ਅਕਾਲੀਆਂ ਦੀ ਬੇੜੀ ਨੂੰ ਮਝਧਾਰ ‘ਚੋਂ ਬਾਹਰ ਕੱਢਦੇ ਰਹੇ ਨੇ ਮਝੈਲ ਆਗੂ
ਅਕਾਲੀ ਦਲ ਦੀ ਰਾਜਨੀਤੀ ‘ਚ ਮਾਝੇ ਦੀ ਹਮੇਸ਼ਾ ਰਹੀ ਅਹਿਮ ਭੂਮਿਕਾ
ਅਸ਼ੋਕ ਵਰਮਾ, ਬਠਿੰਡਾ
ਪੰਜਾਬ ਵਿੱਚ ਅਕਾਲੀ ਦਲ ਦੀ ਰਾਜਨੀਤੀ ‘ਚ ਮਾਲਵੇ ਤੋਂ ਬਾਅਦ ਮਾਝੇ ਦੀ ਅਹਿਮ ਭੂਮਿਕਾ ਰਹੀ ਹੈ ਪਰ ਹੁਣ ਅਕਾਲੀ ਦਲ ਦੀ ਮਾੜੇ ਸਮੇਂ ‘ਚ ਬੇੜੀ ਪਾਰ ਲਾਉਣ ਵਾਲੇ ਮੁੱਖ ਆਗੂਆਂ ਦੀ ਆਏ ਦਿਨ ਸਾਹਮਣੇ ਆ ਰਹੀ ਨਰਾਜ਼ਗੀ ਕਾਰਨ ਅਕਾਲੀ ਦਲ ਦੀ ਸਿਰਦਰਦੀ ਵਧਦੀ ਜਾ ਰਹੀ ਹੈ ਮੁੱਖ ਆਗੂਆਂ ਦੀ ਨਰਾਜ਼ਗੀ ਦਾ ਕਾਰਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਨੂੰ ਮੰਨਿਆ ਜਾ ਰਿਹਾ ਹੈ ਤੇ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਆਪਣੇ ਅਸਤੀਫੇ ਦੌਰਾਨ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਵੀ ਮਜੀਠੀਆ ਦੇ ਨਾਂਅ ਦਾ ਜਿਕਰ ਕੀਤਾ ਗਿਆ ਹੈ
ਅਕਾਲੀ ਦਲ ਦੀ ਰਾਜਨੀਤੀ ‘ਚ ਮਾਝੇ ਦੀ ਭੂਮਿਕਾ ਦੀ ਗੱਲ ਕੀਤੀ ਜਾਵੇ ਤਾਂ ਜਦ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਾਲਵੇ ‘ਚ ਅਕਾਲੀ ਦਲ ਦੇ ਵੱਡੇ-ਵੱਡੇ ਥੰਮ ਚੋਣ ਹਾਰ ਗਏ ਸਨ ਉਦੋਂ ਮਾਝੇ ਦੀਆਂ ਵਿਧਾਨ ਸਭਾ ਸੀਟਾਂ ਦੇ ਜ਼ੋਰ ‘ਤੇ ਹੀ ਅਕਾਲੀ ਦਲ ਸਰਕਾਰ ਬਣਾਉਣ ‘ਚ ਸਫਲ ਰਿਹਾ ਸੀ ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ ਨੂੰ 48 ਵਿਧਾਨ ਸਭਾ ਹਲਕਿਆਂ ‘ਚ ਜਿੱਤ ਪ੍ਰਾਪਤ ਹੋਈ ਸੀ, ਜਿਨ੍ਹਾਂ ‘ਚੋਂ 16 ਵਿਧਾਇਕ ਇਕੱਲੇ ਮਾਝਾ ਖਿੱਤੇ ਨਾਲ ਸਬੰਧਿਤ ਸਨ
ਹਾਲਾਂਕਿ ਸਾਲ 2012 ਦੀਆਂ ਅਸੈਂਬਲੀ ਚੋਣਾਂ ‘ਚ ਅਕਾਲੀ ਦਲ ਮਾਲਵੇ ਨੂੰ ਆਪਣੇ ਨਾਲ ਜੋੜਨ ‘ਚ ਕਾਮਯਾਬ ਰਿਹਾ ਸੀ ਫਿਰ ਵੀ ਸੱਤਾ ਵਿਰੋਧੀ ਲਹਿਰ ਦੇ ਬਾਵਜ਼ੂਦ 7 ਵਿਧਾਨ ਸਭਾ ਹਲਕੇ ਮਾਝੇ ਦੇ ਅਕਾਲੀ ਆਗੂ ਜਿੱਤਣ ‘ਚ ਸਫਲ ਰਹੇ ਸਨ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਨੇ ਹੁਣ ਵੀ ਮਾਝੇ ਨੂੰ ਨਾ ਸੰਭਾਲਿਆ ਤਾਂ ਪੰਜਾਬ ਦੀ ਰਾਜਨੀਤੀ ‘ਚ ਅਕਾਲੀਆਂ ਨੂੰ ਵੱਡੀ ਕੀਮਤ ਤਾਰਨੀ ਪੈ ਸਕਦੀ ਹੈ ਖਾਸ ਤੌਰ ‘ਤੇ ਮਾਝੇ ਦੇ ਜਰਨੈਲ ਵਜੋਂ ਜਾਣੇ ਜਾਂਦੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਆਗੂਆਂ ਨੂੰ ਨਜ਼ਰਅੰਦਾਜ ਕਰਨਾ ਅਗਾਮੀ ਚੋਣਾਂ ‘ਚ ਘਾਟੇ ਦਾ ਸੌਦਾ ਹੋਵੇਗਾ
ਅਕਾਲੀ ਰਾਜਨੀਤੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਪੰਜਾਬ ‘ਚ ਸੱਤਾ ਤਬਦੀਲੀ ਤੋਂ ਬਾਅਦ ਵੱਡੇ ਨੇਤਾਵਾਂ ਦੀ ਨਰਾਜਗੀ ਕਾਰਨ ਅਕਾਲੀ ਦਲ ਨੂੰ ਮੁੜ ਪੈਰ ਜਮਾਉਣੇ ਚੁਣੌਤੀ ਬਣੇ ਹੋਏ ਹਨ ਅਕਾਲੀ ਸੂਤਰ ਦੱਸਦੇ ਹਨ ਕਿ ਪਿਛਲੇ ਦਿਨੀਂ ਲੱਗੇ ਝਟਕਿਆਂ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਰ-ਵਿਹਾਰ ‘ਚ ਤਬਦੀਲੀ ਆਈ ਹੈ ਪਰ ਇਸ ਦਿਸ਼ਾ ‘ਚ ਹੋਰ ਵੀ ਯਤਨ ਕਰਨ ਦੀ ਜਰੂਰਤ ਹੈ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਨੂੰ ਇੱਕ ਸੂਤਰ ‘ਚ ਨਾ ਪਰੋਇਆ ਤਾਂ ਆਉਣ ਵਾਲੀਆਂ ਪੰਚਾਇਤੀ ਤੇ ਲੋਕ ਸਭਾ ਚੋਣਾਂ ਅਕਾਲੀ ਦਲ ਲਈ ‘ਵਾਟਰ ਲੂਅ’ ਸਾਬਤ ਹੋ ਸਕਦੀਆਂ ਹਨ
ਇੱਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਅਜੋਕੇ ਹਾਲਾਤ ‘ਚ ਵੱਡੇ ਲੀਡਰਾਂ ਦੇ ਅਸਤੀਫੇ ਪਾਰਟੀ ਲਈ ਮੰਦਭਾਗੇ ਹਨ ਪਰ ਨਰਾਜ਼ ਨੇਤਾਵਾਂ ਦੇ ਜਜ਼ਬਾਤਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ ਉਨ੍ਹਾਂ ਦੱਸਿਆ ਕਿ ਭਾਵੇਂ ਅਕਾਲੀ ਦਲ ਨੇ ਤਾਜ਼ਾ ਹਾਲਾਤ ਨਾਲ ਨਜਿੱਠਣ ਲਈ ਰਣਨੀਤੀ ਘੜੀ ਹੈ, ਪਰ ਪਾਰਟੀ ਨੂੰ ਇਸ ਸੰਕਟ ‘ਚੋਂ ਉਭਰਨ ਲਈ ਅਜੇ ਸਮਾਂ ਲੱਗੇਗਾ ਉਹ ਵੀ ਮਾਝੇ ਦੀ ਲੀਡਰਸ਼ਿਪ ਨੂੰ ਨਾਲ ਲਏ ਬਗੈਰ ਇਹ ਫਿਲਹਾਲ ਅਸੰਭਵ ਜਾਪਦਾ ਹੈ
ਉਮਰ ਕਾਰਨ ਵੱਡੇ ਆਗੂਆਂ ਨੇ ਫੈਸਲਾ ਲਿਆ : ਚੀਮਾ
ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਦਾ ਕਹਿਣਾ ਸੀ ਕਿ ਮਾਝੇ ਦੀ ਸਥਿਤੀ ਨੂੰ ਨਾਂਹ ਪੱਖੀ ਨਹੀਂ ਲਿਆ ਜਾਣਾ ਚਾਹੀਦਾ ਕੁਝ ਆਗੂ ਉਮਰ ਦਰਾਜ ਹੋ ਚੁੱਕੇ ਹਨ, ਜਿਸ ਕਰਕੇ ਉਨ੍ਹਾਂ ਨੇ ਚੋਣ ਨਾ ਲੜਨ ਦਾ ਫੈਸਲਾ ਲਿਆ ਹੈ ਸ੍ਰੀ ਚੀਮਾ ਨੇ ਦਾਅਵਾ ਕੀਤਾ ਕਿ ਮਾਝੇ ਦੇ ਕਿਸੇ ਵੀ ਆਗੂ ਨੇ ਪਾਰਟੀ ਦੇ ਵਿਰੋਧ ‘ਚ ਕੋਈ ਗੱਲ ਨਹੀਂ ਕੀਤੀ ਸਿਰਫ ਆਪਣੇ ਵਿਚਾਰ ਰੱਖੇ ਹਨ ਜੋਕਿ ਲੋਕਤੰਤਰ ‘ਚ ਹਰ ਕਿਸੇ ਦਾ ਅਧਿਕਾਰ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਸਿਆਸੀ ਹਾਲਾਤ ਦਾ ਪੰਚਾਇਤੀ ਜਾਂ ਲੋਕ ਸਭਾ ਚੋਣਾਂ ‘ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਲੋਕ ਕਾਂਗਰਸ ਦੀਆਂ ਚਾਲਾਂ ਸਮਝ ਗਏ ਹਨ
ਪਾਰਟੀ ‘ਚ ਉਤਰਾਅ ਚੜ੍ਹਾਅ ਖਾਸ ਗੱਲ ਨਹੀਂ
ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਨਾਲ ਸਬੰਧਿਤ ਸੀਨੀਅਰ ਆਗੂ ਤੇ ਪਾਰਟੀ ਦੇ ਬੁਲਾਰੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਸੀ ਕਿ ਪਾਰਟੀਆਂ ‘ਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਉਨ੍ਹਾਂ ਕਿਹਾ ਕਿ ਪਾਰਟੀ ਦਾ ਜੋ ਵੀ ਕਾਡਰ ਹੈ ਉਹ ਪਾਰਟੀ ਦੇ ਨਾਲ ਡੱਟ ਕੇ ਖਲੋਤਾ ਹੈ ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ‘ਤੇ ਸਰਗਰਮੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਤੇ ਕਾਂਗਰਸ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ ਉਨ੍ਹਾਂ ਆਖਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਅਕਾਲੀ ਦਲ ਇੱਕ ਵਾਰ ਫਿਰ ਤੋਂ ਪੰਜਾਬ ਦੀ ਰਾਜਨੀਤੀ ‘ਚ ਵੱਡੀ ਭੂਮਿਕਾ ਅਦਾ ਕਰੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।