ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਮੁੱਖ ਮੰਤਰੀ ਵੱ...

    ਮੁੱਖ ਮੰਤਰੀ ਵੱਲੋਂ ਰਾਜਨਾਥ ਸਿੰਘ ਨੂੰ ਪੱਤਰ, ਗੁਰਦਾਸਪੁਰ ਨਾਲ ਬਠਿੰਡੇ ਵਿਖੇ ਵੀ ਖੋਲਿਆ ਜਾਵੇ ਸੈਨਿਕ ਸਕੂਲ

    ਡੱਲਾ ਗੋਰੀਆਂ ਵਿਖੇ ਸੈਨਿਕ ਸਕੂਲ ਉਡੀਕ ਰਿਹਾ ਐ ਸਮਝੌਤਾ ਪੱਤਰ

    ਅਸ਼ਵਨੀ ਚਾਵਲਾ,ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਗੁਰਦਾਸਪੁਰ ਜਿਲੇ ਵਿਚ ਡੱਲਾ ਗੋਰੀਆਂ ਵਿਖੇ ਸੈਨਿਕ ਸਕੂਲ ਸਥਾਪਤ ਕਰਨ ਲਈ ਕੀਤੇ ਸਮਝੌਤਾ ਪੱਤਰ (ਐਮ.ਓ.ਏ.) ਨੂੰ ਤੁਰੰਤ ਮਨਜੂਰੀ ਦੇਣ ਅਤੇ ਬਠਿੰਡਾ ਵਿਖੇ ਤੀਜੇ ਸੈਨਿਕ ਸਕੂਲ ਨੂੰ ਵੀ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ ਹੈ। ਕੇਂਦਰੀ ਰੱਖਿਆ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਕੇਂਦਰੀ ਮੰਤਰਾਲੇ ਪਾਸੋਂ ਪ੍ਰਵਾਨਗੀ ਪੱਤਰ ਪ੍ਰਾਪਤ ਹੁੰਦੇ ਸਾਰ ਤੀਜੇ ਸੈਨਿਕ ਸਕੂਲ ਲਈ ਐਮ.ਓ.ਏ. ਉਤੇ ਹਸਤਾਖਰ ਕਰੇਗੀ।

    ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪੰਜਾਬ ਦੇ ਦੂਜੇ ਸੈਨਿਕ ਸਕੂਲ ਦੀ ਸਥਾਪਨਾ ਲਈ ਡੱਲਾ ਗੋਰੀਆਂ (ਜਿਲਾ ਗੁਰਦਾਸਪੁਰ) ਵਿਖੇ 40 ਏਕੜ ਜਮੀਨ ਪਹਿਲਾਂ ਹੀ ਅਲਾਟ ਕਰ ਦਿੱਤੀ ਹੈ ਅਤੇ ਸਮਝੌਤਾ ਪੱਤਰ ਉਤੇ ਦਸਤਖਤ ਕਰਕੇ ਇਸ ਨੂੰ ਰੱਖਿਆ ਮੰਤਰਾਲੇ ਵਿਚ ਸਾਬਕਾ-ਸੈਨਿਕ ਭਲਾਈ ਵਿਭਾਗ ਕੋਲ ਸੌਂਪਿਆ ਜਾ ਚੁੱਕਾ ਹੈ। ਹਾਲਾਂਕਿ, ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਰਾਏ ਮੁਤਾਬਕ ਪੰਜਾਬੀ ਨੌਜਵਾਨਾਂ ਦੀਆਂ ਖਾਹਿਸ਼ਾਂ ਦੀ ਪੂਰਤੀ ਲਈ ਇਹ ਵੀ ਕਾਫੀ ਨਹੀਂ ਹੈ।

    ਮਾਲਵਾ, ਦੋਆਬਾ ਅਤੇ ਮਾਝਾ ਖੇਤਰ ਜੋ ਸੂਬੇ ਦੀ ਕੁਦਰਤੀ ਤੌਰ ਉਤੇ ਭੂਗੋਲਿਕ ਵੰਡ ਹਨ, ਵਿਚ ਘੱਟੋ-ਘੱਟ ਇਕ ਇੱਕ ਸੈਨਿਕ ਸਕੂਲ ਦੀ ਲੋੜ ਉਤੇ ਜੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਮਹਿਸੂਸ ਕਰਦੇ ਹਨ ਕਿ ਬਠਿੰਡਾ ਵਿਚ ਤੀਜਾ ਸੈਨਿਕ ਸਕੂਲ ਇਸ ਲੋੜ ਨੂੰ ਢੁਕਵੇਂ ਰੂਪ ਵਿਚ ਪੂਰਾ ਕਰ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਸੈਨਿਕ ਸਕੂਲ, ਕਪੂਰਥਲਾ ਹੀ ਪੰਜਾਬ ਦਾ ਇਕ ਸੈਨਿਕ ਸਕੂਲ ਹੈ ਜੋ ਸਾਲ 1961 ਵਿਚ ਸਥਾਪਤ ਕੀਤਾ ਗਿਆ ਸੀ। ਪੰਜਾਬ ਦੇ ਨੌਜਵਾਨਾਂ ਨੇ ਹਮੇਸ਼ਾ ਹੀ ਫੌਜ ਵਿਚ ਜਾਣ ਅਤੇ ਮੁਲਕ ਦੀ ਸੇਵਾ ਕਰਨ ਦੇ ਮਿਸਾਲੀ ਜਜਬੇ ਦਾ ਪ੍ਰਗਟਾਵਾ ਕੀਤਾ ਹੈ ਜਿਸ ਕਰਕੇ ਸੂਬੇ ਵਿਚ ਹੋਰ ਸੈਨਿਕ ਸਕੂਲ ਸਥਾਪਤ ਕੀਤੇ ਜਾਣ ਦੀ ਫੌਰੀ ਲੋੜ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।