ਮਾਣਯੋਗ ਖਜਾਨਾ ਮੰਤਰੀ ਸਾਹਿਬ
ਮੈਂ ਰੱਬ ਅੱਗੇ ਦੁਆ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਮੇਰੇ ਪੰਜਾਬ ਅਤੇ ਮੇਰੇ ਪੰਜਾਬ ਦੀਆਂ ਦੋਵੇਂ ਕਾਰਪੋਰੇਸ਼ਨਾਂ (3-3) ਨੂੰ ਅੱਜ ਤੁਹਾਡੇ ਵਰਗੇ ਇਮਾਨਦਾਰ ਤੇ ਸੂਝਵਾਨ ਮੰਤਰੀ ਦੀ ਵੱਡੀ ਲੋੜ ਸੀ ਜਿਸ ਨੁੰ ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ।
ਅੱਜ ਦੇ ਹਾਈਟੈਕ ਜ਼ਮਾਨੇ ਦੇ ਨਾਲ-ਨਾਲ ਜੇਕਰ ਸਾਡੇ ਪੰਜਾਬ ਦਾ ਬਿਜਲੀ ਢਾਂਚਾ ਜੋ ਸਾਡੇ ਬਿਜਲੀ ਕਰਮਚਾਰੀਆਂ ਨੇ ਹੱਡ ਭੰਨਵੀਂ ਮਿਹਨਤ ਨਾਲ ਤੇ ਕੀਮਤੀ ਜਾਨਾਂ ਦੇ ਕੇ ਬਣਾਇਆ ਹੈ ਨੂੰ ਤੁਹਾਡੇ ਵਰਗੇ ਸੂਝਵਾਨ ਮੰਤਰੀ ਹੀ ਹੋਰ ਤਰੱਕੀ ਦੇ ਕੇ ਬੁਲੰਦੀਆਂ ਤੇ ਪਹੁੰਚਾ ਸਕਦੇ ਹਨ । ਬਿਜਲੀ ਅੱਜ ਹਰ ਛੋਟੇ-ਵੱਡੇ ਵਰਗ, ਝੂੱਗੀ ਝੋਂਪੜੀ ਤੋਂ ਲੈ ਕੇ ਵੱਡੇ ਤੋਂ ਵੱਡੇ ਉਦਯੋਗ ਦੇ ਨਾਲ-ਨਾਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਚੁੱਕੀ ਹੈ ਜੇਕਰ ਕਦੇ ਬਿਜਲੀ ਬੰਦ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜ਼ਿੰਦਗੀ ਰੁਕ ਗਈ ਹੈ।
ਅੱਜ ਬਿਜਲੀ ਕਰਮਚਾਰੀ ਜਿਨ੍ਹਾਂ ਹਾਲਾਤਾਂ ‘ਚੋਂ ਲੰਘ ਰਿਹਾ ਹੈ, ਉਸਦੀ ਅਸਲੀ ਤਸਵੀਰ ਤੇ ਨਾਲ-ਨਾਲ ਸਾਡੇ ਪੰਜਾਬ ਦੇ ਬਿਜਲੀ ਢਾਂਚੇ ਤੇ ਦੋਨੋ ਕਾਰਪੋਰੇਸ਼ਨਾਂ ਦੀ ਅੰਦਰੋਂ ਖੋਖਲੀ ਜਿੰਦਾ ਲਾਸ਼ ਦੀਆਂ ਤਸਵੀਰਾਂ ਪੇਸ਼ ਕਰਨਾ ਚਾਹੁੰਦਾ ਹਾਂ ਆਸ ਕਰਦਾ ਹਾਂ ਕਿ ਤੁਹਾਡੇ ਵਰਗੇ ਸੂਝਵਾਨ ਮੰਤਰੀ ਸਾਹਿਬ ਇਸ ਨੂੰ ਪਹਿਲਾਂ ਤੋਂ ਹੀ ਜਾਣਦੇ ਹੋਏ ਨਾਲ-ਨਾਲ ਜੋ ਮੌਜ਼ੂਦਾ ਹਾਲਾਤ ਹਨ, ਉਨ੍ਹਾਂ ‘ਚੋਂ ਦੋਵੇਂ ਕਾਰਪੋਰੇਸ਼ਨਾਂ ਨੂੰ ਉਭਾਰਨ ਲਈ ਵੱਡੇ ਕਦਮ ਚੁੱਕੋਗੇ।
ਪਿਛੋਕੜ ਨੂੰ ਛੱਡਦੇ ਹੋਏ ਆਪ ਜੀ ਦਾ ਧਿਆਨ ਵਰਤਮਾਨ ਵੱਲ ਦਿਵਾਉਂਦੇ ਹੋਏ ਮੈਂ ਦੱਸਣਾ ਚਾਹੁੰਦਾ ਹਾਂ ਕਿ ਬਿਜਲੀ ਐਕਟ 2003 ਨੂੰ ਪੂਰਨ ਰੂਪ ‘ਚ ਲਾਗੂ ਨਹੀਂ ਕੀਤਾ ਗਿਆ। ਸਾਲ 2010 ਦੌਰਾਨ ਬਿਜਲੀ ਬੋਰਡ ਦੇ ਦੋ ਭਾਗ ਕੀਤੇ, ਉਸ ਸਮੇਂ ਦੀਆਂ ਸਰਕਾਰਾਂ ਤੇ ਕਾਰਪੋਰੇਸ਼ਨਾਂ ਦੀਆਂ ਮੈਨੇਜਮੈਂਟਾ ਨੇ ਆਪਸੀ ਗੰਢਤੁੱਪ ਕਾਰਨ ਜੋ ਤਿੰਨ ਵੱਖ-ਵੱਖ (ਜਨਰੇਸ਼ਨ, ਟਰਾਸਮਿਸ਼ਨ ਤੇ ਡਿਸਟ੍ਰੀਬਿਊਸ਼ਨ) ਕੰਪਨੀਆਂ ਬਣਾਉਣੀਆਂ ਸਨ, ਨਹੀਂ ਬਣਾਈਆਂ ਗਈਆਂ ਆਪਸੀ ਅੰਦਰੂਨੀ ਮਾਮਲਾ ਆਪ ਜੀ ਭਲੀ-ਭਾਂਤ ਸਮਝਦੇ ਹੋ। ਦੋ ਹੀ ਕੰਪਨੀਆਂ ਬਣਾਈਆਂ ਗਈਆਂ ਇੱਕ ਪਾਵਰਕੌਮ ਤੇ ਇੱਕ ਟਰਾਂਸਕੋ ਤੀਜੀ ਕੰਪਨੀ ਜੋ ਜਨਰੇਸ਼ਨ ਬਨਣੀ ਸੀ ਨੂੰ ਪੂਰਨ ਰੂਪ ‘ਚ ਭੜੋਲੇ ‘ਚ ਪਾ ਕੇ ਪਾਵਰਕੌਮ ਅਧੀਨ ਕਰ ਦਿੱਤਾ ਗਿਆ। ਟਰਾਂਸਕੋ ਦੀ ਵੀ ਇੱਕ ਲੱਤ ਬਣਾਉਟੀ ਲਾਈ ਗਈ 66 ਕੇ.ਵੀ. ਬਿਜਲੀ ਘਰਾਂ ਨੂੰ ਪਾਵਰਕੌਮ ਦੇ ਅਧੀਨ ਰੱਖ ਲਿਆ ਗਿਆ।
ਪੰਜਾਬ ਦੇ ਲੋਕਾਂ ਅਤੇ ਸਧਾਰਨ ਬਿਜਲੀ ਕਰਮਚਾਰੀਆਂ ਨੂੰ ਅੱਜ ਤੱਕ ਵੀ ਇਸ ਜਾਲ ਦੀ ਸਮਝ ਨਹੀਂ ਆਈ ਇਸ ਮੱਕੜ ਜਾਲ ਦੀ ਸਜ਼ਾ ਬਿਜਲੀ ਮੁਲਾਜ਼ਮਾਂ ਨਾਲੋਂ ਵੱਧ ਲੋਕਾਂ ਨੂੰ ਪੈਸੇ ਦੀ ਲੁੱਟ ਦੇ ਰੂਪ ‘ਚ ਭੁਗਤਣੀ ਪਵੇਗੀ ਤੇ ਭੁਗਤ ਰਹੇ ਹਨ।
ਜਨਰੇਸ਼ਨ-ਟ੍ਰਾਂਸਮਿਸ਼ਨ-ਪਾਵਰਕੌਮ
ਅੱਜ ਪੰਜਾਬ ਅੰਦਰ ਸਾਡੇ ਆਪਣੇ ਸਰਕਾਰੀ ਥਰਮਲਾਂ ਬਠਿੰਡਾ, ਲਹਿਰਾ ਮੁਹੱਬਤ, ਰੋਪੜ, ਭਾਖੜਾ ਨੰਗਲ ਡੈਮ ਦੇ ਨਾਲ-ਨਾਲ ਪ੍ਰਾਈਵੇਟ ਥਰਮਲ ਵਣਵਾਲਾ (ਤਲਵੰਡੀ ਸਾਬੋ), ਰਾਜਪੁਰਾ ਤੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਸਾਨੂੰ ਤਕਰੀਬਨ 13500 ਮੈਗਾਵਾਟ ਬਿਜਲੀ ਮਿਲਦੀ ਹੈ ਤੇ ਸਾਡੇ ਪੰਜਾਬ ਦੀ ਪੈਡੀ ਸੀਜਨ ਦੌਰਾਨ ਇੰਨੀ ਹੀ ਮੰਗ ਰਹਿੰਦੀ ਹੈ ਮਤਲਬ (+ – = 0) ਹੁਣ ਅਸੀਂ ਗੁਜਰਾਤ ਤੋਂ ਵੀ 1000 ਮੈਗਾਵਾਟ ਬਿਜਲੀ ਲੈਣ ਲਈ ਸਮਝੌਤਾ ਕਰ ਲਿਆ ਹੈ।
ਬਠਿੰਡਾ ਥਰਮਲ ਦੀ ਸਟੇਜ -1 ਤੇ 2 ਦੇ ਨਵੀਨੀਕਰਨ ਲਈ ਅਸੀ ਪਾਵਰ ਫਾਇਨਾਂਸ ਕਾਰਪੋਰੇਸ਼ਨ ਤੋਂ ਤਕਰੀਬਨ 800 ਕਰੋੜ ਰੁਪਏ ਕਰਜ਼ਾ ਲੈ ਕੇ ਇਸ ਨੂੰ ਨਵਾਂ ਤਾਂ ਬਣਾ ਲਿਆ ਹੈ ਤੇ ਨਾਲ-ਨਾਲ ਬਠਿੰਡਾ ਦੀ ਸਟੇਜ-1 ਤੇ ਰੂਪ ਨਗਰ ਦੇ ਯੂਨਿਟ ਨੰ: 1 ਤੇ 2 ਨੂੰ ਬੰਦ ਕਰਨ ਦੀਆਂ ਤਜਵੀਜ਼ਾਂ ਬਣਾ ਲਈਆਂ ਹਨ, ਅਜਿਹੇ ਆਧਾਰਹੀਣ ਫੈਸਲੇ ਕਰਨ ਵੇਲੇ ਵੱਡੇ ਮੰਥਨ ਦੀ ਲੋੜ ਹੈ। ਸਾਡੇ ਬਠਿੰਡਾ ਵਾਲੇ ਥਰਮਲ ਦੇ ਯੂਨਿਟ ਤਾਂ ਜਿਨ੍ਹਾਂ ਦਾ ਨਵੀਨੀਕਰਨ ਕੀਤਾ ਹੈ ਰਿਜੈਕਟ ਕੀਤੇ ਹੋਏ ਕੋਲੇ ਨਾਲ ਵੀ ਚੱਲ ਸਕਦੇ ਹਨ ਜਿਸ ਨਾਲ ਸਸਤੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਇਹ ਰਿਜੈਕਟ ਕੋਲਾ ਲਹਿਰਾ ਮੁਹੱਬਤ ਥਰਮਲ ਅੰਦਰ ਹਜ਼ਾਰਾਂ ਟਨ ਪਿਆ ਹੈ, ਜਿਸਨੂੰ ਅਸੀਂ ਪ੍ਰਾਈਵੇਟ ਠੇਕੇਦਾਰਾਂ ਨੂੰ ਨਾ ਮਾਤਰ ਲਾਗਤ ਨਾਲ ਵੇਚਣ ਜਾ ਰਹੇ ਹਾਂ ਜਦ ਕਿ ਇਹ ਕੋਲਾ ਸਾਡੀ ਕਾਰਪੋਰੇਸ਼ਨ ਨੇ ਬਹੁਤ ਭਾਰੀ ਕੀਮਤ ‘ਤੇ ਖਰੀਦਿਆ ਹੈ। ਅਜਿਹਾ ਕਰਨ ਨਾਲ ਸਾਡੀ ਕਾਰਪੋਰੇਸ਼ਨ ਕਰੋੜਾਂ ਰੁਪਏ ਦੇ ਹੋਰ ਘਾਟੇ ‘ਚ ਚਲੀ ਜਾਵੇਗੀ। ਅਜਿਹਾ ਕਿਉਂ ਹੋ ਰਿਹਾ ਹੈ ਇਸ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ ਇਸ ਵਿਰੁੱਧ ਕਾਰਵਾਈ ਦੀ ਸਖ਼ਤ ਲੋੜ ਹੈ।
ਬਠਿੰਡਾ ਥਰਮਲ ਦੀ ਸਟੇਜ-1 ਬੰਦ ਕਰਨ ਨਾਲ ਸੈਂਕੜੇ ਕੱਚੇ ਕਾਮੇ ਵਿਹਲੇ ਹੋ ਜਾਣਗੇ ਸਾਡੀ ਪੰਜਾਬ ਦੀ ਸਰਕਾਰ ਨੇ ਇਹ ਸੁਫ਼ਨਾ ਲਿਆ ਹੈ ਕਿ ਹਰ ਘਰ ‘ਚ ਇੱਕ ਨੌਕਰੀ ਲਾਜ਼ਮੀ ਦੇਵਾਂਗੇ ਪਰੰਤੂ ਇਹ ਤਾਂ ਪੰਜਾਬ ਸਰਕਾਰ ਦੇ ਉਲਟ ਘਰ-ਘਰ ‘ਚੋ ਨੌਕਰੀ ਖੋਹਣ ਵਾਲਾ ਕਲਚਰ ਕਿਸ ਦੀ ਦੇਣ ਹੈ। ਸਾਡੀ ਪਾਵਰਕੌਮ ਨੂੰ ਅਲਾਟ ਹੋਈ ਆਪਣੀ ਪਛਵਾੜਾ ਕੋਲਖਾਨ ਤੋਂ ਤੁਰੰਤ ਕੋਲਾ ਸਾਡੇ ਸਰਕਾਰੀ ਥਰਮਲਾਂ ਲਈ ਚਾਲੂ ਕਰਵਾਇਆ ਜਾਵੇ ਕੋਲ ਖਾਨ ਬੰਦ ਦੇ ਕਾਰਨਾਂ ਨੂੰ ਬਾਦ ‘ਚ ਆਰਾਮ ਨਾਲ ਬੈਠ ਕੇ ਵੀ ਨਜਿੱਠਿਆ ਜਾ ਸਕਦਾ ਹੈ ਤੇ ਨਵੀਨੀਕਰਨ ਵਾਲੇ ਖਰਚੇ ਨਾਲ ਕੋਈ ਵੱਡਾ ਫਾਇਦਾ ਨਹੀਂ ਹੋਇਆ ਤੇ ਇਸ ਦੀ ਜਾਂਚ ਪੜਤਾਲ ਕਰਕੇ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਨਾਲ-ਨਾਲ ਰਿਜੈਕਟ ਕੋਲੇ ਦੀ ਜਾਂਚ ਪੜਤਾਲ ਕਰਵਾਈ ਜਾਵੇ।
ਪ੍ਰਾਈਵੇਟ ਕੰਪਨੀਆਂ ਆਪਣੇ ਸਮਝੌਤੇ ਸਾਡੀਆਂ ਕਾਰਪੋਰੇਸ਼ਨਾਂ ਨਾਲ ਕਰਕੇ ਸਾਡੇ ਦੇਸ਼ ਦੀਆਂ ਸਰਕਾਰੀ ਬਿਜਲੀ ਕੰਪਨੀਆਂ ਨੂੰ ਬਿਜਲੀ ਖੇਤਰ ‘ਚੋਂ ਬਾਹਰ ਕੱਢ ਕੇ ਬਿਜਲੀ ਉਪਭੋਗਤਾ ਦੀ ਲੁੱਟ ਦੋਵੇਂ ਹੱਥੀਂ ਪੱਕੀ ਕਰਨ ਦਾ ਰਾਹ ਪੱਧਰਾ ਕਰਨ ਲਈ ਤਰਲੋ ਮੱਛੀ ਹੋ ਰਹੀਆਂ ਹਨ ਜੋ ਬਿਜਲੀ ਪੈਦਾ ਕਰਨ ਵਾਲੇ ਵੱਡੇ ਪ੍ਰੋਜੈਕਟ ਇਨ੍ਹਾਂ ਨਿੱਜੀ ਕੰਪਨੀਆਂ ਨੇ ਬੈਂਕਾਂ ਤੋਂ ਲੋਨ ਲੈ ਕੇ ਲਾਏ ਹਨ ਹੁਣ ਸਾਡੀਆਂ ਕਾਰਪੋਰੇਸ਼ਨਾਂ ਨੂੰ ਲੋਨ ਦੀਆਂ ਕਿਸ਼ਤਾਂ ਵਗੈਰਾ ਟੁੱਟਣ ਦਾ ਡਰਾਮਾ ਰਚ ਕੇ ਬਲੈਕਮੇਲ ਕਰ ਰਹੀਆਂ ਹਨ ਕਿ ਸਾਡੇ ਨਾਲ ਕੀਤੇ ਸਮਝੌਤਿਆਂ ਪ੍ਰਤੀ ਵਚਨਬੱਧ ਰਿਹਾ ਜਾਵੇ।
ਜੇਕਰ ਇਸ ਵੱਚਨਬੱਧਤਾ ਪ੍ਰਤੀ ਇਮਾਨਦਾਰੀ ਨਾ ਦਿਖਾਈ ਤਾਂ ਬੈਂਕਾਂ ਦੇ ਨਾਲ-ਨਾਲ ਇਹ ਇੰਡਸਟਰੀ ਵੀ ਡੁੱਬ ਜਾਵੇਗੀ ਅਜਿਹੇ ਘਟੀਆ ਫਾਰਮੂਲੇ ਵਰਤ ਕੇ ਸਾਡੀਆਂ ਕਾਰਪੋਰੇਸ਼ਨਾਂ ਨੂੰ ਦੰਦਾਂ ‘ਚ ਉਂਗਲ ਚਬਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਸਾਡੀਆਂ ਕਾਰਪੋਰੇਸ਼ਨਾਂ ਪੰਜਾਬ ‘ਚ ਤਾਂ ਇਨ੍ਹਾਂ ਨਿੱਜੀ ਬਿਜਲੀ ਕੰਪਨੀਆਂ ਦੀਆਂ ਤਲੀਆਂ ਚੱਟ ਹੀ ਰਹੀਆਂ ਸਨ, ਪਰੰਤੂ ਹੁਣ ਗੁਜਰਾਤ ਦੀਆਂ ਕੰਪਨੀਆਂ ਤੋਂ ਵੀ 1000 ਮੈਗਾਵਾਟ ਬਿਜਲੀ ਲੈਣ ਲਈ ਇਹ ਮੁਲਾਜ਼ਮਾਂ ਤੇ ਲੋਕਾਂ ਦੇ ਪਿੱਠ ‘ਚ ਛੁਰਾ ਮਾਰਨ ਵਾਲਾ ਸਮਝੌਤਾ ਕਰਨ ਦੀ ਕਿਹੜੀ ਆਫ਼ਤ ਆਉਣ ਵਾਲੀ ਸੀ, ਜਿਸ ਕਰਕੇ ਪੰਜਾਬ ‘ਚ ਬਲੈਕ ਆਊਟ ਹੋ ਜਾਣਾ ਸੀ? ਜੇਕਰ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ ਤਾਂ ਪਾਵਰਕੱਟ ਦੇ ਰੂਪ ‘ਚ ਅਸੀਂ ਲੋਕਾਂ ਤੋਂ ਸਹਿਯੋਗ ਲੈ ਕੇ ਗੁਜਰਾਤ ਵਾਲੇ ਸਮਝੌਤੇ ਰੱਦ ਕਰ ਸਕਦੇ ਹਾਂ।
ਇਸ ਗੁਜਰਾਤ ਸਮਝੋਤੇ ‘ਚ ਜਿੰਨੇ ਰੁਪਏ ਖਰਚ ਹੋਏ ਹਨ, ਉਨ੍ਹਾਂ ਨਾਲ ਤਾਂ ਰੋਪੜ ਥਰਮਲ ਪਲਾਂਟ ਦੀ ਰੈਨੋਵੇਸ਼ਨ ਕਰਕੇ ਵੱਧ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਤੇ ਨਾਲ ਪ੍ਰਾਪਰਟੀ ਵੀ ਸਰਕਾਰੀ ਮਤਲਬ ਆਪਣੀ ਰਹਿੰਦੀ ਤੇ ਕੈਪਟਨ ਸਾਹਿਬ ਦਾ ਰੁਜ਼ਗਾਰ ਦੇਣ ਵਾਲਾ ਫੁਰਮਾਨ ਵੀ ਕੁਝ ਹੱਦ ਤੱਕ ਸ਼ੁਰੂ ਹੋ ਜਾਂਦਾ ਇਸ ਪ੍ਰਤੀ ਆਪ ਜੀ ਵੱਲੋਂ ਹੋਰ ਵੀ ਪਿਆਰ ਤੇ ਸੰਜ਼ੀਦਗੀ ਭਰਿਆ ਰਵੱਈਆ ਵਰਤਣ ਦੀ ਆਸ ਰੱਖਦਾ ਹਾਂ ਪੁਰਾਣੇ ਥਰਮਲਾਂ ਨੂੰ ਤੋੜਨ ਲਈ ਤਾਂ ਕੋਈ ਵੀ ਸਮਾਂ ਨਹੀਂ ਲੱਗਦਾ ਪਰੰਤੂ ਬਣਾਉਣ ਲਈ ਵਰ੍ਹਿਆਂ ਬੱਧੀ ਸਮਾਂ ਤੇ ਅਰਬਾਂ ਰੁਪਏ ਖਰਚ ਹੋ ਜਾਂਦੇ ਹਨ ਠੀਕ ਉੇਸੇ ਤਰ੍ਹਾਂ ਵਰਤਾਓ ਕੀਤਾ ਜਾਵੇ ਕਿ ਜੇਕਰ ਮਾ-ਪਿਉ ਬਜ਼ੁਰਗ ਹੋ ਜਾਣ ਬਿਮਾਰੀ ਦੀ ਹਾਲਤ ‘ਚ ਇਹ ਕਹਿ ਕੇ ਡਾਕਟਰ ਕੋਲ ਨਾ ਲਿਜਾਈਏ ਕਿ ਇਨ੍ਹਾਂ ਨੇ ਤਾਂ ਮਰ ਹੀ ਜਾਣਾ ਹੈ, ਪਰੰਤੂ ਇਹ ਲਾਗੂ ਨਹੀਂ ਕੀਤਾ ਜਾਂਦਾ, ਜਮਾਨੇ ਤੇ ਸਮਾਜ ਦੇ ਡਰੋਂ ਅਸੀਂ ਆਪਣੀ ਇੱਜਤ ਬਚਾਉਣ ਲਈ ਉਨ੍ਹਾਂ ਦਾ ਉਚਿਤ ਇਲਾਜ ਅਪਰੇਸ਼ਨ ਵਗੈਰਾ ਕਰਵਾ ਕੇ ਉਨ੍ਹਾਂ ਦੀ ਸਿਹਤ ਠੀਕ ਕਰਵਾਉਂਦੇ ਹਾਂ ਠੀਕ ਇਸੇ ਤਰ੍ਹਾਂ ਇਹ ਸਰਕਾਰੀ ਥਰਮਲ ਸਾਡੇ ਮਾਂ-ਪਿਉ ਦੀ ਤਰ੍ਹਾਂ ਹਨ ਕਿਉਂਕਿ ਅਸੀਂ ਇੱਥੇ ਆਪਣੀਆਂ ਨੌਕਰੀਆਂ ਕਰਦੇ ਹਾਂ।
ਮੈਂ ਆਪ ਜੀ ਨੂੰ ਬਿਜਲੀ ਐਕਟ 2003 ਨੂੰ ਪੂਰਨ ਰੂਪ ‘ਚ ਲਾਗੂ ਕਰਵਾਉਣ ਲਈ ਆਪ ਜੀ ਪਾਸੋਂ ਆਸ ਨਾਲੋਂ ਵੱਧ ਉਮੀਦ ਰੱਖਦਾ ਹਾਂ ਕਿ ਜਨਰੇਸ਼ਨ ਦੀ ਵੱਖਰੀ ਕੰਪਨੀ ਬਣਾ ਕੇ ਇਸ ਨੂੰ ਪਾਵਰਕੌਮ ਦੇ ਭੜੋਲੇ ‘ਚੋਂ ਬਾਹਰ ਕੱਢਿਆ ਜਾਵੇ ਤਾਂ ਜੋ ਥਰਮਲਾਂ ਦਾ ਕੰਮ ਆਪ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਆ ਢੰਗ ਤੇ ਘੱਟ ਲਾਗਤ ਨਾਲ ਚਲਾਇਆ ਜਾ ਸਕੇ ਜਿਸ ਨਾਲ ਸਾਡੀ ਇਸ ਕੰਪਨੀ ਨੂੰ ਹੋਰ ਵੱਡੇ ਮੁਨਾਫ਼ੇ ਵਾਲੀਆਂ ਕੰਪਨੀਆਂ ਦੀ ਸੂਚੀ ‘ਚ ਸ਼ਾਮਲ ਕੀਤਾ ਜਾ ਸਕੇ। ਬੇਨਤੀ ਕਰਦਾ ਹਾਂ ਕਿ ਜੋ ਸਰਕਾਰੀ ਥਰਮਲਾਂ ਦੇ ਯੂਨਿਟਾਂ ਜਾਂ ਥਰਮਲਾਂ ਨੂੰ ਬੰਦ ਕਰਨ ਦੀਆਂ ਤਜਵੀਜ਼ਾਂ ਪਿਛਲੀ ਸਰਕਾਰ ਤੇ ਪੁਰਾਣੀ ਮੈਨੇਜਮੈਂਟ ਵੱਲੋਂ ਪਾਸ ਕੀਤੀਆਂ ਸਨ ਉਨ੍ਹਾਂ ਨੂੰ ਰੱਦ ਕਰਵਾਉਣ ਲਈ ਆਪ ਜੀ ਆਪਣਾ ਯੋਗਦਾਨ ਪਾਓਗੇ ਤੇ ਜੋ ਸਮਝੌਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਸਾਲਾਂਬੱਧੀ ਵਾਲੇ ਹੋਏ ਹਨ ਨੂੰ ਤੋੜ ਕੇ ਸਰਕਾਰੀ ਥਰਮਲਾਂ ਦੀ ਰੈਨੋਵੇਸ਼ਨ, ਮੈਂਟੀਨੈਂਸ ਤੇ ਹੋਰ ਸਾਂਭ ਸੰਭਾਲ ਦੇ ਨਾਲ-ਨਾਲ ਮੁਲਾਜ਼ਮਾਂ ਅੰਦਰ ਜੋ ਬੇਚੈਨੀ ਤੇ ਬੇਭਰੋਸਗੀ ਦਾ ਆਲਮ ਛਾਇਆ ਹੈ ਨੂੰ ਆਪ ਜੀ ਆਪਣੀ ਵੱਡੀ ਸੋਚ ਨਾਲ ਦੂਰ ਕਰਨ ਦਾ ਉਪਰਾਲਾ ਕਰੋਗੇ। ਅਜਿਹਾ ਕਰਨ ਨਾਲ ਲਾਭ ਤੇ ਹਾਨੀ ਸਪਸ਼ੱਟ ਰੂਪ ‘ਚ ਸਾਹਮਣੇ ਆ ਜਾਵੇਗੀ।
ਮੇਰਾ ਅਗਲਾ ਪੰਧ ਟਰਾਂਸਮਿਸ਼ਨ ਵੱਲ ਰੁਖ਼ ਕਰਨ ਦਾ ਹੈ ਮਾਣਯੋਗ ਖਜਾਨਾ ਮੰਤਰੀ ਸਾਹਿਬ ਇਹ ਟਰਾਂਸਮਿਸ਼ਨ ਜਦੋਂ ਸਾਲ 2010 ਦੌਰਾਨ ਪੈਦਾ ਹੋਈ ਸੀ ਤਾਂ ਜਮਾਂਦਰੂ ਇਸ ਦੀ ਇੱਕ ਲੱਤ ਨਹੀਂ ਸੀ ਮਤਲਬ ਇਹ ਲੰਗੜੀ ਪੈਦਾ ਹੋਈ ਸੀ।ਕਾਰਨ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਜਦੋਂ ਬਿਜਲੀ ਐਕਟ 2003 ਅਨੁਸਾਰ ਬਿਜਲੀ ਬੋਰਡ ਦਾ ਭੋਗ ਪਾ ਕੇ ਇਹ ਕਾਰਪੋਰੇਸ਼ਨਾਂ ਬਣਾਈਆਂ ਗਈਆਂ ਤਾਂ ਉਸ ਸਮੇਂ ਦੇ ਪਾਵਰਕੌਮ ਦੀ ਮੈਨੇਜਮੈਂਟ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਡਰ ਸਤਾਉਣ ਲੱਗਾ ਜਿਸ ਕਾਰਨ ਉਨ੍ਹਾਂ ਨੇ ਟਰਾਂਸਮਿਸ਼ਨ ਕੰਪਨੀ ਦੀ ਇੱਕ ਲੱਤ ਗਰਭ ‘ਚ ਹੀ 66 ਕੇ.ਵੀ. ਬਿਜਲੀ ਘਰਾਂ ਨੂੰ ਪਾਵਰਕੌਮ ਦੇ ਅਧੀਨ ਰੱਖ ਕੇ ਕਟਵਾ ਦਿੱਤੀ ਸੀ, ਕਿ ਜਦੋਂ ਇਹ ਲੰਗੜੀ ਪੈਦਾ ਹੋਵੇਗੀ ਤਾਂ ਸਾਡਾ ਕੁਝ ਵਿਗਾੜ ਨਹੀਂ ਸਕੇਗੀ ਵਾਕਿਆ ਹੀ ਠੀਕ ਉਸੇ ਤਰ੍ਹਾਂ ਹੋਇਆ ਪਾਵਰਕੌਮ ਦੀ ਮੈਨੇਜਮੈਂਟ ਨੇ ਆਪਣੇ ਅਹੁਦੇ ਛੱਡਣ ਤੱਕ ਆਪਣੀਆਂ ਮਨਮਰਜੀਆਂ ਚਲਾਈਆਂ ਜਿਨ੍ਹਾਂ ਨੂੰ ਪੂਰਾ ਜ਼ਮਾਨਾ ਤੇ ਆਪ ਜੀ ਭਲੀ ਭਾਂਤ ਜਾਣਦੇ ਹੋ।
ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਟਰਾਂਸਮਿਸ਼ਨ ਕੰਪਨੀ ਦੇ ਅਧੀਨ 132 ਕੇ.ਵੀ., 220 ਕੇ.ਵੀ., 400 ਕੇ.ਵੀ. ਅਤੇ ਇਸ ਤੋਂ ਵੱਡੇ ਸਂੈਕੜੇ ਬਿਜਲੀ ਘਰ ਹੁਣ ਜਿਨ੍ਹਾਂ ਰਾਹੀਂ ਪੂਰੇ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਵੀ ਕਈ ਜ਼ਿਲ੍ਹਿਆ ਨੂੰ ਮੇਰੇ ਪੰਜਾਬ ਦੀ ਟਰਾਂਸਮਿਸ਼ਨ ਕਾਰਪੋਰੇਸ਼ਨ ਬਿਜਲੀ ਦੇ ਕੇ ਹਨ੍ਹੇਰਾ ਦੂਰ ਕਰਦੀ ਹੈ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ। ਮੈਂ ਆਪ ਜੀ ਪਾਸੋਂ ਜਨਰੇਸ਼ਨ ਦੀ ਤਰ੍ਹਾ ਆਪਣੀ ਟਰਾਂਸਮਿਸ਼ਨ ਕੰਪਨੀ ਲਈ ਉਸ ਦੀ ਪੂਰਨ ਅਜ਼ਾਦੀ ਦੀ ਮੰਗ ਕਰਦਾ ਹੋਇਆ ਉਮੀਦ ਤੋਂ ਵੱਧ ਯਕੀਨ ਰੱਖਦਾ ਹਾਂ ਕਿ ਤੁਸੀਂ ਆਪਣੇ ਸਾਰੇ ਰੁਝੇਵਿਆਂ ਨੂੰ ਇੱਕ ਪਾਸੇ ਰੱਖਦੇ ਹੋਏ ਨਿੱਜੀ ਧਿਆਨ ਦੇ ਕੇ ਇਸ ਕੰਪਨੀ ਦੀ ਤਰੱਕੀ ਤੇ ਬੇਹਤਰੀ ਲਈ 66 ਕੇ.ਵੀ. ਬਿਜਲੀ ਘਰਾਂ ਦੇ ਰੂਪ ‘ਚ ਇਸ ਦੀ ਕੱਟੀ ਹੋਈ ਲੱਤ ਵਾਪਸ ਕਰਦੇ ਹੋਏ ਇਸ ਨੂੰ ਦੋਵਾਂ ਪੈਰਾਂ ‘ਤੇ ਚੱਲਣ ਦੀ ਸ਼ਕਤੀ ਪ੍ਰਦਾਨ ਕਰੋਗੇ।
(ਚਲਦਾ…)
ਜਗਜੀਤ ਸਿੰਘ ਕੰਡਾ, ਪੀਐਸਪੀਸੀਐਲ, ਕੋਟਕਪੂਰਾ
ਮੋ. 96462-00468