ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Medicine Busi...

    Medicine Business: ਦਵਾਈ ਕਾਰੋਬਾਰ ਦੀ ਅਨੈਤਿਕਤਾ ਨਾਲ ਵਧਦਾ ਜੀਵਨ ਸੰਕਟ

    Antibiotics

    Medicine Business: ਕੇਂਦਰੀ ਔਸ਼ਧੀ ਮਾਨਕ ਨਿਯੰਤਰਣ ਸੰਗਠਨ (ਸੀਡੀਐੱਸਸੀਓ) ਨੇ ਦਵਾਈਆਂ ਦੇ ਕੁਆਲਿਟੀ ਟੈਸਟ ’ਚ 53 ਦਵਾਈਆਂ ਨੂੰ ਫੇਲ੍ਹ ਕਰ ਦਿੱਤਾ ਹੈ। ਉਨ੍ਹਾਂ ’ਚ ਕਈ ਦਵਾਈਆਂ ਦੀ ਕੁਆਲਿਟੀ ਖਰਾਬ ਹੈ ਤਾਂ ਉੱਥੇ ਦੂਜੇ ਪਾਸੇ ਬਹੁਤ ਸਾਰੀਆਂ ਦਵਾਈਆਂ ਨਕਲੀ ਵੀ ਵਿੱਕ ਰਹੀਆਂ ਹਨ। ਇਨ੍ਹਾਂ ਦਵਾਈਆਂ ’ਚ ਬੀਪੀ ਡਾਇਬਿਟੀਜ਼, ਐਸਿਡ ਰਿਫਲੈਕਸ ਅਤੇ ਵਿਟਾਮਿਨ ਦੀਆਂ ਕੁਝ ਦਵਾਈਆਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸੀਡੀਐੱਸਸੀਓ ਨੇ ਜਿਹੜੀਆਂ ਦਵਾਈਆਂ ਨੂੰ ਗੁਣਵੱਤਾ ’ਚ ਫੇਲ੍ਹ ਕੀਤਾ ਹੈ, ਉਨ੍ਹਾਂ ’ਚ ਬੁਖਾਰ ਲਾਹੁਣ ਵਾਲੀ ਪੈਰਾਸੀਟਾਮੋਲ, ਪੇਨ ਕਿੱਲਰ ਡਿਕਲੋਫੇਨੇਕ, ਐਂਟੀਫੰਗਲ ਮੈਡੀਸਨ ਫਲੁਕੋਨਾਜੋਲ ਵਰਗੀਆਂ ਦੇਸ਼ ਦੀਆਂ ਕਈ ਵੱਡੀਆਂ ਫਾਰਮਾਸਿਊਟੀਕਲਸ ਕੰਪਨੀਆਂ ਦੀਆਂ ਦਵਾਈਆਂ ਵੀ ਸ਼ਾਮਲ ਹਨ ਅਤੇ ਇਨ੍ਹਾਂ ਨੂੰ ਸਿਹਤ ਲਈ ਨੁਕਸਾਨਦੇਹ ਵੀ ਦੱਸਿਆ ਗਿਆ ਹੈ। ਨਿਸ਼ਚਿਤ ਹੀ ਇਹ ਖ਼ਬਰ ਪ੍ਰੇਸ਼ਾਨੀ ਅਤੇ ਚਿੰਤਾ ’ਚ ਪਾਉਣ ਵਾਲੀ ਹੈ।

    ਕਿਹੋ-ਜਿਹੀ ਵਿਡੰਬਨਾ ਹੈ ਕਿ ਕਾਫੀ ਸਮੇਂ ਤੋਂ ਸਰਕਾਰਾਂ ਦੇ ਨੱਕ ਹੇਠ ਇਹ ਦਵਾਈਆਂ ਧੜੱਲੇ ਨਾਲ ਵਿਕਦੀਆਂ ਰਹੀਆਂ ਹਨ। ਗੁਣਵੱਤਾ ਦੇ ਮਾਪਦੰਡਾਂ ’ਤੇ ਖਰੀਆਂ ਨਾ ਉੁਤਰਨ ਵਾਲੀਆਂ ਦਵਾਈਆਂ ਦੀ ਸੂਚੀ ਜਾਰੀ ਹੋਣ ਨਾਲ ਉਨ੍ਹਾਂ ਮਰੀਜ਼ਾਂ ਦੀ ਸਿਹਤ ਸੁਰੱਖਿਆ ਸਬੰਧੀ ਚਿੰਤਾਵਾਂ ਵਧ ਗਈਆਂ ਹਨ, ਜੋ ਇਨ੍ਹਾਂ ਦਵਾਈਆਂ ਦੀ ਵਰਤੋਂ ਕਰ ਰਹੇ ਸਨ। ਮਾੜੀ ਕਿਸਮਤ ਨੂੰ ਇਸ ਸੂਚੀ ’ਚ ਹਾਈਪਰਟੈਨਸ਼ਨ, ਡਾਇਬਿਟੀਜ਼, ਕੈਲਸ਼ੀਅਮ ਸਪਲੀਮੈਂਟਸ, ਵਿਟਾਮਿਨ-ਡੀ3 ਸਪਲੀਮੈਂਟਸ, ਵਿਟਾਮਿਨ ਬੀ ਕੰਪਲੈਕਸ, ਵਿਟਾਮਿਨ-ਸੀ, ਐਂਟੀ ਐਸਿਡ, ਐਂਟੀ ਫੰਗਲ, ਸਾਹ ਦੀਆਂ ਬਿਮਾਰੀ ਰੋਕਣ ਵਾਲੀਆਂ ਦਵਾਈਆਂ ਵੀ ਸ਼ਮਾਲ ਹਨ। ਇਸ ’ਚ ਦੌਰੇ ਅਤੇ ਡਿਪਰੈਸ਼ਨ ਦਾ ਇਲਾਜ ਕਰਨ ਵਾਲੀਆਂ ਦਵਾਈਆਂ ਵੀ ਸ਼ਾਮਲ ਹਨ। ਇਹ ਦਵਾਈਆਂ ਵੱਡੀਆਂ ਕੰਪਨੀਆਂ ਵੱਲੋਂ ਵੀ ਬਣਦੀਆਂ ਹਨ।

    Medicine Business

    ਰੋਗੀ ਇਸ ਉਮੀਦ ’ਚ ਦਵਾਈ ਲੈਂਦੇ ਹਨ ਕਿ ਇਸ ਨਾਲ ਉਨ੍ਹਾਂ ਦੀ ਬਿਮਾਰੀ ਠੀਕ ਹੋਵੇਗੀ। ਪਰ ਇਹ ਪਤਾ ਲੱਗੇ ਕਿ ਜਿਹੜੀਆਂ ਦਵਾਈਆਂ ਦਾ ਉਹ ਸੇਵਨ ਕਰ ਰਹੇ ਹਨ ਉਹ ਦਵਾਈ ਨਹੀਂ ਸਗੋਂ ਜ਼ਹਿਰ ਦੇ ਰੂਪ ’ਚ ਬਜ਼ਾਰ ’ਚ ਆ ਗਈਆਂ ਹਨ ਤਾਂ ਕੀ ਬੀਤੇਗੀ? ਹਿੰਦੁਸਤਾਨ ਵਿਚ ਅੱਜ ਲੱਖਾਂ ਲੋਕਾਂ ਨੂੰ ਇਹ ਦਵਾਈਆਂ ਜੀਵਨ-ਰੱਖਿਆ ਨਹੀਂ ਦੇ ਰਹੀਆਂ ਹਨ ਸਗੋਂ ਮਾਰ ਰਹੀਆਂ ਹਨ, ਇਨਸਾਨ ਦਾ ਲੋਭ ਅਤੇ ਲਾਲਚ ਇਨਸਾਨ ਨੂੰ ਮਾਰ ਰਿਹਾ ਹੈ। ਅਜਿਹੇ ਸਵਾਰਥੀ ਲੋਕਾਂ ਅਤੇ ਜੀਵਨ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਰਾਖਸ਼, ਅਸੁਰ ਜਾਂ ਦੈਂਤ ਕਿਹਾ ਗਿਆ ਹੈ, ਜੋ ਸਮਾਜ ਅਤੇ ਰਾਸ਼ਟਰ ’ਚ ਤਰ੍ਹਾਂ-ਤਰ੍ਹਾਂ ਨਾਲ ਸਿਹਤ ਸੁਰੱਖਿਆ ਦੇ ਨਾਂਅ ’ਤੇ ਮੌਤ ਵੰਡ ਰਹੇ ਹਨ। ਗੈਰ-ਮਾਨਕ ਅਤੇ ਗੁਣਵੱਤਾ ’ਚ ਦੋਸ਼ਪੂਰਨ ਪਾਈਆਂ ਗਈਆਂ ਇਨ੍ਹਾਂ ਦਵਾਈਆਂ ’ਚ ਕਈ ਨਾਮੀ ਕੰਪਨੀਆਂ ਦੀਆਂ ਦਵਾਈਆਂ ਵੀ ਸ਼ਾਮਲ ਹਨ।

    Medicine Business

    ਗੈਰ-ਮਾਨਕ ਪਾਈਆਂ ਗਈਆਂ ਦਵਾਈਆਂ ਦੇ ਇਹ ਮਾਮਲੇ ਤਾਂ ਉਦੋਂ ਆਏ ਹਨ ਜਦੋਂ ਪਹਿਲਾਂ ਤੋਂ ਹੀ ਦਵਾਈਆਂ ਦੀ ਗੁਣਵੱਤਾ ਤੈਅ ਕਰਨ ਲਈ ਕਈ ਸਖ਼ਤ ਪ੍ਰਕਿਰਿਆਵਾਂ ਹੁੰਦੀਆਂ ਹਨ। ਇਨ੍ਹਾਂ ’ਚ ਕੱਚੇ ਮਾਲ ਦੀ ਜਾਂਚ ਅਤੇ ਨਿਰਮਾਣ ਪ੍ਰਕਿਰਿਆ ਦਾ ਨਿਰੀਖਣ ਤੱਕ ਸ਼ਾਮਲ ਹੁੰਦਾ ਹੈ। ਇਸ ਦੇ ਬਾਵਜ਼ੂਦ ਨਾਮੀ ਦਵਾਈ ਨਿਰਮਾਤਾ ਕੰਪਨੀਆਂ ਦੇ ਉਤਪਾਦ ਵੀ ਮਾਪਦੰਡਾਂ ’ਤੇ ਖਰੇ ਨਾ ਉੱਤਰਨ ਤਾਂ ਇਹ ਮੰਨਿਆ ਜਾਣਾ ਚਾਹੀਦਾ ਹੈ ਕਿ ਘੱਟ ਲਾਗਤ ’ਚ ਜ਼ਿਆਦਾ ਮੁਨਾਫਾ ਕਮਾਉਣ ਦੇ ਚੱਕਰ ’ਚ ਕੰਪਨੀਆਂ ਨੈਤਿਕਤਾ ਅਤੇ ਮਾਨਵਤਾ ਨੂੰ ਛਿੱਕੇ ਟੰਗਣ ਲੱਗੀਆਂ ਹਨ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਦਵਾਈਆਂ ਗੁਣਵੱਤਾ ਦੇ ਪੈਮਾਨਿਆਂ ’ਤੇ ਖਰੀਆਂ ਨਹੀਂ ਉੱਤਰੀਆਂ ਹਨ। ਦਵਾਈ ਪ੍ਰੀਖਣ ’ਚ ਕਿਸੇ ਵੀ ਪੱਧਰ ’ਤੇ ਲਾਪਰਵਾਹੀ ਮੁਆਫ਼ੀ ਯੋਗ ਨਹੀਂ ਹੈ ਕਿਉਂਕਿ ਦਵਾਈ ਕਾਰੋਬਾਰ ’ਚ ਹੇਰਾਫੇਰੀ ਦੀ ਖੇਡ ਲੋਕਾਂ ਦੀ ਜਾਨ ਦੀ ਦੁਸ਼ਮਣ ਬਣ ਸਕਦੀ ਹੈ।

    ਵਿਡੰਬਨਾ ਦੇਖੋ ਕਿ ਤਾਕਤਵਰ ਅਤੇ ਧਨਾਢ ਵਰਗ ਵੱਲੋਂ ਸੰਚਾਲਿਤ ਇਨ੍ਹਾਂ ਦਵਾਈ ਕੰਪਨੀਆਂ ’ਤੇ ਸੂਬਾ ਸਰਕਾਰਾਂ ਵੀ ਜ਼ਲਦੀ ਹੱਥ ਪਾਉਣ ਤੋਂ ਝਿਜਕਦੀਆਂ ਹਨ। ਜਿਸ ਦੀ ਕੀਮਤ ਆਮ ਲੋਕਾਂ ਨੂੰ ਹੀ ਤਾਰਨੀ ਪੈਂਦੀ ਹੈ । ਮੰਦਭਾਗ ਹੈ ਕਿ ਮਨੁੱਖੀ ਮੁੱਲਾਂ ’ਚ ਇਸ ਹੱਦ ਤੱਕ ਗਿਰਾਵਟ ਆਈ ਹੈ ਕਿ ਲੋਕ ਆਪਣੇ ਮੁਨਾਫੇ ਲਈ ਪੀੜਤ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਤੋਂ ਵੀ ਨਹੀਂ ਝਿਜਕ ਰਹੇ ਹਨ।

    ਦਰਅਸਲ, ਇੱਕ ਹੀ ਗੋਲੀ ਨੂੰ ਕਈ ਦਵਾਈਆਂ ਨਾਲ ਮਿਲਾ ਕੇ ਬਣਾਉਣ ਨੂੰ ਫਿਕਸਡ ਡੋਜ਼ ਕੰਬੀਨੇਸ਼ਨ ਡਰੱਗ ਭਾਵ ਐਫਡੀਸੀ ਕਿਹਾ ਜਾਂਦਾ ਹੈ। ਫਿਲਹਾਲ, ਆਮ ਰੋਗਾਂ ’ਚ ਵਰਤੀਆਂ ਜਾਣ ਵਾਲੀਆਂ ਅਤੇ ਜੀਵਨ ਰੱਖਿਅਕ ਦਵਾਈਆਂ ਦੀ ਗੁਣਵੱਤਾ ’ਚ ਕਮੀ ਦਾ ਪਾਇਆ ਜਾਣਾ, ਮਰੀਜ਼ਾਂ ਦੇ ਜੀਵਨ ਨਾਲ ਖਿਲਵਾੜ ਹੀ ਹੈ। ਜਿਸ ਲਈ ਰੈਗੂਲੇਟਰੀ ਵਿਭਾਗਾਂ ਦੀ ਜਵਾਬਦੇਹੀ ਤੈਅ ਕਰਕੇ ਘਟੀਆ ਦਵਾਈਆਂ ਵੇਚਣ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਅਸਲ ’ਚ ਇਹ ਤਰ੍ਹਾਂ ਦੀ ਰਾਖਸ਼ਸੀ ਸੋਚ ਵਾਲੇ ਲੋਕ ਸਿਰਫ਼ ਆਪਣਾ ਸਵਾਰਥ ਦੇਖਦੇ ਹਨ। ਅਜਿਹੇ ਲੋਕ ਧਨ-ਸੰਪੱਤੀ ਆਦਿ ਜ਼ਰੀਏ ਸਿਰਫ਼ ਆਪਣਾ ਹੀ ਵਿਕਾਸ ਕਰਨਾ ਚਾਹੁੰਦੇ ਹਨ, ਭਾਵੇਂ ਹੀ ਇਸ ਕਾਰਨ ਦੂਜੇ ਲੋਕ ਅਤੇ ਸਮਾਜ ਹੀ ਮੌਤ ਦੇ ਮੂੰਹ ’ਚ ਜਾ ਰਹੇ ਹੋਣ, ਇਹ ਮਨੁੱਖੀ ਸੰਵੇਦਨਾਵਾਂ ਦੇ ਮਰਨ ਦਾ ਸਿਖਰ ਹੈ।

    ਇਹ ਕਿਹੋ-ਜਿਹੀ ਵਿਡੰਬਨਾ ਅਤੇ ਕੁਰੀਤੀਪੂਰਨ ਦੌਰ ਹੈ, ਜਿਸ ਵਿਚ ਜਿਸ ਨੂੰ ਜਿੱਥੇ ਮੌਕਾ ਮਿਲ ਰਿਹਾ ਹੈ, ਉਹ ਲੁੱਟਣ ’ਚ ਲੱਗਾ ਹੋਇਆ ਹੈ, ਇੱਥੇ ਕੋਈ ਵੀ ਵਿਅਕਤੀ ਸਿਰਫ਼ ਉਦੋਂ ਤੱਕ ਹੀ ਇਮਾਨਦਾਰ ਹੈ ਜਦੋਂ ਤੱਕ ਉਸ ਨੂੰ ਚੋਰੀ ਕਰਨ ਜਾਂ ਲੁੱਟਣ ਦਾ ਮੌਕਾ ਨਹੀਂ ਮਿਲਦਾ। ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਕਈ ਥਾਈਂ ਜੀਵਨਰੱਖਿਅਕ ਇੰਜੈਕਸ਼ਨਾਂ ਦੀ ਥਾਂ ਨਕਲੀ ਇੰਜੈਕਸ਼ਨ ਤਿਆਰ ਕਰਨ ਦੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ।

    ਅਸੀਂ ਕਿੰਨੇ ਲਾਲਚੀ ਅਤੇ ਅਣਮਨੁੱਖੀ ਹੋ ਗਏ ਹਾਂ, ਸਾਡੀਆਂ ਸੰਵੇਦਨਾਵਾਂ ਦਾ ਸਰੋਤ ਸੁੱੱਕ ਗਿਆ ਹੈ, ਤਾਂ ਹੀ ਆਪਣਾ ਇਮਾਨ ਵੇਚ ਕੇ ਇੰਜੈਕਸ਼ਨ ’ਚ ਪੈਰਾਸਿਟਾਮੋਲ ਮਿਲਾ ਕੇ ਵੇਚਣ ਲੱਗਦੇ ਹਾਂ, ਅਸੀਂ ਤਾਂ ਆਪਣੀ ਤਿਜ਼ੋਰੀਆਂ ਭਰਨ ਲਈ ਜਿਉਂਦੇ ਇਨਸਾਨਾਂ ਨੂੰ ਹੀ ਕੋਹ ਰਹੇ ਹਾਂ, ਕਿੱਥੇ ਲੈ ਕੇ ਜਾਵਾਂਗੇ ਅਜਿਹੀ ਦੌਲਤ ਜਾਂ ਫਿਰ ਕਿਸ ਲਈ? ਇਹ ਕਿਹੋ-ਜਿਹੀ ਮਨੁੱਖਤਾ ਹੈ? ਦਵਾਈਆਂ ਦੀ ਗੁਣਵੱਤਾ ਨਾਲ ਖਿਲਵਾੜ ਦਵਾਈ ਨਿਰਮਾਤਾ ਕੰਪਨੀਆਂ ਦਾ ਇੱਕ ਘਿਨੌਣਾ, ਕਰੂਰ ਅਤੇ ਅਣਮਨੁੱਖੀ ਚਿਹਰਾ ਹੀ ਹੈ, ਜੋ ਮਨੁੱਖ ਦੀ ਸਿਹਤ ਨੂੰ ਚੌਪਟ ਕਰ ਰਹੇ ਹਨ।

    Medicine Business

    ਇੱਕ ਤਾਂ ਬਿਮਾਰੀਆਂ ਦਾ ਕੋਈ ਕਾਰਗਰ ਇਲਾਜ ਨਹੀਂ ਹੈ, ਦੂਜਾ ਇਨ੍ਹਾਂ ਬਿਮਾਰੀਆਂ ’ਚ ਕੰਮ ਆਉਣ ਵਾਲੀਆਂ ਤਮਾਮ ਜ਼ਰੂਰੀ ਦਵਾਈਆਂ ਨੂੰ ਲਾਲਚੀ ਲੋਕਾਂ ਨੇ ਗੈਰ-ਮਾਨਕ ਅਤੇ ਦੋਸ਼ਪੂਰਨ ਕਰ ਦਿੱਤਾ ਹੈ। ਵਧਦੀਆਂ ਬਿਮਾਰੀਆਂ ਇਨ੍ਹਾਂ ਰਾਖਸ਼ਾਂ ਕਾਰਨ ਹੀ ਬੇਕਾਬੂ ਹੋ ਰਹੀਆਂ ਹਨ। ਸਰਕਾਰਾਂ ਇਨ੍ਹਾਂ ਤਾ੍ਰਸਦ ਸਥਿਤੀਆਂ ਅਤੇ ਬਿਮਾਰੀ ’ਤੇ ਕੰਟਰੋਲ ਕਰਨ ’ਚ ਨਕਾਮ ਸਾਬਤ ਹੋਈਆਂ ਹਨ। ਦੇਸ਼ ਦੇ ਲੱਖਾਂ ਲੋਕ ਸਵਾਲੀਆ ਨਜ਼ਰਾਂ ਨਾਲ ਸ਼ਾਸਨ-ਪ੍ਰਸ਼ਾਸਨ ਵੱਲ ਦੇਖ ਰਹੇ ਹਨ ਕਿ ਕੋਈ ਤਾਂ ਰਾਹ ਨਿੱਕਲੇ।

    Read Also : Government Schemes: ਕਿਸਾਨਾਂ ਦੇ ਖਜ਼ਾਨੇ ਭਰਨ ਲਈ ਸਰਕਾਰ ਨੇ ਲਿਆ ਵੱਡਾ ਫ਼ੈਸਲਾ, ਹੋਵੇਗੀ ਬੱਲੇ! ਬੱਲੇ!

    ਸਰਕਾਰ ਦਾ ਵਿਵਸਥਾ ’ਤੇ ਕੰਟਰੋਲ ਕਮਜ਼ੋਰ ਹੁੰਦਾ ਦਿਸ ਰਿਹਾ ਹੈ। ਆਮ ਆਦਮੀ ਜਾਵੇ ਤਾਂ ਕਿੱਥੇ ਜਾਵੇ? ਸੰਸਾਰ ਨੂੰ ਸ੍ਰੇਸਠ, ਨੈਤਿਕ ਅਤੇ ਮਨੁੱਖੀ ਬਣਨ ਦਾ ਉਪਦੇਸ਼ ਦੇਣ ਵਾਲਾ ਦੇਸ਼ ਅੱਜ ਕਿੱਥੇ ਖੜ੍ਹਾ ਹੈ? ਅੱਜ ਇਨ੍ਹਾਂ ਮੁੱਲਾਂ ਅਤੇ ਸੰਵੇਦਨਾਵਾਂ ਦੀ ਦ੍ਰਿਸ਼ਟੀ ਨਾਲ ਦੇਸ਼ ਕਿੰਨਾ ਖੋਖਲਾ ਅਤੇ ਖਸਤਾ ਹੋ ਗਿਆ ਹੈ। ਅੱਜ ਭੌਤਿਕ ਅਤੇ ਸਵਾਰਥੀ ਮੁੱਲ ਆਪਣੀਆਂ ਜੜ੍ਹਾਂ ਐਨੀ ਡੂੰਘੀਆਂ ਫੈਲਾ ਚੁੱਕੇ ਹਨ ਕਿ ਉਨ੍ਹਾਂ ਨੂੰ ਜੜ੍ਹੋਂ ਪੁੱਟਣਾ ਸੌਖਾ ਨਹੀਂ ਹੈ। ਬਿਨਾਂ ਸ਼ੱਕ ਇਹ ਸੰਕਟ ਜ਼ਲਦੀ ਖਤਮ ਹੋਣ ਵਾਲਾ ਨਹੀਂ ਹੈ। ਅਜਿਹੇ ’ਚ ਸਰਕਾਰਾਂ ਨੂੰ ਦੂਰਗਾਮੀ ਨਤੀਜਿਆਂ ਨੂੰ ਧਿਆਨ ’ਚ ਰੱਖ ਕੇ ਰਣਨੀਤੀ ਬਣਾਉਣੀ ਹੋਵੇਗੀ।

    ਲਲਿਤ ਗਰਗ
    (ਇਹ ਲੇਖਕ ਦੇ ਆਪਣੇ ਵਿਚਾਰ ਹਨ)

    LEAVE A REPLY

    Please enter your comment!
    Please enter your name here