ਹੁਣ ਵੱਡੇ-ਵੱਡੇ ਨਾਵਾਂ ਵਾਲੇ ਉਮੀਦਵਾਰ ਉੱਤਰਦੇ ਨੇ ਚੋਣ ਮੈਦਾਨ ’ਚ | Lok sabha election
ਬਠਿੰਡਾ (ਸੁਖਜੀਤ ਮਾਨ)। ਦਹਾਕਿਆਂ ਪੁਰਾਣੀ ਸਿਆਸਤ ਬਦਲੀ ਤਾਂ ਸਿਆਸਤਦਾਨਾਂ ਦੇ ਨਾਂਅ ਵੀ ਵੱਡੇ-ਵੱਡੇ ਹੋ ਗਏ। ਪਹਿਲਾਂ ਛੋਟੇ-ਛੋਟੇ ਨਾਵਾਂ ਵਾਲੇ ਉਮੀਦਵਾਰ ਚੋਣਾਂ ਜਿੱਤ ਕੇ ਸੰਸਦ ਮੈਂਬਰ ਬਣਦੇ ਰਹੇ ਹਨ। ਦੋ-ਦੋ ਜਾਂ ਤਿੰਨ ਕੁ ਅੱਖਰਾਂ ਵਾਲੇ ਨਾਵਾਂ ਕਰਕੇ ਹਰ ਕੋਈ ਆਪਣੇ ਸੰਸਦ ਮੈਂਬਰਾਂ ਦੇ ਨਾਵਾਂ ਤੋਂ ਵੀ ਜਾਣੂੰ ਹੁੰਦਾ ਸੀ। ਪਹਿਲੇ ਉਮੀਦਵਾਰਾਂ ’ਚੋਂ ਜ਼ਿਆਦਾਤਰ ਆਪਣੇ ਨਾਂਅ ਪਿੱਛੇ ਕੋਈ ਗੋਤ ਆਦਿ ਲਿਖਣ ਦੀ ਥਾਂ ਇਕੱਲੇ ਆਪਣੇ ਨਾਂਅ ਨੂੰ ਹੀ ਤਵੱਜੋ ਦਿੰਦੇ ਸੀ। (Lok sabha election)
ਵੇਰਵਿਆਂ ਮੁਤਾਬਿਕ ਸਾਲ 1977 ’ਚ ਬਠਿੰਡਾ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਧੰਨਾ ਸਿੰਘ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਸਨ। ਉਸ ਵੇਲੇ ਉਨ੍ਹਾਂ ਦੇ ਮੁਕਾਬਲੇ ’ਚ ਕਾਂਗਰਸ ਦੇ ਗੁਲਜ਼ਾਰ ਸਿੰਘ, ਸੀਪੀਆਈ ਦੇ ਭਾਨ ਸਿੰਘ ਭੌਰਾ ਤੋਂ ਇਲਾਵਾ ਤਿੰਨ ਆਜ਼ਾਦ ਉਮੀਦਵਾਰ ਬਿੱਲੂ, ਚੇਤ ਰਾਮ ਤੇ ਪ੍ਰੀਤਮ ਕੌਰ ਤੇਜੀ ਨੇ ਵੀ ਚੋਣ ਲੜੀ ਸੀ। ਸਾਲ 1980 ’ਚ ਕਾਂਗਰਸ ਦੇ ਉਮੀਦਵਾਰ ਹਾਕਮ ਸਿੰਘ ਚੋਣ ਜਿੱਤ ਕੇ ਸੰਸਦ ਮੈਬਰ ਬਣੇ।
Lok sabha election
ਉਨ੍ਹਾਂ ਨਾਲ ਧੰਨਾ ਸਿੰਘ, ਕਿੱਕਰ ਸਿੰਘ, ਸੰਤ ਰਾਮ, ਗੁਰਸੇਵਕ ਸਿੰਘ, ਨਿਰਮਲ ਸਿੰਘ, ਗੁਰਦਿਆਲ ਸਿੰਘ, ਰੱਤੀ ਰਾਮ, ਨਛੱਤਰ ਸਿੰਘ, ਜੋਰਾ ਸਿੰਘ ਅਤੇ ਚੇਤ ਰਾਮ ਨੇ ਵੀ ਚੋਣ ਲੜੀ ਸੀ। ਸਾਲ 1985 ਦੀਆਂ ਚੋਣਾਂ ’ਚ ਸ੍ਰੋਮਣੀ ਅਕਾਲੀ ਦਲ ਦੇ ਤੇਜਾ ਸਿੰਘ ਦਰਦੀ ਸੰਸਦ ਮੈਂਬਰ ਬਣੇ। ਕਾਂਗਰਸ ਦੇ ਤਾਰਾ ਸਿੰਘ, ਸੀਪੀਆਈ ਦੇ ਗੁਰਸੇਵਕ ਸਿੰਘ ਤੋਂ ਇਲਾਵਾ ਆਜ਼ਾਦ ਉਮੀਦਵਾਰ ਵਜੋਂ ਚੇਤ ਰਾਮ, ਮੁਕੰਦ ਸਿੰਘ, ਸ਼ਾਂਤੀ ਦੇਵੀ ਨੇ ਵੀ ਚੋਣ ਲੜੀ ਸੀ। (Lok sabha election)
ਸਾਲ 1989 ਦੀਆਂ ਲੋਕ ਸਭਾ ਚੋਣਾਂ ’ਚ ਸ੍ਰੋਮਣੀ ਅਕਾਲੀ ਦਲ (ਮਾਨ) ਦੀ ਤਰਫੋਂ ਸੁੱਚਾ ਸਿੰਘ ਸੰਸਦ ਮੈਂਬਰ ਚੁਣੇ ਗਏ ਸਨ। ਉਨ੍ਹਾਂ ਦੇ ਮੁਕਾਬਲੇ ਗੁਰਦੇਵ ਸਿੰਘ ਗਿੱਲ, ਮੱਖਣ ਸਿੰਘ, ਗੁਰਦੇਵ ਸਿੰਘ ਬਾਦਲ, ਪ੍ਰੀਤਮ ਸਿੰਘ, ਤੇਜਾ ਸਿੰਘ ਦਰਦੀ, ਸੁਰਜਨ ਸਿੰਘ ਜੋਗਾ, ਮਹਿੰਦਰ ਸਿੰਘ, ਜੁਗਰਾਜ ਸਿੰਘ, ਨਛੱਤਰ ਸਿੰਘ, ਮੁਕੰਦ ਸਿੰਘ, ਮੁਖਤਿਆਰ ਕੌਰ, ਜਮੀਤ ਕੌਰ ਤੇ ਹਰਭਜਨ ਸਿੰਘ ਵੀ ਸਿਆਸੀ ਮੈਦਾਨ ’ਚ ਸਨ। 1992 ’ਚ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਸੰਸਦ ਮੈਂਬਰ ਵਜੋਂ ਜਿੱਤੇ।
Also Read : ਗਰਮੀ ਦਾ ਕਹਿਰ : 46.4 ਡਿਗਰੀ ਨਾਲ ਬਠਿੰਡਾ ਰਿਹਾ ਪੰਜਾਬ ’ਚ ਸਭ ਤੋਂ ਵੱਧ ਗਰਮ
ਮੱਖਣ ਸਿੰਘ ਸੀਪੀਆਈ, ਸੀਲਾ ਰਾਣੀ ਬਸਪਾ, ਸੰਤ ਰਾਮ ਬੀਜੇਪੀ, ਸੁਰਜਨ ਸਿੰਘ ਤੇ ਰੇਸ਼ਮ ਸਿੰਘ ਆਜ਼ਾਦ ਉਮੀਦਵਾਰ ਸਨ। ਸਾਲ 1996 ’ਚ ਸ੍ਰੋਮਣੀ ਅਕਾਲੀ ਦਲ ਦੇ ਹਰਿੰਦਰ ਸਿੰਘ ਖਾਲਸਾ (ਨਾਰਵੇ), 1998 ’ਚ ਸ੍ਰੋਮਣੀ ਅਕਾਲੀ ਦਲ ਦੇ ਚਤਿੰਨ ਸਿੰਘ ਸਮਾਂਓ, 1999 ’ਚ ਸੀਪੀਆਈ ਦੇ ਭਾਨ ਸਿੰਘ ਭੌਰਾ ਸੰਸਦ ਮੈਂਬਰ ਰਹੇ। 2004 ’ਚ ਸ੍ਰੋਮਣੀ ਅਕਾਲੀ ਦਲ ਦੇ ਪਰਮਜੀਤ ਕੌਰ ਗੁਲਸ਼ਨ ਜੇਤੂ ਰਹੇ। 2009, 2014 ਅਤੇ 2019 ’ਚ ਲਗਾਤਾਰ ਤਿੰਨ ਵਾਰ ਸ੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਜੇਤੂ ਰਹੇ ਹਨ।
ਛੋਟੇ ਨਾਵਾਂ ਵਾਲੇ ਦਿਲਾਂ ਦੇ ਵੱਡੇ ਆਗੂ ਸਨ : ਕੁਸਲਾ
ਸਮਾਜ ਸੇਵੀ ਆਗੂ ਸਾਧੂ ਰਾਮ ਕੁਸਲਾ ਦਾ ਕਹਿਣਾ ਹੈ ਕਿ ਦਹਾਕਿਆਂ ਪਹਿਲਾਂ ਵਾਲੀ ਸਿਆਸਤ ਨਿੱਜੀ ਮੁਫ਼ਾਦਾਂ ਅਤੇ ਦੋਸ਼ਾਂ ਤੋਂ ਕੋਹਾਂ ਦੂਰ ਹੁੰਦੀ ਸੀ। ਉਸ ਵੇਲੇ ਸੰਸਦ ਮੈਂਬਰ ਭਾਵੇਂ ਛੋਟੇ-ਛੋਟੇ ਨਾਵਾਂ ਵਾਲੇ ਜ਼ਰੂਰ ਸੀ ਪਰ ਦਿਲਾਂ ਦੇ ਵੱਡੇ ਸੀ। ਵੱਡੇ ਦਿਲਾਂ ਦਾ ਹੀ ਕਾਰਨ ਸੀ ਕਿ ਉਹ ਸੱਥਾਂ ਆਦਿ ’ਚ ਜਾ ਕੇ ਵਿਰੋਧੀਆਂ ’ਤੇ ਐਨਾਂ ਚਿੱਕੜ ਨਹੀਂ ਉਛਾਲਦੇ ਸੀ, ਜਿਨ੍ਹਾਂ ਹੁਣ ਦੇ ਉਮੀਦਵਾਰ ਮੁੱਦਿਆਂ ਦੀ ਥਾਂ ਚਿੱਕੜ ਉਛਾਲਦੇ ਹਨ।
ਵੱਡੇ-ਵੱਡੇ ਨਾਵਾਂ ਵਾਲੇ ਵੀ ਰਹੇ ਨੇ ਚੋਣ ਮੈਦਾਨ ’ਚ
ਲੋਕ ਸਭਾ ਹਲਕਾ ਬਠਿੰਡਾ ਤੋਂ ਪਿਛਲੇ ਕਰੀਬ 15-20 ਸਾਲਾਂ ਤੋਂ ਮੁੱਖ ਸਿਆਸੀ ਧਿਰਾਂ ਤੋਂ ਵੱਡੇ-ਵੱਡੇੇ ਨਾਵਾਂ ਵਾਲੇ ਉਮੀਦਵਾਰ ਚੋਣ ਲੜ ਰਹੇ ਹਨ। ਇਸ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਰਣਇੰਦਰ ਸਿੰਘ, ਸੀਪੀਆਈ ਵੱਲੋਂ ਹਰਦੇਵ ਸਿੰਘ ਅਰਸ਼ੀ, ਕਾਂਗਰਸ ਵੱਲੋਂ ਮਨਪ੍ਰੀਤ ਸਿੰਘ ਬਾਦਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਦਲ ਵੱਲੋਂ ਪਰਮਜੀਤ ਕੌਰ ਗੁਲਸ਼ਨ, ਹਰਸਿਮਰਤ ਕੌਰ ਬਾਦਲ, ਆਪ ਵੱਲੋਂ ਪ੍ਰੋ. ਬਲਜਿੰਦਰ ਕੌਰ ਵੀ ਚੋਣ ਲੜ ਚੁੱਕੇ ਹਨ।
ਪਿਛਲੇ 15 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਹਲਕੇ ’ਚ ਕਾਫੀ ਬਜ਼ੁਰਗ, ਹਰਸਿਮਰਤ ਕੌਰ ਦੀ ਥਾਂ ਕਈ ਵਾਰ ਉਨ੍ਹਾਂ ਨੂੰ ਸਿਮਰਜੀਤ ਕੌਰ ਕਹਿੰਦੇ ਸੁਣੇ ਜਾਂਦੇ ਹਨ। ਹਰਸਿਮਰਤ ਕੌਰ ਬਾਦਲ ਇਸ ਵਾਰ ਵੀ ਅਕਾਲੀ ਦਲ ਵੱਲੋਂ ਅਤੇ ਪਰਮਪਾਲ ਕੌਰ ਭਾਜਪਾ ਵੱਲੋਂ ਉਮੀਦਵਾਰ ਹਨ।