ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਨੂੰ ਪੰਜਾਬ ਦੀ ਵਪਾਰਕ ਰਾਜਧਾਨੀ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕੱਥਨੀ ਨਹੀਂ ਹੋਵੇਗੀ। ਕਿਉਂਕਿ ਉਦਯੋਗਿਕ ਨਗਰੀ ਹੋਣ ਦੇ ਨਾਤੇ ਇਸਨੇ ਜਿੱਥੇ ਲੱਖਾਂ ਵਾਸੀਆਂ-ਪ੍ਰਵਾਸੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ, ਉੱਥੇ ਹੀ ਸਮੇਂ ਸਮੇਂ ’ਤੇ ਵੱਖ-ਵੱਖ ਚੋਣਾਂ ’ਚ ਵੀ ਡੂੰਘੀ ਦਿਲਚਸਪੀ ਦਿਖਾਈ ਹੈ। ਇਸ ਕਰਕੇ ਜ਼ਿਲ੍ਹਾ ਲੁਧਿਆਣਾ ਅੰਦਰਲੀ ਸਿਆਸੀ ਹਲਚਲ ’ਤੇ ਸੂਬੇ ਭਰ ਦੀਆਂ ਨਜ਼ਰਾਂ ਕੇਂਦਰਿਤ ਰਹਿੰਦੀਆਂ ਹਨ। (Lok Sabha Seat Ludhiana)
ਲੋਕ ਸਭਾ ਹਲਕਾ ਲੁਧਿਆਣਾ 1952 ’ਚ ਹੋਂਦ ’ਚ ਆਇਆ। ਇਸ ਵਾਰ ਹਲਕੇ ਦੀ ਵੱਖਰੀ ਤਸਵੀਰ ਇਸ ਕਰਕੇ ਹੈ ਕਿ ਵੱਡੇ ਆਗੂਆਂ ਨੇ ਦਲ ਬਦਲੀ ਕੀਤੀ ਹੈ ਦੂਜੇ ਪਾਸੇ ਅਕਾਲੀ ਭਾਜਪਾ ਦਾ ਗਠਜੋੜ ਟੁੱਟਣ ਕਾਰਨ ਸਮੀਕਰਨ ਉਲਝੇ ਹੋਏ ਹਨ ਇਸ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਦਾਖਾ ਨੂੰ ਛੱਡ ਕੇ ਸਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਧਾਇਕਾਂ ਦਾ ਪਿਛੋਕੜ ਕਾਂਗਰਸ ਤੇ ਕੁੱਝ ਦਾ ਸ਼੍ਰੋਮਣੀ ਅਕਾਲੀ ਦਲ (ਬ) ਧੜੇ ਨਾਲ ਸਬੰਧਿਤ ਹੈ।
Lok Sabha Seat Ludhiana
ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣਾ ਉਮੀਦਵਾਰ) ਬਣਾਇਆ ਗਿਆ ਹੈ। ਜਦਕਿ ਭਾਜਪਾ ਨੇ ਕਾਂਗਰਸ ਛੱਡ ਕੇ ਆਉਣ ਵਾਲੇ ਰਵਨੀਤ ਬਿੱਟੂ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਇਸ ਤੋਂ ਬਿਨਾਂ ‘ਆਪ’ ਨੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਤੇ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਗਈ ਹੈ। ਫ਼ਿਲਹਾਲ ਸਮੂਹ ਰਾਜਸੀ ਉਮੀਦਵਾਰ ਲੋਕ ਮੁੱਦਿਆਂ ਦੀ ਜਗ੍ਹਾ ਆਪਣੇ ਵਿਰੋਧੀਆਂ ’ਤੇ ਦੂਸ਼ਣਬਾਜ਼ੀ ’ਚ ਰੁੱਝੇ ਹੋਏ ਹਨ। ਜਿਨ੍ਹਾਂ ਦੁਆਰਾ ਅਗਾਮੀ ਚੋਣਾਂ ਨੂੰ ‘ਗੱਦਾਰੀ ਤੇ ਵਫ਼ਾਦਾਰੀ’ ਦਾ ਦੰਗਲ ਬਣਾ ਰੱਖਿਆ ਹੈ। (Lok Sabha Seat Ludhiana)
ਹਲਕੇ ਦੇ ਵੱਡੇ ਮੁੱਦੇ
ਸਥਾਨਕ ਸ਼ਹਿਰ ਦਾ ਸਭ ਤੋਂ ਵੱਡਾ ਤੇ ਮੁੱਖ ਮੁੱਦਾ ਬੁੱਢੇ ਦਰਿਆ ਦੀ ਸਾਫ਼-ਸਫ਼ਾਈ ਦਾ ਹੈ। ਇਸ ’ਤੇ ਲੰਮੇ ਸਮੇਂ ਤੋਂ ਚੋਣਾਂ ਮੌਕੇ ਸਿਆਸਤ ਭਖ ਜਾਂਦੀ ਹੈ ਪਰ ਚੋਣਾਂ ਲੰਘਦਿਆਂ ਹੀ ਮੁੱਦਾ ਠੰਢੇ ਬਸਤੇ ’ਚ ਹੁੰਦਾ ਹੈ। ਉਦਯੋਗਿਕ ਸ਼ਹਿਰ ਹੋਣ ਕਰਕੇ ਪ੍ਰਦੂਸ਼ਣ ਤੇ ਟੈ੍ਰਫਿਕ ਵੀ ਸ਼ਹਿਰ ਦੀਆਂ ਵੱਡੀਆਂ ਸਮੱਸਿਆਵਾਂ ਹਨ। ਇਸ ਤੋਂ ਬਿਨਾਂ ਨਸ਼ਾ, ਭ੍ਰਿਸ਼ਟਾਚਾਰੀ ਤੇ ਬੇਰੁਜ਼ਗਾਰੀ ਦੇ ਨਾਲ-ਨਾਲ ਸਿਹਤ ਨਾਲ ਸਬੰਧਿਤ ਮਸਲੇ ਵੀ ਇੱਥੋਂ ਦੇ ਮੁੱਖ ਮੁੱਦਿਆਂ ਦਾ ਹਿੱਸਾ ਹਨ। ਸ਼ਹਿਰ ਦੇ ਲੱਖਾਂ ਟਨ ਕੂੜੇ ਦਾ ਨਿਪਟਾਰਾ ਵੀ ਜ਼ਿਲ੍ਹਾ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਸਾਬਤ ਹੋ ਰਿਹਾ ਹੈ। ਜ਼ਿਆਦਾਤਰ ਵਸਨੀਕਾਂ ਦੇ ਬਾਹਰਲੇ ਸੂਬਿਆਂ ਨਾਲ ਸਬੰਧਿਤ ਹੋਣ ਕਰਕੇ ਲੁੱਟਾਂ-ਖੋਹਾਂ ਤੇ ਕਤਲੋ-ਗਾਰਤ ਦੀਆਂ ਘਟਨਾਵਾਂ ਆਮ ਜਿਹਾ ਵਰਤਾਰਾ ਬਣਿਆ ਹੋਇਆ ਹੈ। ਉਕਤ ਤੋਂ ਬਿਨਾਂ ਸ਼ਹਿਰ ਅੰਦਰ ਥ੍ਰੀ-ਵੀਲ੍ਹਰ ਤੇ ਈ-ਰਿਕਸ਼ਿਆਂ ਦੀ ਭਰਮਾਰ ਵੀ ਪੇ੍ਰਸ਼ਾਨੀਆਂ ਦਾ ਸਬੱਬ ਬਣ ਰਹੇ ਹਨ। ਜ਼ਿਲ੍ਹੇ ’ਚ ਕੋਈ ਵੀ ਵੱਡਾ ਸਰਕਾਰੀ ਹਸਪਤਾਲ ਨਹੀਂ ਹੈ
‘ਆਪ’ ਉਮੀਦਵਾਰ ਦੀ ਤਾਕਤ : | Lok Sabha Seat Ludhiana
ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਵਿਧਾਨ ਸਭਾ ਹਲਕਾ ਲੁਧਿਆਣਾ ਕੇਂਦਰੀ ਤੋਂ ਵਿਧਾਇਕ ਹਨ। ਇਸ ਤੋਂ ਬਿਨਾਂ 9 ’ਚੋਂ ਅੱਠ ਵਿਧਾਨ ਹਲਕਿਆਂ ’ਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਹੋਣਾ ਵੀ ਪਰਾਸ਼ਰ ਦੀ ਤਾਕਤ ਦਾ ਇੱਕ ਪੱਖ ਹੈ।
ਚੁਣੌਤੀਆਂ:
ਹੁਣ ਤੱਕ ਦੇ ਕਾਰਜਕਾਲ ਦੌਰਾਨ ਸੱਤਾ ’ਚ ਸਥਾਪਿਤ ਸਰਕਾਰ ਦਾ ਜ਼ਿਲ੍ਹੇ ’ਚ ਕੋਈ ਵੱਡਾ ਪ੍ਰੋਜੈਕਟ ਨਾ ਲਿਆਉਣਾ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਵਿਰੋਧ ’ਚ ਜਾਵੇਗਾ। ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਦਾ ਮੁੜ ਕਾਂਗਰਸ ’ਚ ਸ਼ਾਮਲ ਹੋਣ ਤੋਂ ਇਲਾਵਾ ਭਾਜਪਾ ਤੇ ਅਕਾਲੀਆਂ ਦਾ ਵੱਖਰੇ ਹੋ ਕੇ ਚੋਣਾਂ ਲੜਨਾ ਵੀ ‘ਆਪ’ ਦੇ ਵੋਟ ਬੈਂਕ ਨੂੰ ਖੋਰਾ ਲਗਾ ਸਕਦਾ ਹੈ।
ਅਕਾਲੀ ਉਮੀਦਵਾਰ ਨੂੰ ਚੁਣੌਤੀਆਂ:
ਭਾਜਪਾ ਨਾਲ ਗੱਠਜੋੜ ਦੀ ਬਜਾਇ ਇਕੱਲਿਆਂ ਚੋਣ ਲੜਨਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਲਈ ਨੁਕਸਾਨਦੇਹ ਹੋਵੇਗਾ। ਕਿਉਂਕਿ ਸਥਾਨਕ ਲੋਕ ਸਭਾ ਹਲਕੇ ਤੋਂ ਗੱਠਜੋੜ ਦੇ ਤਹਿਤ ਅਕਾਲੀ ਦਲ ਦੇ ਚਾਰ ਉਮੀਦਵਾਰ ਚੋਣ ਜਿੱਤ ਚੁੱਕੇ ਹਨ ਪਰ ਇਸ ਵਾਰ ਅਕਾਲੀ ਦਲ ਲਈ ਆਪਣੀ ਸਾਖ਼ ਬਚਾਉਣਾ ਹੀ ਵੱਡੀ ਚੁਣੌਤੀ ਹੋਵੇਗੀ।
ਲੋਕ ਸਭਾ ਹਲਕਾ ਲੁਧਿਆਣਾ ਅਧੀਨ ਆਉਂਦੇ ਵਿਧਾਨ ਸਭਾ ਹਲਕੇ
ਲੋਕ ਸਭਾ ਹਲਕਾ ਲੁਧਿਆਣਾ ’ਚ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ ਤੇ ਪੇਂਡੂ ਖੇਤਰ ਨਾਲ ਸਬੰਧਿਤ ਗਿੱਲ, ਦਾਖਾ ਅਤੇ ਜਗਰਾਓਂ (9 ਵਿਧਾਨ ਸਭਾ ਹਲਕੇ) ਆਉਂਦੇ ਹਨ।
ਅਕਾਲੀ ਉਮੀਦਵਾਰ ਦੀ ਤਾਕਤ:
ਅਕਾਲੀ ਦਲ ਦੀ ਸ਼ਹਿਰ ਅੰਦਰ ਕਾਡਰ ਵੋਟ ਵੀ ਅਕਾਲੀ ਦਲ ਲਈ ਫਾਇਦੇਮੰੰਦ ਹੋ ਸਕਦੀ ਹੈ ਅਕਾਲੀ ਦਲ ਦਾ ਮੁੱਖ ਆਧਾਰ ਪਿੰਡਾਂ ਅੰਦਰ ਹੀ ਹੁੰਦਾ ਸੀ, ਇਸ ਕਰਕੇ ਅਕਾਲੀ ਉਮੀਦਵਾਰ ਨੂੰ ਪਿੰਡਾਂ ਅੰਦਰੋਂ ਚੰਗੀ ਵੋਟ ਦੀ ਉਮੀਦ ਹੈ ਲੋਕ ਸਭਾ ਹਲਕੇ ਦੇ 9 ’ਚੋਂ ਤਿੰਨ ਵਿਧਾਨ ਸਭਾ ਹਲਕੇ ਪੇਂਡੂ ਖੇਤਰ ਨਾਲ ਸਬੰਧਿਤ ਹਨ ਜੋ ਸ਼੍ਰੋਮਣੀ ਅਕਾਲੀ ਦਲ (ਬ) ਦੇ ਰਣਜੀਤ ਸਿੰਘ ਦੀ ਤਾਕਤ ਬਣ ਸਕਦਾ ਹੈ।
ਕਾਂਗਰਸੀ ਉਮੀਦਵਾਰ ਦੀ ਤਾਕਤ :
ਲੋਕ ਸਭਾ ਹਲਕਾ ਲੁਧਿਆਣਾ ਤੋਂ ਪਿਛਲੀਆਂ ਤਿੰਨ ਚੋਣਾਂ ’ਚ ਲਗਾਤਾਰ ਕਾਂਗਰਸੀ ਉਮੀਦਵਾਰ ਦਾ ਜਿੱਤਣਾ, ਪਾਰਟੀ ਦੇ ਮਜ਼ਬੂਤ ਜਨ-ਆਧਾਰ ਦਾ ਪ੍ਰਮਾਣ ਹੈ। ਦੂਜਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਾਰਟੀ ਦਾ ਪ੍ਰਦੇਸ਼ ਪ੍ਰਧਾਨ ਤੇ ਚੰਗਾ ਬੁਲਾਰਾ ਹੋਣਾ ਵੀ ਕਿਤੇ ਨਾ ਕਿਤੇ ਇਸਦੇ ਪੱਖ ’ਚ ਹੈ। ਬਿੱਟੂ ਨੂੰ ਹਰਾਉਣ ਦੇ ਇਰਾਦੇ ਨਾਲ ਕਾਂਗਰਸ ਵੱਲੋਂ ਝੋਕੀ ਗਈ ਤਾਕਤ ਵੀ ਰਾਜਾ ਵੜਿੰਗ ਨੂੰ ਫਾਇਦਾ ਪਹੁੰਚਾ ਸਕਦੀ ਹੈ।
ਚੁਣੌਤੀਆਂ:
ਅਮਰਿੰਦਰ ਸਿੰਘ ਮੁਕਤਸਰ ਦੇ ਪਿੰਡ ਵੜਿੰਗ ਦਾ ਜੰਮਪਲ ਤੇ ਗਿੱਦੜਬਾਹਾ ਤੋਂ ਵਿਧਾਇਕ ਹੈ। ਜਿਨ੍ਹਾਂ ਨੂੰ ਹਲਕੇ ਦੇ ਵੋਟਰਾਂ ਤੋਂ ਇਲਾਵਾ ਪਾਰਟੀ ਦੇ ਵੀ ਕੁੱਝ ਆਗੂ ਬਾਹਰੀ ਉਮੀਦਵਾਰ ਵਜੋਂ ਦੇਖ ਰਹੇ ਹਨ। ਸਥਾਨਕ ਹਲਕੇ ’ਚ ਕਾਂਗਰਸ ਕੋਲ ਕਈ ਆਗੂ ਟਿਕਟ ਦੇ ਯੋਗ ਸਨ, ਬਾਵਜ਼ੂਦ ਇਸਦੇ ਰਾਜਾ ਵੜਿੰਗ ਨੂੰ ਉਮੀਦਵਾਰ ਬਣਾਉਣਾ ਕਾਂਗਰਸ ਦੇ ਜੇਤੂ ਰੱਥ ’ਚ ਅੜਿੱਕਾ ਡਾਹ ਸਕਦਾ ਹੈ।
ਭਾਜਪਾ ਉਮੀਦਾਵਰ ਦੀ ਤਾਕਤ :
ਕਾਂਗਰਸ ਪਾਰਟੀ ’ਚੋਂ ਹੀ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਰਵਨੀਤ ਸਿੰਘ ਬਿੱਟੂ ਲਈ ਉਸਦੇ ਦਾਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨਾਂਅ ’ਤੇ ਵੀ ਵੋਟਾਂ ਮੰਗਦਾ ਰਿਹਾ ਹੈ ਇਸ ਵਾਰ ਵੀ ਭਾਜਪਾ ਉਮੀਦਵਾਰ ਵਜੋਂ ਉਹ ਆਪਣੇ ਲਈ ਵੋਟ ਮੰਗ ਰਿਹਾ ਹੈ।
ਚੁਣੌਤੀਆਂ:
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੋਣ ਨਾਤੇ ਪੇਂਡੂ ਖੇਤਰਾਂ ’ਚ ਹੋ ਰਿਹਾ ਵਿਰੋਧ ਤੇ ਮਾਂ ਪਾਰਟੀ ਕਾਂਗਰਸ ਨੂੰ ਛੱਡ ਕੇ ਜਾਣਾ ਰਵਨੀਤ ਸਿੰਘ ਬਿੱਟੂ ਲਈ ਸਿਰਦਰਦੀ ਬਣ ਸਕਦਾ ਹੈ। ਵਿਰੋਧ ’ਚ ਚੋਣ ਮੈਦਾਨ ਅੰਦਰ ਕਾਂਗਰਸ ਤੇ ‘ਆਪ’ ਉਮੀਦਵਾਰਾਂ ਦਾ ਪਿਛੋਕੜ ਵੀ ਕਾਂਗਰਸੀ ਹੋਣਾ ਬਿੱਟੂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ। ਭਾਵੇਂ ਬਿੱਟੂ ਦੋ ਵਾਰ ਜਿੱਤਿਆ ਪਰ ਕੇਂਦਰ ’ਚ ਵਿਰੋਧੀ ਪਾਰਟੀ ਦਾ ਸਾਂਸਦ ਹੋਣ ਕਰਕੇ ਸ਼ਹਿਰ ਤੇ ਹਲਕੇ ’ਚ ਕੁਝ ਖਾਸ ਨਾ ਕਰਵਾ ਸਕਣਾ ਵੀ ਬਿੱਟੂ ਲਈ ਚੁਣੌਤੀ ਹੋਵੇਗਾ।
Also Read : Monsoon 2024 Date: ਇਹ ਸੂਬਿਆਂ ’ਚ ਚੱਲੇਗੀ ਭਿਆਨਕ ਲੂ, ਇੱਥੇ ਇਸ ਦਿਨ ਪਹੁੰਚੇਗਾ ਮਾਨਸੂਨ, ਆ ਗਈ ਤਰੀਕ