ਬਿੰਦਰ ਸਿੰਘ ਖੁੱਡੀ ਕਲਾਂ
ਪੰਜਾਬੀ ਸਭਿਆਚਾਰ ‘ਚ ਸਾਉਣ ਮਹੀਨਾ ਦਾ ਬੜਾ ਅਹਿਮ ਹੈ।ਇਸ ਨੂੰ ਮੁਹੱਬਤਾਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ।ਇਹ ਅਹਿਮ ਸ਼ਾਇਦ ਕਈ ਮਹੀਨਿਆਂ ਦੀ ਸਖਤ ਗਰਮੀ ਉਪਰੰਤ ਬਰਸਾਤਾਂ ਦੀ ਆਮਦ ਬਦੌਲਤ ਹੈ।ਬਰਸਾਤਾਂ ਦੀ ਆਮਦ ਨਾਲ ਬਨਸਪਤੀ ਅਤੇ ਇਨਸਾਨਾਂ ਸਮੇਤ ਪਸ਼ੂ ਪੰਛੀਆਂ ਸਭ ਦੇ ਚਿਹਰਿਆਂ ‘ਤੇ ਖੇੜਾ ਆ ਜਾਂਦਾ ਹੈ।ਕਿਹਾ ਜਾਂਦਾ ਹੈ ਕਿ ਬਰਸਾਤਾਂ ਦੀ ਆਮਦ ਨਾਲ ਸੁਹਾਵਣੇ ਹੋਏ ਮੌਸਮ ‘ਚ ਹਰ ਕੋਈ ਸੁਖਦ ਮਹਿਸੂਸ ਕਰਦਾ ਹੈ।ਕੁੜੀਆਂ ਵੀ ਇਸੇ ਮਹੀਨੇ ਤੀਆਂ ਦਾ ਤਿਉਹਾਰ ਮਨਾ ਕੇ ਮਨ ਦੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਹਨ।
ਸਾਉਣ ਮਹੀਨੇ ਨੂੰ ਭਾਗੀਂ ਭਰਿਆ ਮਹੀਨਾ ਵੀ ਕਿਹਾ ਜਾਂਦਾ ਹੈ।ਸਾਉਣ ਮਹੀਨੇ ਦਾ ਪੰਜਾਬੀ ਸਾਹਿਤ ‘ਚ ਵਿਸ਼ੇਸ ਵਰਣਨ ਮਿਲਦਾ ਹੈ।ਇਸ ਮਹੀਨੇ ਦੀ ਆਮਦ ‘ਤੇ ਅਖਬਾਰਾਂ ਅਤੇ ਮੈਗਜ਼ੀਨਾਂ ਵੱਲੋਂ ਵਿਸ਼ੇਸ਼ ਲੇਖ ਪ੍ਰਕਾਸ਼ਿਤ ਕੀਤੇ ਜਾਂਦੇ ਹਨ।ਪਰ ਇਸ ਮਹੀਨੇ ਦਾ ਇੱਕ ਪੱਖ ਹੋਰ ਵੀ ਹੈ ਜੋ ਸਾਹਿਤ ‘ਚੋਂ ਬੁਰੀ ਤਰਾਂ ਅਲੋਪ ਹੈ।ਇੱਕ ਪੱਖ ਉਹ ਵੀ ਹੈ ਜਿਸ ਬਾਰੇ ਸ਼ਾਇਦ ਹੀ ਕਿਸੇ ਅਖਬਾਰ ਜਾਂ ਮੈਗਜ਼ੀਨ ਨੇ ਲੇਖ ਪ੍ਰਕਾਸ਼ਿਤ ਕੀਤੇ ਹੋਣ।ਬਰਸਾਤਾਂ ਦਾ ਇਹ ਮਹੀਨਾ ਸਮਾਜ ਦੇ ਇੱਕ ਵਰਗ ਲਈ ਮੁਸੀਬਤਾਂ ਦਾ ਮਹੀਨਾ ਵੀ ਹੈ।ਇਸ ਵਰਗ ਲਈ ਸਾਉਣ ਦੇ ਛਰਾਟਿਆਂ ਦਾ ਉਹ ਮਹੱਤਵ ਨਹੀਂ ਜੋ ਖਾਂਦੇ ਪੀਂਦੇ ਘਰਾਂ ਲਈ ਹੈ।ਗਰੀਬਾਂ ਦੇ ਸਾਵਣ ਦੇ ਤਾਂ ਅਰਥ ਹੀ ਕੁੱਝ ਹੋਰ ਹਨ।ਸਾਉਣ ਮਹੀਨੇ ਦੀਆਂ ਬਰਸਾਤਾਂ ਗਰੀਬਾਂ ਲਈ ਕਹਿਰ ਬਣ ਕੇ ਬਹੁੜਦੀਆਂ ਹਨ।ਬਰਸਾਤਾਂ ਉਪਰੰਤ ਸ਼ਾਨਦਾਰ ਕੋਠੀਆਂ ‘ਚ ਲਹਿਰਾਉਂਦੇ ਰੁੱਖਾਂ ਸੰਗ ਝੂੰਮਣਾ ਸ਼ਾਇਦ ਇਹਨਾਂ ਦੇ ਭਾਗੀ ਨਹੀਂ ਆਇਆ।
ਇਹਨਾਂ ਦੇ ਭਾਗੀਂ ਤਾਂ ਆਇਆ ਹੈ ਡਿੰਗੂ ਡਿੰਗੂ ਕਰਦੇ ਕੋਠਿਆਂ ਨੂੰ ਬਚਾਉਣ ਦਾ ਫਿਕਰ।ਸਾਉਣ ਦੀਆਂ ਬਰਸਾਤਾਂ ਸ਼ੁਰੂ ਹੁੰਦਿਆਂ ਹੀ ਇਹਨਾਂ ਨੂੰ ਛੱਤਾਂ ਦੇ ਚੋਣ ਅਤੇ ਘਰਾਂ ਦੇ ਡਿੱਗਣ ਦਾ ਫਿਕਰ ਸਤਾਉਣ ਲੱਗਦਾ ਹੈ।ਤਿਪ ਤਿਪ ਕਰਕੇ ਚੋਂਦੀਆਂ ਛੱਤਾਂ ‘ਤੇ ਮਿੱਟੀ ਪਾਉਂਦਿਆਂ ਹੀ ਬੀਤ ਜਾਂਦਾ ਹੈ ਇਸ ਵਰਗ ਦਾ ਸਾਉਣ।ਰਾਤ ਬਰਾਤੇ ਸ਼ੁਰੂ ਹੋਈਆਂ ਬਰਸਾਤਾਂ ਇਸ ਵਰਗ ਦੀ ਨੀਂਦ ਹਰਾਮ ਕਰਕੇ ਰੱਖ ਦਿੰਦੀਆਂ ਹਨ।ਬਰਸਾਤ ਦੀ ਆਮਦ ਦਾ ਸਵੇਰੇ ਉੱਠਣ ‘ਤੇ ਪਤਾ ਲੱਗਣਾ ਇਹਨਾਂ ਦੇ ਨਸੀਬੀਂ ਨਹੀਂ ਹੁੰਦਾ।ਇਹਨਾਂ ਦੇ ਨਸੀਬੀਂ ਤਾਂ ਲਿਖੀ ਹੈ ਸਾਰੀ ਬਰਸਾਤ ਸਰੀਰਾਂ ‘ਤੇ ਹੰਢਾਉਣੀ।ਬਰਸਾਤ ਆਉਂਦੀ ਹੈ ਮੰਜੇ ਘੜੀਸ ਕੇ ਅੰਦਰ ਕਰਨੇ ਪੈਂਦੇ ਹਨ ਬੰਦ ਹੁੰਦੀ ਹੈ ਤਾਂ ਬਾਹਰ ਕਰਨੇ ਪੈਂਦੇ ਹਨ।
ਇਨਵਰਟਰਾਂ ਅਤੇ ਜਨਰੇਟਰਾਂ ਦੀ ਅਣਹੋਂਦ ‘ਚ ਬਿਜਲੀ ਦੇ ਲੱਗੇ ਕੱਟ ਇਹਨਾਂ ਨੂੰ ਬਾਹਰ ਵੱਲ ਧੱਕਦੇ ਹਨ ਅਤੇ ਬਰਸਾਤਾਂ ਅੰਦਰ ਵੱਲ।ਕਦੇ ਮੰਜੇ ਅੰਦਰ ਅਤੇ ਕਦੇ ਬਾਹਰ ਕਰਦਿਆਂ ਇਹਨਾਂ ਦਾ ਸਵੇਰਾ ਹੋ ਜਾਂਦਾ ਹੈ।ਮੀਂਹ ਦੇ ਪਾਣੀ ਦੀ ਬਹੁਤਾਤ ਬਦੌਲਤ ਪੈਦਾ ਹੋਏ ਮੱਛਰ ਨੂੰ ਵੀ ਜਿਵੇਂ ਇਹ ਲੋਕ ਹੀ ਖਾਣ ਨੂੰ ਲੱਭਦੇ ਹਨ।ਇਹਨਾਂ ਦੇ ਬੱਚਿਆਂ ਦੇ ਸਰੀਰਾਂ ‘ਤੇ ਹੁੰਮਸ ਬਦੌਲਤ ਪੈਦਾ ਹੋਈ ਦਾਣੇਦਾਰ ਪਿੱਤ ਨੂੰ ਵੇਖ ਕੇ ਦੂਜੇ ਬੱਚੇ ਪੁੱਛਦੇ ਹਨ ਆਹ ਤੇਰੇ ਕੀ ਹੋ ਗਿਆ?ਕੀ ਦੱਸਣ ਵਿਚਾਰੇ ਕਿ ਗਰੀਬੀ ਨਿੱਕਲੀ ਹੋਈ ਆ।ਬਰਸਾਤਾਂ ‘ਚ ਗਿੱਲਾ ਹੋਇਆ ਬਾਲਣ ਇਹਨਾਂ ਦੇ ਤਾਂ ਢਿੱਡ ਭਰਨ ਦੇ ਜੁਗਾੜ ‘ਚ ਵੀ ਲੱਤ ਮਾਰ ਜਾਂਦਾ ਹੈ।ਅੱਗ ਤੋਂ ਸੱਖਣੇ ਹੋ ਜਾਂਦੇ ਨੇ ਇਹਨਾਂ ਦੇ ਚੁੱਲੇ।ਸਾਉਣ ਮਹੀਨੇ ਦੀਆਂ ਖਾਣ ਸੌਗਾਤਾਂ ‘ਤੇ ਇਹਨਾਂ ਦਾ ਜਿਵੇਂ ਅਧਿਕਾਰ ਹੀ ਨਹੀਂ।ਮਹਿੰਗੇ ਭਾਅ ਦੇ ਤੇਲ ਅਤੇ ਹੋਰ ਸਮੱਗਰੀ ਖਰੀਦ ਕੇ ਬੱਚਿਆਂ ਲਈ ਖੀਰ,ਪੂੜੇ ਅਤੇ ਗੁਲਗੁਲੇ ਬਣਾ ਦੇਣਾ ਇਹਨਾਂ ਲਈ ਸੁਪਨੇ ਸਮਾਨ ਹੈ।
ਇਹਨਾਂ ਦੇ ਬੱਚਿਆਂ ਦੇ ਨਸੀਬੀਂ ਤਾਂ ਹੈ ਸਿਰਫ ਖੁਸ਼ਹਾਲ ਪਰਿਵਾਰਾਂ ਦੇ ਘਰਾਂ ‘ਚੋਂ ਉੱਠਦੀ ਪਕਵਾਨਾਂ ਦੀ ਮਹਿਕ ਨੂੰ ਸੁੰਘ ਕੇ ਸਾਰ ਲੈਣਾ। ਇਕੱਠ ਬੰਨ ਕੇ ਤੁਰਿਆ ਬਰਸਾਤਾਂ ਦਾ ਪਾਣੀ ਵੀ ਇਹਨਾਂ ਦੇ ਘਰਾਂ ਦੀ ਹੀ ਤਬਾਹੀ ਦਾ ਸਬੱਬ ਬਣਦਾ ਹੈ।ਹੜ ਆਉਂਦੇ ਹਨ ਤਾਂ ਪਾਣੀ ਖੁਸ਼ਹਾਲ ਪਰਿਵਾਰਾਂ ਦੇ ਘਰਾਂ ‘ਚ ਵੜਨ ਤੋਂ ਡਰਦਾ ਹੈ।ਕਿਤੇ ਕੋਈ ਕੋਠੀ ਨਹੀਂ ਡਿੱਗਦੀ ਜੇ ਡਿੱਗਦੇ ਹਨ ਤਾਂ ਇਹਨਾਂ ਦੇ ਕੱਚੇ ਢਾਰੇ।ਡਿੱਗੇ ਢੱਠੇ ਮਕਾਨਾਂ ‘ਤੇ ਕੀਤੀ ਜਾਂਦੀ ਹੈ ਰਾਜਨੀਤੀ।ਹਕੂਮਤਾਂ ਵੱਲੋਂ ਕੀਤੇ ਜਾਂਦੇ ਹਨ ਹਵਾਈ ਸਰਵੇ ਅਤੇ ਫਿਰ ਵੇਖਿਆ ਜਾਂਦਾ ਹੈ ਕਿ ਇਹਨਾਂ ਕੱਚੇ ਢਾਰਿਆਂ ਨੂੰ ਮੁੜ ਤੋਂ ਉਸਾਰਨ ਲਈ ਊਠ ਦੇ ਮੂੰਹ ਕਿੰਨਾਂ ਕੁ ਜੀਰਾ ਦਿੱਤਾ ਜਾਵੇ? ਵਿਰੋਧੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਊਠ ਦੇ ਮੂੰਹ ਜੀਰੇ ਦਾ ਅਤੇ ਮੰਗ ਕੀਤੀ ਜਾਂਦੀ ਹੈ ਊਠ ਦਾ ਮੂੰਹ ਤੁੰਨ ਕੇ ਭਰਨ ਦੀ।ਪਰ ਹੁੰਦਾ ਕੁੱਝ ਨਹੀਂ।ਸਾਉਣ ਤੁਰਦਾ ਬਣਦਾ ਹੈ ਗਰੀਬਾਂ ਲਈ ਮੁਸੀਬਤਾਂ ਦੇ ਪਹਾੜ ਖੜੇ ਕਰਕੇ ਅਤੇ ਉਹ ਸਾਲ ਭਰ ਜੂਝਦੇ ਰਹਿੰਦੇ ਹਨ ਉਸ ਪਹਾੜ ਨੂੰ ਢਾਹੁਣ ਲਈ।ਇਹੋ ਅਰਥ ਨੇ ਗਰੀਬਾਂ ਲਈ ਸਾਉਣ ਦੇ।ਸਾਹਿਤਕਾਰਾਂ ਵੱਲੋਂ ਚਿਤਵਿਆ ਜਾਂਦਾ ਰੁਮਾਂਟਿਕ ਸਾਉਣ ਤਾਂ ਇਹਨਾਂ ਲਈ ਹਮੇਸ਼ਾ ਦੂਰ ਦੀ ਕੌਡੀ ਰਿਹਾ ਹੈ ਅਤੇ ਸ਼ਾਇਦ ਰਹੇਗਾ ਵੀ।
ਸਾਉਣ ਮਹੀਨੇ ਦੇ ਅਰਥ ਸਭ ਲਈ ਸਮਾਨ ਨਹੀਂ ਹਨ।ਅਸਲ ਵਿੱਚ ਸਾਉਣ ਮਹੀਨੇ ਨੂੰ ਸਿਰਫ ‘ਤੇ ਸਿਰਫ ਖੁਸ਼ਹਾਲ ਘਰਾਂ ਦੇ ਨਜ਼ਰੀਏ ਤੋਂ ਹੀ ਵਾਚਿਆ ਗਿਆ ਹੈ ਅਤੇ ਵਾਚਿਆ ਜਾ ਰਿਹਾ ਹੈ।ਅਸਲ ਵਿੱਚ ਇਹ ਸਭ ਲਈ ਮੁਹੱਬਤਾਂ ਦਾ ਮਹੀਨਾ ਨਹੀਂ ਹੈ।ਕੱਚੇ ਢਾਰਿਆਂ ਦੇ ਡਿੱਗ ਜਾਣ ਦੇ ਫਿਕਰ ‘ਚ ਜੁਟੇ ਲੋਕਾਂ ਨੂੰ ਇਸ ਮਹੀਨੇ ਖੇੜੇ ਕਿੱਥੋਂ ਨਸੀਬ ਹੋਣੇ ਹੋਏ?ਉਹਨਾਂ ਲਈ ਤਾਂ ਸਾਉਣ ਦੇ ਅਰਥ ਹਨ ਜਿੰਦਗੀ ‘ਚ ਨਵੀਆਂ ਮੁਸੀਬਤਾਂ ਦੀ ਆਮਦ।ਪਤਾ ਨਹੀਂ ਉਹ ਸਮਾਂ ਆਵੇਗਾ ਵੀ ਜਾਂ ਨਹੀਂ ਜਦੋਂ ਸਮਾਜ ਦੇ ਹਰ ਪਰਿਵਾਰ ਲਈ ਸਾਉਣ ਮਹੀਨਾਂ ਖੁਸ਼ੀਆਂ,ਖੇੜਿਆਂ ਅਤੇ ਮੁਹੱਬਤਾਂ ਦਾ ਮਹੀਨਾ ਹੋਵੇਗਾ।
ਗਲੀ ਨੰਬਰ 1,
ਸ਼ਕਤੀ ਨਗਰ,ਬਰਨਾਲਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।