ਹੁਣ ਬਣਿਆ ਨਾਇਬ ਤਹਿਸੀਲਦਾਰ
(ਸੁਖਜੀਤ ਮਾਨ) ਮਾਨਸਾ। Government Job ਮਾਨਸਾ ਦਾ ਮਨਦੀਪ ਸਿੰਘ ਸਖ਼ਤ ਮਿਹਨਤੀ ਹੈ। ਬੇਰੁਜਗਾਰ ਇੱਕ ਨੌਕਰੀ ਨੂੰ ਤਰਸਦੇ ਹਨ ਪਰ ਮਨਦੀਪ ਸਿੰਘ ਛੇਵੀਂ ਸਰਕਾਰੀ ਨੌਕਰੀ ਲੈਣ ਵਿੱਚ ਸਫ਼ਲ ਹੋਇਆ ਹੈ। ਉਸਨੂੰ ਹੁਣ ਨਾਇਬ ਤਹਿਸੀਲਦਾਰ ਵਜੋਂ ਨੌਕਰੀ ਮਿਲੀ ਹੈ। ਮਨਦੀਪ ਸਿੰਘ ਨੂੰ ਨਾਇਬ ਤਹਿਸੀਲਦਾਰ ਵਜੋਂ ਛੇਵੀਂ ਨੌਕਰੀ ਪ੍ਰਾਪਤ ਕਰਨ ’ਤੇ ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਮੰਚ ਅਹੁਦੇਦਾਰਾਂ ਨੇ ਨਾਲ ਹੀ ਆਸ ਪ੍ਰਗਟਾਈ ਕਿ ਉਹ ਲੋਕਾਂ ਨਾਲ ਇਨਸਾਫ ਕਰਦਿਆਂ ਹੋਰ ਤਰੱਕੀ ਦੌਰਾਨ ਭਵਿੱਖ ’ਚ ਆਈਏਐੱਸ ਦੀ ਨੌਕਰੀ ਪ੍ਰਾਪਤ ਕਰੇ। ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਵੰਡੇ ਗਏ ਨਿਯੁਕਤੀ ਪੱਤਰਾਂ ਦੌਰਾਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਉਨ੍ਹਾਂ ਨੂੰ ਨਾਇਬ ਤਹਿਸੀਲਦਾਰ ਵਜੋਂ ਨਿਯੁਕਤੀ ਪੱਤਰ ਦਿੱਤਾ ਗਿਆ।
ਇਹ ਵੀ ਪੜ੍ਹੋ : ਜ਼ਿਲ੍ਹੇ ’ਚ ਡੇਂਗੂ ਨੇ ਭਿਆਨਕ ਰੂਪ ਦਿਖਾਉਣਾ ਕੀਤਾ ਸ਼ੁਰੂ, 31 ਕੇਸ ਡੇਂਗੂ ਦੇ ਹੋਏ ਰਿਪੋਰਟ
27 ਵਰ੍ਹਿਆਂ ਦੇ ਮਨਦੀਪ ਸਿੰਘ ਦੀ ਇਹ ਛੇਵੀਂ ਨੌਕਰੀ ਹੈ ਇਸ ਤੋਂ ਪਹਿਲਾਂ ਉਸ ਨੇ ਪਟਵਾਰੀ, ਟੈਕਨੀਕਲ ਅਸਿਸਟੈਂਟ (ਵੇਅਰ ਹਾਊਸ), ਬੈਂਕ ਮੈਨੇਜਰ (ਕੋਆਪਰੇਟਿਵ ਬੈਂਕ), ਅਸਿਸਟੈਂਟ ਕਮਾਂਡਰ (ਸੀ.ਏ.ਸੀ.ਐੱਫ), ਐਕਸਾਈਜ਼ ਇੰਸਪੈਕਟਰ (ਜਲੰਧਰ) ਵਜੋਂ ਨੌਕਰੀਆਂ ਪ੍ਰਾਪਤ ਕੀਤੀਆਂ ਹਨ। ਮਨਦੀਪ ਸਿੰਘ ਦੇ ਨਾਇਬ ਤਹਿਸੀਲਦਾਰ ਬਣਨ ’ਤੇ ਘਰ ’ਚ ਖੁਸ਼ੀ ਦਾ ਮਹੌਲ ਹੈ। ਉਹਨਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। Government Job
ਮਨਦੀਪ ਸਿੰਘ ਨੇ ਸੈਂਟ ਜੇਵੀਅਰ ਸਕੂਲ ਮਾਨਸਾ ਤੋਂ ਦਸਵੀਂ, ਸੰਤ ਫਤਹਿ ਸਿੰਘ ਕਾਨਵੈਂਟ ਸਕੂਲ ਮੌੜ ਮੰਡੀ ਤੋਂ ਬਾਰ੍ਹਵੀਂ, ਖਾਲਸਾ ਕਾਲਜ ਅੰਮਿ੍ਰਤਸਰ ਤੋਂ ਬੀ.ਐੱਸ. ਸੀ. ਐਗਰੀਕਲਚਰ ਅਤੇ ਰਾਜ ਮਲਹੋਤਰਾ ਚੰਡੀਗੜ੍ਹ ਤੋਂ ਕੋਚਿੰਗ ਪ੍ਰਾਪਤ ਕੀਤੀ। ਉਹਨਾਂ ਦੀ ਇਸ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਦੇ ਸੇਵਾ ਮੁਕਤ ਦਾਦਾ ਨਰੋਤਮ ਸਿੰਘ, ਦਾਦੀ ਸਵਿੱਤਰੀ ਦੇਵੀ, ਪਿਤਾ ਕੁਲਦੀਪ ਸਿੰਘ ਐੱਸ. ਐੱਸ. ਮਾਸਟਰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਫੜੇ ਭਾਈਕੇ, ਮਾਤਾ ਸੁਮਨਦੀਪ ਕੌਰ ਪੰਜਾਬੀ ਲੈਕਚਰਾਰ ਸਰਕਾਰੀ ਸੈਕੰਡਰੀ ਸਕੂਲ ਗਰਲਜ਼ ਮਾਨਸਾ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਹੋਰਨਾਂ ਲੜਕਿਆਂ ਨੂੰ ਵੀ ਉਤਸ਼ਾਹ ਮਿਲੇਗਾ। ਮਨਦੀਪ ਸਿੰਘ ਦਾ ਸਮੁੱਚਾ ਪਰਿਵਾਰ ਸਿੱਖਿਆ ਖੇਤਰ ਨਾਲ ਜੁੜਿਆ ਹੋਇਆ ਹੈ। ਉਸ ਦੇ ਮਾਤਾ, ਪਿਤਾ ਹੱਕੀ ਸੰਘਰਸ਼ਾਂ ਅਤੇ ਸਮਾਜ ਸੇਵੀ ਕੰਮਾਂ ’ਚ ਮੋਹਰੀ ਭੂਮਿਕਾ ਨਿਭਾਉਂਦੇ ਹਨ ।
ਸਿੱਖਿਆ ਵਿਕਾਸ ਮੰਚ ਮਾਨਸਾ ਦੇ ਸਰਪਰਸਤ ਡਾ. ਸੰਦੀਪ ਘੰਡ, ਪ੍ਰਧਾਨ ਹਰਦੀਪ ਸਿੰਘ ਸਿੱਧੂ ਦੀ ਅਗਵਾਈ ’ਚ ਇਸ ਵੱਡੀ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਮਨਦੀਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰੰਗਕਰਮੀ ਮਨਜੀਤ ਸਿੰਘ ਚਾਹਲ, ਬਿੱਟੂ ਮਾਨਸਾ, ਮਾਸਟਰ ਅਵਤਾਰ ਸਿੰਘ, ਮੈਡਮ ਹਰਜੀਤ ਕੌਰ, ਦੇਵ ਰਾਜ ਮਿੱਤਲ, ਕਿਰਨ ਲਤਾ ਵੀ ਹਾਜ਼ਰ ਸਨ।
ਆਈਏਐਸ ਦਾ ਸੁਪਨਾ ਵੀ ਕਰਾਂਗਾ ਪੂਰਾ : ਮਨਦੀਪ ਸਿੰਘ
ਇਸ ਮੌਕੇ ਮਨਦੀਪ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਨਾਇਬ ਤਹਿਸੀਲਦਾਰ ਦੇ ਫਰਜ਼ ਨਿਭਾਉਂਦਿਆਂ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਣਗੇ ਫਿਰ ਉਹ ਆਈ.ਏ.ਐੱਸ. ਦੇ ਸੁਪਨੇ ਨੂੰ ਵੀ ਪੂਰਾ ਕਰਨਗੇ।