ਗਿਆਨ ਦਾ ਅਨਮੋਲ ਖਜ਼ਾਨਾ ਸਾਂਭਿਆ ਹੁੰਦੈ ਲਾਇਬਰੇਰੀਆਂ ‘ਚ
17ਵੀਂ ਸਦੀ ਵਿੱਚ ਲਾਈਬਰੇਰੀਅਨ ਸਬਦ ਲਤੀਨੀ ਭਾਸ਼ਾ ਦੇ ਲਿਬਰੇਰੀਅਸ (ਫ਼ੜਬਫਿੜੀਂ) ਭਾਵ ਕਿਤਾਬਾਂ ਨਾਲ ਜੁੜਿਆ ਅਤੇ ਅੰਗਰੇਜੀ ਭਾਸ਼ਾ ਦੇ ਸ਼ਬਦ ਅਨ (ਫਗ਼) ਨੂੰ ਮਿਲਾ ਕੇ ਬਣਾਇਆ ਗਿਆ। ਕਿਤਾਬ ਘਰ ਦਾ ਮੁਖੀ ਤੇ ਸਹਾਇਕ ਕਿਤਾਬਾਂ ਲੱਭਣ ਦੇ ਨਾਲ ਖੂਬੀਆਂ ਬਾਰੇ ਵੀ ਜਾਣਕਾਰੀ ਦਿੰਦਾ ਹੈ । ਜਿਸ ਨੇ ਬਕਾਇਦਾ ਲਾਈਬਰੇਰੀ ਸਾਇੰਸ ਵਿੱਚ ਮਾਸਟਰ ਡਿਗਰੀ ਪ੍ਰਪਤ ਕੀਤੀ ਹੁੰਦੀ ਹੈ। ਭਾਰਤ ਵਿੱਚ 12 ਅਗਸਤ ਨੂੰ ਲਾਈਬਰੇਰੀ ਦਿਵਸ ਮਨਾਉਂਦੇ ਹਾਂ । ਜੋ ਕਿਤਾਬ ਘਰ ਨੂੰ ਆਮ ਲੋਕ ਤੱਕ ਪਹੁੰਚਾਉਣ ਵਾਲੇ ਮਹਾਨ ਲਾਈਬਰੇਰੀਅਨ ਸਿਆਲੀ ਰਾਮਾਮਰਿਤਾ ਰੰਗਾਨਾਥਨ ਦੇ ਜਨਮ ਦਿਨ ‘ਤੇ ਮਹਾਨ ਕੰਮ ਨੂੰ ਸਮਰਪਿਤ ਹੈ ।
ਜੋ ਭਾਰਤ ਦੇ ਪਹਿਲੇ ਸਰਵਉੱਚ ਲਾਈਬਰੇਰੀ ਸਾਇੰਸ ਦੀ ਸਿੱਖਿਆ ਦੇਣ ਵਾਲੀ ਸੰਸਥਾ ਇੰਡੀਆ ਸਕੂਲ ਆਫ ਲਾਈਬਰੇਰੀਸ਼ਿਪ ਦੇ ਡਾਇਰੈਕਟਰ ਨਿਯੁਕਤ ਕੀਤੇ ਗਏ ਸਨ ਸੰਨ 1957 ਵਿੱਚ ਕੇਂਦਰ ਸਰਕਾਰ ਨੇ ਕਿਤਾਬ ਘਰਾਂ ਦੇ ਵਿਕਾਸ ਲਈ ਕੀਤੀਆਂ ਖੋਜਾਂ ਦੇ ਸਦਕੇ ਪਦਮਸ਼੍ਰੀ ਐਵਾਰਡ ਨਾਲ ਨਵਾਜਿਆ । ਐਸ. ਆਰ. ਰੰਗਾਨਾਥਨ ਦਾ ਜਨਮ 12 ਅਗਸਤ 1892 ਨੂੰ ਦੱਖਣੀ ਰਾਜ ਤਾਮਿਲਨਾਡੂ ਦੇ ਪਿੰਡ ਸਿਆਲੀ ਜਿਲ੍ਹਾ ਤਜਾਵੁਰ ਵਿੱਚ ਹੋਇਆ । ਗਰੀਬ ਕਿਸਾਨ ਪਰਿਵਾਰ ਅਤੇ ਕਮਜ਼ੋਰ ਸਿਹਤ ਦੇ ਹੁੰਦੇ ਹੋਏ ਵੀ ਦਸਵੀਂ ਚੰਗੇ ਅੰਕਾਂ ਨਾਲ ਪਾਸ ਕੀਤੀ।
ਭਾਵੇਂ ਪੜ੍ਹਾਈ ਵਿੱਚ ਘੱਟ ਦਿਲਚਸਪੀ ਸੀ ਪਰ ਘਰ ਦੇ ਹਲਾਤ ਦੇਖਦਿਆਂ ਗਣਿਤ ਨਾਲ ਬੀ ਏ ਤੇ ਐਮ ਏ ਕਰਨ ਤੋਂ ਬਾਅਦ ਸਰਕਾਰੀ ਕਾਲਜਾਂ ਵਿੱਚ ਹਿਸਾਬ ਤੇ ਸਾਇੰਸ ਪੜ੍ਹਾਉਂਦੇ ਰਹੇ । ਕੁਝ ਸਾਲਾਂ ਬਾਅਦ ਹੀ ਗਣਿਤ ਵਿੱਚ ਸਫਲਤਾ ਹਾਸਲ ਕਰਕੇ ਮਦਰਾਸ, ਮੈਂਗਲੋਰ ਅਤੇ ਕੋਇੰਬਟੂਰ ਯੂਨੀਵਰਸਿਟੀਆਂ ਦੇ ਗਣਿਤ ਮਾਹਿਰਾਂ ਦੀ ਟੀਮ ਦਾ ਹਿੱਸਾ ਬਣ ਗਏ।
1923 ਵਿੱਚ ਲਾਈਬਰੇਰੀਅਨ ਬਣਨ ਦਾ ਅਸਲ ਸਫਰ ਸ਼ੁਰੂ ਹੋਇਆ। ਜਦੋਂ ਮਦਰਾਸ ਯੂਨੀਵਰਸਿਟੀ ਨੇ ਆਪਣੀ ਕੈਂਪਸ ਲਾਈਬਰੇਰੀ ਲਈ ਲਾਈਬਰੇਰੀਅਨ ਦੀ ਅਸਾਮੀ ਸਥਾਪਤ ਕੀਤੀ । ਜਿਸ ਲਈ 900 ਵਿਅਕਤੀਆਂ ਨੇ ਅਰਜੀਆਂ ਦਿੱਤੀਆਂ । ਉਂਜ ਇਸ ਅਸਾਮੀ ਨੂੰ ਪ੍ਰਾਪਤ ਕਰਨ ਲਈ ਕਿਸੇ ਕੋਲ ਡਿਗਰੀ ਜਾਂ ਤਜ਼ੁਰਬਾ ਨਹੀਂ ਸੀ। ਪਰ ਚੋਣ ਕਮੇਟੀ ਨੂੰ ਰੰਗਾਨਾਥਨ ਦੇ ਖੋਜ ਪੱਤਰ ਸਬੰਧਤ ਕੰਮ ਲਈ ਢੁੱਕਵੇਂ ਲੱਗੇ। ਇਹ ਤੱਥ ਇਨਸਾਈਕਲੋਪੀਡੀਆ ਬਿਰਟਾਨਿਕਾ ਵਿਚੋਂ ਇੰਟਰਵਿਊ ਤੋਂ ਕੁਝ ਦਿਨ ਪਹਿਲਾਂ ਹੀ ਅਧਿਐਨ ਕੀਤੇ ਸਨ । ਇਸ ਨੌਕਰੀ ਲਈ ਰੰਗਾਨਾਥਨ ਇੱਛੁਕ ਨਹੀਂ ਸੀ ।
ਬਲਕਿ ਯੂਨੀਵਰਸਿਟੀ ਨੂੰ ਭੇਜੀ ਅਰਜੀ ਵੀ ਭੁੱਲ ਚੁੱਕਾ ਸੀ। ਪਰੰਤੂ ਬਾਅਦ ਵਿੱਚ ਖੁਦ ਹੀ ਅਚੰਭਤ ਹੁੰਦਿਆਂ ਨੌਕਰੀ ਦੀ ਚਿੱਠੀ ਸਵੀਕਾਰ ਕੀਤੀ ਤੇ 1924 ਵਿੱਚ ਲਾਈਬਰੇਰੀਅਨ ਵਜੋਂ ਜੀਵਨ ਦਾ ਅਗਲਾ ਪੰਧ ਸ਼ੁਰੂ ਕਰ ਦਿੱਤਾ। ਪਹਿਲਾਂ ਰੰਗਾਨਾਥਨ ਨੂੰ ਨਵੀਂ ਜਿੰਮੇਵਾਰੀ ਵਿੱਚ ਅਸਹਿਣ ਯੋਗ ਇਕੱਲਾਪਣ ਮਹਿਸੂਸ ਹੋਇਆ। ਕੁਝ ਹਫਤਿਆਂ ਪਿੱਛੋਂ ਹੀ ਕੰਮ ਤੋਂ ਅੱਕ ਕੇ ਪ੍ਰਸ਼ਾਸਨ ਤੋਂ ਦੁਬਾਰਾ ਅਧਿਆਪਕ ਦੀ ਨੌਕਰੀ ਦੀ ਮੰਗ ਕੀਤੀ। ਪਰ ਅਧਿਕਾਰੀਆਂ ਨੇ ਫੈਸਲਾ ਕਰਿਆ ਕਿ ਉਹ ਲੰਡਨ ਜਾ ਕੇ ਸਮਕਾਲੀ ਪੱਛਮੀ ਲਾਈਬਰੇਰੀ ਸਾਇੰਸ ਦੀ ਸਿੱਖਿਆ ਪ੍ਰਪਤ ਕਰਨ ।
ਜੇ ਵਾਪਿਸ ਪਰਤਣ ਤੋਂ ਬਾਅਦ ਵੀ ਕਿਤਾਬ ਘਰ ਦੀ ਨੌਕਰੀ ਲਈ ਇੱਛਾ ਨਾ ਰਹੀ ਤਾਂ ਗਣਿਤ ਅਧਿਆਪਕ ਦਾ ਦਰਜਾ ਵਾਪਸ ਦੇ ਦਿੱਤਾ ਜਾਵੇਗਾ। ਉਸ ਸਮੇਂ ਲਾਈਬਰੇਰੀ ਸਾਇੰਸ ਦੇ ਗ੍ਰੈਜੂਏਟ ਪੱਧਰ ਦਾ ਕੋਰਸ ਬਰਤਾਨੀਆ ਦੇ ਯੂਨੀਵਰਸਿਟੀ ਕਾਲਜ ਆਫ ਲੰਡਨ ਵਿੱਚ ਹੀ ਕਰਵਾਇਆ ਜਾਂਦਾ ਸੀ। ਜਿੱਥੋਂ ਉਹਨਾਂ ਨੇ ਔਸਤ ਅੰਕਾਂ ਤੋਂ ਕੁਝ ਅੰਕ Àੁੱਪਰ ਲੈ ਕੇ ਡਿਗਰੀ ਪੂਰੀ ਕੀਤੀ । ਪਰ ਆਪਣੇ ਗਣਿਤਕ ਦਿਮਾਗ ਨੂੰ ਲਾਈਬਰੇਰੀ ਦੇ ਵਰਗੀਕਰਨ ਨੂੰ ਸਲਝਾਉਣ ਲਈ ਜਰੂਰ ਵਰਤਿਆ।
ਜਦੋਂਕਿ ਇਹ ਪੜ੍ਹਾਈ ਬਾਹਰੀ ਵਿਦਿਆਰਥੀ ਲਈ ਕਾਫੀ ਮੁਸ਼ਕਲ ਸੀ। ਖੋਜ ਦੌਰਾਨ ਦਸ਼ਮਲਵ ਵਰਗੀਕਰਨ ਦੀਆਂ ਖਾਮੀਆ ਨੂੰ ਖੁਦ ਪੜਚੋਲ ਕਰਕੇ ਹੱਲ ਕੀਤਾ। ਉਸ ਨੂੰ ਯੋਜਨਾਬੱਧ ਕਰਕੇ ਵੱਖਰੇ ਵਰਗਾਂ ਵਿੱਚ ਵੰਡਣ ਦੇ ਸੁਝਾਅ ਦਿੱਤੇ। ਇਸੇ ਤਰ੍ਹਾਂ ਕਈ ਕਮਜੋਰ ਤਕਨੀਕਾਂ ਨੂੰ ਬਦਲਾਅ ਕਰਕੇ ਨਵੇਂ ਯੁਗ ਦੇ ਹਾਣ ਦਾ ਕੀਤਾ । ਜਿਨ੍ਹਾਂ ਦੀ ਵਰਤੋਂ ਕਿਤਾਬ ਘਰਾਂ ਵਿੱਚ ਸ਼ਾਨ ਨਾਲ ਕੀਤੀ ਜਾ ਰਹੀ ਹੈ । ਅੰਤ ਇੰਗਲੈਂਡ ਵਿੱਚ ਰਹਿੰਦੇ ਸਮੇਂ ਸ਼ੁਰੂ ਕੀਤੀ ਨਵੀਂ ਖੋਜ ਕੋਲਨ ਵਰਗੀਕਰਨ ਦੇ ਰੂਪ ਵਿੱਚ ਬਣ ਕੇ ਉੱਭਰੀ । ਉਸ ਨੂੰ ਹੋਰ ਨਿਖਾਰਨ ਦੀ ਆਸ ਨਾਲ ਭਾਰਤ ਵਾਪਸੀ ਦੀ ਯਾਤਰਾ ਸਮੇਂ ਸਮੁੰਦਰੀ ਜਹਾਜ ਦੀ ਲਾਇਬਰੇਰੀ ਨੂੰ ਨਵੀਂ ਖੋਜ ਦੇ ਪ੍ਰਯੋਗ ਨਾਲ ਤਰਤੀਬਵਾਰ ਕੀਤਾ। ਇਸ ਖੋਜ ਦਾ ਵਿਚਾਰ ਰੰਗਾਨਾਥਨ ਨੂੰ ਲੰਡਨ ਵਿੱਚ ਦੇਖੀ ਇੱਕ ਖਿਡੌਣਿਆਂ ਦੀ ਦੁਕਾਨ ਤੋਂ ਆਇਆ ।
ਪੜ੍ਹਾਈ, ਖੋਜ ਤੇ ਤਜ਼ਰਬਿਆਂ ਨੇ ਮਨ ਅੰਦਰ ਲਾਈਬਰੇਰੀਅਨ ਦੀ ਨੌਕਰੀ ਵਾਸਤੇ ਅਥਾਹ ਦਿਲਚਸਪੀ ਪੈਦਾ ਕਰ ਦਿੱਤੀ। ਫਿਰ ਭਾਰਤ ਪਰਤਦਿਆਂ ਹੀ ਲਾਈਬਰੇਰੀ ਦਾ ਜਿੰਮਾ ਸਭਾਂਲਿਆ ਤੇ ਲਗਾਤਾਰ 20 ਸਾਲ ਨੌਕਰੀ ਕੀਤੀ । ਇਸੇ ਦੌਰਾਨ ਮਦਰਾਸ ਲਾਈਬਰੇਰੀ ਸੰਗਠਨ ਵੀ ਬਣਾਇਆ। ਜਿਸਨੇ ਪੂਰੇ ਭਾਰਤ ਵਿੱਚ ਆਮ ਲੋਕਾਂ ਲਈ ਕਿਤਾਬ ਘਰ ਬਣਾਉਣ ਦਾ ਪੱਖ ਪੂਰਿਆ । ਨੌਕਰੀ ਦੇ ਸਮੇਂ ਵਿੱਚ ਕਿਤਾਬ ਵਿਸ਼ੇ ‘ਤੇ ਕਈ ਕਿਤਾਬਾਂ ਵੀ ਲਿਖੀਆਂ। ਪਹਿਲੀ ਕਿਤਾਬ ਸੰਨ 1931 ਕਿਤਾਬ ਘਰ ਦੇ ਪੰਜ ਮੁੱਖ ਕਾਨੂੰਨ ਜਿਸਦੇ ਮੁੱਖ ਅੰਸ਼ 1. ਕਿਤਾਬਾਂ ਵਰਤਣ ਲਈ ਹਨ, 2. ਹਰ ਪਾਠਕ ਨੂੰ ਉਸਦੀ ਕਿਤਾਬ ਮਿਲਣੀ ਚਾਹੀਦੀ ਹੈ, 3. ਹਰ ਕਿਤਾਬ ਨੂੰ ਉਸਦਾ ਪਾਠਕ ਮਿਲਣਾ ਚਹੀਦਾ ਹੈ, 4. ਪਾਠਕਾਂ ਦਾ ਸਮਾਂ ਬਚਾਉ, 5. ਲਾਈਬਰੇਰੀ ਲਗਾਤਾਰ ਬਦਲਦੀ ਹੋਈ ਸੰਸਥਾ ਹੈ।
ਸੰਨ 1933 ਵਿਚ ਦੂਸਰੀ ਕਿਤਾਬ ‘ਕੋਲਨ ਵਰਗੀਕਰਨ ਪ੍ਰਣਾਲੀ’ ਰਾਹੀਂ ਕਿਤਾਬ ਘਰਾਂ ਨੂੰ ਵਿਸਥਾਰ ਤੇ ਗੁਣਾਤਮਕ ਤਰਤੀਬ ਲਈ ਲਿਖੀ । ਦੋ ਦਹਾਕੇ ਤੋਂ ਬਾਅਦ ਵੀ ਭਾਵੇਂ ਰਟਾਇਰਮੈਂਟ ਤੱਕ ਨੌਕਰੀ ਕਰਨ ਦੇ ਇੱਛੁਕ ਸਨ ਪਰ ਯੂਨੀਵਰਸਿਟੀ ਦੇ ਨਵੇਂ ਆਏ ਵਾਇਸ ਚਾਂਸਲਰ ਨਾਲ ਤੂੰ-ਤੂੰ, ਮੈਂ-ਮੈਂ ਕਾਰਨ ਸਵੈ ਇੱਛੁਕ ਰਟਾਇਰਮੈਂਟ ਲੈ ਲਈ। 1945 ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਣਸੀ ਵਿੱਚ ਆਖਰੀ ਨੌਕਰੀ ਲਾਈਬਰੇਰੀ ਸਾਇੰਸ ਦੇ ਪ੍ਰੋਫੈਸਰ ਵਜੋਂ ਕੀਤੀ। 1943 ਤੋਂ 53 ਤੱਕ ਭਾਰਤੀ ਲਾਈਬਰੇਰੀ ਸੰਗਠਨ ਦੇ ਪ੍ਰਧਾਨ ਰਹੇ। ਲੜਕੇ ਦੀ ਯੂਰਪੀਅਨ ਲੜਕੀ ਨਾਲ ਸ਼ਾਦੀ ਮਗਰੋ 1955 ਤੋਂ 57 ਤੱਕ ਦੋ ਸਾਲ ਜਿਊਰਖ ਸਵਿਜਰਲੈਂਡ ਵਿੱਚ ਸ਼ਾਂਤੀ ਪੂਰਵਕ ਜਿੰਦਗੀ ਬਤੀਤ ਕੀਤੀ। ਬੈਗਲੋਰ ਵਿਖੇ ਸੰਨ 1962 ਵਿਚ ਬਣੀ ਭਾਰਤੀ ਅੰਕੜਾ ਵਿਗਿਆਨ ਸੰਸਥਾ ਉਨ੍ਹਾਂ ਦੀਆਂ ਮਹਾਨ ਪ੍ਰਾਪਤੀਆਂ ‘ਚੋਂ ਇੱਕ ਹੈ । ਜਿਸ ਲਈ ਭਾਰਤ ਸਰਕਾਰ ਨੇ 1965 ਵਿੱਚ ਰਾਸ਼ਟਰੀ ਖੋਜਕਰ ਅਧਿਆਪਕ ਦੇ ਪੁਰਸਕਾਰ ਨਾਲ ਸਨਮਾਨਿਆ।
ਜੀਵਨ ਦੇ ਆਖਰੀ ਸਾਲ ਫੇਫੜਿਆਂ ਅਤੇ ਸਾਹ ਨਾਲੀ ਵਿਚ ਸੋਜ ਤੇ ਮਿਆਦੀ ਇਨਫੈਕਸ਼ਨ ਕਾਰਨ ਹਸਪਤਾਲ ਦਾਖਲ ਰਹੇ । 27 ਸਤੰਬਰ 1972 ਨੂੰ ਭਿਆਨਕ ਬਿਮਾਰੀ ਨਾਲ ਜੂਝਦੇ 80 ਸਾਲ ਦੀ ਉਮਰੇ ਲਾਈਬਰੇਰੀ ਪਿਤਾਮਾ ਕਿਤਾਬਾਂ ਤੇ ਦੁਨੀਆ ਨੂੰ ਅਲਵਿਦਾ ਆਖ ਗਏ। ਰੰਗਾਨਾਥਨ ਦੀ ਸਮਰਪਿਤ ਭਾਵਨਾ ਤੇ ਬਿਹਤਰੀਨ ਖੋਜਾਂ ਨਾਲ ਕਰੋੜਾਂ ਕਿਤਾਬਾਂ ਦਾ ਰੱਖ-ਰਖਾਅ ਸੁਖਾਲਾ ਹੋਇਆ। ਸੋ ਅੱਜ ਦੇ ਦਿਨ ਲਾਈਬਰੇਰੀਆਂ ਵਿੱਚ ਕੰਮ ਕਰਦੇ ਹਰ ਮੁਲਾਜ਼ਮ ਲਈ ਜਰੂਰੀ ਹੈ ਕਿ ਉਨ੍ਹਾਂ ਦੇ ਦੱਸੇ ਕਿਤਾਬ ਘਰ ਦੇ ਮੁੱਖ ਸਿਧਾਂਤਾਂ ਅਨੁਸਾਰ ਚੱਲਣ ਦਾ ਪ੍ਰਣ ਹੀ ਇੱਕ ਸੱਚਾ ਸਜਦਾ ਹੋਵੇਗਾ।
ਪੰਜਾਬ ਹਰਿਆਣਾ ਹਾਈਕੋਰਟ, ਚੰਡੀਗੜ੍ਹ
ਮੋ. 78374-90309
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ