1 ਸਤੰਬਰ ਨੂੰ ਕੱਢੇ ਜਾ ਰਹੇ ਕਿਸਾਨ ਰੋਸ ਮਾਰਚ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ
(ਰਾਜਨ ਮਾਨ) ਅੰਮ੍ਰਿਤਸਰ । ਖੇਤੀ ਬਿੱਲ ਰੱਦ ਕਰਨ ਅਤੇ ਕਰਨਾਲ ਵਿਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੁੱਧ ਰੋਸ ਵਜੋਂ ਹੋਲੀ ਸਿਟੀ ਫਾਰਮਜ਼ ਗਰੁੱਪ ਦੀ ਅਗਵਾਈ ਹੇਠ 11 ਸਤੰਬਰ ਨੂੰ ਕੱਢੇ ਜਾ ਰਹੇ ਕਿਸਾਨ ਰੋਸ ਮਾਰਚ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹੋਲੀ ਸਿਟੀ ਫਾਰਮਜ਼ ਗਰੁੱਪ ਦੇ ਮੈਂਬਰਾਂ ਵਲੋਂ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਕੇ ਲੋਕਾਂ ਨੂੰ ਕਿਸਾਨੀ ਸੰਘਰਸ਼ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਲਾਮਬੰਦ ਕੀਤਾ ਜਾ ਰਿਹਾ ਹੈ।
ਫਾਰਮਜ਼ ਗਰੁੱਪ ਦੇ ਮੈਂਬਰਾਂ ਵਲੋਂ ਪਿੰਡ ਹੇਰ, ਬੱਗਾ ਕਲਾਂ ਅਤੇ ਹਰਸ਼ਾ ਛੀਨਾ ਵਿਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਇਸ ਮਾਰਚ ਵਿੱਚ ਹੁੰਮ ਹੁਮਾ ਕੇ ਪੁੱਜਣ ਦਾ ਸੱਦਾ ਦਿੱਤਾ ਗਿਆ। ਫਾਰਮਜ਼ ਗਰੁੱਪ ਦੇ ਆਗੂ ਸਾਬਕਾ ਜੀਐਮ ਗੁਰਦੇਵ ਸਿੰਘ ਮਾਹਲ, ਸਾਬਕਾ ਵਾਈਸ ਚਾਂਸਲਰ ਡਾ.ਐਮ. ਪੀ .ਐਸ ਈਸ਼ਰ, ਰਾਜਨ ਮਾਨ, ਐਚ ਐਸ ਘੁੰਮਣ, ਰਣਜੀਤ ਸਿੰਘ ਰਾਣਾ, ਡਾ. ਦਲਬੀਰ ਸਿੰਘ ਸੋਗੀ, ਰਮਨਪ੍ਰੀਤ ਸਿੰਘ ਬਾਜਵਾ, ਸਿਕੰਦਰ ਸਿੰਘ ਗਿੱਲ, ਲਾਲੀ ਸਹਿਬਾਜ਼ਪੁਰੀ ਨੇ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਤੇ ਲਾਠੀਚਾਰਜ ਕਰਕੇ ਉਹਨਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਜੋ ਕਦੇ ਸੰਭਵ ਨਹੀਂ ਹੋ ਸਕਦਾ।
ਲੋਕਾਂ ਨੂੰ 11 ਸਤੰਬਰ ਨੂੰ ਕਿਸਾਨ ਮਾਰਚ ਵਿੱਚ ਪਹੁੰਚਣ ਦੀ ਅਪੀਲ
ਉਹਨਾਂ ਕਿਹਾ ਕਿ ਕਿਸਾਨਾਂ ਵਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਅਤੇ ਉਹਨਾਂ ਦੇ ਡੁੱਲੇ ਖੂਨ ਦਾ ਹਰ ਕਤਰਾ ਅਣਜਾਈਂ ਨਹੀਂ ਜਾਵੇਗਾ ਅਤੇ ਜਿੰਨੀ ਦੇਰ ਉਹਨਾਂ ਦੇ ਸਾਹ ਚੱਲਦੇ ਹਨ ਉਹ ਪਿੱਛੇ ਨਹੀਂ ਹੋਣਗੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਫਸਲਾਂ ਤੇ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ ਅਤੇ ਹੁਣ ਵਕਤ ਘਰਾਂ ਵਿੱਚ ਸੁੱਤੇ ਰਹਿਣਦਾ ਨਹੀਂ ਹੈ। ਉਹਨਾਂ ਲੋਕਾਂ ਨੂੰ 11 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਕੱਢੇ ਜਾ ਰਹੇ ਵੱਡੇ ਕਿਸਾਨ ਮਾਰਚ ਵਿੱਚ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਅੰਨੀਂ ਤੇ ਬੋਲੀ ਹੋ ਚੁੱਕੀ ਮੋਦੀ ਸਰਕਾਰ ਦੇ ਕੰਨ ਖੋਲੇ ਜਾ ਸਕਣ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੋ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਕਾਲੇ ਕਾਨੂੰਨ ਲਿਆਂਦੇ ਗਏ ਹਨ ਉਨ੍ਹਾਂ ਖਿਲਾਫ ਸੰਘਰਸ਼ ਜਾਰੀ ਰਹੇਗਾ । ਉਹਨਾਂ ਕਿਹਾ ਕਿ ਕੇਂਦਰ ਵਿਚ ਜੁਮਲੇਬਾਜ਼ਾਂ ਦੀ ਸਰਕਾਰ ਲੋਕਾਂ ਨਾਲ ਜੁਮਲੇ ਕਰ ਰਹੀ ਹੈ। ਉਹਨਾਂ ਕਿਹਾ ਕਿ ਖੁੱਲੀ ਮੰਡੀ ਵਿੱਚ ਭਾਰਤ ਦਾ ਪੰਜ ਏਕੜ ਤੋ ਘੱਟ ਵਾਲਾ ਕਿਸਾਨ ਟਿਕ ਨਹੀਂ ਸਕੇਗਾ।
ਉਸਨੂੰ ਆਪਣੀ ਫਸਲ ਦਾ ਸਹੀ ਮੁੱਲ ਪ੍ਰਾਪਤ ਨਹੀਂ ਹੋਵੇਗਾ। ਜਿਸ ਕਰਕੇ ਐਮ.ਐਸ.ਪੀ. ਦੀ ਗਰੰਟੀ ਵਾਲਾ ਕਾਨੂੰਨ ਬਣਾਉਣਾ ਅਤਿ ਜਰੂਰੀ ਹੈ ਤਾਂ ਜੋ ਫਸਲ ਦਾ ਮੁੱਲ ਮਿਲਣਾ ਤੈਅ ਹੋਵੇ। ਇਸ ਮੌਕੇ ‘ਤੇ ਗਰੁੱਪ ਦੇ ਸੀਨੀਅਰ ਆਗੂ ਸ਼੍ਰੀ ਸੋਹਲ, ਸ਼੍ਰੀ ਗਿੱਲ, ਤੇਜਬੀਰ ਸਿੰਘ ਮਾਨ, ਬਲਰਾਜ ਸਿੰਘ ਹੇਰ ਆਦਿ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ