ਸਾਲ ਭਰ ਤੋਂ ਸਕੂਲ ਸੌ ਫੀਸਦੀ ਨਾ ਖੁੱਲ੍ਹਣ ਕਾਰਨ ਕਈ ਅਦਾਰੇ ਬਰਬਾਦੀ ਦੀ ਕਗਾਰ ’ਤੇ

ਪ੍ਰਾਈਵੇਟ ਅਧਿਆਪਕ, ਟਰਾਂਸਪੋਰਟ ਦੇ ਮੁਲਾਜ਼ਮ, ਸਟੇਸ਼ਨਰੀ ਦਾ ਕੰਮ ਕਰਨ ਵਾਲਿਆਂ ਦਾ ਧੰਦਾ ਬੁਰੀ ਤਰ੍ਹਾਂ ਪ੍ਰਭਾਵਿਤ

ਦਿੜ੍ਹਬਾ ਮੰਡੀ, (ਪਰਵੀਨ ਗਰਗ) ਕੋਰੋਨਾ ਦੇ ਦੌਰ ਨੂੰ ਲਗਭਗ ਇੱਕ ਸਾਲ ਪੂਰਾ ਹੋਣ ਦੇ ਬਾਵਜੂਦ ਪ੍ਰਾਈਵੇਟ ਤੇ ਸਰਕਾਰੀ ਸਕੂਲ ਸੌ ਫੀਸਦੀ ਖੁੱਲ੍ਹ ਨਹੀਂ ਸਕੇ ਜਿਸ ਦਾ ਖਮਿਆਜ਼ਾ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ ਕਈ ਅਦਾਰਿਆਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਇਹ ਅਦਾਰੇ ਬਰਬਾਦੀ ਦੀ ਕਗਾਰ ’ਤੇ ਆ ਖੜ੍ਹੇ ਹਨ

ਜਾਣਕਾਰੀ ਮੁਤਾਬਕ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭਾਵੇਂ ਕਿ ਸਰਕਾਰ ਵੱਲੋਂ ਨੌਵੀਂ ਤੋਂ ਬਾਰ੍ਹਵੀਂ ਤੱਕ ਦੀਆਂ ਜਮਾਤਾਂ ਸ਼ੁਰੂ ਕਰਕੇ ਸਕੂਲ ਖੋਲ੍ਹ ਦਿੱਤੇ ਹਨ। ਇਨ੍ਹਾਂ ਕਲਾਸਾਂ ਦੇ ਵਿਦਿਆਰਥੀ ਸਕੂਲ ਆਉਣ ਜਾਂ ਨਾ ਆਉਣ ਇਹ ਕੋਈ ਜਰੂਰੀ ਨਹੀਂ ਹੈ। ਜਿਹੜੇ ਬੱਚੇ ਸਕੂਲ ਨਹੀਂ ਆ ਸਕਦੇ ਜਾਂ ਨਹੀਂ ਆ ਰਹੇ ਉਨ੍ਹਾਂ ਲਈ ਸਕੂਲਾਂ ਵੱਲੋਂ ਆਨਲਾਈਨ ਕਲਾਸਾਂ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਗ੍ਰੈਜੂਏਸ਼ਨ ਲੈਵਲ ਅਤੇ ਪੋਸਟ ਗ੍ਰੈਜੂਏਸ਼ਨ ਪੱਧਰ ਦੇ ਪੇਪਰ ਪੰਜਾਬੀ ਯੂਨੀਵਰਸਿਟੀ ਵੱਲੋਂ ਆਨਲਾਈਨ ਲਏ ਜਾ ਰਹੇ ਹਨ ਜਿੱਥੇ ਕਮਜੋਰ ਬੱਚਿਆਂ ਨੂੰ ਇਨ੍ਹਾਂ ਪੇਪਰਾਂ ਦਾ ਫਾਇਦਾ ਹੋ ਰਿਹਾ ਹੈ, ਉਥੇ ਹੁਸ਼ਿਆਰ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ। ਦਿਨ ਰਾਤ ਪੜ੍ਹਨ ਵਾਲੇ ਬੱਚੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।

ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਵਾਲੇ ਵੀ ਕਿਸਾਨੀ ਧਰਨਿਆਂ ’ਤੇ ਹੋ ਰਹੇ ਇਕੱਠਾਂ ਦਾ ਹਵਾਲਾ ਦੇ ਕੇ ਸਕੂਲਾਂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਮੰਗ ਕਰ ਰਹੇ ਹਨ। ਪ੍ਰਾਈਵੇਟ ਸਕੂਲ ਪੂਰੀ ਤਰ੍ਹਾਂ ਨਾ ਖੋਲ੍ਹਣ ਕਰਕੇ ਸਕੂਲ ਸੰਚਾਲਕਾ, ਉਨ੍ਹਾਂ ਨਾਲ ਜੁੜੇ ਜਾਂ ਉਨ੍ਹਾਂ ’ਤੇ ਨਿਰਭਰ ਅਧਿਆਪਕ, ਟਰਾਂਸਪੋਰਟਰ, ਡਰਾਈਵਰ, ਕੰਡਕਟਰ ਆਦਿ ਮੁਸ਼ਕਿਲ ਦੇ ਦੌਰ ਵਿੱਚੋਂ ਲੰਘ ਰਹੇ ਹਨ।  ਇਸ ਸੰਬੰਧੀ ਇੱਕ ਸਕੂਲ ਅਧਿਆਪਕ ਨੇ ਆਪਣਾ ਦਰਦ ਦੱਸਦਿਆਂ ਕਿਹਾ ਕਿ ਮਈ ਤੋਂ ਸਕੂਲਾਂ ਵਿੱਚੋਂ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਹੈ ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਆ ਰਿਹਾ ਹੈ। ਉਹ ਪਿਛਲੇ ਪੰਦਰਾਂ ਸਾਲਾਂ ਤੋਂ ਟੀਚਿੰਗ ਲਾਈਨ ਵਿੱਚ ਹਨ ਪਰ ਹੁਣ ਸਕੂਲ ਦੀਆਂ ਫੀਸਾਂ ਨਾ ਆਉਣ ਕਰਕੇ ਪ੍ਰਾਇਮਰੀ ਟੀਚਰਾਂ ਨੂੰ ਫਾਲਤੂ ਸਮਝਦੇ ਹੋਏ ਸਕੂਲ ਖੁੱਲ੍ਹਣ ਤੱਕ ਘਰ ਬੈਠਣ ਲਈ ਕਹਿ ਦਿੱਤਾ ਗਿਆ ਹੈ।

ਇਸ ਸਬੰਧੀ ਟਰਾਂਸਪੋਰਟਰ ਭੁਪਿੰਦਰ ਸਿੰਘ ਨੇ ਆਪਣੀਆਂ ਮੁਸ਼ਕਲਾਂ ਦੱਸਦਿਆਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਕੂਲਾਂ ਵਿੱਚ ਟਰਾਂਸਪੋਰਟ ਦਾ ਕੰਮ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਪਰ ਹੁਣ ਸਕੂਲ ਨਾ ਖੁੱਲ੍ਹਣ ਕਰਕੇ ਉਨ੍ਹਾਂ ਦੀ ਟਰਾਂਸਪੋਰਟ ਬਿਲਕੁਲ ਬੰਦ ਪਈ ਹੈ ਜਿਸ ਨਾਲ ਗੱਡੀਆਂ ਖੜ੍ਹ੍ਹੀਆਂ- ਖੜ੍ਹੀਆਂ ਜਾਮ ਹੋ ਰਹੀਆਂ ਹਨ। ਫਾਈਨਾਂਸ ਦੀਆਂ ਕਿਸ਼ਤਾਂ ਟੁੱਟ
ਗਈਆਂ ਹਨ। ਗੱਡੀਆਂ ਦੇ ਕਰਜ਼ੇ ਦਾ ਭਾਰ ਵਧਦਾ ਜਾ ਰਿਹਾ ਹੈ। ਸਕੂਲ ਦੇ ਪਰਮਿਟਾਂ ਵਾਲੀਆਂ ਇਨ੍ਹਾਂ ਗੱਡੀਆਂ ਨੂੰ ਉਹ ਹੋਰ ਕਿਤੇ ਚਲਾ ਵੀ ਨਹੀਂ ਸਕਦੇ। ਖੜ੍ਹੀਆਂ ਗੱਡੀਆਂ ਦੇ ਟਾਇਰ ਖਤਮ ਹੋ ਰਹੇ ਹਨ ।

ਉਹ ਦਿਹਾੜੀਆਂ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਸਕੂਲ ਖੋਲ੍ਹਣ ਦੀ ਵਿਵਸਥਾ ਕਰੇ ਤਾਂ ਜੋ ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ।  ਇਸ ਸਬੰਧੀ ਸਕੂਲ ਦੀ ਬੱਸ ਚਲਾ ਰਹੇ ਇੱਕ ਡਰਾਈਵਰ ਨੇ ਆਪਣਾ ਦਰਦ ਬਿਆਨਦਿਆਂ ਦੱਸਿਆ ਕਿ ਸਕੂਲ ਦੀ ਟਰਾਂਸਪੋਰਟ ਬੰਦ ਪਈ ਹੈ ਪਰ ਫਿਰ ਵੀ ਸਕੂਲ ਵੱਲੋਂ ਉਨ੍ਹਾਂ ਨੂੰ ਗੁਜ਼ਾਰੇ ਲਈ ਕੁਝ ਰੁਪਏ ਦਿੱਤੇ ਜਾਂਦੇ ਹਨ। ਜੋ ਕਿ ਉਨ੍ਹਾਂ ਲਈ ਨਾਕਾਫ਼ੀ ਹਨ ਜਿਸ ਨਾਲ ਗੁਜ਼ਾਰਾ ਕਰਨਾ ਅੱਜ ਦੇ ਮਹਿੰਗਾਈ ਦੇ ਦੌਰ ’ਚ ਬਹੁਤ ਹੀ ਮੁਸ਼ਕਿਲ ਹੈ ਸਰਕਾਰ ਨੂੰ ਇਸ ਪਾਸੇ ਧਿਆਨ ਦੇ ਕੇ ਛੇਵੀਂ ਤੋਂ ਸਕੂਲ ਖੋਲ੍ਹ ਦੇਣੇ ਚਾਹੀਦੇ ਹਨ ।

ਇਸ ਸੰਬੰਧੀ ਸਕੂਲ ਪ੍ਰਬੰਧਕ ਪੰਕਜ ਗੁਗਨਾਨੀ ਨੇ ਕਿਹਾ ਕਿ ਆਨਲਾਈਨ ਪੜ੍ਹਾਈ ਸੰਬੰਧੀ ਬੱਚਿਆਂ ਨੂੰ ਕਾਫ਼ੀ ਮੁਸ਼ਕਿਲਾਂ ਆ ਰਹੀਆਂ ਹਨ। ਪਿੰਡਾਂ ਵਿੱਚ ਨੈੱਟ ਦੀ ਪ੍ਰੋਬਲਮ ਚਲਦੀ ਰਹਿੰਦੀ ਹੈ ।ਬੱਚਿਆਂ ਨੂੰ ਆਨਲਾਈਨ ਸਮਝ ਵੀ ਘੱਟ ਆਉਂਦਾ ਹੈ ।ਉਹ ਲਾਪ੍ਰਵਾਹੀ ਵਰਤਦੇ ਹਨ ਜਿਹੜੇ ਮਾਪੇ ਘੱਟ ਪੜ੍ਹੇ ਲਿਖੇ ਹਨ ਉਹ ਬੱਚਿਆਂ ਵੱਲ ਧਿਆਨ ਹੀ ਨਹੀਂ ਦੇ ਸਕਦੇ ।ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਬੱਚੇ ਮੋਬਾਈਲ ’ਤੇ ਪੜ੍ਹ ਰਹੇ ਹਨ ਜਾਂ ਮੋਬਾਇਲ ਫੋਨ ਦੀ ਦੁਰਵਰਤੋਂ ਕਰਕੇ ਕੁਝ ਹੋਰ ਕਰ ਰਹੇ ਹਨ ।

ਇਸ ਸੰਬੰਧੀ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਮੁਸ਼ਕਿਲਾਂ ਵਿੱਚੋਂ ਲੰਘ ਰਹੇ ਹਨ ਸਕੂਲਾਂ ਨਾਲ ਪੰਜ ਲੱਖ ਤੋਂ ਵੀ ਜ਼ਿਆਦਾ ਲੋਕ ਸਿੱਧੇ ਤੌਰ ’ਤੇ ਜੁੜੇ ਹੋਏ ਹਨ ਜੋ ਕਿ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲ ਖੁਲ੍ਹਵਾਉਣ ਸਬੰਧੀ ਸਰਕਾਰ ਨਾਲ ਗੱਲ ਕਰਨ ਵਾਸਤੇ ਉਹ ਸਕੂਲਾਂ ਨੂੰ ਲਾਮਬੰਦ ਕਰਨ ਲਈ ਜ਼ਿਲ੍ਹਾਵਾਰ ਮੀਟਿੰਗਾਂ ਕਰ ਰਹੇ ਹਨ। ਉਹ ਹੁਣ ਤੱਕ ਛੇ ਜ਼ਿਲਿ੍ਹਆਂ ਦੀਆਂ ਮੀਟਿੰਗ ਕਰ ਚੁੱਕੇ ਹਨ ਬਾਕੀ ਤਾਂ ਅਜੇ ਜਾਰੀ ਹੈ।

ਉਨ੍ਹਾਂ ਆਨਲਾਈਨ ਪ੍ਰੀਖਿਆਵਾਂ ਬਾਰੇ ਕਿਹਾ ਕਿ ਪ੍ਰੀਖਿਆਵਾਂ ਆਫਲਾਈਨ ਹੋਣੀਆਂ ਚਾਹੀਦੀਆਂ ਹਨ ਬੱਚਿਆਂ ਵਿੱਚ ਆਨਲਾਈਨ ਪ੍ਰੀਖਿਆ ਨਾਲ ਕੌਨਫੀਡੈਂਸ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਭਾਵੇਂ ਕਿ ਨੌਵੀਂ ਤੋਂ ਬਾਰ੍ਹਵੀਂ ਤੱਕ ਸਕੂਲ ਖੋਲ੍ਹ ਦਿੱਤੇ ਗਏ ਹਨ ਪਰ ਕੁਝ ਕਲਾਸਾਂ ਦੇ ਬੱਚਿਆਂ ਲਈ ਸਕੂਲ ਟਰਾਂਸਪੋਰਟ ਨਹੀਂ ਚਲਾ ਸਕਦੇ ਟਰਾਂਸਪੋਰਟ ਨਾ ਚੱਲਣ ਕਰਕੇ ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਘੱਟ ਹੀ ਹੈ।ਉਨ੍ਹਾਂ ਸਰਕਾਰ ਤੋਂ ਸਕੂਲ ਖੋਲ੍ਹਣ ਦੀ ਮੰਗ ਕਰਦਿਆਂ ਕਿਹਾ ਕਿ ਧਰਨਿਆਂ ’ਚ ਲੱਖਾਂ ਦਾ ਇਕੱਠ ਹੋ ਰਿਹਾ ਹੈ ਜਿੱਥੇ ਕਿ ਹਰ ਉਮਰ ਦੇ ਬੱਚੇ, ਬੁੱਢੇ, ਜਵਾਨ ਬੈਠੇ ਹਨ, ਫਿਰ ਉੱਥੇ ਕੋਰੋਨਾ ਨਹੀਂ ਫੈਲ ਰਿਹਾ ਤਾਂ ਸਰਕਾਰ ਨੂੰ ਹੇਠਲੀਆਂ ਕਲਾਸਾਂ ਵੀ ਖੋਲ੍ਹਣੀਆਂ ਚਾਹੀਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.