ਮੈਡਮ ਪੂਨਮ ਕਾਂਗੜਾ ਦਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਬਹਾਲ
ਅੱਜ ਮੁੜ ਆਪਣੀ ਡਿਊਟੀ ਸਾਂਭੀ
ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰੱਖਿਆ ਤਨਦੇਹੀ ਨਾਲ ਕਰਾਂਗੇ : ਮੈਡਮ ਪੂਨਮ ਕਾਂਗੜਾ
(ਗੁਰਪ੍ਰੀਤ ਸਿੰਘ) ਸੰਗਰੂਰ। ਸੰਗਰੂਰ ਸ਼ਹਿਰ ਨਾਲ ਸਬੰਧਿਤ ਮੈਡਮ ਪੂਨਮ ਕਾਂਗੜਾ ਜਿਹੜੇ ਪਿਛਲੇ ਵਰ੍ਹੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਨਿਯੁਕਤ ਕੀਤੇ ਗਏ ਸਨ, ਨੂੰ ਇੱਕ ਘਰੇਲੂ ਕੇਸ ’ਚ ਦਰਜ਼ ਮਾਮਲੇ ਦੇ ਆਧਾਰ ’ਤੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ ਪਰ ਹੁਣ ਹੋਈ ਜਾਂਚ ਪੜਤਾਲ ਤੋਂ ਬਾਅਦ ਉਨ੍ਹਾਂ ਨੂੰ ਬੇਕਸੂਰ ਸਮਝਦਿਆਂ ਉਨ੍ਹਾਂ ਨੂੰ ਮੁੜ ਅਹੁਦੇ ’ਤੇ ਬਹਾਲ ਕਰ ਦਿੱਤਾ ਗਿਆ ਹੈ। ਅੱਜ ਸ੍ਰੀਮਤੀ ਕਾਂਗੜਾ ਨੇ ਚੰਡੀਗੜ੍ਹ ਵਿਖੇ ਆਪਣੀ ਡਿਊਟੀ ਸੰਭਾਲ ਲਈ ਹੈ।
ਜ਼ਿਕਰਯੋਗ ਹੈ ਕਿ ਕਾਂਗੜਾ ਪਰਿਵਾਰ ’ਤੇ ਦਰਜ਼ ਹੋਏ ਇੱਕ ਘਰੇਲੂ ਝਗੜੇ ਸਬੰਧੀ ਮਾਮਲੇ ਤੋਂ ਬਾਅਦ ਸਬੰਧਿਤ ਵਿਭਾਗ ਵੱਲੋਂ 20 ਜੂਨ 2020 ਨੂੰ ਉਨ੍ਹਾਂ ਨੂੰ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ ਇਸ ਪਿਛੋਂ ਵਿਭਾਗ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਅਤੇ ਵਿਭਾਗ ਵੱਲੋਂ ਕੀਤੀ ਜਾਂਚ ਪੜਤਾਲ ਵਿੱਚ ਬੀਬੀ ਪੂਨਮ ਕਾਂਗੜਾ ਨੂੰ ਬੇਕਸੂਰ ਮੰਨਦਿਆਂ ਮੁੜ ਉਨ੍ਹਾਂ ਦੇ ਪਹਿਲਾਂ ਵਾਲੇ ਅਹੁਦੇ ’ਤੇ ਬਹਾਲ ਕਰ ਦਿੱਤਾ ਹੈ। ਅਹੁਦੇ ’ਤੇ ਮੁੜ ਬਹਾਲ ਹੋਏ ਬੀਬੀ ਕਾਂਗੜਾ ਨੇ ਅੱਜ ਚੰਡੀਗੜ੍ਹ ਵਿਖੇ ਮੁੜ ਤੋਂ ਆਪਣੀਆਂ ਸੇਵਾਵਾਂ ਆਰੰਭ ਕਰ ਦਿੱਤੀਆਂ ਹਨ।
ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਬੀਬੀ ਕਾਂਗੜਾ ਨੇ ਕਿਹਾ ਕਿ ਪਿਛਲਾ ਇੱਕ ਡੇਢ ਸਾਲ ਉਨ੍ਹਾਂ ਦੇ ਪਰਿਵਾਰ ’ਤੇ ਭਾਰੀ ਕਸ਼ਟ ਦਾ ਸਮਾਂ ਸੀ ਇੱਕ ਪਰਿਵਾਰਕ ਝਗੜੇ ’ਤੇ ਉਨ੍ਹਾਂ ਤੇ ਹੋਏ ਦਰਜ਼ ਮਾਮਲੇ ਤੋਂ ਬਾਅਦ ਉਕਤ ਕਾਰਵਾਈ ਕੀਤੀ ਗਈ ਸੀ। ਬੀਬੀ ਕਾਂਗੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਦੀ ਆਪਣੇ ਪੱਧਰ ਤੇ ਪੜਤਾਲ ਕਰਵਾਈ ਜਿਸ ਵਿੱਚ ਉਨ੍ਹਾਂ ਦਾ ਬੇਕਸੂਰ ਹੋਣਾ ਮੰਨਿਆ ਗਿਆ ਹੈ ਉਨ੍ਹਾਂ ਕਿਹਾ ਕਿ ਅਸੀਂ ਵਿਭਾਗ ਜਾਂਚ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਅਤੇ ਉਨ੍ਹਾਂ ਨੇ ਆਪਣੀ ਡਿਊਟੀ ਸਾਂਭ ਲਈ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਰੱਖਿਆ ਲਈ ਪਹਿਲਾਂ ਵਾਂਗ ਆਪਣੀ ਭੂਮਿਕਾ ਅਦਾ ਕਰਾਂਗੇ ਅਤੇ ਗਰੀਬ ਤੇ ਮਜ਼ਲੂਮਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਘਾਲਣਾ ਘਾਲਾਂਗੇ। ਮੈਡਮ ਪੂਨਮ ਕਾਂਗੜਾ ਦੇ ਪਤੀ ਦਰਸ਼ਨ ਕਾਂਗੜਾ ਨੇ ਉਨ੍ਹਾਂ ਦੇ ਪਰਿਵਾਰ ਤੇ ਚੜ੍ਹ ਕੇ ਆਏ ਦੁੱਖਾਂ ਦੇ ਬੱਦਲ ਹੌਲੀ ਹੌਲੀ ਹਟ ਗਏ ਹਨ ਅਤੇ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ