ਇੰਟਰਨੈੱਟ ਤੋਂ ਬਿਨਾਂ ਅਧੂਰੀ ਹੈ ਜ਼ਿੰਦਗੀ
1972 ਵਿਚ ਇਲੈਕਟ੍ਰਾਨਿਕ ਮੇਲ (ਈ-ਮੇਲ) ਦੀ ਸ਼ੁਰੂਆਤ ਹੋਈ। ਰੇ ਟੌਮਲਿੰਸਨ ਨੇ ਈ-ਮੇਲ ਦੀ ਖੋਜ ਕੀਤੀ ਸੀ। 1985 ’ਚ ਅਮਰੀਕਾ ਦੀ ਨੈਸ਼ਨਲ ਸਾਇੰਸ ਫਾਊਂਡੇਸ਼ਨ (ਐੱਨਐੱਸਐੱਫ) ਨੇ ਐੱਨਐੱਸਐੱਫਨੈੱਟ ਬਣਾਇਆ। ਇਹ ਅਪ੍ਰਾਨੈਟ ਤੋਂ ਵੀ ਕਈ ਗੁਣਾਂ ਵੱਡਾ ਨੈੱਟਵਰਕ ਸੀ। ਹਜ਼ਾਰਾਂ ਕੰਪਿਊਟਰਾਂ ਨੂੰ ਇਸ ਨਾਲ ਜੋੜਿਆ ਗਿਆ। ਇਸ ਦਾ ਮਕਸਦ ਵੀ ਅਮਰੀਕਾ ’ਚ ਐਡਵਾਂਸਡ ਰਿਸਰਚ ਤੇ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਸੀ। ਵਰਲਡ ਵਾਈਡ ਵੈੱਬ ਦੀ ਖੋਜ ਤੋਂ 9 ਸਾਲ ਬਾਅਦ 1998 ’ਚ ਗੂਗਲ ਦੇ ਆਉਣ ਨਾਲ ਇੰਟਰਨੈੱਟ ਦੀ ਪੂਰੀ ਕਹਾਣੀ ਹੀ ਬਦਲ ਗਈ।
ਸਰਚ ਇੰਜਣ ਗੂਗਲ ਨੇ ਇੰਟਰਨੈੱਟ ਨੂੰ ਤੇਜ਼ੀ ਨਾਲ ਲੋਕਾਂ ਨਾਲ ਜੋੜਿਆ। ਅੱਜ ਦੁਨੀਆ ਨੂੰ ਇੱਕ ਗਲੋਬਲ ਪਿੰਡ ਵਜੋਂ ਜਾਣਿਆ ਜਾਂਦਾ ਹੈ, ਇਹ ਪਰਿਭਾਸਾ ਇੰਟਰਨੈੱਟ ਦੀ ਮਹੱਤਤਾ ਨੂੰ ਆਪ-ਮੁਹਾਰੇ ਸਪੱਸ਼ਟ ਕਰਦੀ ਹੈ ਜਦੋਂ ਇੱਕ ਬਟਨ ਦੇ ਕਲਿੱਕ ਨਾਲ ਵਿਸ਼ਵ-ਵਿਆਪੀ ਵਿਅਕਤੀਆਂ ਨੂੰ ਜੋੜਨ ਦੀ ਗੱਲ ਆਉਂਦੀ ਹੈ, ਕੀ ਤੁਸੀਂ ਇੰਟਰਨੈੱਟ ਕੁਨੈਕਸ਼ਨ ਤੋਂ ਬਿਨਾਂ ਆਪਣੀ ਜ਼ਿੰਦਗੀ ਦੀ ਕਲਪਨਾ ਕਰ ਸਕਦੇ ਹੋ? ਮੈਨੂੰ ਲੱਗਦਾ, ਨਹੀਂ।
ਵਰਤਮਾਨ ਸਮੇਂ ਹਰ ਸਰਵਿਸ ਨਾਲ ਈ ਸ਼ਬਦ ਜੁੜ ਰਿਹਾ ਹੈ। ‘ਈ’ ਤੋਂ ਭਾਵ ਇਲੈਕਟ੍ਰਾਨਿਕ ਹੈ, ਭਾਵ ਇੰਟਰਨੈੱਟ ਉੱਪਰ ਮਿਲਣ ਵਾਲੀ ਸੇਵਾ। ਇਨ੍ਹਾਂ ਸਾਰੀਆਂ ਬਹੁਪੱਖੀ ਸੇਵਾਵਾਂ ਦੇ ਮੱਦੇਨਜ਼ਰ ਕੌਮਾਂਤਰੀ ਇੰਟਰਨੈੱਟ ਦਿਵਸ ਪੂਰੀ ਦੁਨੀਆ ਵਿੱਚ 29 ਅਕਤੂਬਰ ਨੂੰ ਹਰ ਸਾਲ ਬੜੀ ਹੀ ਸ਼ਿੱਦਤ ਨਾਲ ਮਨਾਇਆ ਜਾਂਦਾ ਹੈ, ਕਿਉਂਕਿ ਇਸ ਦਿਨ ਹੀ ਕੰਪਿਊਟਰ ਨੈੱਟਵਰਕ ਉੱਪਰ ਪਹਿਲਾ ਸੁਨੇਹਾ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਉੱਪਰ ਭੇਜਿਆ ਗਿਆ ਸੀ। ਸਾਲ 2005 ਤੋਂ ਇਸ ਦਿਨ ਨੂੰ ਉਸ ਮਹਾਨ ਕਾਢ ਨੂੰ ਯਾਦ ਕਰਨ ਲਈ ਮਨਾਇਆ ਜਾਂਦਾ ਹੈ ਜਿਸ ਨੇ ਸੂਚਨਾ ਤਕਨੀਕ ਦੇ ਖੇਤਰ ਵਿੱਚ ਬਹੁਤ ਹੀ ਹੈਰਾਨੀਜਨਕ ਕ੍ਰਾਂਤੀ ਲਿਆਂਦੀ।
ਇਹ ਸਾਲਾਂਬੱਧੀ ਇਸ ਖੇਤਰ ਨਾਲ ਜੁੜੇ ਵਿਗਿਆਨੀਆਂ ਦੀ ਸਖ਼ਤ ਘਾਲਣਾ ਅਤੇ ਮਿਹਨਤ ਦਾ ਹੀ ਸਿੱਟਾ ਹੈ। ਇੰਟਰਨੈੱਟ ਦੀ ਬਦੌਲਤ ਮਨੁੱਖ ਨੇ ਕਈ ਸਾਲਾਂ ਦਾ ਸਫ਼ਰ ਕੁੱਝ ਘੰਟਿਆਂ ਵਿੱਚ ਤੈਅ ਕੀਤਾ ਹੈ। ਕਈ ਵਾਰ ਇੰਟਰਨੈੱਟ ਅਤੇ (ਵਰਲਡ ਵਾਈਡ ਵੈੱਬ) ਨੂੰ ਇੱਕੋ ਹੀ ਟਰਮ ਸਮਝ ਲਿਆ ਜਾਂਦਾ ਹੈ ਪਰ ਅਸਲੀਅਤ ਵਿੱਚ ਇਹ ਦੋ ਵੱਖ-ਵੱਖ ਕੰਪਿਊਟਰ ਟਰਮ ਹਨ। ਇੰਟਰਨੈੱਟ ਨੈੱਟਵਰਕ ਦਾ ਇੱਕ ਗਲੋਬਲ ਨੈੱਟਵਰਕ ਹੈ ਜਦੋਂ ਕਿ ਵੈੱਬ, ਜਿਸ ਨੂੰ ਰਸਮੀ ਤੌਰ ’ਤੇ ਵਰਲਡ ਵਾਈਡ ਵੈੱਬ ਵੀ ਕਿਹਾ ਜਾਂਦਾ ਹੈ, ਜਾਣਕਾਰੀ ਦਾ ਸੰਗ੍ਰਹਿ ਹੈ, ਜਿਸ ਦੀ ਵਰਤੋਂ ਇੰਟਰਨੈੱਟ ਰਾਹੀਂ ਕੀਤੀ ਜਾਂਦੀ ਹੈ। ਅਸੀਂ ਇੰਟਰਨੈੱਟ ਨੂੰ ਹਾਰਡਵੇਅਰ ਅਤੇ ਵੈੱਬ ਨੂੰ ਸਾਫ਼ਟਵੇਅਰ ਵਜੋਂ ਸੋਚ ਸਕਦੇ ਹਾਂ।
ਵਰਲਡ ਵਾਈਡ ਵੈੱਬ ਇੱਕ ਅਜਿਹਾ ਸਿਸਟਮ ਹੈ, ਜਿਸ ਦੀ ਵਰਤੋਂ ਅਸੀਂ ਇੰਟਰਨੈੱਟ ਤੱਕ ਪਹੁੰਚਣ ਲਈ ਕਰਦੇ ਹਾਂ। ਅਸੀਂ ਆਮ ਤੌਰ ’ਤੇ ਮਾਈਕ੍ਰੋਸਾਫਟ ਐਜ, ਗੂਗਲ ਕਰੋਮ, ਐਪਲ ਸਫਾਰੀ ਅਤੇ ਮੋਜ਼ੀਲਾ ਫਾਇਰਫੌਕਸ ਵਰਗੇ ਬ੍ਰਾਊਜ਼ਰ ਦੁਆਰਾ ਵੈੱਬ ਤੱਕ ਪਹੁੰਚ ਕਰਦੇ ਹਾਂ। ਇਨ੍ਹਾਂ ਦੀ ਵਰਤੋਂ ਕਰਕੇ, ਤੁਸੀਂ ਵੱਖੋ-ਵੱਖਰੀਆਂ ਵੈੱਬਸਾਈਟਾਂ ’ਤੇ ਜਾ ਸਕਦੇ ਹੋ ਅਤੇ ਹੋਰ ਆਨਲਾਈਨ ਸਮੱਗਰੀ ਨੂੰ ਦੇਖ ਸਕਦੇ ਹੋ।
ਇੰਟਰਨੈੱਟ ਦੇ ਜਿਸ ਰੂਪ ਦੀ ਵਰਤੋਂ ਆਮ ਵਰਤੋਂਕਾਰ ਕਰਦਾ ਹੈ ਉਸ ਨੂੰ ‘ਸਰਫੇਸ ਇੰਟਰਨੈੱਟ’ (ਵਿਜ਼ੀਬਲ ਵੈਬ, ਇੰਡੈਕਸਡ ਵੈਬ ਅਤੇ ਕਲੀਅਰਨੈੱਟ ਵੀ ਕਿਹਾ ਜਾਂਦਾ ਹੈ) ਅਤੇ ਇਹ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਹ ਪੂਰੇ ਇੰਟਰਨੈੱਟ ਦਾ ਬਹੁਤ ਛੋਟਾ ਜਿਹਾ ਹਿੱਸਾ ਹੈ। ਇਸ ਦੇ ਦੋ ਵੱਡੇ ਰੂਪ ‘ਡੀਪ ਵੈੱਬ’ ਅਤੇ ‘ਡਾਰਕ ਵੈੱਬ’ ਹਨ। ਡੀਪ ਵੈੱਬ (ਲੁਕਿਆ ਹੋਇਆ ਇੰਟਰਨੈੱਟ) ਅਤੇ ਡਾਰਕਨੈੱਟ (ਅਦਿੱਖ ਇੰਟਰਨੈੱਟ ਜਾਂ ਅਦਿੱਖ ਵੈੱਬ) ਵਰਲਡ ਵਾਈਡ ਵੈੱਬ ਦੇ ਉਹ ਹਿੱਸੇ ਹਨ, ਜਿਨ੍ਹਾਂ ਦੀ ਸਮੱਗਰੀ ਨੂੰ ਸਟੈਂਡਰਡ ਵੈੱਬ ਸਰਚ ਇੰਜਨਾਂ ਦੁਆਰਾ ਇੰਡੈਕਸ ਨਹੀਂ ਕੀਤਾ ਜਾਂਦਾ ਹੈ। ‘ਡਾਰਕ ਵੈੱਬ’ ਐਨਕਿ੍ਰਪਟਡ ਆਨਲਾਈਨ ਸਮੱਗਰੀ ਦਾ ਉਹ ਵੱਡਾ ਭਾਗ ਹੈ, ਜੋ ਰਵਾਇਤੀ ਸਰਚ ਇੰਜਨਾਂ ਦੁਆਰਾ ਸੂਚੀਬੱਧ ਨਹੀਂ ਹੁੰਦਾ।
ਇਸ ਨੂੰ ਡਾਰਕਨੈੱਟ ਵਜੋਂ ਜਾਣਿਆ ਜਾਂਦਾ ਹੈ, ‘ਟੌਰ’ ਵਰਗੇ ਖ਼ਾਸ ਬ੍ਰਾਊਜ਼ਰ ਦੀ ਵਰਤੋਂ ਕਰਕੇ ਡਾਰਕ ਵੈੱਬ ਸਾਈਟਾਂ ਤੱਕ ਪਹੁੰਚ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ ਵਿੱਚ ਗੈਰਕਾਨੂੰਨੀ ਲੈਣ-ਦੇਣ, ਨਸ਼ਿਆਂ ਲਈ ਆਨਲਾਈਨ ਮਾਰਕੀਟ ਪਲੇਸ, ਚੋਰੀ ਹੋਏ ਵਿੱਤੀ ਅਤੇ ਪ੍ਰਾਈਵੇਟ ਡਾਟਾ ਦਾ ਆਦਾਨ-ਪ੍ਰਦਾਨ ਅਤੇ ਹੋਰ ਗੈਰ-ਕਾਨੂੰਨੀ ਸਮੱਗਰੀ ਸ਼ਾਮਲ ਹੁੰਦੀ ਹੈ। ਇੱਥੇ ਇਹ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਡਾਰਕ ਵੈੱਬਸਾਈਟ ਦਾ ਜ਼ਿਕਰ ਸਿਰਫ਼ ਪਾਠਕਾਂ ਨੂੰ ਇੰਟਰਨੈੱਟ ਦੇ ਵੱਡੇ ਰੂਪ ਬਾਰੇ ਸਥਿਤੀ ਸਪੱਸ਼ਟ ਕਰਨਾ ਹੈ ਅਤੇ ਮੈਂ ਡਾਰਕ ਵੈੱਬ ਦੀ ਵਰਤੋਂ ਨਾ ਕਰਨ ਦੀ ਹੀ ਸਲਾਹ ਦੇਵਾਂਗਾ ਕਿਉਂਕਿ ਇਸ ਦੀ ਵਰਤੋਂ ਕਰਕੇ ਕੋਈ ਵੀ ਇੰਟਰਨੈੱਟ ਦੀ ਇਸ ਘੁੱਪ ਹਨ੍ਹੇਰੀ ਦੁਨੀਆ ਵਿੱਚ ਕਿਸੇ ਵੀ ਠੱਗੀ ਜਾਂ ਜ਼ੁਲਮ ਦਾ ਸ਼ਿਕਾਰ ਹੋ ਸਕਦਾ ਹੈ।
ਜਿੱਥੇ ਇੰਟਰਨੈੱਟ ਦੀ ਸਕਾਰਾਤਮਕ ਵਰਤੋਂ ਤੁਹਾਡੇ ਸਾਹਮਣੇ ਗਿਆਨ-ਵਿਗਿਆਨ ਅਤੇ ਹੋਰ ਜਾਣਕਾਰੀ ਦੇ ਵਡਮੁੱਲੇ ਅਣਗਿਣਤ ਰਾਹ ਖੋਲ੍ਹਦੀ ਹੈ, ਉੱਥੇ ਇਸ ਦੀ ਨਕਾਰਾਤਮਕ ਵਰਤੋਂ ਕਿਸੇ ਵੀ ਇਨਸਾਨ ਨੂੰ ਉਸ ਦੀ ਜ਼ਿੰਦਗੀ ਦੇ ਰਾਹਾਂ ਤੋਂ ਭਟਕਾ ਸਕਦੀ ਹੈ। ਅੱਜ ਦੇ ਸਮੇਂ ਇੰਟਰਨੈੱਟ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਜਾਂ ਵਪਾਰ ਦਾ ਧੁਰਾ ਬਣਦਾ ਜਾ ਰਿਹਾ ਹੈ, ‘ਇੰਟਰਨੈੱਟਲਾਈਵਸਟੇਟਸ’ ਨਾਮਕ ਵੈਬਸਾਈਟ ਦੇ ਅੰਕੜਿਆਂ ਅਨੁਸਾਰ ਮੌਜੂਦਾ ਸਮੇਂ ਪੂਰੀ ਦੁਨੀਆਂ ਵਿੱਚ ਇੰਟਰਨੈੱਟ ਯੂਜਰਜ਼ ਦੀ ਗਿਣਤੀ 5 ਕਰੋੜ ਤੋਂ ਵੀ ਜ਼ਿਆਦਾ ਹੈ ਅਤੇ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
ਇੰਟਰਨੈੱਟ ਉੱਪਰ ਤਕਰੀਬਨ 180 ਕਰੋੜ ਤੋਂ ਵੱਧ ਵੈੱਬਸਾਈਟ ਹਨ, ਰੋਜ਼ਾਨਾ 2 ਖਰਬ ਤੋਂ ਵੱਧ ਈ-ਮੇਲ ਭੇਜੀਆਂ ਜਾਂਦੀਆਂ ਹਨ। ਇਹ ਕਹਿਣਾ ਸੱਚਮੁੱਚ ਉਚਿਤ ਹੈ ਕਿ ਇੰਟਰਨੈੱਟ ਤੋਂ ਬਿਨਾਂ ਜ਼ਿੰਦਗੀ ਮੁਸ਼ਕਲ ਹੋਵੇਗੀ ਪਰ ਇੱਕ ਸਿੱਕੇ ਦੇ ਹਮੇਸ਼ਾ ਦੋ ਪਾਸੇ ਹੁੰਦੇ ਹਨ। ਸਾਡੇ ਰੋਜ਼ਾਨਾ ਜੀਵਨ ਤੇ ਇੰਟਰਨੈੱਟ ਦੇ ਪ੍ਰਭਾਵ ਵੀ ਇਹੋ-ਜਿਹੇ ਹਨ, ਇਸ ਲਈ, ਸਿੱਟੇ ਵਜੋਂ, ਇੰਟਰਨੈੱਟ ਦਾ ਵਿਕਾਸ ਇੱਕ ਵਰਦਾਨ ਦੇ ਨਾਲ-ਨਾਲ ਸਾਡੇ ਲਈ ਇੱਕ ਸਰਾਪ ਵੀ ਹੈ।
ਮੌਜੂਦਾ ਸਮੇਂ ਸਾਈਬਰ ਧੋਖਾਧੜੀ, ਅਸ਼ਲੀਲਤਾ, ਗੈਰ-ਕਾਨੂੰਨੀ ਲੈਣ-ਦੇਣ, ਪਾਇਰੇਸੀ, ਹੈਕਿੰਗ, ਨਾਜਾਇਜ਼ ਹਥਿਆਰਾਂ, ਨਸ਼ਾ ਤੇ ਮਨੁੱਖੀ ਤਸਕਰੀ ਵਰਗੇ ਗੈਰ-ਕਾਨੂੰਨੀ ਕੰਮ ਦੇ ਲਈ ਇਸ ਦੀ ਵਰਤੋਂ ਵੱਖ-ਵੱਖ ਦੇਸ਼ਾਂ ਲਈ ਇੱਕ ਵੱਡੀ ਚੁਣੌਤੀ ਬਣ ਗਈ ਹੈ। ਅੱਜ ਦੇ ਇਸ ਸੂਚਨਾ ਤਕਨੀਕ ਦੇ ਯੁੱਗ ਵਿੱਚ ਇਹੀ ਕਿਆਸ ਲਾਏ ਜਾ ਰਹੇ ਹਨ ਕਿ ਹੁਣ ਦੇਸ਼ਾਂ ਦੀ ਆਪਸੀ ਜੰਗ ਸਰਹੱਦਾਂ ਤੋਂ ਬਦਲ ਕੇ ਇੰਟਰਨੈੱਟ ਉੱਪਰ ਆ ਜਾਵੇਗੀ ਅਤੇ ਪਿਛਲੇ ਕੁੱਝ ਸਾਲਾਂ ਤੋਂ ਇਸ ਤਰ੍ਹਾਂ ਦੇ ਘਟਨਾਕ੍ਰਮ ਪੂਰੇ ਸੰਸਾਰ ਵਿੱਚ ਵੇਖਣ-ਸੁਣਨ ਨੂੰ ਵੀ ਮਿਲ ਰਹੇ ਹਨ।
ਇਸ ਦੇ ਨਾਲ ਹੀ ਇੱਕ ਰਿਪੋਰਟ ਅਨੁਸਾਰ ਰੋਜ਼ਾਨਾ ਹੈਕ ਹੋਣ ਵਾਲੀਆਂ ਵੈੱਬਸਾਈਟ ਦੀ ਗਿਣਤੀ 1,89,765 ਹੈ। ਆਨਲਾਈਨ ਗੇਮਿੰਗ, ਸੋਸ਼ਲ ਮੀਡੀਆ, ਅਸ਼ਲੀਲ ਸਾਈਟਾਂ, ਈ-ਗੈਂਬਲਿੰਗ (ਜੂਆ) ਦੀ ਵੱਧ ਵਰਤੋਂ ਵੀ ਮੌਜੂਦਾ ਸਮੇਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਕਈ ਦੇਸ਼ਾਂ ਨੇ ਤਾਂ ਆਪਣੇ ਨਾਗਰਿਕਾਂ ਨੂੰ ਇੰਟਰਨੈੱਟ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਇਲਾਜ ਕੇਂਦਰ ਵੀ ਖੋਲ੍ਹੇ ਹਨ। ਕਿਸੇ ਵੀ ਚੀਜ ਦੀ ਲੋੜ ਤੋਂ ਵੱਧ ਵਰਤੋਂ ਕਰਨਾ ਜਾਂ ਗਲਤ ਵਰਤੋਂ ਕਰਨਾ ਨੁਕਸਾਨਦਾਇਕ ਹੁੰਦਾ ਹੈ।
ਲੈਕਚਰਾਰ ਸਰਕਾਰੀ ਜਗਸੀਰ ਸੈਕੰਡਰੀ
ਸਕੂਲ, ਬੋਹਾ, ਬੁਢਲਾਡਾ
ਡਾ. ਵਨੀਤ ਕੁਮਾਰ ਸਿੰਗਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ