ਚਿਹਰੇ ਬਦਲਦੇ ਗਏ ਪਰ ਜ਼ਖ਼ਮ-ਏ-ਦਰਦ ਅਜੇ ਵੀ ਅੱਲੇ | Lok Sabha Election 2024
ਭਾਰਤ-ਪਾਕਿ ਸਰਹੱਦ (ਅੰਮ੍ਰਿਤਸਰ) (ਰਾਜਨ ਮਾਨ)। ਦੇਸ਼ ਦੀ ਵੰਡ ਤੋਂ ਅੱਜ ਕਈ ਦਹਾਕੇ ਬੀਤ ਜਾਣ ’ਤੇ ਵੀ ਸੱਤਾ ਬਦਲਦੀਆਂ ਰਹੀਆਂ, ਚਿਹਰੇ ਬਦਲਦੇ ਰਹੇ ਪਰ ਸਰਹੱਦੀ ਖੇਤਰ ਦੇ ਲੋਕਾਂ ਦੇ ਜ਼ਖ਼ਮ ਅੱਜ ਵੀ ਅੱਲੇ ਹਨ। ਸਮੇਂ ਸਮੇਂ ’ਤੇ ਜਦੋਂ ਚੋਣਾਂ ਦੀ ਰੁੱਤ ਆਈ ਲੀਡਰਾਂ ਵੱਲੋਂ ਇਨ੍ਹਾਂ ਲੋਕਾਂ ਦੀਆਂ ਝੋਲੀਆਂ ਲਾਰਿਆਂ ਨਾਲ ਭਰੀਆਂ ਜਾਂਦੀਆਂ ਰਹੀਆਂ ਤੇ ਇਹ ਲਾਰਿਆਂ ਦੇ ਪਰਾਗੇ ਭਰ ਆਸਾਂ ਵਾਲੇ ਛੱਜ ਵਿੱਚ ਛੱਟਦੇ ਰਹੇ ਪਰ ਇਨ੍ਹਾਂ ਦੇ ਹਿੱਸੇ ਕੋੜਕੂ ਹੀ ਆਏ। ਪੰਜਾਬ ਦੀ ਸੈਂਕੜੇ ਕਿੱਲੋਮੀਟਰ ਲੰਮੀ ਸਰਹੱਦੀ ਪੱਟੀ ਦੇ ਨਾਲ ਵੱਸੇ ਲੱਖਾਂ ਲੋਕਾਂ ਦੇ ਦਰਦ ਤਾਂ ਹਰ ਵਾਰ ਸੁਣੇ ਪਰ ਇਨ੍ਹਾਂ ਦੇ ਹੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। (Lok Sabha Election 2024)
ਅੱਜ ਮੁੜ ਚੋਣਾਂ ਦੀ ਰੁੱਤ ਆਈ ਹੈ ਵੱਖ-ਵੱਖ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਇਨ੍ਹਾਂ ਨੂੰ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਲੀਡਰਾਂ ਦੀਆਂ ਗੱਡੀਆਂ ਦੀ ਉੱਡਦੀ ਧੂੜ ਇਨ੍ਹਾਂ ਦੇ ਉੱਪਰ ਜ਼ਰੂਰ ਪੈਂਦੀ ਰਹੀ ਹੈ ਪਰ ਇਨ੍ਹਾਂ ਦੀ ਝੋਲੀ ’ਚ ਕੋਈ ਪੂਰੀ ਹੋਈ ਆਸ ਨਹੀਂ ਪਈ। ਸਰਹੱਦੀ ਖੇਤਰ ਦਾ ਦੌਰਾ ਕਰਨ ’ਤੇ ਲੋਕਾਂ ਦਾ ਦਰਦ ਸਪੱਸ਼ਟ ਨਜ਼ਰ ਆ ਰਿਹਾ ਸੀ। ਕੰਡਿਆਲੀ ਤਾਰ ਦੇ ਨਾਲ ਵੱਸੇ ਭਾਰਤ ਦੇ ਆਖਰੀ ਪਿੰਡ ਰੋੜਾਂ ਵਾਲੀ ਦੇ ਸੌ ਸਾਲ ਦੇ ਬਜ਼ੁਰਗ ਕਿਸਾਨ ਜਸਵੰਤ ਸਿੰਘ ਨੇ ਆਪਣਾ ਦੁੱਖੜਾ ਫਰੋਲਦਿਆਂ ਦੱਸਿਆ ਕਿ ਦੇਸ਼ ਦੀ ਵੰਡ ਸਮੇਂ ਉਹ 23 ਕੁ ਵਰਿ੍ਹਆਂ ਦਾ ਸੀ ਅਤੇ ਅੱਜ ਸੱਤ ਦਹਾਕਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ ਕਈ ਹਕੂਮਤਾਂ ਆਈਆਂ ਪਰ ਸਾਰਿਆਂ ਨੇ ਸਾਡਾ ਕੁਝ ਨਹੀਂ ਸੰਵਾਰਿਆ। (Lok Sabha Election 2024)
ਦੋਵਾਂ ਮੁਲਕਾਂ ਵਿੱਚ ਹਾਲਾਤ | Lok Sabha Election 2024
ਉਨ੍ਹਾਂ ਕਿਹਾ ਜਦੋਂ ਕਦੇ ਦੋਵਾਂ ਮੁਲਕਾਂ ਵਿੱਚ ਹਾਲਾਤ ਵਿਗੜਦੇ ਹਨ ਤਾਂ ਸਾਡੇ ਪਿੰਡਾਂ ਨੂੰ ਉਠਾ ਦਿੱਤਾ ਜਾਂਦਾ ਹੈ ਤੇ ਸਾਡੀਆਂ ਜ਼ਮੀਨਾਂ ਵਿੱਚ ਬਾਰੂਦੀ ਸੁਰੰਗਾਂ ਵਿਛਾ ਦਿੱਤੀਆਂ ਜਾਂਦੀਆਂ ਹਨ। ਅਸੀਂ ਕਈ ਵਾਰ ਉਜੜੇ ਤੇ ਕਈ ਵਾਰ ਵੱਸੇ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਉਸ ਨੇ ਸਾਰੇ ਦੌਰ ਵੇਖ ਲਏ ਪਰ ਝੋਲੀ ਅੱਜ ਵੀ ਖਾਲੀ ਹੈ।
ਸਰਹੱਦੀ ਕਿਸਾਨ ਨਿਰਮਲ ਸਿੰਘ ਜੋ ਸਾਬਕਾ ਫੌਜੀ ਹੈ ਨੇ ਕਿਹਾ ਕਿ ਸਰਕਾਰਾਂ ਨੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਦੇਣਾ ਤਾਂ ਕੀ ਹੈ ਪਹਿਲੀਆਂ ਸਹੂਲਤਾਂ ਵੀ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 1987 ’ਚ ਕਾਂਗਰਸ ਸਰਕਾਰ ਸਮੇਂ ਸਰਹੱਦੀ ਖੇਤਰ ਦੇ ਲੋਕਾਂ ਲਈ ਫੌਜ ਤੇ ਨੀਮ ਫੌਜੀ ਬਲਾਂ ਦੀ ਭਰਤੀ ਵਿੱਚ ਰਾਖਵਾਂ ਕੋਟਾ ਰੱਖਿਆ ਗਿਆ ਸੀ ਪਰ ਬਾਅਦ ’ਚ ਸਰਕਾਰਾਂ ਨੇ ਇਹ ਕੋਟਾ ਬੰਦ ਕਰ ਦਿੱਤਾ ਉਨ੍ਹਾਂ ਕਿਹਾ ਸਰਹੱਦੀ ਲੋਕਾਂ ਨੂੰ ਸਰਕਾਰੀ ਨੌਕਰੀਆਂ ’ਚ ਸਪੈਸ਼ਲ ਕੋਟਾ ਦਿੱਤਾ ਜਾਣਾ ਚਾਹੀਦਾ ਹੈ ।
‘ਕੰਡਿਆਲੀ ਤਾਰ ਤੋਂ ਪਾਰ ਖੇਤਾਂ ਲਈ 25 ਹਜ਼ਾਰ ਮੁਆਵਜ਼ਾ ਮਿਲੇ’ | Amritsar News
ਪਿੰਡ ਰਾਜਾਤਾਲ ਦੇ ਨੌਜਵਾਨ ਕਿਸਾਨ ਅਰਸਾਲ ਸਿੰਘ ਸੰਧੂ ਨੇ ਕਿਹਾ ਕਿ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਿੱਚ ਉਹਨਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬਹੁਤ ਥਾਵਾਂ ’ਤੇ ਕੰਡਿਆਲੀ ਤਾਰ ਭਾਰਤ ਵਾਲੇ ਪਾਸੇ ਇੱਕ ਕਿਲੋਮੀਟਰ ਲੱਗੀ ਹੈ ਤੇ ਤਾਰ ਤੋਂ ਅੱਗੇ ਹਜ਼ਾਰਾਂ ਏਕੜ ਜ਼ਮੀਨ ਕਿਸਾਨਾਂ ਦੀ ਹੈ ਪਰ ਇਸ ਵਿੱਚ ਕੰਮ ਕਰਨ ਦਾ ਸਮਾਂ ਸਿਰਫ ਅੱਠ ਘੰਟੇ ਹੈ। ਉਹਨਾਂ ਕਿਹਾ ਗਰਮੀਆਂ ਵਿੱਚ ਮਜ਼ਦੂਰ ਵੀ ਦੁਪਹਿਰ ਨੂੰ ਕੰਮ ਕਰਨ ਨਹੀਂ ਜਾਂਦੇ ਤੇ ਜੇਕਰ ਜਾਂਦੇ ਹਨ ਤਾਂ ਦੋਗੁਣਾ ਪੈਸੇ ਲੈਂਦੇ ਹਨ। ਉਹਨਾਂ ਕਿਹਾ ਕਿਸਾਨਾਂ ਨੂੰ ਤਾਰੋਂ ਪਾਰ ਕੰਮ ਕਰਨ ਦੀ ਸਮੇਂ ਦੀ ਬੰਦਿਸ਼ ਨਹੀਂ ਹੋਣੀ ਚਾਹੀਦੀ।
Also Read : ਅਨੋਖਾ ਚੋਣ ਪ੍ਰਚਾਰ, ‘ਮੈਨੂੰ ਇਕੱਲੀ ਵੋਟ ਤੇ ਸਪੋਰਟ ਨਹੀਂ ਨੋਟ ਵੀ ਦਿਓ’
ਉਹਨਾਂ ਕਿਹਾ ਕੰਡਿਆਲੀ ਤਾਰ ਸਰਹੱਦ ’ਤੇ ਲੱਗਣੀ ਚਾਹੀਦੀ ਹੈ ਤਾਂ ਜੋ ਕਿਸਾਨ ਆਪਣੀ ਖੇਤੀ ਠੀਕ ਤਰੀਕੇ ਨਾਲ ਕਰ ਸਕਣ। ਉਹਨਾਂ ਕਿਹਾ ਸਰਕਾਰ ਵੱਲੋਂ ਤਾਰੋਂ ਪਾਰ ਜ਼ਮੀਨ ਦਾ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਂਦਾ ਹੈ ਸਾਲ ਦਾ ਜੋ ਬਹੁਤ ਥੋੜ੍ਹਾ ਹੈ। ਉਹਨਾਂ ਕਿਹਾ ਇਹ ਘੱਟੋ-ਘੱਟ 25000 ਰੁਪਏ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ਅੱਗੇ ਲਿਜਾਣ ਦੇ ਲਾਰੇ ਲਾਉਂਦੇ ਰਹੇ ਪਰ ਹਕੀਕਤ ’ਚ ਕੁਝ ਨਹੀਂ ਹੋਇਆ।
‘ਕੌਮਾਂਤਰੀ ਵਪਾਰ ਲਈ ਸਰਹੱਦ ਖੋਲ੍ਹੀ ਜਾਵੇ’
ਬੱਚੀਵਿੰਡ ਦੇ ਕਿਸਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਕੋਈ ਸਪੈਸ਼ਲ ਪੈਕਿਜ ਸਰਕਾਰਾਂ ਨਹੀਂ ਦਿੱਤਾ। ਉਹਨਾਂ ਕਿਹਾ ਅਟਾਰੀ ਸਰਹੱਦ ਤੋਂ ਵਪਾਰ ਬੰਦ ਹੈ ਅਤੇ ਜੇਕਰ ਇਹ ਵਪਾਰ ਖੋਲ੍ਹਿਆ ਜਾਂਦਾ ਹੈ ਤਾਂ ਸਰਹੱਦੀ ਖੇਤਰ ਦੇ ਲੋਕਾਂ ਨੂੰ ਇਸ ਦਾ ਵੱਡਾ ਲਾਭ ਹੋਵੇਗਾ। ਉਹਨਾਂ ਕਿਹਾ ਕਿ ਸਾਨੂੰ ਹੋਰ ਕੁਝ ਸਰਕਾਰਾਂ ਨਹੀਂ ਦੇ ਸਕਦੀਆਂ ਤਾਂ ਅਟਾਰੀ ਸਰਹੱਦ ਰਾਹੀਂ ਲਾਹੌਰ ਸਬਜ਼ੀਆਂ ਤੇ ਹੋਰ ਸਮਾਨ ਭੇਜਣ ਦੀ ਇਜਾਜ਼ਤ ਦੇ ਦੇਵੇ। ਉਹਨਾਂ ਕਿਹਾ ਕਿ ਹਰ ਵਾਰ ਇਸ ਸਰਹੱਦ ਨੂੰ ਵਪਾਰ ਲਈ ਖੋਲ੍ਹਣ ਦੀਆਂ ਵੱਡੀਆਂ ਵੱਡੀਆਂ ਗੱਲਾਂ ਲੀਡਰਾਂ ਵੱਲੋਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਉਨ੍ਹਾਂ ਕਿਹਾ ਸਰਹੱਦੀ ਖੇਤਰ ’ਚ ਕੋਈ ਸਨਅਤ ਨਹੀਂ। ਪਹਾੜੀ ਰਾਜਾਂ ਵਾਂਗ ਇੱਥੇ ਵੀ ਸਨਅਤ ਨੂੰ ਸਪੈਸ਼ਲ ਸਬਸਿਡੀ ਦਿੱਤੀ ਜਾਵੇ ਤਾਂ ਜੋ ਵੱਧ ਤੋਂ ਵੱਧ ਇੰਡਸਟਰੀ ਲੱਗੇ ਤੇ ਲੋਕਾਂ ਨੂੰ ਰੁਜ਼ਗਾਰ ਮਿਲੇ।