ਜ਼ਿੰਦਗੀ ਅਤੇ ਸੰਘਰਸ਼

ਜ਼ਿੰਦਗੀ ਅਤੇ ਸੰਘਰਸ਼

ਇੱਕ ਵਾਰ ਇੱਕ ਕਿਸਾਨ ਈਸ਼ਵਰ ਨਾਲ ਬਹੁਤ ਨਰਾਜ਼ ਹੋ ਗਿਆ! ਕਦੇ ਹੜ੍ਹ ਆ ਜਾਵੇ, ਕਦੇ ਸੋਕਾ ਪੈ ਜਾਵੇ, ਕਦੇ ਧੁੱਪ ਬਹੁਤ ਤੇਜ ਹੋ ਜਾਵੇ ਤਾਂ ਕਦੇ ਗੜ੍ਹੇ ਪੈ ਜਾਣ! ਹਰ ਵਾਰ ਕੁੱਝ ਨਾ ਕੁੱਝ ਕਾਰਨ ਕਰਕੇ ਉਸਦੀ ਫਸਲ ਥੋੜ੍ਹੀ ਖ਼ਰਾਬ ਹੋ ਜਾਵੇ!
ਇੱਕ ਦਿਨ ਬਹੁਤ ਤੰਗ ਆ ਕੇ ਉਸਨੇ ਈਸ਼ਵਰ ਨੂੰ ਕਿਹਾ, ‘‘ਵੇਖੋ ਪ੍ਰਭੂ, ਤੁਸੀਂ ਈਸ਼ਵਰ ਹੋ, ਪਰ ਲੱਗਦੈੈ ਤੁਹਾਨੂੰ ਖੇਤੀ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ, ਇੱਕ ਅਰਦਾਸ ਹੈ ਕਿ ਇੱਕ ਸਾਲ ਮੈਨੂੰ ਮੌਕਾ ਦਿਓ, ਜਿਵੇਂ ਮੈਂ ਚਾਹਾਂ ਉਹੋ-ਜਿਹਾ ਮੌਸਮ ਹੋਵੇ, ਫਿਰ ਤੁਸੀਂ ਵੇਖਣਾ ਮੈਂ ਕਿਵੇਂ ਅਨਾਜ ਦੇ ਭੰਡਾਰ ਭਰ ਦੇਵਾਂਗਾ!’’

ਈਸ਼ਵਰ ਮੁਸਕੁਰਾਏ ਤੇ ਕਿਹਾ, ‘‘ਠੀਕ ਹੈ, ਜਿਵੇਂ ਤੂੰ ਕਹੇਂਗਾ ਉਹੋ-ਜਿਹਾ ਹੀ ਮੌਸਮ ਦੇਵਾਂਗਾ, ਮੈ ਦਖਲ ਨਹੀਂ ਦੇਵਾਂਗਾ!’’ ਕਿਸਾਨ ਨੇ ਕਣਕ ਦੀ ਫਸਲ ਬੀਜੀ, ਜਦੋਂ ਧੁੱਪ ਚਾਹੀ, ਧੁੱਪ ਮਿਲੀ, ਜਦੋਂ ਪਾਣੀ ਉਦੋਂ ਪਾਣੀ! ਤੇਜ ਧੁੱਪ, ਗੜ੍ਹੇ, ਹੜ੍ਹ, ਹਨ੍ਹੇਰੀ ਤਾਂ ਉਸਨੇ ਆਉਣ ਹੀ ਨਹੀਂ ਦਿੱਤੀ, ਸਮੇਂ ਦੇ ਨਾਲ ਫਸਲ ਵਧੀ ਤੇ ਕਿਸਾਨ ਦੀ ਖੁਸ਼ੀ ਵੀ, ਕਿਉਂਕਿ ਅਜਿਹੀ ਫਸਲ ਤਾਂ ਅੱਜ ਤੱਕ ਨਹੀਂ ਹੋਈ ਸੀ!

ਫਸਲ ਕੱਟਣ ਦਾ ਸਮਾਂ ਵੀ ਆਇਆ, ਕਿਸਾਨ ਬੜੇ ਮਾਣ ਨਾਲ ਫਸਲ ਕੱਟਣ ਗਿਆ, ਲੇਕਿਨ ਜਿਵੇਂ ਹੀ ਫਸਲ ਕੱਟਣ ਲਗਾ, ਇੱਕਦਮ ਸਿਰ ’ਤੇ ਹੱਥ ਰੱਖ ਕੇ ਬੈਠ ਗਿਆ! ਕਣਕ ਦੀ ਇੱਕ ਵੀ ਬੱਲੀ ’ਚ ਦਾਣੇ ਨਹੀਂ ਸਨ, ਸਾਰੀਆਂ ਬੱਲੀਆਂ ਅੰਦਰੋਂ ਖਾਲੀ ਸਨ, ਬਹੁਤ ਦੁਖੀ ਹੋ ਕੇ ਉਸਨੇ ਈਸ਼ਵਰ ਨੂੰ ਕਿਹਾ, ‘‘ਪ੍ਰਭੂ ਇਹ ਕੀ ਹੋਇਆ?’’

ਈਸ਼ਵਰ ਬੋਲੇ, ‘‘ ਇਹ ਤਾਂ ਹੋਣਾ ਹੀ ਸੀ, ਤੂੰ ਬੂਟਿਆਂ ਨੂੰ ਸੰਘਰਸ਼ ਦਾ ਭੋਰਾ ਵੀ ਮੌਕਾ ਨਹੀਂ ਦਿੱਤਾ ਨਾ ਤੇਜ ਧੁੱਪੇ ਉਨ੍ਹਾਂ ਨੂੰ ਤਪਣ ਦਿੱਤਾ, ਨਾ ਹਨ੍ਹੇਰੀ ਨਾਲ ਜੂਝਣ ਦਿੱਤਾ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਚੁਣੌਤੀ ਦਾ ਅਹਿਸਾਸ ਜਰਾ ਵੀ ਨਹੀਂ ਹੋਣ ਦਿੱਤਾ, ਇਸ ਲਈ ਸਭ ਬੂਟੇ ਫੋਕੇ ਰਹਿ ਗਏ, ਜਦੋਂ ਹਨ੍ਹੇਰੀ ਆਉਂਦੀ ਹੈ, ਤੇਜ ਮੀਂਹ ਪੈਂਦਾ ਹੈ ਗੜ੍ਹੇ ਡਿੱਗਦੇ ਹਨ ਤੱਦ ਬੂਟਾ ਆਪਣੇ ਜੋਰ ਨਾਲ ਹੀ ਖੜ੍ਹਾ ਰਹਿੰਦਾ ਹੈ, ਉਹ ਆਪਣੀ ਹੋਂਦ ਬਚਾਉਣ ਦਾ ਸੰਘਰਸ਼ ਕਰਦਾ ਹੈ ਤੇ ਇਸ ਸੰਘਰਸ਼ ਨਾਲ ਜੋ ਬਲ ਪੈਦਾ ਹੁੰਦਾ ਹੈ ਉਹੀ ਉਸਨੂੰ ਸ਼ਕਤੀ ਦਿੰਦਾ ਹੈ, ਉਰਜਾ ਦਿੰਦਾ ਹੈ ਉਸੇ ਤਰ੍ਹਾਂ ਜਿੰਦਗੀ ਵਿੱਚ ਵੀ ਜੇਕਰ ਸੰਘਰਸ਼ ਨਾ ਹੋਵੇ, ਚੁਣੌਤੀ ਨਾ ਹੋਵੇ ਤਾਂ ਆਦਮੀ ਖੋਖਲਾ ਹੀ ਰਹਿ ਜਾਂਦਾ ਹੈ, ਉਸਦੇ ਅੰਦਰ ਕੋਈ ਗੁਣ ਨਹੀਂ ਆ ਸਕਦਾ!’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।