਦਾ ਹੈ।

    ਡਾਕਟਰਾਂ ਨੂੰ ਸਾਢੇ ਚਾਰ ਸਾਲ ਦਾ ਕੋਰਸ ਤੇ ਇਨਟਰਨਸ਼ਿਪ ਪੂਰੀ ਕਰਨ ਤੋਂ ਬਾਅਦ ਤੁਰੰਤ ਰਜਿਸਟ੍ਰੇਸ਼ਨ ਨਹੀਂ ਦੇਣੀ ਚਾਹੀਦੀ। ਇਨ੍ਹਾਂ ਨੂੰ ਇੱਕ ਸਾਲ ਨਿਸ਼ਚਿਤ ਤਨਖ਼ਾਹ ’ਤੇ ਚੰਗੇ ਸਪੈਸ਼ਲਿਸਟ ਡਾਕਟਰਾਂ ਨਾਲ ਲਾਉਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਇੱਕ ਸਾਲ ਲਈ ਹਾਊਸ ਜੌਬ ਕਰਵਾਈ ਜਾਣੀ ਚਾਹੀਦੀ ਹੈ। ਇਸ ਉਪਰੰਤ ਹੀ ਰਜਿਸਟ੍ਰੇਸ਼ਨ ਕੀਤੀ ਜਾਣੀ ਚਾਹੀਦੀ ਹੈ। ਇਸ ਤਰੀਕੇ ਨਾਲ ਮੈਡੀਕਲ ਸਿੱਖਿਆ ਮਿਆਰੀ ਤੇ ਸਸਤੀ ਮਿਲ ਸਕੇਗੀ। ਅਜਿਹਾ ਕਰਨ ਨਾਲ ਮੈਡੀਕਲ ਕਾਲਜਾਂ/ਸੰਸਥਾਵਾਂ ਤੇ ਸੀਟਾਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ, ਜਿਸ ਨਾਲ ਮੁਲਕ ਵਿੱਚ ਡਾਕਟਰਾਂ ਦੀ ਘਾਟ ਵੀ ਪੂਰੀ ਹੋ ਸਕੇਗੀ ਤੇ ਬੱਚਿਆਂ ਨੂੰ ਮੈਡੀਕਲ ਪੜ੍ਹਾਈ ਲਈ ਬਾਹਰ ਵੀ ਨਹੀਂ ਜਾਣਾ ਪਵੇਗਾ।

    ਰੂਸ ਅਤੇ ਯੂਕਰੇਨ ਦੀ ਜੰਗ ਨੇ ਜਿੱਥੇ ਸਾਰੇ ਸੰਸਾਰ ਦੀ ਸ਼ਾਂਤੀ ਨੂੰ ਖ਼ਤਰਾ ਖੜ੍ਹਾ ਕਰ ਦਿੱਤਾ ਹੈ, ਉੱਥੇ ਸਾਡੇ ਮੁਲਕ ਦੀ ਮੈਡੀਕਲ ਸਿੱਖਿਆ ਦਾ ਹੀਜ ਪਿਆਜ਼ ਵੀ ਨੰਗਾ ਕਰ ਦਿੱਤਾ ਹੈ। ਇਸ ਜੰਗ ਨੇ ਇਹ ਤੱਥ ਉਜਾਗਰ ਕੀਤਾ ਹੈ ਕਿ ਸਾਡੇ ਮੁਲਕ ਵਿੱਚ ਜਿੱਥੇ ਮੈਡੀਕਲ ਸਿੱਖਿਆ ਸੰਸਥਾਵਾਂ ਦੀ ਬਹੁਤ ਘਾਟ ਹੈ, ਉੱਥੇ ਇਹ ਸਿੱਖਿਆ ਮਹਿੰਗੀ ਵੀ ਬਹੁਤ ਹੈ। ਹੈਰਾਨੀ ਦੀ ਗੱਲ ਹੈ ਕਿ ਯੂਕਰੇਨ ਜਿਹੇ ਛੋਟੇ ਜਿਹੇ ਮੁਲਕ ਵਿੱਚ ਸਾਡੇ ਤੋਂ ਕਿਤੇ ਵੱਧ ਸੀਟਾਂ ਵਾਲੀਆਂ ਤੇ ਮਿਆਰੀ ਮੈਡੀਕਲ ਸਿੱਖਿਆ ਸੰਸਥਾਵਾਂ ਹਨ। ਸਾਡੇ ਆਗੂ ਮੁਲਕ ਨੂੰ ਦੁਨੀਆਂ ਦੀ ਤੀਜੀ ਵੱਡੀ ਮਹਾਂਸ਼ਕਤੀ ਬਣਾਉਣ ਦੀਆਂ ਟਾਹਰਾਂ ਮਾਰ ਰਹੇ ਹਨ, ਪਰ ਦੂਜੇ ਪਾਸੇ ਸਿਰਫ਼ ਚਾਰ ਕਰੋੜ ਦੀ ਆਬਾਦੀ ਵਾਲੇ ਛੋਟੇ ਜਿਹੇ ਮੁਲਕ ਯੂਕਰੇਨ ਵਿੱਚ ਸਾਡੇ 20,000 ਦੇ ਕਰੀਬ ਵਿਦਿਆਰਥੀ ਮੈਡੀਕਲ ਸਿੱਖਿਆ ਲਈ ਜਾਂਦੇ ਹਨ। ਇਸ ਨਾਲ ਲਗਭਗ 4500 ਕਰੋੜ ਰੁਪਿਆ ਹਰ ਛੇ ਸਾਲਾਂ ਬਾਅਦ ਭਾਰਤ ਵਿੱਚੋਂ ਯੂਕਰੇਨ ਜਾਂਦਾ ਹੈ। ਇਸ ਰਕਮ ਨਾਲ ਭਾਰਤ ਵਿੱਚ ਹਰ ਸਾਲ 15-20 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਸਕਦੇ ਹਨ।

    ਕੇਵਲ ਭਾਰੀ ਫੀਸਾਂ ਦਾ ਹੀ ਮਾਮਲਾ ਨਹੀਂ, ਮੈਡੀਕਲ ਸਿੱਖਿਆ ਸੰਸਥਾਵਾਂ ਖੋਲ੍ਹਣ, ਚਲਾਉਣ, ਉਨ੍ਹਾਂ ਵਿੱਚ ਦਾਖ਼ਲਾ ਲੈਣ ਤੇ ਅੱਗੇ ਪੜ੍ਹਾਈ ਕਰਨ ਸਬੰਧੀ ਵੀ ਸਰਕਾਰ ਦੀਆਂ ਨੀਤੀਆਂ ਦਰੁਸਤ ਨਹੀਂ। ਇੱਕ ਅਰਬ 30 ਕਰੋੜ ਦੀ ਆਬਾਦੀ ਵਾਲੇ ਸਾਡੇ ਮੁਲਕ ਵਿੱਚ ਕੇਵਲ 600 ਦੇ ਕਰੀਬ ਹੀ ਮੈਡੀਕਲ ਕਾਲਜ ਹਨ, ਜਿਨ੍ਹਾਂ ਵਿੱਚ 90,000 ਦੇ ਲਗਭਗ ਸੀਟਾਂ ਹੀ ਹਨ। ਇਨ੍ਹਾਂ ਵਿੱਚੋਂ ਲਗਭਗ ਅੱਧੇ ਮੈਡੀਕਲ ਕਾਲਜ ਅਤੇ ਅੱਧੀਆਂ ਸੀਟਾਂ ਪ੍ਰਾਈਵੇਟ ਮੈਡੀਕਲ ਕਾਲਜਾਂ/ਸੰਸਥਾਵਾਂ ਵਿੱਚ ਹਨ। ਸਰਕਾਰ ਦਾ ਪ੍ਰਾਈਵੇਟ ਮੈਡੀਕਲ ਕਾਲਜਾਂ ਉੱਤੇ ਕੋਈ ਠੋਸ ਕੰਟਰੋਲ ਨਹੀਂ, ਜਿਸ ਕਰਕੇ ਉਹ ਮੈਡੀਕਲ ਕੋਰਸ ਦੀ 85 ਲੱਖ ਤੋਂ ਡੇਢ ਕਰੋੜ ਰੁਪਏ ਤੱਕ ਫ਼ੀਸ ਵਸੂਲ ਰਹੇ ਹਨ। ਮੈਨੇਜਮੈਂਟ ਕੋਟਾ, ਐਨਆਰਆਈ ਕੋਟਾ, ਸੰਸਥਾ ਕੋਟਾ ਜਿਹੀਆਂ ਵੱਖ-ਵੱਖ ਕੈਟਾਗਰੀਆਂ ਦੀ ਰਿਜ਼ਰਵੇਸ਼ਨ ਜ਼ਰੀਏ ਆਮ ਹੁਸ਼ਿਆਰ ਤੇ ਲਾਇਕ ਵਿਦਿਆਰਥੀਆਂ ਨੂੰ ਚੰਗੀ ਉੱਚੀ ਮੈਰਿਟ ਦੇ ਬਾਵਜੂਦ ਦਾਖ਼ਲਾ ਪ੍ਰਣਾਲੀ ਤੋਂ ਬਾਹਰ ਕਰ ਦਿੱਤਾ ਗਿਆ ਹੈ, ਜਿਸ ਕਰਕੇ ਵੱਡੀ ਗਿਣਤੀ ਉੱਚੇ ਰੈਂਕ ਵਾਲੇ ਪਰ ਗਰੀਬ ਵਿਦਿਆਰਥੀ ਮਜਬੂਰੀਵੱਸ ਮੈਡੀਕਲ ਸਿੱਖਿਆ ਲਈ ਵਿਦੇਸ਼ਾਂ ਦਾ ਰਾਹ ਚੁਣਦੇ ਹਨ।

    ਪ੍ਰਾਈਵੇਟ ਮੈਡੀਕਲ ਕਾਲਜਾਂ ਵੱਲੋਂ ਵੱਧ ਫੀਸਾਂ ਲੈਣ ਦਾ ਮਾਮਲਾ 1990 ਤੋਂ ਚੱਲ ਰਿਹਾ ਹੈ। ਕਈ ਮਾਪੇ ਆਪਣੇ ਤੌਰ ’ਤੇ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਤੱਕ ਵੀ ਗਏ, ਪਰ ਨਿੱਜੀ ਮੈਡੀਕਲ ਸਿੱਖਿਆ ਸੰਸਥਾਵਾਂ ਦੇ ਮਾਲਕਾਂ ਦੀ ਸਰਕਾਰ ਨਾਲ ਮਿਲੀ-ਭੁਗਤ ਕਾਰਨ ਇਹ ਮਾਮਲਾ ਜਿਉਂ ਦਾ ਤਿਉਂ ਹੈ। ਸਾਲ 2002 ਵਿੱਚ ਟੀਐਮਏ ਪਾਈ ਕੇਸ ਵਿੱਚ ਸੁਪਰੀਮ ਕੋਰਟ ਨੇ ਕੁਝ ਸ਼ਰਤਾਂ ਸਹਿਤ ਪ੍ਰਾਈਵੇਟ ਮੈਡੀਕਲ ਕਾਲਜਾਂ ਨੂੰ ਆਪਣੀਆਂ ਫ਼ੀਸਾਂ ਆਪ ਨਿਸ਼ਚਿਤ ਕਰਨ ਸਬੰਧੀ ਫ਼ੈਸਲਾ ਦੇ ਦਿੱਤਾ। ਸਿੱਟੇ ਵਜੋਂ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਹਰ ਸੂਬੇ ਵਿੱਚ ਫੀਸ ਮਿਥਣ ਵਾਲੀਆਂ ਕਮੇਟੀਆਂ ਬਣੀਆਂ, ਜਿਨ੍ਹਾਂ ਨੇ ਕਾਲਜਾਂ ਦੇ ਖ਼ਰਚਿਆਂ ਤੇ ਬੁਨਿਆਦੀ ਢਾਂਚੇ ਮੁਤਾਬਿਕ ਫੀਸਾਂ ਤੈਅ ਕੀਤੀਆਂ। ਪਰ ਪ੍ਰਾਈਵੇਟ ਮੈਡੀਕਲ ਕਾਲਜਾਂ ਨੇ ਸਰਕਾਰੀ ਸ਼ਹਿ ਉੱਤੇ ਇਹ ਲਾਗੂ ਨਾ ਕੀਤੀਆਂ ਤੇ ਮਨਮਰਜ਼ੀ ਦੀਆਂ ਫ਼ੀਸਾਂ ਵਸੂਲ ਰਹੇ ਹਨ। ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਨਿੱਜੀ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਪ੍ਰਾਈਵੇਟ ਮੈਡੀਕਲ ਯੂਨੀਵਰਸਿਟੀਆਂ ਖੋਲ੍ਹਣ ਤੇ ਕਾਲਜਾਂ ਨੂੰ ਡੀਮਡ ਯੂਨੀਵਰਸਿਟੀਆਂ ਬਣਾ ਲੈਣ ਦੀ ਆਗਿਆ ਵੀ ਦੇ ਦਿੱਤੀ। ਇਸ ਨਾਲ ਫੀਸਾਂ ਅਤੇ ਫ਼ੰਡਾਂ ਵਿੱਚ ਵਾਧੇ ਦੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਈ ਤੇ ਸਰਕਾਰੀ ਕੰਟਰੋਲ ਲਗਭਗ ਖ਼ਤਮ ਹੋ ਗਿਆ।

    ਡਾ ਵਨੀਤ ਸਿੰਗਲਾ
    ਸਟੇੇਟ ਰਿਸੋਰਸ ਪਰਸਨ,
    ਬੁਢਲਾਡਾ, ਮਾਨਸਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here