ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼
ਇੱਕ ਸਾਲ ਤੋਂ ਮੰਗਤ ਮੈਨੀ ਦੀ ਤਲਾਸ਼ ਕਰ ਰਹੇ ਠੱਗੀ ਦਾ ਸ਼ਿਕਾਰ ਹੋਏ ਲੋਕ
ਫਿਰੋਜਪੁਰ,(ਸਤਪਾਲ ਥਿੰਦ)। ਫਿਰੋਜਪੁਰ ਦੇ ਨੀਰਵ ਮੋਦੀ ਕਹੇ ਜਾਣ ਵਾਲੇ ਮੰਗਤ ਮੈਨੀ ‘ਤੇ ਕਈ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਕਥਿਤ ਦੋਸ਼ ਹਨ ਇੱਕ ਚੈੱਕ ਬਾਊਂਸ ਦੇ ਮਾਮਲੇ ਵਿੱਚ ਮਾਣਯੋਗ ਅਦਾਲਤ ‘ਚ ਪੇਸ਼ ਨਾ ਹੋਣ ‘ਤੇ ਮਾਣਯੋਗ ਅਦਾਲਤ ਵੱਲੋਂ ਮੰਗਤ ਮੈਨੀ ਨੂੰ ਭਗੌੜਾ ਐਲਾਨ ਦਿੱਤਾ ਹੈ ਅਤੇ ਥਾਣਾ ਫਿਰੋਜਪੁਰ ਛਾਉਣੀ ਪੁਲਿਸ ਵੱਲੋਂ ਮੰਗਤ ਮੈਨੀ ਖਿਲਾਫ਼ ਇੱਕ ਹੋਰ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਦੱਸਿਆ ਕਿ ਮੰਗਤ ਮੈਨੀ ਫਿਰੋਜਪੁਰ ਦੇ ਨਜਦੀਕੀ ਪਿੰਡ ਚੰਗਾਲੀ ਦਾ ਰਹਿਣ ਵਾਲਾ ਹੈ ਜਿਸ ਨੇ ਇੱਕ ਕੰਪਨੀ ਬਣਾਈ ਹੋਈ ਸੀ, ਜਿਸ ਵਿੱਚ ਪਿਗ ਫਾਰਮਿੰਗ ਦੇ ਨਾਮ ਉੱਤੇ ਪੈਸਾ ਲਗਾਇਆ ਜਾਂਦਾ ਸੀ, ਜਿਸ ਵਿੱਚ ਪੈਸਾ ਲਗਾਉਣ ਵਾਲਿਆਂ ਨੂੰ ਉਹ 7 ਮਹੀਨੇ ਵਿੱਚ ਡੇਢ ਗੁਣਾ ਪੈਸਾ ਦੇਣ ਦਾ ਝਾਂਸਾ ਦਿੱਤਾ ਜਾਂਦਾ ਸੀ ,
ਜਿਸ ਨੇ ਕਈ ਲੋਕਾਂ ਅਤੇ ਫੌਜੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਉਨ੍ਹਾਂ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਮੰਗਤ ਮੈਨੀ ਨੇ ਕੰਪਨੀ ਵਿੱਚ ਪੈਸਾ ਲਗਾਉਣ ਵਾਲੇ ਲੋਕਾਂ ਦਾ ਪੈਸਾ ਵਾਪਸ ਵੀ ਕੀਤਾ , ਜਦੋਂ ਲੋਕਾਂ ਵਿੱਚ ਕੰਪਨੀ ਦਾ ਵਿਸ਼ਵਾਸ ਬਣ ਗਿਆ ਤਾਂ ਉਸਦੇ ਬਾਅਦ ਕਈ ਲੋਕਾਂ ਅਤੇ ਫੌਜੀਆਂ ਨੇ ਇਸ ਦੀ ਕੰਪਨੀ ਵਿੱਚ ਆਪਣੀ ਖੂਨ ਪਸੀਨੇ ਦੀ ਕਮਾਈ ਲਗਾ ਦਿੱਤੀ ਅਤੇ ਇਸ ਤਰ੍ਹਾਂ ਲੋਕ ਕੰਪਨੀ ਵਿੱਚ ਪੈਸਾ ਲਗਾਉਂਦੇ ਰਹੇ
ਪਰ ਜਦੋਂ ਪੈਸੇ ਵਾਪਸ ਕਰਨ ਦਾ ਸਮਾਂ ਆਇਆ ਤਾਂ ਕੰਪਨੀ ਦੇ ਨੁਮਾਇੰਦਿਆਂ ਨੇ ਰਾਜਸਥਾਨ ਵਿੱਚ ਇੱਕ ਮੀਟਿੰਗ ਸੱਦ ਕੇ ਲੋਕਾਂ ਨੂੰ ਕਿਹਾ ਕਿ ਇਸ ਸਮੇਂ ਬੈਂਕ ਦੀ ਕਲੋਜਿੰਗ ਚੱਲ ਰਹੀ ਹੈ , ਇਸ ਲਈ ਬੈਂਕ ਵੱਲੋਂ ਪੈਸਾ ਨਹੀਂ ਕੱਢਿਆ ਜਾ ਸਕਦਾ ਅਤੇ ਬਾਅਦ ‘ਚ ਸਭ ਦੀ ਬਣਦੀ ਰਕਮ ਵਾਪਸ ਕਰ ਦਿੱਤੀ ਜਾਵੇਗੀ, ਜਿਸ ਦੇ ਬਾਅਦ ਦੇਸ਼ ਵਿੱਚ ਚੋਣਾਂ ਦੀ ਕਾਰਨ ਪੈਸਾ ਨਾ ਕੱਢਿਆ ਜਾ ਸਕਣ ਦਾ ਬਾਹਨਾ ਲਗਾਇਆ ਪਰ
ਇਸ ਤੋਂ ਬਾਅਦ ਮੰਗਤ ਮੈਨੀ ਫਰਾਰ ਹੋ ਗਿਆ, ਜਿਸ ਮਗਰੋਂ ਕੰਪਨੀ ‘ਚ ਪੈਸਾ ਲਗਾਉਣ ਵਾਲੇ ਲੋਕ ਅਤੇ ਫੌਜੀ ਸਮਝ ਗਏ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਪਿਛਲੇ ਕਾਫੀ ਸਮੇਂ ਤੋਂ ਮੰਗਤ ਮੈਨੀ ਅਤੇ ਉਸਦੇ ਪਰਿਵਾਰ ਦੀ ਤਲਾਸ਼ ‘ਚ ਹਨ ਅਤੇ ਹੁਣ ਮਾਣਯੋਗ ਅਦਾਲਤ ਵੱਲੋਂ ਵੀ ਮੰਗਤ ਮੈਨੀ ਨੂੰ ਪੀਓ ਕਰਾਰ ਦੇ ਦਿੱਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।