ਧਵਨ, ਗਾਇਕਵਾੜ, ਸ਼੍ਰੇਅਸ ਸਮੇਤ ਕਈ ਭਾਰਤੀ ਖਿਡਾਰੀ ਕੋਵਿਡ ਸੰਕਰਮਿਤ
ਅਹਿਮਦਾਬਾਦ। ਅਹਿਮਦਾਬਾਦ ਵਿੱਚ ਵੈਸਟਇੰਡੀਜ਼ ਦੇ ਖਿਲਾਫ਼ ਵਨਡੇ ਸੀਰੀਜ਼ (IND vs WI) ਦੇ ਸ਼ੁਰੂ ਹੋਣ ਤੋਂ ਚਾਰ ਦਿਨ ਪਹਿਲਾਂ, ਭਾਰਤ ਦੇ ਕਈ ਖਿਡਾਰੀਆਂ ਦਾ ਕੋਵਿਡ-19 ਟੈਸਟ ਪਾਜਿਟਿਵ ਆਇਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸ਼ਿਖਰ ਧਵਨ, ਨਵਦੀਪ ਸੈਣੀ, ਸ਼੍ਰੇਅਸ ਅਈਅਰ ਅਤੇ ਰਿਤੂਰਾਜ ਗਾਇਕਵਾੜ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ ਫੀਲਡਿੰਗ ਕੋਚ ਟੀ ਦਿਲੀਪ ਵੀ ਕਰੋਨਾ ਪਾਜ਼ੀਟਿਵ ਪਾਏ ਗਏ ਹਨ। ਬੀਸੀਸੀਆਈ ਦੀ ਰਿਲੀਜ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਯੰਕ ਅਗਰਵਾਲ ਨੂੰ ਵਨਡੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦੋਵੇਂ ਟੀਮਾਂ ਇੱਕ ਹੀ ਹੋਟਲ ਵਿੱਚ ਪਰ ਵੱਖ-ਵੱਖ ਮੰਜ਼ਿਲਾਂ ’ਤੇ ਰੁਕੀਆਂ ਹੋਈਆ ਹਨ। ਸਮਝਿਆ ਜਾਂਦਾ ਹੈ ਕਿ ਬੀਸੀਸੀਆਈ ਨੇ ਅਗਲੀ ਕਾਰਵਾਈ ਦਾ ਫੈਸਲਾ ਕਰਨ ਤੋਂ ਪਹਿਲਾਂ ਵੀਰਵਾਰ ਸਵੇਰੇ ਇੱਕ ਹੋਰ ਕੋਵਿਡ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ। ਜਿਨ੍ਹਾਂ ਖਿਡਾਰੀਆਂ ਦਾ ਕੋਵਿਡ ਟੈਸਟ ਪਾਜ਼ੀਟਿਵ ਆਇਆ ਹੈ, ਉਹ ਆਪਣੇ ਕਮਰਿਆਂ ਵਿੱਚ ਆਈਸੋਲੇਸ਼ਨ ਵਿੱਚ ਰਹਿਣਗੇ। ਇਸ ਦੇ ਨਾਲ ਹੀ ਕੋਵਿਡ ਨਾਲ ਸਬੰਧਿਤ ਸਾਰੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।
ਵੈਸਟਇੰਡੀਜ਼ ਦੀ ਟੀਮ ਮੰਗਲਵਾਰ ਨੂੰ ਅਹਿਮਦਾਬਾਦ ਪਹੁੰਚੀ ਸੀ, ਜਦੋਂਕਿ ਭਾਰਤੀ ਟੀਮ ਦੇ ਖਿਡਾਰੀਆਂ ਦਾ ਇਕੱਠ 31 ਜਨਵਰੀ ਨੂੰ ਸ਼ੁਰੂ ਹੋਇਆ ਸੀ। ਬੀਸੀਸੀਆਈ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਦੋਵਾਂ ਟੀਮਾਂ ਨੂੰ ਤਿੰਨ ਦਿਨਾਂ ਲਈ ਕੁਆਰੰਟੀਨ ਤੋਂ ਗੁਜ਼ਰਨਾ ਹੋਵੇਗਾ। ਇਸ ਤੋਂ ਬਾਅਦ ਹੀ ਉਹ ਅਭਿਆਸ ਲਈ ਮੈਦਾਨ ’ਤੇ ਜਾ ਸਕਣਗੇ। ਵਨਡੇ ਸੀਰੀਜ਼ ਬਾਇਓ-ਬਬਲ ਦੇ ਅੰਦਰ ਖੇਡੀ ਜਾਵੇਗੀ, ਭਾਰਤ ਇਸ ਸਮੇਂ ਸੰਭਾਵਤ ਤੌਰ ’ਤੇ ਤੀਜੀ ਲਹਿਰ ਦੀ ਪਕੜ ਵਿੱਚ ਹੈ। ਮੰਗਲਵਾਰ ਨੂੰ ਭਾਰਤ ਵਿੱਚ ਇੱਕ ਲੱਖ 60 ਹਜ਼ਾਰ ਤੋਂ ਵੱਧ ਨਵੇਂ ਕਰੋਨਾ ਮਾਮਲੇ ਸਾਹਮਣੇ ਆਏ, ਗੁਜਰਾਤ ਵਿੱਚ ਕਰੋਨਾ ਸੰਕਰਮਿਤਾਂ ਦੀ ਸੰਖਿਆ ਮੰਗਲਵਾਰ ਨੂੰ 8 ਹਜ਼ਾਰ ਤੋਂ ਜ਼ਿਆਦਾ ਸੀ। ਵਨਡੇ ਸੀਰੀਜ਼ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੀ ਹੋਵੇਗੀ। ਇਸ ਸੀਰੀਜ਼ ਵਿੱਚ ਪਹਿਲੀ ਵਾਰ ਰੋਹਿਤ ਸ਼ਰਮਾ ਭਾਰਤ ਦੇ ਪੂਰੇ ਸਮੇਂ ਕਪਤਾਨ ਦੇ ਰੂਪ ਵਿੱਚ ਖੇਡਣਗੇ। ਇਸ ਦੇ ਨਾਲ ਹੀ ਖੱਬੇ ਹੱਥ ਦੇ ਕਲਾਈ ਸਪਿਨਰ ਕੁਲਦੀਪ ਯਾਦਵ ਅਤੇ ਆਫ਼ ਸਪੀਨਰ ਵਾਸ਼ਿੰਗਟਨ ਸੁੰਦਰ ਵੀ ਟੀਮ ਇੰਡੀਆ ਵਿੱਚ ਵਾਪਸੀ ਕਰ ਰਹੇ ਹਨ। ਜਦਕਿ ਲੈੱਗ ਸਪਿਨਰ ਰਵੀ ਬਿਸ਼ਨੋਈ ਅਤੇ ਬੱਲੇਬਾਜ਼ੀ ਆਲਰਾਉਂਡਰ ਦੀਪਕ ਹੁੱਡਾ ਨੂੰ ਵੀ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਾਹਰੁਖ ਖਾਨ ਅਤੇ ਤਾਮਿਲਨਾਡੂ ਦੇ ਆਰ ਸਾਈਕਿਸ਼ੋਰ ਨੂੰ ਰਿਜ਼ਰਵ ਖਿਡਾਰੀਆਂ ਦੇ ਤੌਰ ’ਤੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ ਇਸ ਸੀਰੀਜ਼ ਵਿੱਚ ਵੈਸਟਇੰਡੀਜ਼ ਟੀਮ ਵਿੱਚ ਤੇਜ਼ ਗੇਂਦਬਾਜ਼ ਕੇਮਾਰ ਰੋਚ ਦੀ ਵਾਪਸੀ ਹੋਵੇਗੀ, ਜੋ 2019 ਤੋਂ ਬਾਅਦ ਕਿਸੇ ਵੀ ਵਨਡੇ ਮੈਚ ਦਾ ਹਿੱਸਾ ਨਹੀਂ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ