ਮਨੋਜ ਅਤੇ ਗੁਰਭੇਜ ਦੀ ਹਾਲਤ ਵਿਗੜਨ ਲੱਗੀ, ਮੋਤੀ ਮਹਿਲ ’ਚ ਨਹੀਂ ਪੁੱਜੀ ਅਵਾਜ਼

ਸੱਤ ਦਿਨਾਂ ਤੋਂ ਮੀਂਹ ਅਤੇ ਦੰਦ ਠਾਰੀ ’ਚ ਵੀ ਰੋਜ਼ਗਾਰ ਅੱਗੇ ਭੁੱਖ ਹਾਰੀ

ਪਟਿਆਲਾ , (ਖੁਸ਼ਵੀਰ ਸਿੰਘ ਤੂਰ)। ਮੋਤੀ ਮਹਿਲ ਤੋਂ ਥੋੜ੍ਹੀ ਦੂਰ ਦੰਦ ਠਾਰ ਰਹੀ ਠੰਢ ’ਚ ਸਰਕਾਰੀ ਮਹਿੰਦਰਾ ਕਾਲਜ ਦੀ ਟੈਂਕੀ ’ਤੇ ਡਟੇ ਬੇਰੁਜ਼ਗਾਰ ਈਟੀਟੀ ਅਧਿਆਪਕ ਮਨੋਜ ਅਤੇ ਗੁਰਭੇਜ ਦੀ ਸੱਤ ਦਿਨਾਂ ਬਾਅਦ ਮੋਤੀ ਮਹਿਲ ਤੱਕ ਅਵਾਜ਼ ਨਹੀਂ ਪੁੱਜੀ। ਭੁੱਖ ਅਤੇ ਠੰਢ ਕਾਰਨ ਹੁਣ ਉਨ੍ਹਾਂ ਦੀ ਹਾਲਤ ਵਿਗੜਨ ਲੱਗੀ ਹੈ, ਪਰ ਉਨ੍ਹਾਂ ਦੇ ਹੌਂਸਲੇ ਅਜੇ ਵੀ ਅਸਮਾਨ ’ਤੇ ਹਨ। ਉਨ੍ਹਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਖਾਣਾ ਨਹੀਂ ਖਾਧਾ ਗਿਆ ਅਤੇ ਬਿਸਕੁੱਟ ਆਦਿ ਸੁੱਕੇ ਸਮਾਨ ਨਾਲ ਹੀ ਆਪਣੇ ਰੋਜ਼ਗਾਰ ਲਈ ਪੇਟ ਦੀ ਅੱਗ ਨੂੰ ਬੁਝਾਇਆ ਜਾ ਰਿਹਾ ਹੈ।  ਦੱਸਣਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਭਾਵੇਂ ਉਨ੍ਹਾਂ ਨੂੰ ਹੇਠਾ ਆਉਣ ਲਈ ਕਈ ਵਾਰ ਕਿਹਾ ਜਾ ਚੁੱਕਾ ਹੈ, ਪਰ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਲਈ ਮੋਤੀ ਮਹਿਲਾ ਚੋਂ ਅਜੇ ਤੱਕ ਕੋਈ ਸੰਤੋਸ਼ਜਨਕ ਭਰੋਸਾ ਨਹੀਂ ਪੁੱਜਿਆ।

ਸੱਤ ਦਿਨਾਂ ਤੋਂ ਮਨੋਜ ਅਤੇ ਗੁਰਭੇਜ ਨੇ ਟੈਂਕੀ ’ਤੇ ਹੀ ਆਪਣੇ ਪਿੱਡੇ ਉੱਪਰ ਮੀਂਹ ਹੰਢਾਇਆ ਅਤੇ ਹੁਣ ਸੀਤ ਲਹਿਰ ਅੱਗੇ ਵੀ ਰੋਜ਼ਗਾਰ ਲਈ ਟੱਸ ਤੋਂ ਮੱਸ ਨਹੀਂ ਹੋ ਰਹੇ। ਉਂਜ ਪਿਛਲੇ ਕਈ ਦਿਨਾਂ ਤੋਂ ਖਾਣਾ ਨਾ ਖਾਣ ਕਾਰਨ ਕਮਜੋਰੀ ਕਰਕੇ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ। ਪਤਾ ਲੱਗਾ ਹੈ ਕਿ ਪ੍ਰਸ਼ਾਸਨ ਨੇ ਟੈਂਕੀ ਹੇਠਾਂ ਗੱਦੇ ਅਤੇ ਮਿੱਟੀ ਸੁੱਟ ਦਿੱਤੀ ਹੈ। ਮਨੋਜ ਅਤੇ ਗੁਰਭੇਜ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਕਾਰਨ ਵਾਲੀ ਸਰਕਾਰ ਨੌਜਵਾਨਾਂ ਨੂੰ ਭੁੱਖਣ ਭਾਣੇ ਮਾਰਨ ’ਤੇ ਲੱਗੀ ਹੋਈ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੱਢੀਆਂ ਪੋਸਟਾਂ ’ਤੇ ਈਟੀਟੀ ਅਧਿਆਪਕਾਂ ਦਾ ਹੱਕ ਹੈ ਜਦਕਿ ਸਰਕਾਰ ਹੋਰਨਾਂ ਨੂੰ ਤਰਜੀਹ ਦੇ ਕੇ ਉਨ੍ਹਾਂ ਦੇ ਹੱਕਾਂ ’ਤੇ ਡਾਕਾ ਮਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਿੱਛੇ ਨਹੀਂ ਹਟਣਗੇ ਅਤੇ ਜੇਕਰ ਉਨ੍ਹਾਂ ਨਾਲ ਕੁਝ ਵਾਪਰਿਆ ਤਾਂ ਇਸ ਦੀ ਜਿੰਮੇਵਾਰ ਸਰਕਾਰ ਹੋਵੇਗੀ। ਮਨੋਜ ਅਤੇ ਗੁਰਭੇਜ ਨੇ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ, ਪਰ ਅਫਸੋਸ ਦੀ ਗੱਲ ਹੈ ਕਿ ਕੁਝ ਦੂਰੀ ’ਤੇ ਸÎਥਿਤ ਮੋਤੀ ਮਹਿਲ ’ਚੋਂ ਉਨ੍ਹਾਂ ਦੇ ਹੱਕ ਵਿੱਚ ਕੋਈ ਅਵਾਜ਼ ਨਹੀਂ ਆਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.