ਲੋਕ ਸਭਾ ਸੰਗਰੂਰ ਦੀ ਉੱਪ ਚੋਣ ਦਾ ਸਿਆਸੀ ਅਖਾੜਾ ਹੋਇਆ ‘ਸੈੱਟ’

sangruur lok sabha eletion

ਸਿਮਰਨਜੀਤ ਮਾਨ, ਕੇਵਲ ਢਿੱਲੋਂ, ਬੀਬੀ ਰਾਜੋਆਣਾ, ਦਲਬੀਰ ਗੋਲਡੀ ਤੇ ਗੁਰਮੇਲ ਘਰਾਚੋਂ ਨਿੱਤਰੇ

  • ‘ਆਪ’ ਵੱਲੋਂ ਜੇਤੂ ਪ੍ਰਦਰਸ਼ਨ ਬਰਕਰਾਰ ਰੱਖਣਾ ਵੱਡੀ ਹੋਵੇਗਾ ਵੱਡੀ ਚੁਣੌਤੀ
  • ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਪ੍ਰਭਾਵ ਵੀ ਚੋਣ ’ਤੇ ਵੇਖਣ ਨੂੰ ਮਿਲ ਰਿਹੈ

(ਗੁਰਪ੍ਰੀਤ ਸਿੰਘ) ਸੰਗਰੂਰ। ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਅਖਾੜਾ ਪੂਰਾ ਸੈੱਟ ਹੋ ਗਿਆ ਹੈ ਅੱਜ ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਪਾਰਟੀ ਵੱਲੋਂ ਦਲਬੀਰ ਸਿੰਘ ਗੋਲਡੀ ਦੇ ਨਾਵਾਂ ਦਾ ਐਲਾਨ ਹੋ ਚੁੱਕਿਆ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ ਵੱਲੋਂ ਬੀਬੀ ਕਮਲਦੀਪ ਕੌਰ ਰਾਜੋਆਣਾ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ ਘਰਾਚੋਂ ਦੇ ਨਾਵਾਂ ’ਤੇ ਮੋਹਰ ਲੱਗਣ ਪਿਛੋਂ ਸਿਮਰਨਜੀਤ ਸਿੰਘ ਮਾਨ ਤੇ ਗੁਰਮੇਲ ਸਿੰਘ ਵੱਲੋਂ ਤਾਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਵੀ ਕੀਤੇ ਜਾ ਚੁੱਕੇ ਹਨ ਇੱਥੇ ਖ਼ਾਸ ਗੱਲ ਇਹ ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ, ਭਾਜਪਾ ਦੇ ਕੇਵਲ ਸਿੰਘ ਢਿੱਲੋਂ, ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ ਚੋਣਾਂ ਵਿੱਚ ਪਟਖਣੀ ਦਿੱਤੀ ਹੋਈ ਹੈ।

ਸਿਮਰਨਜੀਤ ਸਿੰਘ ਮਾਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਾਨ ਲੋਕ ਸਭਾ ਸੰਗਰੂਰ ਤੋਂ ਤੀਜੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਇੱਕ ਵਾਰ ਉਹ ਇੱਥੋਂ ਸੰਗਰੂਰ ਤੋਂ ਸਫ਼ਲ ਰਹੇ ਹਨ ਜਦੋਂ ਕਿ ਦੋ ਵਾਰ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਾਰ ਉਹ ਆਪਣੀ ਗਰਮ ਖਿਆਲੀ ਏਜੰਡੇ ’ਤੇ ਮੁੜ ਮੈਦਾਨ ਵਿੱਚ ਹਨ।

ਦੂਜੇ ਪਾਸੇ ਇੱਕ ਦਿਨ ਪਹਿਲਾਂ ਭਾਜਪਾ ਵਿੱਚ ਸ਼ਾਮਿਲ ਹੋਏ ਕੇਵਲ ਸਿੰਘ ਢਿੱਲੋਂ ਵੀ ਦੂਜੀ ਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਪਿਛਲੀ ਵਾਰ ਉਨ੍ਹਾਂ ਨੂੰ ਭਗਵੰਤ ਮਾਨ ਵੱਲੋਂ 1 ਲੱਖ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਗਿਆ ਸੀ ਉਹ ਲੋਕ ਸਭਾ ਸੰਗਰੂਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਦੋ ਵਾਰ ਕਾਂਗਰਸ ਦੀ ਟਿਕਟ ਤੋਂ ਵਿਧਾਇਕ ਵੀ ਰਹੇ ਹਨ ਇਸ ਵਾਰ ਉਹ ਭਾਜਪਾ ਦੀ ਟਿਕਟ ਤੋਂ ਪਹਿਲੀ ਵਾਰ ਚੋਣ ਮੈਦਾਨ ਵਿੱਚ ਨਿੱਤਰੇ ਹਨ।

ਕਾਂਗਰਸ ਉਮੀਦਵਾਰ ਦਲਬੀਰ ਸਿੰਘ ਗੋਲਡੀ

ਕਾਂਗਰਸ ਵੱਲੋਂ ਐਲਾਨੇ ਗਏ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੀ ਗੱਲ ਕੀਤੀ ਜਾਵੇ ਤਾਂ ਇਹ ਵਿਧਾਨ ਸਭਾ ਹਲਕਾ ਧੂਰੀ ਤੋਂ ਦੋ ਵਾਰ ਵਿਧਾਨ ਸਭਾ ਦੀ ਚੋਣ ਲੜੇ ਹਨ ਜਿਨ੍ਹਾਂ ਵਿੱਚੋਂ ਇੱਕ ਵਾਰ ਇਹ ਜੇਤੂ ਰਹੇ ਸਨ ਜਦੋਂ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਨੂੰ ਭਗਵੰਤ ਮਾਨ ਦੇ ਹੱਥੋਂ 50 ਹਜ਼ਾਰ ਤੋਂ ਵੱਧ ਵੋਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹੁਣ ਕਾਂਗਰਸ ਪਾਰਟੀ ਵੱਲੋਂ ਇਨ੍ਹਾਂ ਨੂੰ ਲੋਕ ਸਭਾ ਸੰਗਰੂਰ ਦੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬੀ ਕਮਲਦੀਪ ਕੌਰ ਰਾਜੋਆਣਾ ਜੋ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹੈ, ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਬਹੁਜਨ ਸਮਾਜ ਪਾਰਟੀ ਦਾ ਸਾਥ ਮਿਲੇਗਾ ਜਾਂ ਨਹੀਂ ਇਸ ਬਾਰੇ ਕਿਹਾ ਨਹੀਂ ਜਾ ਸਕਦਾ ਜਦੋਂ ਕਿ ਪ੍ਰਚਾਰਿਆ ਜਾ ਰਿਹਾ ਹੈ ਕਿ ਬੀਬੀ ਅਕਾਲੀ ਦਲ ਤੇ ਬਸਪਾ ਤੇ ਹੋਰ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਹਨ।

  • ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਪ੍ਰਭਾਵ ਵੀ ਚੋਣ ’ਤੇ ਵੇਖਣ ਨੂੰ ਮਿਲ ਰਿਹੈ

ਸੱਤਾਧਾਰੀ ਆਮ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਵਿਵਾਦਾਂ ਵਿੱਚ ਘਿਰੀ ਪਾਰਟੀ ਵੱਲੋਂ ਇੱਕ ਆਮ ਵਲੰਟੀਅਰ ਗੁਰਮੇਲ ਸਿੰਘ ਘਰਾਚੋਂ ਨੂੰ ਆਪਣਾ ਉਮੀਦਵਾਰ ਬਣਾ ਕੇ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਕਿ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਆਮ ਆਦਮੀ ਪਾਰਟੀ ਲਗਾਤਾਰ ਦੋ ਵਾਰ ਇਸ ਹਲਕੇ ਤੋਂ ਜੇਤੂ ਰਹੀ ਹੈ, ਆਪ ਨੂੰ ਆਪਣਾ ਜੇਤੂ ਪ੍ਰਦਰਸ਼ਨ ਬਰਕਰਾਰ ਰੱਖਣ ਲਈ ਜੀਅ ਤੋੜ ਯਤਨ ਕਰਨੇ ਪੈਣਗੇ, ਉਂਜ ਉਪ ਚੋਣ ਹਮੇਸ਼ਾ ਤੋਂ ਸਰਕਾਰ ਪੱਖੀ ਰਹੀ ਹੈ ਪਰ ਇਸ ਵਾਰ ਸਿੱਧੂ ਮੂਸੇਵਾਲਾ ਦੇ ਕਤਲ ਕਾਰਨ ਪ੍ਰਸਥਿਤੀਆਂ ਵਿੱਚ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਫਿਲਹਾਲ ਇਹ ਸੱਤਾਧਾਰੀਆਂ ਦੇ ਭਾਰੂ ਰਹਿਣ ਬਾਰੇ ਕਹਿਣਾ ਅਤਿਕਥਨੀ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ