ਸਾਡੇ ਨਾਲ ਸ਼ਾਮਲ

Follow us

14.3 C
Chandigarh
Monday, January 19, 2026
More
    Home ਵਿਚਾਰ ਜ਼ਿੰਦਗੀ ’ਚ ਬਹੁ...

    ਜ਼ਿੰਦਗੀ ’ਚ ਬਹੁਤ ਅਹਿਮੀਅਤ ਰੱਖਦੈ ਜਿਊਣ ਦਾ ਸਲੀਕਾ

    Lifestyle Sachkahoon

    ਜ਼ਿੰਦਗੀ ’ਚ ਬਹੁਤ ਅਹਿਮੀਅਤ ਰੱਖਦੈ ਜਿਊਣ ਦਾ ਸਲੀਕਾ

    ਬਹੁਤੇ ਲੋਕ ਸੋਚਦੇ ਹਨ ਕਿ ਪੈਸੇ ਨਾਲ ਜਿੰਦਗੀ ਹੁਸੀਨ ਬਣਾਈ ਜਾ ਸਕਦੀ ਹੈ, ਪਰ ਜਿੰਦਗੀ ਹੁਸੀਨ ਸਿਰਫ ਸਲੀਕੇ ਨਾਲ ਹੀ ਹੁੰਦੀ ਹੈ। ਸਲੀਕਾ ਸਾਡੀ ਜਿੰਦਗੀ ਦੀ ਰੀੜ੍ਹ ਦੀ ਹੱਡੀ ਹੈ। ਜੇਕਰ ਇਹ ਮਜ਼ਬੂਤ ਨਹੀਂ ਤਾਂ ਅਸੀਂ ਜਿੰਦਾ ਤਾਂ ਰਹਿ ਸਕਦੇ ਹਾਂ, ਪਰ ਮਜ਼ਬੂਤ ਤੇ ਹੰਢਣਸਾਰ ਜਿੰਦਗੀ ਨਹੀਂ ਜਿਉਂ ਸਕਦੇ। ਸਲੀਕਾ ਮਨੁੱਖ ਦੀ ਸ਼ਖਸੀਅਤ ਦਾ ਮਹੱਤਵਪੂਰਨ ਅੰਗ ਹੈ। ਇਨਸਾਨ ਕਿੰਨਾ ਵੀ ਸੱਚਾ-ਸੁੱਚਾ ਕਿਉਂ ਨਾ ਹੋਵੇ ਜੇ ਉਸ ਦੀ ਗੱਲਬਾਤ ਵਿੱਚ ਕੁੜੱਤਣ ਹੈ ਤਾਂ ਉਹ ਦੂਜਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਹੋ ਸਕਦੈ ਕਿ ਉਸ ਦੇ ਨਿੱਜੀ ਸਬੰਧ ਵੀ ਲੋਕਾਂ ਨਾਲ ਸੁਖਾਵੇਂ ਨਾ ਹੋਣ ਆਪਣੇ ਮਨ ਦੇ ਬਹੁਤੇ ਭਾਵ ਅਸੀਂ ਭਾਸ਼ਾ ਦੀ ਮੱਦਦ ਨਾਲ ਹੀ ਦਰਸਾਉਂਦੇ ਹਾਂ।

    ਅਸੀਂ ਆਪਣੇ ਭਾਵ ਉਦੋਂ ਹੀ ਦੂਜੇ ਤੱਕ ਪਹੁੰਚਾ ਸਕਦੇ ਹਾਂ। ਜਦੋਂ ਦੂਜੇ ਲਈ ਵੀ ਸ਼ਬਦਾਂ ਦੇ ਉਹੋ ਅਰਥ ਹੋਣ, ਜਿਹੜੇ ਕਿ ਸਾਡੇ ਲਈ ਹਨ। ਜਿਸ ਤਰ੍ਹਾਂ ਇੱਕ ਵਸਤੂ ਲਈ ਕਈ ਸ਼ਬਦ ਹੋ ਸਕਦੇ ਹਨ। ਠੀਕ ਇਸੇ ਤਰ੍ਹਾਂ ਇੱਕ ਸ਼ਬਦ ਦੇ ਕਈ ਅਰਥ ਹੋ ਸਕਦੇ ਹਨ। ਮੌਕੇ ਮੁਤਾਬਿਕ ਅਤੇ ਕਹਿਣ ਦੇ ਅੰਦਾਜ਼ ਨਾਲ ਵੀ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ ਵਧੀਆ ਜਿਊਣ ਦਾ ਸਲੀਕਾ ਇਹ ਕਹਿੰਦਾ ਹੈ ਕਿ ਆਪਣੇ ਪਰਿਵਾਰ ਨੂੰ ਵਕਤ ਦਿਉ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝੋ ਤੇ ਉਨ੍ਹਾਂ ਦੇ ਜਜ਼ਬਾਤਾਂ ਦੀ ਕਦਰ ਕਰੋ ।

    ਕਹਿਣ ਨੂੰ ਮਹਿਜ਼ ਤਿੰਨ ਅੱਖਰਾਂ ਦਾ ਸ਼ਬਦ ਹੈ ‘ਸਲੀਕਾ’। ਪਰ ਇਸ ਦੇ ਅਰਥ ਬੜੇ ਡੂੰਘੇ ਤੇ ਮਾਅਨੇ ਭਰਪੂਰ ਹਨ। ਸਲੀਕਾ ਜਿਸ ਦਾ ਸੁਖਾਲਾ ਅਰਬ ਜਾਂ ਮਤਲਬ ਹੈ ਕਿ ਢੰਗ-ਤਰੀਕਾ। ਇਹ ਢੰਗ, ਤਰੀਕਾ ਬੇਸ਼ੱਕ ਕਿਸੇ ਚੀਜ ਦਾ ਵੀ ਹੋਵੇ। ਰਹਿਣ-ਸਹਿਣ, ਖਾਣ-ਪੀਣ ਜਾਂ ਉੁੱਠਣ-ਬਹਿਣ ਆਦਿ ਦਾ। ਪੁਰਾਣੇ ਵਕਤਾਂ ’ਚ ਜਦੋਂ ਕੋਈ ਵੀ ਵਿਅਕਤੀ ਵਾਹਯਾਤੀ ਬਿਨਾਂ ਸੋਚੇ-ਸਮਝੇ ਬੋਲਦਾ ਤਾਂ ਅਕਸਰ ਕਿਹਾ ਜਾਂਦਾ ਸੀ, ਇਸ ਬੰਦੇ ਨੂੰ ਬਿਲਕੁਲ ਵੀ ਗੱਲ ਕਰਨ ਦਾ ਸਲੀਕਾ ਨਹੀਂ ਹੈ ਕਿ ਕਿਸੇ ਬੰਦੇ ਨਾਲ ਕਿਵੇਂ ਗੱਲ ਕਰਨੀ ਹੈ ਜਾਂ ਨਹੀਂ ਕਰਨੀ ਜਿਸ ਦਾ ਮਤਲਬ ਸਾਫ਼ ਹੁੰਦਾ ਸੀ ਕੀ ਇਸ ਬੰਦੇ ਨੂੰ ਸੱਭਿਆਚਾਰਕ ਢੰਗ ਨਾਲ ਗੱਲ ਕਰਨ ਦਾ ਪਤਾ ਨਹੀਂ। ਕਈ ਵਾਰ ਬੋਲਣ ਦਾ ਸਲੀਕਾ ਨਾ ਹੋਣ ਦੀ ਘਾਟ ਹੀ ਦੋ ਬੰਦਿਆਂ ’ਚ ਆਪਸੀ ਵਿਵਾਦ ਦੀ ਵਜ੍ਹਾ ਬਣ ਜਾਂਦਾ ਹੈ ਤੇ ਨਿੱਕੀ ਜਿੰਨੀ ਗਲਤੀ ਇਨਸਾਨ ’ਚ ਕੋਹਾਂ ਦੂਰੀਆਂ ਬਣਾ ਦਿੰਦੀ ਹੈ। ਸੋ ਹਰ ਵਿਅਕਤੀ ਨੂੰ ਸੱਭਿਆਚਾਰਕ ਸਮਾਜ ’ਚ ਰਹਿੰਦਿਆਂ ਨਿਯਮਾਂ ’ਚ ਬੱਝ ਕੇ ਹੀ ਕਾਰ-ਵਿਹਾਰ ਕਰਨ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ ਤਾਂ ਜੋ ਸਲੀਕੇ ਦੀ ਬਿਹਤਰ ਮਿਸਾਲ ਪੇਸ਼ ਕੀਤੀ ਜਾ ਸਕੇ।

    ਇਸੇ ਤਰ੍ਹਾਂ ਜਦੋਂ ਕਿਸੇ ਨੇ ਕੱਪੜੇ ਸਹੀ ਢੰਗ ਦੇ ਨਾ ਪਾਏ ਹੋਣ ਤਾਂ ਵੀ ਆਖਿਆ ਜਾਂਦਾ ਹੈ ਕਿ ਇਸ ਬੰਦੇ ਨੂੰ ਕੱਪੜੇ ਪਾਉਣ ਦਾ ਭੋਰਾ ਸਲੀਕਾ ਨਹੀਂ ਹੈ। ਜਿਸ ਕਰਕੇ ਉਹ ਵਿਅਕਤੀ ਦੂਜਿਆਂ ਦੀ ਅਲੋਚਨਾ ਦਾ ਪਾਤਰ ਬਣਦਾ ਹੈ। ਕਈ ਵਾਰ ਤਾਂ ਉਸ ਬੰਦੇ ਨੂੰ ਇਸ ਗੱਲ ਵਾਸਤੇ ਟੋਕ -ਟਕਈਆ ਵੀ ਕੀਤਾ ਜਾਂਦਾ ਤੇ ਕਿਹਾ ਜਾਂਦਾ ਕਿ ਤੈਨੂੰ ਕੱਪੜੇ ਪਾਉਣ ਦੀ ਜ਼ਰਾ ਅਕਲ ਨਹੀਂ। ਇਸੇ ਕਰਕੇ ਪੁਰਾਣੇ ਵਕਤਾਂ ’ਚ ਖੁਸ਼ੀ-ਗਮੀ ’ਤੇ ਕੱਪੜੇ ਪਾਉਣ ਸਮੇਂ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਸੀ ਤੇ ਵਿਆਹ ਵਗੈਰਾ ’ਤੇ ਗੂੜੇ੍ਹ ਤੇ ਮਰਗ ਵੇਲੇ ਫਿੱਕੇ ਜਾਂ ਚਿੱਟੇ ਰੰਗ ਦੇ ਕੱਪੜੇ ਹੀ ਪਾਏ ਜਾਂਦੇ ਹਨ। ਜੋ ਬੰਦੇ ਦੇ ਪਹਿਰਾਵੇ ਦੇ ਸਲੀਕੇ ਦੀ ਨਿਸ਼ਾਨੀ ਹੁੰਦੇ ਸਨ। ਇਸ ਤੋਂ ਬਿਨਾ ਉੁੱਠਣ, ਬਹਿਣ ਤੇ ਖਲੋਣ ਦਾ ਸਲੀਕਾ ਨਾ ਹੋਣ ’ਤੇ ਆਪਣੇ ਬਜੁਰਗ ਅਕਸਰ ਕਹਿ ਦਿਆ ਕਰਦੇ ਸਨ ਕਿ ਇਸ ਨੂੰ ਬਿਲਕੁਲ ਵੀ ਸਲੀਕਾ ਨਹੀਂ ਹੈ ਕਿ ਕਿਵੇਂ ਕਿਤੇ ਉੁੁਠਣਾ-ਬਹਿਣਾ ਹੈ।

    ਬਹੁਤ ਵਾਰ ਵੇਖਿਆ ਜਾਂਦਾ ਹੈ ਕਿ ਬਹਿਣ-ਉੱਠਣ ਦਾ ਤਰੀਕਾ-ਸਲੀਕਾ, ਮਤਲਬ ਬੰਦੇ ਦੀ ਬਾਡੀ ਲੈਂਗੂਏਜ ਹੀ ਦੱਸ ਦਿੰਦੀ ਹੈ ਕਿ ਉਸ ਬੰਦੇ ਨੂੰ ਸਮਾਜ ’ਚ ਵਿਚਰਣ ਦੀ ਕਿੰਨੀ ਕੁ ਲਿਆਕਤ ਹੈ ਜਾਂ ਉਹ ਕਿੰਨੇ ਕੁ ਸੰਸਕਾਰਾਂ ਦਾ ਧਾਰਨੀ ਹੈ। ਇਹ ਬਹੁਤੇ ਬੰਦਿਆਂ ਦੇ ਉੱਠਣ-ਬਹਿਣ ਤੋਂ ਹੀ ਪਤਾ ਲੱਗ ਜਾਂਦਾ ਹੈ। ਸਿਆਣੇ ਤਾਂ ਬੰਦੇ ਦੇ ਬਹਿਣ-ਖਲੋਣ ਤੋਂ ਹੀ ਪਰਖ ਲੈਂਦੇ ਹਨ ਕਿ ਉਹ ਕੀ ਗੱਲ ਕਰਦੇ ਹੋਣਗੇ ਜਾਂ ਇੱਕ ਬੰਦਾ ਦੂਜੇ ਬੰਦੇ ਨਾਲ ਕੀ ਗੱਲ ਕਰਦਾ ਹੋ ਸਕਦਾ ਹੈ? ਬੰਦੇ ਦੇ ਹਾਵ-ਭਾਵ ਤੇ ਬਾਡੀ ਲੈਂਗੂਏਜ ਉਸ ਦੇ ਸਲੀਕੇ ਨੂੰ ਦਰਸਾਉਣ ਵਾਲੇ ਦੋ ਮਹੱਤਵਪੂਰਨ ਪੱਖ ਹਨ।

    ਇਸ ਤੋਂ ਬਿਨਾਂ ਕਿਸੇ ਬੰਦੇ ਨੂੰ ਖਾਣ-ਪੀਣ ਦਾ ਚੱਜ ਨਾ ਹੋਣ ਦੀ ਸੂਰਤ ’ਚ ਵੀ ਇਨ੍ਹਾਂ ਤਿੰਨ ਅੱਖਰਾਂ ਵਾਲੇ ਸ਼ਬਦ ਦੀ ਵਰਤੋਂ ਅਕਸਰ ਕੀਤੀ ਜਾਂਦੀ ਸੀ। ਵਿਆਹਾਂ ਤੇ ਹੋਰ ਸਮਾਗਮਾਂ ’ਤੇ ਵੀ ਇਹ ਆਮ ਵੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਵਿਅਕਤੀ ਖਾਣੇ ਦੀ ਪਲੇਟ ਉੱਤੋਂ ਤੱਕ ਭਰ ਲੈਣਗੇ। ਖਾਣ ਵਾਲਾ ਸਾਮਾਨ ਥੋੜ੍ਹਾ ਪਾਉਣ ਦੀ ਬਜਾਏ ਇੱਕੋ ਵਾਰ ਸਾਰਾ ਸਾਮਾਨ ਪਲੇਟ ’ਚ ਇੱਕਠਾ ਪਾ ਲੈਣਗੇ। ਜੋ ਖਾਣਾ ਖਾਣ ਦਾ ਸਲੀਕਾ ਨਹੀਂ। ਹਮੇਸ਼ਾਂ ਪਲੇਟ ’ਚ ਖਾਣ ਵਾਲਾ ਸਾਮਾਨ ਥੋੜ੍ਹਾ ਪਾਓ। ਜੋ ਵੇਖਣ ਵਾਲੇ ਨੂੰ ਵੀ ਚੰਗਾ ਲੱਗੇ, ਨਾ ਕਿ ਪਲੇਟ ਨੂੰ ਉੱਤੋਂ ਤੱਕ ਤੁੰਨ ਕੇ ਭਰਨ ਉਪਰੰਤ ਖਾਣਾ ਸ਼ੁਰੂ ਕਰੋ। ਜੋ ਸਲੀਕਾ ਨਾ ਹੋਣ ਦੇ ਢੰਗ ਦਾ ਪ੍ਰਗਟਾਵਾ ਕਰਦਾ ਹੋਵੇ।

    ਇਸ ਕਰਕੇ ਬੇਸ਼ੱਕ ਸਲੀਕਾ ਸ਼ਬਦ ਸਿਰਫ ਤਿੰਨ ਅੱਖਰਾਂ ਦਾ ਸ਼ਬਦ ਹੀ ਹੈ। ਪਰ ਇਸ ਦੇ ਅਰਥ ਬੜੇ ਡੂੰਘੇ ਤੇ ਗਹਿਰੇ ਭਾਵ ਰੱਖਦੇ ਹਨ। ਜੋ ਹਰ ਇਨਸਾਨ ਦੀ ਸੱਭਿਆਚਾਰਕ ਜਿੰਦਗੀ ਦਾ ਹਿੱਸਾ ਹੋਣੇ ਲਾਜ਼ਮੀ ਹਨ। ਜਿਨ੍ਹਾਂ ਤੋਂ ਬਿਨਾ ਕਿਸੇ ਵੀ ਬੰਦੇ ਦੀ ਸਫ਼ਲ ਜ਼ਿੰਦਗੀ ਇੱਕ ਅਧੂਰੀ ਕਹਾਣੀ ਵਾਂਗ ਜਾਪਦੀ ਹੈ।

    ਲੈਕਚਰਾਰ ਅਜੀਤ ਖੰਨਾ
    ਕਿਸ਼ੋਰੀ ਲਾਲ ਜੇਠੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖੰਨਾ, ਲੁਧਿਆਣਾ
    ਮੋ. 70095-29004

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।