ਭਾਜਪਾ ਨੇ ਦਿਨੇਸ਼ ਬੱਬੂ ਨੂੰ ਐਲਾਨਿਆ ਉਮੀਦਵਾਰ | Lok Sabha Gurdaspur
ਗੁਰਦਾਸਪੁਰ (ਰਾਜਨ ਮਾਨ)। ਬਿਆਸ ਅਤੇ ਰਾਵੀ ਦਰਿਆਵਾਂ ਦੇ ਵਿਚਕਾਰ ਵੱਸੇ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਕਾਂਗਰਸ,ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਜਦਕਿ ਭਾਰਤੀ ਜਨਤਾ ਪਾਰਟੀ ਨੇ ਬੀਤੇ ਦਿਨੀਂ ਦਿਨੇਸ਼ ਬੱਬੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਭਾਜਪਾ ਵੱਲੋਂ ਕਈ ਦਹਾਕਿਆਂ ਬਾਅਦ ਕੋਈ ਸਟਾਰ ਨਾ ਲੱਭਣ ਕਾਰਨ ਕਿਸੇ ਸਥਾਨਕ ਵਿਅਕਤੀ ਨੂੰ ਟਿਕਟ ਦੇ ਕੇ ਬਾਜ਼ੀ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ। (Lok Sabha Gurdaspur)
ਆਪ ਦੇ ਉਮੀਦਵਾਰਾਂ ਦੀਆਂ ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿੱਚ ਜਮਾਨਤਾਂ ਜ਼ਬਤ ਹੁੰਦੀਆਂ ਰਹੀਆਂ ਹਨ। ਕਾਂਗਰਸ ਦੇ ਗੜ੍ਹ ਰਹੇ ਇਸ ਹਲਕੇ ਅੰਦਰ ਭਾਜਪਾ ਵੱਲੋਂ ਫਿਲਮੀ ਹਸਤੀਆਂ ਨੂੰ ਹੀ ਮੈਦਾਨ ਵਿੱਚ ਉਤਾਰਕੇ ਸੰਨ੍ਹ ਲਾਈ ਜਾਂਦੀ ਰਹੀ ਹੈ। ਸਰਹੱਦੀ ਹਲਕਾ ਹੋਣ ਕਾਰਨ ਇਹ ਪਾਕਿਸਤਾਨ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦਾ ਹੈ। ਜੇਕਰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਸ ਲੋਕ ਸਭਾ ਹਲਕੇ ’ਚ ਕੁੱਲ 9 ਵਿਧਾਨ ਸਭਾ ਹਲਕੇ ਹਨ ਜਿੰਨ੍ਹਾਂ ਵਿਚੋਂ 7 ਉਪਰ ਕਾਂਗਰਸ ਦਾ ਕਬਜ਼ਾ ਹੈ, ਜਿਸ ਵਿੱਚ ਸੁਜਾਨਪੁਰ, ਦੀਨਾਨਗਰ, ਗੁਰਦਾਸਪੁਰ, ਕਾਦੀਆਂ, ਬਟਾਲਾ, ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਸ਼ਾਮਲ ਹਨ ਜਦਕਿ ਦੋ ਹਲਕੇ ਬਟਾਲਾ, ਭੋਆ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ ਤੇ ਪਠਾਨਕੋਟ ਦੀ ਇਕ ਸੀਟ ’ਤੇ ਭਾਜਪਾ ਕਾਬਜ਼ ਹੈ।
Lok Sabha Gurdaspur
ਇਸ ਹਲਕੇ ’ਤੇ ਜ਼ਿਆਦਾਤਰ ਕਾਂਗਰਸ ਦਾ ਕਬਜ਼ਾ ਰਿਹਾ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਇੱਕ ਵਾਰ ਇਸ ਹਲਕੇ ਤੋਂ ਲੋਕ ਸਭਾ ਲਈ ਸਥਾਨਕ ਆਗੂ ਪ੍ਰਤਾਪ ਸਿੰਘ ਬਾਜਵਾ ਸੰਸਦ ਮੈਂਬਰ ਚੁਣੇ ਗਏ ਸਨ, ਜਦਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੋਈ ਬਾਹਰੀ ਵਿਅਕਤੀ ਹੀ ਸੰਸਦ ਮੈਂਬਰ ਰਿਹਾ ਹੈ। ਜਦਕਿ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ, ਜਦਕਿ ਜ਼ਿਲ੍ਹਾ ਗੁਰਦਾਸਪੁਰ ਨੂੰ ਤਿੰਨ ਦਿਨਾਂ ਬਾਅਦ ਆਜ਼ਾਦੀ ਮਿਲੀ। ਗੁਰਦਾਸਪੁਰ ਦਾ ਇਲਾਕਾ ਤਿੰਨ ਦਿਨ ਪਾਕਿਸਤਾਨ ਦਾ ਹਿੱਸਾ ਰਿਹਾ। ਇਸ ਹਲਕੇ ਦੇ ਪੁਰਾਣੇ ਇਤਿਹਾਸ ’ਤੇ ਜੇ ਪੰਛੀ ਝਾਤ ਮਾਰੀਏ ਤਾਂ 1952 ਤੋਂ 2014 ਤੱਕ ਹੋਈਆਂ 16 ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 12 ਵਾਰ ਜਿੱਤ ਹਾਸਲ ਕੀਤੀ।
AlsoRead : ਲੋਕ ਸਭਾ ਚੋਣਾਂ ਹਲਕਾ ਜਲੰਧਰ : ਉਮੀਦਵਾਰ ਦੀ ਭਾਲ ’ਚ ‘ਆਪ’, ਕਾਂਗਰਸ ਤੇ ਅਕਾਲੀ ਦਲ
ਪਹਿਲੀਆਂ ਚੋਣਾਂ 1952 ’ਚ ਹੋਈਆਂ ਸਨ, ਜਿਸ ’ਚ ਕਾਂਗਰਸ ਦੇ ਤੇਜਾ ਸਿੰਘ ਅਕਾਰਪੁਰੀ ਸੰਸਦ ਮੈਂਬਰ ਚੁਣੇ ਗਏ ਸਨ, ਜਦੋਂ ਕਿ ਕਾਂਗਰਸ ਦੇ ਦੀਵਾਨ ਚੰਦ ਸ਼ਰਮਾ 1962 ਤੋਂ 1967 ਤੱਕ ਸੰਸਦ ਮੈਂਬਰ ਰਹੇ। ਇਸੇ ਤਰ੍ਹਾਂ 1968 ਤੋਂ 1971 ਤੱਕ ਕਾਂਗਰਸ ਦੇ ਪ੍ਰਬੋਧ ਚੰਦਰ, 1977 ਤੋਂ 1989 ਤੱਕ ਰਾਸ਼ਟਰੀ ਜਨਤਾ ਪਾਰਟੀ ਦੇ ਯੱਗਿਆ ਦੱਤ ਸ਼ਰਮਾ, 1989 ਤੋਂ 1996 ਤੱਕ ਕਾਂਗਰਸ ਦੇ ਸੁਖਬੰਸ ਕੌਰ ਭਿੰਡਰ, 1999 ਤੋਂ 2009 ਤੱਕ ਭਾਜਪਾ ਦੇ ਵਿਨੋਦ ਖੰਨਾ, 2009 ਤੋਂ 2014 ਤੱਕ ਕਾਂਗਰਸ ਦੇ ਪ੍ਰਤਾਪ ਬਾਜਵਾ, ਸਾਲ 2019 ਤੋਂ 2017 ਤੱਕ ਭਾਜਪਾ ਦੇ ਵਿਨੋਦ ਖੰਨਾ, 2017 ਤੋਂ 2019 ਤੱਕ ਕਾਂਗਰਸ ਦੇ ਸੁਨੀਲ ਜਾਖੜ ਤੇ ਹੁਣ 2019 ਤੋਂ 2024 ਤੱਕ ਭਾਜਪਾ ਦੇ ਸੰਨੀ ਦਿਓਲ ਲੋਕ ਸਭਾ ਮੈਂਬਰ ਰਹੇ। ਦੂਜੇ ਪਾਸੇ ਭਾਜਪਾ ਵੱਲੋਂ ਇਸ ਹਲਕੇ ਤੋਂ ਵਿਧਾਨ ਸਭਾ ਹਲਕਾ ਸੁਜਾਨਪੁਰ ਤੋਂ ਵਿਧਾਇਕ ਰਹੇ ਦਿਨੇਸ਼ ਬੱਬੂ ਨੂੰ ਇਸ ਵਾਰ ਮੈਦਾਨ ਵਿੱਚ ਉਤਾਰਿਆ ਗਿਆ ਹੈ।
Lok Sabha Gurdaspur
ਭਾਜਪਾ ਵੱਲੋਂ ਪਹਿਲਾਂ ਕ੍ਰਿਕਟਰ ਯੁਵਰਾਜ ਸਿੰਘ ਨੂੰ ਮੈਦਾਨ ’ਚ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਉਸ ਵੱਲੋਂ ਨਾਂਹ ਕਰਨ ਦੀ ਸੂਰਤ ’ਚ ਭਾਜਪਾ ਨੇ ਬੱਬੂ ਨੂੰ ਮੈਦਾਨ ’ਚ ਉਤਾਰਿਆ ਹੈ। ਇਸ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਪਾਰਟੀ ਦੇ ਕਿਸੇ ਸਥਾਨਕ ਸੀਨੀਅਰ ਆਗੂ ਜਿਨ੍ਹਾਂ ’ਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਨੂੰ ਵੀ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ। ਉਂਝ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ ਦੇ ਭਰਾ ਬਲਜੀਤ ਸਿੰਘ ਪਾਹੜਾ ਵੀ ਟਿਕਟ ਦੇ ਚਾਹਵਾਨ ਹਨ। ਉਧਰ ਆਮ ਆਦਮੀ ਪਾਰਟੀ ਵੱਲੋਂ ਵੀ ਉਮੀਦਵਾਰ ਦੀ ਭਾਲ ਕੀਤੀ ਜਾ ਰਹੀ ਹੈ। ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿੱਚ ਆਪ ਵੱਲੋਂ ਉਤਾਰੇ ਜਾਂਦੇ ਰਹੇ ਉਮੀਦਵਾਰਾਂ ਦੀ ਹਾਲਤ ਬਹੁਤ ਪਤਲੀ ਹੁੰਦੀ ਰਹੀ ਹੈ ਤੇ ਆਪਣੀਆਂ ਜਮਾਨਤਾਂ ਨਹੀਂ ਬਚਾ ਸਕੇ। ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਦੇ ਬਾਵਜੂਦ ਪਾਰਟੀ ਨੂੰ ਕੋਈ ਉਮੀਦਵਾਰ ਨਹੀਂ ਲੱਭ ਰਿਹਾ।
ਹੋਰ ਕੋਈ ਚਾਰਾ ਨਾ ਚੱਲਦਿਆਂ ਪਾਰਟੀ ਵਲੋਂ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਉਧਰ ਪਹਿਲੀ ਵਾਰ ਭਾਜਪਾ ਤੋਂ ਵੱਖ ਹੋ ਕੇ ਪਾਰਲੀਮੈਂਟ ਚੋਣਾਂ ਲੜ ਰਹੇ ਅਕਾਲੀ ਦਲ ਵਲੋਂ ਵੀ ਉਮੀਦਵਾਰ ਦੀ ਭਾਲ ਕੀਤੀ ਜਾ ਰਹੀ ਹੈ। ਪਹਿਲਾਂ ਹਮੇਸ਼ਾਂ ਹੀ ਅਕਾਲੀ ਦਲ ਤੇ ਭਾਜਪਾ ਰਲਕੇ ਹੀ ਕਾਂਗਰਸ ਨੂੰ ਮਾਤ ਦੇਂਦੇ ਰਹੇ ਹਨ ਪਰ ਇਸ ਵਾਰ ਵੱਖ-ਵੱਖ ਮੈਦਾਨ ਵਿੱਚ ਉਤਾਰਨ ਨਾਲ ਇਹਨਾਂ ਦੋਵਾਂ ਲਈ ਵੱਡੀਆਂ ਚੁਣੌਤੀਆਂ ਹਨ।
ਫਿਲਮੀ ਸਟਾਰ ਵਿਨੋਦ ਖੰਨਾ ਚਾਰ ਵਾਰ ਰਹੇ ਜੇਤੂ
ਇੱਕ ਸਮਾਂ ਸੀ ਕਿ ਉੱਘੀ ਕਾਂਗਰਸ ਆਗੂ ਸੁਖਬੰਸ ਕੌਰ ਭਿੰਡਰ ਇੱਥੋਂ ਕਰੀਬ ਡੇਢ ਦਹਾਕਾ ਲੋਕ ਸਭਾ ਮੈਂਬਰ ਰਹੀ, ਪਰ ਜਦੋਂ ਇਸ ਹਲਕੇ ਤੋਂ ਭਾਜਪਾ ਨੇ ਫਿਲਮ ਸਟਾਰ ਵਿਨੋਦ ਖੰਨਾ ਨੂੰ ਮੈਦਾਨ ’ਚ ਉਤਾਰਿਆਂ ਤਾਂ ਇਹ ਹਲਕਾ ਪੂਰੀ ਤਰ੍ਹਾਂ ਸਟਾਰ ਹਲਕਾ ਹੋ ਗਿਆ। ਭਾਜਪਾ ਦੇ ਵਿਨੋਦ ਖੰਨਾ ਚਾਰ ਵਾਰ ਇਸ ਹਲਕੇ ਤੋਂ ਜੇਤੂ ਰਹੇ ਖੰਨਾ ਨੂੰ ਇੱਕ ਵਾਰ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਹਰਾਇਆ ਸੀ।