– Maharashtra: ਭਾਜਪਾ ਨੇ ਰਾਕਾਂਪਾ ਨਾਲ ਬਣਾਈ ਸਰਕਾਰ
– ਭਾਜਪਾ ਦੇ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਤੇ ਰਾਕਾਂਪਾ ਦੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ
ਮੁੰਬਈ, ਏਜੰਸੀ। ਮਹਾਂਰਾਸ਼ਟਰ ਵਿੱਚ ਵਿਧਾਨਸਭਾ ਚੋਣਾਂ ਤੋਂ ਬਾਅਦ ਇੱਕ ਮਹੀਨੇ ਤੱਕ ਚੱਲੇ ਰਾਜਨੀਤਿਕ ਅੜਿੱਕੇ ਤੋਂ ਬਾਅਦ ਅਚਾਨਕ ਇੱਕ ਵੱਡੇ ਸਿਆਸੀ ਉਲਟਫੇਰ ਵਿੱਚ ਸ਼ਨਿੱਚਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਇੱਕ ਧੜੇ ਨਾਲ ਗਠਜੋੜ ਕਰਕੇ ਸਰਕਾਰ ਬਣਾ ਲਈ ਹੈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸਵੇਰੇ ਕਰੀਬ ਸਾਢੇ ਸੱਤ ਵਜੇ ਸ਼੍ਰੀ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਤੇ ਰਾਕਾਂਪਾ ਦੇ ਸ਼੍ਰੀ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। Maharashtra
ਭਾਜਪਾ ਅਤੇ ਰਾਕਾਂਪਾ ਦਾ ਕੋਈ ਵੀ ਵੱਡਾ ਨੇਤਾ ਨਹੀਂ ਸੀ ਮੌਜੂਦ
ਰਾਜਪਾਲ ਸ਼੍ਰੀ ਕੋਸ਼ਿਆਰੀ ਨੇ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਮਹਾਂਰਾਸ਼ਟਰ ਵਿੱਚ ਰਾਸ਼ਟਰਪਤੀ ਸ਼ਾਸਨ ਹਟਾਉਣ ਦੀ ਸਿਫਾਰਸ਼ ਕੀਤੀ। ਰਾਸ਼ਟਰਪਤੀ ਸ਼ਾਸਨ ਹਟਣ ਤੋਂ ਬਾਅਦ ਅੱਜ ਰਾਜਪਾਲ ਨੇ ਰਾਜ-ਮਹਿਲ ਵਿੱਚ ਭਾਜਪਾ ਦੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਤੇ ਰਾਕਾਂਪਾ ਦੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਭਾਜਪਾ ਅਤੇ ਰਾਕਾਂਪਾ ਦੋਵਾਂ ਪਾਰਟੀਆਂ ਦਾ ਕੋਈ ਵੀ ਵੱਡਾ ਨੇਤਾ ਮੌਜੂਦ ਨਹੀਂ ਸੀ।ਸਰਕਾਰ ਦੇ ਗਠਨ ਤੋਂ ਬਾਅਦ ਰਾਕਾਂਪਾ ਦੇ ਪ੍ਰਧਾਨ ਸ਼ਰਦ ਪਵਾਰ ਨੇ ਸਰਕਾਰ ਵਿੱਚ ਸ਼ਾਮਿਲ ਹੋਣ ਦੇ ਸ਼੍ਰੀ ਅਜੀਤ ਪਵਾਰ ਦੇ ਫ਼ੈਸਲਾ ਤੋਂ ਕਿਨਾਰਾ ਕਰ ਲਿਆ ਜਦੋਂ ਕਿ ਸ਼੍ਰੀ ਫੜਨਵੀਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪੂਰਨ ਬਹੁਮਤ ਹੈ। ਇਸ ਤਰ੍ਹਾਂ ਸਹੁੰ ਚੁੱਕਣ ਦੇ ਬਾਵਜੂਦ ਸਰਕਾਰ ਦੇ ਸਮੀਕਰਣਾਂ ਬਾਰੇ ਅਜੇ ਤੱਕ ਕੋਈ ਸਪਸ਼ਟਤਾ ਨਹੀਂ ਹੈ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਫੜਨਵੀਸ ਤੇ ਸ਼੍ਰੀ ਅਜੀਤ ਪਵਾਰ ਨੂੰ ਦਿੱਤੀ ਵਧਾਈ
ਸ਼੍ਰੀ ਅਜੀਤ ਪਵਾਰ ਨੂੰ ਕਿੰਨੇ ਵਿਧਾਇਕਾਂ ਦਾ ਸਮਰਥਨ ਹਾਸਲ ਹੈ ਅਤੇ ਬਹੁਮਤ ਲਈ ਬਾਕੀ ਵਿਧਾਇਕ ਕਿੱਥੋਂ ਆਉਣਗੇ , ਇਸ ਬਾਰੇ ਵਿੱਚ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀ ਫੜਨਵੀਸ ਅਤੇ ਸ਼੍ਰੀ ਅਜੀਤ ਪਵਾਰ ਨੂੰ ਟਵੀਟ ‘ਤੇ ਵਧਾਈ ਦਿੱਤੀ । ਸ਼੍ਰੀ ਫੜਨਵੀਸ ਨੇ ਮਹਾਂਰਾਸ਼ਟਰ ਵਿੱਚ ਮੁੱਖ ਮੰਤਰੀ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਦਾ ਧੰਨਵਾਦ ਕੀਤਾ।
ਰਾਜਪਾਲ ਦੀ ਸਿਫਾਰਿਸ਼ ‘ਤੇ 12 ਨਵੰਬਰ ਨੂੰ ਲਗਾਇਆ ਗਿਆ ਸੀ ਰਾਸ਼ਟਰਪਤੀ ਸ਼ਾਸਨ
ਮਹਾਰਾਸ਼ਟਰ ਵਿੱਚ ਵਿਧਾਨਸਭਾ ਚੋਣਾਂ 21 ਅਕਤੂਬਰ ਨੂੰ ਹੋਈਆਂ ਸਨ ਅਤੇ ਨਤੀਜੇ 24 ਅਕਤੂਬਰ ਨੂੰ ਆਏ ਸਨ। । 288 ਮੈਂਬਰੀ ਵਿਧਾਨਸਭਾ ਵਿੱਚ ਭਾਜਪਾ ਨੂੰ ਸਭ ਤੋਂ ਜਿਆਦਾ 105, ਸ਼ਿਵਸੈਨਾ ਨੂੰ 56 , ਰਾਕਾਂਪਾ ਨੂੰ 54 ਅਤੇ ਕਾਂਗਰਸ ਨੂੰ 44 ਸੀਟਾਂ ਹਾਸਲ ਹੋਈਆਂ ਸਨ। ਵਿਧਾਨਸਭਾ ਚੋਣ ਵਿੱਚ ਭਾਜਪਾ ਅਤੇ ਸ਼ਿਵਸੈਨਾ ਅਤੇ ਕਾਂਗਰਸ ਅਤੇ ਰਾਕਾਂਪਾ ਗਠਜੋੜ ਦੇ ਰੂਪ ਵਿੱਚ ਚੋਣ ਮੈਦਾਨ ਵਿੱਚ ਉਤਰੇ ਸਨ। ਭਾਜਪਾ ਅਤੇ ਸ਼ਿਵਸੈਨਾ ਦੇ ਗਠਜੋੜ ਨੂੰ ਪੂਰਨ ਬਹੁਮਤ ਮਿਲਣ ਦੇ ਬਾਵਜੂਦ ਸਰਕਾਰ ਦਾ ਗਠਨ ਨਹੀਂ ਹੋ ਸਕਿਆ। ਸ਼ਿਵਸੈਨਾ ਨੇ ਮੁੱਖ ਮੰਤਰੀ ਅਹੁਦੇ ‘ਤੇ ਦਾਅਵਾ ਕਰ ਦਿੱਤਾ ਸੀ ਜਿਸਨੂੰ ਭਾਜਪਾ ਨੇ ਸਵੀਕਾਰ ਨਹੀਂ ਕੀਤਾ। ਕਈ ਦਿਨਾਂ ਤੱਕ ਅੜਿੱਕਾ ਕਾਇਮ ਰਹਿਣ ਕਾਰਨ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੀ ਸਿਫਾਰਿਸ਼ ‘ਤੇ 12 ਨਵੰਬਰ ਨੂੰ ਰਾਸ਼ਟਰਪਤੀ ਸ਼ਾਸਨ ਲਗਾਇਆ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।