ਵੱਡੀ ਕਾਰਵਾਈ: ਡੀਐੱਸਪੀ ਦੀ ਵਰਦੀ ਪਹਿਨੀਆਂ ਫੋਟੋਆਂ, ਐੱਸਐੱਸਪੀ ਦੀ ਮੋਹਰ ਤੇ 160 ਜਿੰਦਾ ਰੌਂਦਾਂ ਸਣੇ 7 ਪਿਸਟਲ ਬਰਾਮਦ

Ludhiana Police

ਫ਼ਿਰੌਤੀ ਮੰਗਣ ਦੇ ਮਾਮਲੇ ’ਚ ਪੁਲਿਸ ਗ੍ਰਿਫ਼ਤਾਰ ਵਿਅਕਤੀਆਂ ਦੇ ਬੈਂਕ ਖਾਤਿਆਂ ’ਚ ਪਏ ਪੈਸਿਆਂ ਦੀ ਵੀ ਕਰੇਗੀ ਪੜਤਾਲ : ਕਮਿਸ਼ਨਰ ਪੁਲਿਸ ਚਾਹਲ | Ludhiana Police

ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਮਿਸ਼ਨਰ ਪੁਲਿਸ ਲੁਧਿਆਣਾ ਨੇ ਫ਼ਿਰੌਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਵਿਅਕਤੀਆਂ ਪਾਸੋਂ ਪੁੱਛਗਿੱਛ ਦੌਰਾਨ ਕੀਤੀ ਗਈ ਬਰਾਮਦਗੀ ਸਬੰਧੀ ਕਾਨਫਰੰਸ ਕੀਤੀ। ਇਸ ਦੌਰਾਨ ਪੁਲਿਸ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਵਿਅਕਤੀਆਂ ਪਾਸੋਂ ਜਿੰਦਾ ਕਾਰਤੂਸਾਂ ਸਣੇ 7 ਪਿਸਟਲ, ਮੈਗਜੀਨ ਤੇ ਹੱਥ ਕੜੀਆਂ ਤੋਂ ਇਲਾਵਾ ਡੀਐੱਸਪੀ ਪੰਜਾਬ ਪੁਲਿਸ ਦੀ ਵਰਦੀ ਪਹਿਨੀਆਂ ਫੋਟੋਆਂ, ਜਗਰਾਓਂ ਦੇ ਸੀਨੀਅਰ ਸੁਪਰਡੈਂਟ ਪੁਲਿਸ ਦੀ ਮੋਹਰ, ਕੁਝ ਨੰਬਰ ਪਲੇਟਾਂ ਅਤੇ ਇੱਕ ਇੰਡੈਵਰ ਗੱਡੀ ਵੀ ਬਰਾਮਦ ਹੋਈ ਹੈ। (Ludhiana Police)

ਪੁਲਿਸ ਲਾਇਨ ਵਿਖੇ ਕਾਨਫਰੰਸ ਦੌਰਾਨ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪਿਛਲੇ ਦਿਨੀਂ ਪੁਲਿਸ ਨੇ ਧਾਗਾ ਕਾਰੋਬਾਰੀ ਗੌਰਵ ਮਿੱਤਲ ਵਾਸੀ ਅਗਰ ਨਗਰ ਲੁਧਿਆਣਾ ਤੋਂ 3 ਕਰੋੜ ਦੀ ਫ਼ਿਰੌਤੀ ਮੰਗਣ ਦੇ ਮਾਮਲੇ ’ਚ ਦੋ ਜਣਿਆਂ ਨੂੰ ਮਾਮਲਾ ਦਰਜ਼ ਕੀਤੇ ਜਾਣ ਤੋਂ 24 ਘੰਟਿਆਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਜਿੰਨਾਂ ਦੀ ਪਹਿਚਾਣ ਤੇਜਿੰਦਰਪਾਲ ਸਿੰਘ ਵਾਸੀ ਕੋਟਮਾਨਾ ਹਾਲ ਐਮਆਈਜੀ ਫਲੈਟਸ ਰਾਜਗੁਰੂ ਨਗਰ ਤੇ ਅਮ੍ਰਿਤਪਾਲ ਸਿੰਘ ਉਰਫ਼ ਅਮ੍ਰਿਤ ਵਾਸੀ ਪਿੰਡ ਬੂੜਾ ਪੱਤੀ ਮੁੱਲਾਂਪੁਰ ਵਜੋਂ ਹੋਈ ਸੀ।

ਬੱਚਿਆਂ ਦੀਆਂ ਫੋਟੋਆਂ

ਉਨ੍ਹਾਂ ਦੱਸਿਆ ਕਿ ਗੌਰਵ ਮਿੱਤਲ ਦੀ ਸ਼ਿਕਾਇਤ ਮੁਤਾਬਕ 17 ਅਪਰੈਲ ਨੂੰ ਉਸ ਦੇ ਮੋਬਾਇਲ ਨੰਬਰ ’ਤੇ ਇੱਕ ਵਿਦੇਸ਼ੀ ਨੰਬਰ ਤੋਂ ਵਾਟਸਐਪ ਕਾਲੀ ਆਈ, ਜਿਸ ਵਿੱਚ ਫੋਨਕਰਤਾ ਨੇ ਉਸਤੋਂ 3 ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਅਤੇ ਫ਼ਿਰੌਤੀ ਨਾ ਦੇਣ ’ਤੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਹੀ ਨਹੀਂ ਫੋਨਕਰਤਾ ਨੇ ਉਸ ਦੀ ਪਤਨੀ ਅਤੇ ਬੱਚਿਆਂ ਦੀਆਂ ਕੁਝ ਫੋਟੋਆਂ ਵੀ ਉਸ ਨੂੂੰ ਵਾਟਸਐਪ ’ਤੇ ਭੇਜੀਆਂ। ਜਿਸ ਪਿੱਛੋਂ ਗੌਰਵ ਮਿੱਤਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਤੇਜਿੰਦਰਪਾਲ ਸਿੰਘ ਅਤੇ ਅਮ੍ਰਿਤਪਾਲ ਸਿੰਘ ਉਰਫ਼ ਅਮ੍ਰਿਤ ਨੂੰ ਫ਼ਿਰੋਜਪੁਰ ਰੋਡ ਤੋਂ ਫਾਰਚੂਨਰ ਗੱਡੀ ਸਣੇ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 5 ਮੋਬਾਇਲ ਅਤੇ 7 ਜਿੰਦਾ ਰੌਂਦਾ ਸਣੇ ਇੱਕ 32 ਬੋਰ ਦਾ ਪਿਸਟਲ ਵੀ ਬਰਾਮਦ ਕੀਤਾ ਸੀ।

Also Read : Lok Sabha Elections: ਸ੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨੇ

ਚਾਹਲ ਨੇ ਅੱਗੇ ਦੱਸਿਆ ਕਿ ਮਾਮਲੇ ’ਚ ਕੀਤੀ ਗਈ ਪੜਤਾਲ ਤੋਂ ਬਾਅਦ ਪੁਲਿਸ ਨੇ ਉਕਤਾਨ ਦੇ ਕਬਜ਼ੇ ਵਿੱਚੋਂ ਹੀ ਫ਼ਿਰੌਤੀ ਮੰਗਣ ਦੇ ਮਾਮਲੇ ’ਚ ਵਰਤੀ ਗਈ ਪੀਬੀ- 10 ਐੱਚ.ਈ.-1313 ਨੰਬਰੀ ਇੰਡੈਵਰ ਗੱਡੀ ਤੋਂ ਇਲਾਵਾ 6 ਪਿਸਟਲ 30 ਬੋਰ, ਇੱਕ ਪਿਸਟਲ 45 ਬੋਰ ਸਮਤੇ 8 ਮੈਗਜੀਨ ਅਤੇ 16 ਜਿੰਦਾ ਕਾਰਤੂਸ ਬਰਾਬਦ ਕੀਤੇ ਹਨ। ਇੰਨਾਂ ਹੀ ਨਹੀਂ ਉਕਤਾਨ ਕੋਲੋਂ ਪੁਲਿਸ ਨੂੰ ਡੀਐੱਸਪੀ ਪੰਜਾਬ ਪੁਲਿਸ ਦੀ ਵਰਦੀ ਪਹਿਨੀਆਂ ਫੋਟੋਆਂ, 2 ਹੱਥ ਕੜੀਆਂ, ਸੀਨੀਅਰ ਸੁਪਰਡੈਂਟ ਪੁਲਿਸ ਜਗਰਾਓਂ ਦੀ ਇੱਕ ਮੋਹਰ ਤੋਂ ਬਿਨ੍ਹਾਂ ਵੱਖ ਵੱਖ ਨੰਬਰਾਂ ਦੀਆਂ 3 ਨੰਬਰ ਪਲੇਟਾਂ ਵੀ ਬਰਾਮਦ ਹੋਈਆਂ ਹਨ।

ਕਮਿਸ਼ਨਰ ਪੁਲਿਸ ਚਾਹਲ ਨੇ ਅੱਗੇ ਕਿਹਾ ਕਿ ਮਾਮਲੇ ਦੀ ਪੜਤਾਲ ਦੇ ਤਹਿਤ ਹੀ ਪੁਲਿਸ ਵੱਲੋਂ ਫ਼ਿਰੌਤੀ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵੱਲੋਂ ਫ਼ਿਰੌਤੀ ਦੇ ਪੈਸਿਆਂ ਤੋਂ ਬਣਾਈ ਗਈ ਜਾਇਦਾਦ ਤੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਗਈ ਰਕਮ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।