ਪਾਕਿਸਤਾਨ ’ਚ ਫੌਜ ਨੂੰ ਵੰਗਾਰ
ਪੁਰਾਣੀ ਕਹਾਵਤ ਹੈ ਕਿ ਤੁਸੀਂ ਮਿੱਤਰ ਬਦਲ ਸਕਦੇ ਹੋ, ਗੁਆਂਢੀ ਨਹੀਂ ਪਾਕਿਸਤਾਨ ਸਾਡਾ ਗੁਆਂਢੀ ਮੁਲਕ ਹੈ, ਇਸ ਲਈ ਨਾ ਚਾਹੁੰਦੇ ਹੋਏ ਵੀ ਉੱਥੋਂ ਦਾ ਘਟਨਾਚੱਕਰ ਸਾਨੂੰ ਪ੍ਰਭਾਵਿਤ ਕਰਦਾ ਹੈ ਇਨ੍ਹੀਂ ਦਿਨ੍ਹੀਂ ਪਾਕਿਸਤਾਨ ’ਚ ਦੂਸ਼ਣਬਾਜ਼ੀ ਦਾ ਦੌਰ ਚੱਲ ਰਿਹਾ ਹੈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਵਰਤਮਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਸਰਕਾਰ ਅਤੇ ਫੌਜ ਨਾਲ ਟਕਰਾਅ ਦੇ ਰਾਹ ’ਤੇ ਵਧਦੇ ਨਜ਼ਰ ਆ ਰਹੇ ਹਨ ਅਸਲ ’ਚ ਪਾਕਿਸਤਾਨ ’ਚ ਫੌਜ ਦਾ ਐਨਾ ਖੌਫ਼ ਰਿਹਾ ਹੈ ਕਿ ਸਿਆਸੀ ਆਗੂ ਫੌਜ ’ਤੇ ਸਵਾਲ ਉਠਾਉਣ ਤੋਂ ਡਰਦੇ ਹਨ
ਪਰ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਇਮਰਾਨ ਖਾਨ ਖੁੱਲ੍ਹੇਆਮ ਫੌਜ ਨੂੰ ਚੁਣੌਤੀ ਦਿੰਦੇ ਨਜ਼ਰ ਆ ਰਹੇ ਹਨ ਇੱਕ ਰੈਲੀ ਦੌਰਾਨ ਉਨ੍ਹਾਂ ’ਤੇ ਜਾਨਲੇਵਾ ਹਮਲਾ ਹੋ ਗਿਆ ਹੈ, ਜਿਸ ਨੂੰ ਫੌਜ ਨੂੰ ਚੁਣੌਤੀ ਦੇਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਹੁਣ ਇਮਰਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਸਾਰੀਆਂ ਵਿਧਾਨ ਸਭਾਵਾਂ ਤੋਂ ਅਸਤੀਫ਼ਾ ਦੇ ਦੇਣਗੇ ਪਾਕਿਸਤਾਨ ਦੀ ਰਾਜਨੀਤੀ ’ਚ ਫੌਜ ਦੀ ਦਖਲਅੰਦਾਜ਼ੀ ਕਿਸੇ ਤੋਂ ਲੁਕੀ ਨਹੀਂ ਹੈ
ਸ਼ਰੀਫ਼ ਸਰਕਾਰ ਨੇ ਜਨਰਲ ਆਸਿਮ ਮੁਨੀਰ ਨੂੰ ਨਵਾਂ ਫੌਜ ਮੁਖੀ ਨਿਯੁਕਤ ਕੀਤਾ ਹੈ, ਜਿਨ੍ਹਾਂ ਨਾਲ ਇਮਰਾਨ ਖਾਨ ਦਾ ਛੱਤੀ ਦਾ ਅੰਕੜਾ ਹੈ ਜਦੋਂ ਮੁਨੀਰ ਪਾਕਿਸਤਾਨੀ ਖੁਫੀਆ ਏਜੰਸੀ, ਆਈਐੱਸਆਈ ਦੇ ਮੁਖੀ ਸਨ, ਤਾਂ ਉਨ੍ਹਾਂ ਨੂੰ ਤੱਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਟਵਾ ਦਿੱਤਾ ਸੀ ਜਦੋਂ ਫੌਜ ਮੁਖੀ ਅਹੁਦੇ ਦੇ ਦਾਅਵੇਦਾਰਾਂ ’ਚ ਮੁਨੀਰ ਦਾ ਨਾਂਅ ਆਇਆ, ਤਾਂ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਾਰਟੀ ਨੇ ਇਸ ਦਾ ਭਾਰੀ ਵਿਰੋਧ ਕੀਤਾ ਪਾਕਿਸਤਾਨ ’ਚ ਲੋਕਤੰਤਰ ਦੀਆਂ ਜੜ੍ਹਾਂ ਐਨੀਆਂ ਕਮਜ਼ੋਰ ਹਨ ਕਿ ਹਰ ਤਿੰਨ-ਚਾਰ ਸਾਲ ਬਾਅਦ ਇਸ ’ਤੇ ਕੋਈ ਨਾ ਕੋਈ ਆਤਮਘਾਤੀ ਹਮਲਾ ਹੋ ਜਾਂਦਾ ਹੈ
ਉੱਥੋਂ ਦਾ ਪ੍ਰਧਾਨ ਮੰਤਰੀ ਸਭ ਤੋਂ ਕਮਜ਼ੋਰ ਕੜੀ ਹੈ ਭਾਵੇਂ ਉਹ ਲੋਕ-ਫ਼ਤਵੇ ਵਾਲੀ ਨਵਾਜ ਸ਼ਰੀਫ਼ ਦੀ ਸਰਕਾਰ ਹੋਵੇ ਜਾਂ ਆਮ ਬਹੁਮਤ ਵਾਲੀ ਇਮਰਾਨ ਖਾਨ ਦੀ ਸਰਕਾਰ, ਫੌਜ ਨੂੰ ਉਸ ਨੂੰ ਡੇਗਦਿਆਂ ਦੇਰ ਨਹੀਂ ਲੱਗਦੀ ਸਥਾਪਨਾ ਵੇਲੇ ਤੋਂ ਹੀ ਪਾਕਿਸਤਾਨ ਦਾ ਰਾਜਨੀਤਿਕ ਇਤਿਹਾਸ ਉਥਲ-ਪੁਥਲ ਭਰਿਆ ਅਤੇ ਖੂਨੀ ਰਿਹਾ ਹੈ
ਉੱਥੇ ਚਾਰ ਵਾਰ ਚੁਣੀਆਂ ਹੋਈਆਂ ਸਰਕਾਰਾਂ ਨੂੰ ਫੌਜੀ ਤਾਨਾਸ਼ਾਹਾਂ ਨੇ ਡੇਗਿਆ ਹੈ ਪਾਕਿਸਤਾਨ ’ਚ ਫੌਜ ਕਿੰਨੀ ਤਾਕਤਵਰ ਹੈ, ਉਸ ਦਾ ਆਮ ਭਾਰਤੀਆਂ ਨੂੰ ਅੰਦਾਜ਼ਾ ਨਹੀਂ ਹੈ, ਕਿਉਂਕਿ ਭਾਰਤ ’ਚ ਫੌਜ ਦੀ ਰਾਜਨੀਤੀ ’ਚ ਕੋਈ ਭੂਮਿਕਾ ਕਦੇ ਨਹੀਂ ਰਹੀ ਹੈ ਪਾਕਿਸਤਾਨ ’ਚ ਇਹ ਇੱਕ ਵੱਡੀ ਘਟਨਾ ਹੈ ਕਿ ਕਿਸੇ ਵੱਡੇ ਸਿਆਸੀ ਆਗੂ ਨੇ ਫੌਜ ਨੂੰ ਵੰਗਾਰਿਆ ਹੈ ਜੇਕਰ ਫੌਜ ਸਰਕਾਰ ’ਚ ਆਪਣੇ ਦਖਲ ਨੂੰ ਸੀਮਤ ਕਰੇ ਤਾਂ ਇਹ ਪੂਰੇ ਮੁਲਕ ਲਈ ਇਤਿਹਾਸਕ ਤਬਦੀਲੀ ਹੋਵੇਗੀ ਸਾਬਕਾ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਇਸ ਗੱਲ ਦੀ ਹਮਾਇਤ ਕੀਤੀ ਹੈ ਕਿ ਫੌਜ ਨੂੰ ਸਿਆਸਤ ਤੋਂ ਦੂਰ ਰੱਖਿਆ ਜਾਵੇ ਜੇਕਰ ਸਰਕਾਰ ਲੋਕਤੰਤਰੀ ਢੰਗ-ਤਰੀਕੇ ਨਾਲ ਚੱਲੇਗੀ ਤਾਂ ਸੁਧਾਰ ਦੀ ਆਸ ਬੱਝ ਸਕਦੀ ਹੈ ਪਰ ਇਹ ਕੰਮ ਇੰਨਾ ਸੌਖਾ ਵੀ ਨਹੀਂ, ਇਹ ਸਿਆਸੀ ਆਗੂਆਂ ਦੀ ਹਿੰਮਤ ਦੀ ਪਰਖ ਹੋਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ