ਮਾਸਟਰ ਬਲਦੇਵ ਸਿੰਘ ਨੇ ਉਠਾਇਆ ਚੁੱਪ ਚੁਪੀਤੇ ਸਰਕਾਰੀ ਸਕੂਲ ਬੰਦ ਕਰਨ ਦਾ ਮੁੱਦਾ
ਚੰਡੀਗੜ, (ਅਸ਼ਵਨੀ ਚਾਵਲਾ)। ‘ਆਪ’ ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਧਿਆਨ ਦਿਵਾਊ ਮਤੇ ਰਾਹੀਂ ਰਾਜ ਸਰਕਾਰ ਵੱਲੋਂ ਚੁੱਪ ਚੁਪੀਤੇ ਸਰਕਾਰੀ ਸਕੂਲ ਬੰਦ ਕਰਨ ਦਾ ਮੁੱਦਾ ਸਦਨ ‘ਚ ਉਠਾਇਆ।
ਉਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਨੇ 1300 ਦੇ ਕਰੀਬ ਸਰਕਾਰੀ ਪ੍ਰਾਇਮਰੀ ਸਕੂਲ ਚੁੱਪ-ਚਾਪ ਬੰਦ ਕਰ ਦਿੱਤੇ। ਜਿਸ ਕਾਰਨ ਸੂਬੇ ਦੇ ਬੱਚਿਆਂ ਦਾ ਭਵਿੱਖ ਹਨੇਰੇ ਵੱਲ ਧੱਕ ਦਿੱਤਾ ਹੈ ਅਤੇ ਸਰਕਾਰ ਦੇ ਇਸ ਕਦਮ ਨਾਲ ਬੇਰੁਜ਼ਗਾਰੀ ਵਧੇਗੀ। ਜਿਸ ਕਾਰਨ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ ਇਸ ਫ਼ੈਸਲੇ ਨੂੰ ਬਦਲਣ ਦੀ ਮੰਗ ਕੀਤੀ। ਹਾਲਾਂਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ 7 ਸਕੂਲ ਬੰਦ ਕਰਨ ਅਤੇ 105 ਦੇ ਕਰੀਬ ਸਕੂਲ ਦੂਸਰੇ ਸਕੂਲਾਂ ‘ਚ ਮਿਲਾਉਣ ਦੀ ਗੱਲ ਕਬੂਲ ਕੀਤੀ।
ਸਪਲੀਮੈਂਟਰੀ ਸਵਾਲ ਦੌਰਾਨ ਮਾਸਟਰ ਬਲਦੇਵ ਸਿੰਘ ਨੇ ਸਕੂਲ ਮਰਜ਼ ਨੂੰ ਵੀ ਗ਼ਰੀਬਾਂ ਅਤੇ ਆਮ ਲੋਕਾਂ ਦੇ ਬੱਚਿਆਂ ਵਿਰੋਧੀ ਫ਼ੈਸਲਾ ਕਰਾਰ ਦਿੱਤਾ। ਮਾਸਟਰ ਬਲਦੇਵ ਸਿੰਘ ਨੇ ਦਿੱਲੀ ਸਰਕਾਰ (ਕੇਜਰੀਵਾਲ) ਦੇ ਸਿੱਖਿਆ ਮਾਡਲ ਤੋਂ ਪੰਜਾਬ ਨੂੰ ਸੇਧ ਲੈਣ ਦੀ ਮੰਗ ਕੀਤੀ। ਉਨਾਂ ਅਮਰੀਕੀ ਰਾਸ਼ਟਰਪਤੀ ਦੀ ਪਤਨੀ ਵੱਲੋਂ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰਨ ਦੇ ਪ੍ਰੋਗਰਾਮ ਦੀ ਮਿਸਾਲ ਦਿੱਤੀ। ਨਾਲ ਹੀ ਮੁੱਖ ਮੰਤਰੀ ਵੱਲੋਂ 5500 ਸਮਾਰਟ ਸਕੂਲਾਂ ਦੇ ਦਾਅਵੇ ‘ਤੇ ਵੀ ਸਵਾਲ ਉਠਾਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।