ਸ਼ਰਾਬ ਤਸਕਰ ਨੂੰ ਥਾਣੇ ਬੰਦ ਦੀ ਥਾਂ ਕੀਤਾ ਫਰਾਰ, 3 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਮੁਅੱਤਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਦੇ ਤਿੰਨ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਲਾਪਰਵਾਹੀ ਅਤੇ ਅਣਗਿਹਲੀ ਵਰਤਣ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ‘ਤੇ ਥਾਣੇ ਵਿੱਚੋਂ ਸ਼ਰਾਬ ਤਸਕਰ ਨੂੰ ਫਰਾਰ ਕਰਨ ਦਾ ਦੋਸ਼ ਹੈ ਪਟਿਆਲਾ ਦੇ ਐਸਐਸਪੀ ਵਿਕਰਮਜੀਤ ਦੁੱਗਲ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਐਸਐਸਪੀ ਨੇ ਦੱਸਿਆ ਕਿ ਥਾਣੇਦਾਰ ਸੁਰਿੰਦਰ ਸਿੰਘ, ਸਹਾਇਕ ਥਾਣੇਦਾਰ ਸੁਰਿੰਦਰ ਸਿੰਘ , ਪੀ.ਐਚ.ਜੀ.ਗੁਰਨਾਮ ਸਿੰਘ ਨੇ ਸਰਕਾਰੀ ਗੱਡੀ ‘ਤੇ ਸਵਾਰ ਹੋ ਕੇ ਡਰਾਇਵਰ ਸਿਪਾਹੀ ਸਤਨਾਮ ਸਿੰਘ ਨਾਲ ਪਿੰਡ ਸਵਾਈ ਸਿੰਘ ਵਾਲਾ ਵਿਖੇ ਰੇਡ ਕੀਤੀ ਸੀ
ਇਹਨਾਂ ਨੇ ਜਸਬੀਰ ਸਿੰਘ ਉਰਫ ਜੱਸੀ ਪੁੱਤਰ ਲੇਟ ਤਰਲੋਕ ਸਿੰਘ ਵਾਸੀ ਪਿੰਡ ਸਵਾਈ ਸਿੰਘ ਵਾਲਾ ਦੇ ਖੇਤਾਂ ਵਿੱਚ ਮੋਟਰ ਵਾਲੇ ਕੋਠੇ ਤੋਂ 200 ਲੀਟਰ ਲਾਹਣ ਬ੍ਰਾਮਦ ਕਰਕੇ ਕਬਜੇ ਵਿੱਚ ਲਈ ਅਤੇ ਜਸਬੀਰ ਸਿੰਘ ਉਰਫ ਜੱਸੀ ਨੂੰ ਫੜਕੇ ਸਮੇਤ ਲਾਹਣ ਦੇ ਡਰੰਮ ਥਾਣਾ ਜੁਲਕਾਂ ਵਿਖੇ ਲਿਆਂਦਾ ਸੀ। ਥਾਣੇਦਾਰ ਸੁਰਿੰਦਰ ਸਿੰਘ ਨੇ ਥਾਣਾ ਜੁਲਕਾਂ ਵਿਖੇ ਪਹੁੰਚੇ ਜਸਬੀਰ ਸਿੰਘ ਖਿਲਾਫ ਮੁਕੱਦਮਾ ਦਰਜ ਕਰਨ ਦੀ ਬਜਾਏ ਜਸਬੀਰ ਸਿੰਘ ਨੂੰ ਥਾਣਾ ਵਿੱਚੋਂ ਫਰਾਰ ਕਰ ਦਿੱਤਾ ਅਤੇ 200 ਲੀਟਰ ਲਾਹਣ ਦੇ ਡਰੰਮ ਨੂੰ ਥਾਣੇ ਵਿੱਚ ਰੱਖ ਲਿਆ।
ਉਹਨਾਂ ਕਿਹਾ ਕਿ ਥਾਣੇਦਾਰ ਸੁਰਿੰਦਰ ਸਿੰਘ ਸਮੇਤ ਉਕਤ ਪਾਰਟੀ ਨੇ ਇੱਕ ਜਿੰਮੇਵਾਰ ਅਹੁਦੇ ‘ਤੇ ਹੁੰਦੇ ਹੋਏ ਜਸਬੀਰ ਸਿੰਘ ਨੂੰ 200 ਲੀਟਰ ਲਾਹਣ ਸਮੇਤ ਫੜਨ ਦੇ ਬਾਵਜੂਦ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਕੇ ਉਸਨੂੰ ਫਰਾਰ ਕਰਕੇ ਨਿਯਮਾਂ ਦੀ ਅਣਦੇਖੀ ਕੀਤੀ ਹੈ ਅਤੇ ਆਪਣੀ ਡਿਊਟੀ ਪ੍ਰਤੀ ਜਾਣਬੁੱਝ ਕੇ ਲਾਹਪ੍ਰਵਾਹੀ ਅਤੇ ਅਣਗਹਿਲੀ ਦਾ ਸਬੂਤ ਦਿੱਤਾ ਹੈ।
ਉਪ ਕਪਤਾਨ ਪੁਲਿਸ ਦਿਹਾਤੀ ਪਟਿਆਲਾ ਵੱਲੋਂ ਬਾਅਦ ਵਿੱਚ ਜਸਬੀਰ ਸਿੰਘ ਉਰਫ ਜੱਸੀ ਪੁੱਤਰ ਲੇਟ ਤਰਲੋਕ ਸਿੰਘ ਵਾਸੀ ਪਿੰਡ ਸਵਾਈ ਸਿੰਘ ਵਾਲਾ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ। ਇਸੇ ਤਰ੍ਹਾਂ ਥਾਣੇਦਾਰ ਸੁਰਿੰਦਰ ਸਿੰਘ, ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਅਤੇ ਸਿਪਾਹੀ ਸਤਨਾਮ ਸਿੰਘ ਨੂੰ ਮੁਅੱਤਲ ਕਰਕੇ ਇਹਨਾਂ ਵਿਰੁੱਧ ਵਿਭਾਗੀ ਪੜਤਾਲ ਆਰੰਭ ਕਰਕੇ ਮੁਕੰਮਲ ਕਰਨ ਲਈ ਕਪਤਾਨ ਪੁਲਿਸ ਸਥਾਨਕ ਨੂੰ ਸੌਂਪੀ ਗਈ। ਇਸ ਤੋਂ ਇਲਾਵਾ ਪੀ.ਐਚ.ਜੀ. ਗੁਰਨਾਮ ਸਿੰਘ ਖਿਲਾਫ ਵਿਭਾਗੀ ਕਾਰਵਾਈ ਕਰਨ ਲਈ ਵੱਖਰੇ ਤੌਰ ‘ਤੇ ਸਬੰਧਿਤ ਅਧਿਕਾਰੀ ਨੂੰ ਲਿਖਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.