ਲੋਕ ਸਭਾ ਚੋਣਾਂ : ਗਿਣਤੀ ਦਾ ਇੰਤਜਾਰ, ਆਰਡਰ ਕਿਸੇ ਵੱਲੋਂ ਨਹੀਂ ਪਰ ਲੱਡੂ ਤਿਆਰ

Punjab News
ਲੋਕ ਸਭਾ ਚੋਣਾਂ : ਗਿਣਤੀ ਦਾ ਇੰਤਜਾਰ, ਆਰਡਰ ਕਿਸੇ ਵੱਲੋਂ ਨਹੀਂ ਪਰ ਲੱਡੂ ਤਿਆਰ

(ਸੁਖਜੀਤ ਮਾਨ) ਬਠਿੰਡਾ। ਬੱਸਾਂ, ਖੁੰਡਾਂ, ਸੱਥਾਂ, ਪਿੰਡਾਂ ਵਿੱਚ ਸਿਰਫ ਇੱਕੋ ਸਵਾਲ, ਕੌਣ ਜਿੱਤੂ, ਕਿਸਦੇ ਪੱਲੇ ਪਵੇਗੀ ਹਾਰ। ਬਠਿੰਡਾ ਲੋਕ ਸਭਾ ਸੀਟ ’ਤੇ ਜਿੱਤ ਦੇ ਅੰਦਾਜ਼ੇ ਇਸ ਵਾਰ ਸਿਆਸੀ ਮਾਹਿਰਾਂ ਨੂੰ ਵੀ ਲਾਉਣੇ ਔਖੇ ਹੋਏ ਪਏ ਹਨ। 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਨਤੀਜਿਆਂ ਤੋਂ ਪਹਿਲਾਂ ਲੱਡੂਆਂ ਦਾ ਆਰਡਰ ਦੇਣ ਦਾ ਦਿਲ ਕਿਸੇ ਵੀ ਸਿਆਸੀ ਧਿਰ ਦਾ ਨਹੀਂ ਪੈ ਰਿਹਾ। ਜੋ ਜਿੱਤੂ, ਉਹ ਲੱਡੂ ਖਰੀਦੂ, ਇਹੋ ਸੋਚਕੇ ਹਲਵਾਈਆਂ ਨੇ ਲੱਡੂ ਵੱਟਣੇ ਸ਼ੁਰੂ ਕਰ ਦਿੱਤੇ ਹਨ । Punjab News

ਵੇਰਵਿਆਂ ਮੁਤਾਬਿਕ ਲੋਕ ਸਭਾ ਹਲਕਾ ਬਠਿੰਡਾ ਤੋਂ ਇਸ ਵਾਰ ਮੁਕਾਬਲਾ ਪਹਿਲਾਂ ਹੁੰਦੀਆਂ ਚੋਣਾਂ ਨਾਲੋਂ ਫਸਵਾਂ ਹੈ। ਇਸ ਸੀਟ ’ਤੇ ਪਿਛਲੇ 15 ਸਾਲਾਂ ਤੋਂ ਸ੍ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਜਿੱਤਦੇ ਆ ਰਹੇ ਹਨ। ਇਸ ਵਾਰ ਵੀ ਉਹ ਚੋਣ ਮੈਦਾਨ ਵਿੱਚ ਸੀ । ਐਤਕੀ ਟੱਕਰ ਪਹਿਲਾਂ ਨਾਲੋਂ ਸਖ਼ਤ ਹੈ ਕਿਉਂਕਿ ਇਸ ਤੋਂ ਪਹਿਲਾਂ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਹੁੰਦਾ ਸੀ ਪਰ ਐਤਕੀ ਭਾਜਪਾ ਨੇ ਇਕੱਲਿਆਂ ਚੋਣ ਹੀ ਨਹੀਂ ਲੜੀ ਸਗੋਂ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਦੇਣ ਦਾ ਦਾਅਵਾ ਵੀ ਕੀਤਾ ਹੈ। ਇਸ ਤੋਂ ਇਲਾਵਾ ਕਾਂਗਰਸ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ, ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡੀਆਂ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੱਖਾ ਸਿਧਾਣਾ ਉਮੀਦਵਾਰ ਸੀ। Punjab News

ਇਹ ਵੀ ਪੜ੍ਹੋ: ਲਾਡੋਵਾਲ ਟੋਲ ਟੈਕਸ ’ਚ ਵਾਧਾ ਵਾਪਸ ਲੈਣ ਦੀ ਮੰਗ

ਬਠਿੰਡਾ ਹਲਕੇ ਵਿੱਚ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ 69.36 ਫੀਸਦੀ ਵੋਟਾਂ ਪਈਆਂ ਹਨ। ਇਸ ਵਾਰ ਹਲਕੇ ਵਿੱਚੋਂ ਕਿਧਰੋਂ ਵੀ ਕੋਈ ਅਜਿਹੀ ਖ਼ਬਰ ਨਹੀਂ ਆਈ ਕਿ ਕਿਸੇ ਸਿਆਸੀ ਧਿਰ ਦੇ ਸਮਰਥਕਾਂ ਵੱਲੋਂ ਜਿੱਤ ਨੂੰ ਲੈ ਕੇ ਸ਼ਰਤ ਲਗਾਈ ਗਈ ਹੋਵੇ। ਭਲਕੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੇ ਪਹਿਲੇ ਰੁਝਾਨ ਸਾਹਮਣੇ ਆਉਣ ਤੋਂ ਮਗਰੋਂ ਹੀ ਸਮਰਥਕ ਜੋਸ਼ ’ਚ ਆਉਣਗੇ। ਬਠਿੰਡਾ ਦੇ ਜੈ ਦੁਰਗਾ ਸਵੀਟ ਹਾਊਸ ਦੇ ਸੰਚਾਲਕ ਮਨੀਸ਼ ਗਰਗ ਨੇ ਦੱਸਿਆ ਕਿ ਉਹ ਤਾਂ ਹਰ ਤਰ੍ਹਾਂ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਲੱਡੂ ਵੱਟਣ ਲੱਗ ਪੈਂਦੇ ਹਨ ਕਿਉਂਕਿ ਕੋਈ ਵੀ ਜਿੱਤੇ ਲੱਡੂ ਤਾਂ ਉਸਦੇ ਸਮਰਥਕ ਵੰਡਣਗੇ ਹੀ।

ਉਹਨਾਂ ਦੱਸਿਆ ਕਿ ਇਸ ਵਾਰ ਵੀ ਉਹਨਾਂ ਨੇ 4 ਕੁਇੰਟਲ ਲੱਡੂ ਵੱਟੇ ਹਨ। ਆਰਡਰ ਬਾਰੇ ਪੁੱਛਣ ’ਤੇ ਉਹਨਾਂ ਦੱਸਿਆ ਕਿ ਆਰਡਰ ਕਿਸੇ ਦਾ ਨਹੀਂ ਪਰ ਜੋ ਜਿੱਤਿਆ ਉਹ ਲੱਡੂ ਖਰੀਦਣਗੇ। ਨਗਰ ਨਿਗਮ ਚੋਣਾਂ ਦੇ ਮੁਕਾਬਲੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਲੱਡੂ ਘੱਟ ਲੱਗਦੇ ਹਨ ਪਰ ਉਹਨਾਂ ਨੇ ਪਹਿਲਾਂ ਹੀ ਤਿਆਰੀ ਕਰ ਲਈ ਤੇ ਹੁੰਗਾਰੇ ਨੂੰ ਦੇਖ ਕੇ ਮੌਕੇ ’ਤੇ ਵੀ ਤਿਆਰ ਕੀਤੇ ਜਾਣਗੇ।

ਤੀਹਰੇ ਸੁਰੱਖਿਆ ਘੇਰੇ ’ਚ ਬੰਦ ਹਨ ਮਸ਼ੀਨਾਂ

ਵੋਟਿੰਗ ਮਸ਼ੀਨਾਂ ਦੀ ਸੁਰੱਖਿਆ :ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਬਠਿੰਡਾ ਹਲਕੇ ਦੀ ਗਿਣਤੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਹੋਵੇਗੀ, ਯੂਨੀਵਰਸਿਟੀ ਵਿੱਚ ਬਣਾਏ ਸਟਰਾਂਗ ਰੂਮ ਵਿੱਚ ਮਸ਼ੀਨਾਂ ਦੀ ਸੁਰੱਖਿਆ ਲਈ ਤੀਹਰਾ ਘੇਰਾ ਬਣਾਇਆ ਗਿਆ ਹੈ, ਜਿਸ ਵਿੱਚ ਸੀਆਰਪੀਐਫ ਤੋਂ ਇਲਾਵਾ ਪੰਜਾਬ ਪੁਲਿਸ ਤਾਇਨਾਤ ਹੈ।

ਗਿਣਤੀ ਦਾ ਇੰਤਜਾਰ….

Punjab News

ਬਠਿੰਡਾ ਲੋਕ ਸਭਾ ਚੋਣਾਂ ਦੇ ਅੱਜ ਆ ਰਹੇ ਨਤੀਜਿਆਂ ਨੂੰ ਦੇਖਦਿਆਂ ਦੁਕਾਨਦਾਰਾਂ ਵੱਲੋਂ ਤਿਆਰ ਕੀਤੇ ਜਾ ਰਹੇ ਲੱਡੂ ਪਤਾ ਲੱਗਾ ਹੈ ਕਿ ਅਜੇ ਤੱਕ ਸ਼ਹਿਰ ’ਚ ਕਿਸੇ ਪਾਰਟੀ ਵੱਲੋਂ ਜਿੱਤ ਦੀ ਖੁਸ਼ੀ ’ਚ ਵੰਡੇ ਜਾਣ ਵਾਲੇ ਲੱਡੂਆਂ ਦਾ ਆਰਡਰ ਤਾਂ ਨਹੀਂ ਦਿੱਤਾ ਗਿਆ ਪਰ 4 ਜੂਨ ਨੂੰ ਆ ਰਹੇ ਨਤੀਜਿਆਂ ਕਰਕੇ ਦੁਕਾਨਦਾਰ ਆਪਣੀ ਤਿਆਰੀ ’ਚ ਲੱਗੇ ਹੋਏ ਹਨ ਕਿਉਂਕਿ ਜਿੱਤ ਤਾਂ ਕਿਸੇ ਨਾ ਕਿਸੇ ਦੀ ਹੋਣੀ ਹੀ ਹੈ। ਤਸਵੀਰ ਤੇ ਵੇਰਵਾ: ਸੁਖਜੀਤ ਮਾਨ

LEAVE A REPLY

Please enter your comment!
Please enter your name here