ਸਾਡੇ ਨਾਲ ਸ਼ਾਮਲ

Follow us

9.5 C
Chandigarh
Wednesday, January 21, 2026
More
    Home ਸਾਹਿਤ ਕਹਾਣੀਆਂ ਇੱਕ ਚਿੱਠੀ ਸ਼੍ਰ...

    ਇੱਕ ਚਿੱਠੀ ਸ਼੍ਰੀਮਾਨ ਗੰਢਾ ਉਰਫ਼ ਮਿਸਟਰ ਪਿਆਜ਼ ਦੇ ਨਾਂਅ

    letter by the name of Mr Onion

    ਇੱਕ ਚਿੱਠੀ ਸ਼੍ਰੀਮਾਨ ਗੰਢਾ ਉਰਫ਼ ਮਿਸਟਰ ਪਿਆਜ਼ ਦੇ ਨਾਂਅ

    Mr Onion | ਸ੍ਰੀਮਾਨ ਗੰਢਾ ਉਰਫ਼ ਮਿਸਟਰ ਪਿਆਜ਼ ਜੀ! ਇਹ ਪੱਤਰ ਮੈਂ ਤੈਨੂੰ ਸਮੂਹ ਚੁੱਲ੍ਹਾ-ਚੌਂਕਾ ਭਾਈਚਾਰੇ ਵੱਲੋਂ ਲਿਖ ਰਿਹਾ ਹਾਂ ਪਤਾ ਨਹੀਂ ਮੇਰਾ ਇਹ ਪੱਤਰ ਤੂੰ ਆਪਣੇ ਆਕੜ ਵਾਲੇ ਸੁਭਾਅ (ਜਿਹੜਾ ਕਿ ਤੂੰ ਅੱਜ-ਕੱਲ੍ਹ ਆਪਣੀ ਕੀਮਤ ਵਧਾ ਕੇ ਬਣਾਈ ਬੈਠਾ ਏਂ) ਕਾਰਨ ਚੰਗੀ ਤਰ੍ਹਾਂ ਪੜ੍ਹੇ ਵੀ ਕਿ ਨਾ! ਚੱਲ ਜੇ ਤੂੰ ਇਸ ਪੱਤਰ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਵੀ ਪੜ੍ਹਨਾ ਤਾਂ ਨਾ ਸਹੀ ਪਰ ਇਸ ਵਿਚਲੀਆਂ ਸਾਡੀ ਦੁਖਦਾਈ ਭਾਵਨਾ ਨੂੰ ਜ਼ਰੂਰ ਸਮਝੀਂ ਇਹ ਤੈਨੂੰ ਸਾਰੀ ਲੋਕਾਈ ਦਾ ਵਾਸਤਾ ਈ ਪਿਆਰੇ ਪਿਆਜ਼ ਭਰਾ! ਇਸ ਪੱਤਰ ਦੇ ਮਜ਼ਮੂਨ ਦਾ ਸੰਬੰਧ ਮਨੁੱਖ ਦੇ ਉਨ੍ਹਾਂ ਅਥਰੂਆਂ ਨਾਲ ਹੈ ਜਿਹੜੇ ਤੇਰੇ ਵਿਛੋੜੇ ਕਾਰਨ ਅੱਜ-ਕੱਲ੍ਹ ਹਰੇਕ ਵਰਗ ਦੀਆਂ ਅੱਖਾਂ ਵਿਚੋਂ ਵਗ ਰਹੇ ਹਨ ਹੁਣ ਤੂੰ ਕਹੇਂਗਾ ਕਿ ਇਸ ਵਿਚ ਕਿਹੜੀ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਹੈ

    ਕਿਉਂਕਿ ਮਨੁੱਖ ਦੇ ਅੱਥਰੂ ਨਾਲ ਤਾਂ ਮੇਰਾ ਮੁੱਢ-ਕਦੀਮ ਤੋਂ ਹੀ ਨਾਤਾ ਚੱਲਦਾ ਆ ਰਿਹਾ ਹੈ ਇੱਥੇ ਹੀ ਬੱਸ ਨਹੀਂ ਆਪਣੇ-ਆਪ ਨੂੰ ਜਸਟੀਫਾਈ ਕਰਦਿਆਂ ਤੂੰ ਤਾਂ  ਹੁਣ  ਇਹ ਵੀ ਬਿਆਨ ਦੇਵੇਂਗਾ ਕਿ ਮਨੁੱਖ ਦੇ ਅਥਰੂ ਹੀ ਮੇਰੀ ਅਸਲ ਹਾਜ਼ਰੀ ਦਾ ਪ੍ਰਮਾਣ ਹੁੰਦੇ ਹਨ, ਨਹੀਂ ਤਾਂ ਮਹਿੰਗੀਆਂ-ਮਹਿੰਗੀਆਂ  ਸਬਜ਼ੀਆਂ ਦਾ ਸਾਥ ਪਾਉਣ ਲਈ ਮੇਰੇ ਵਰਗੇ ਨਿਮਾਣਿਆਂ ਨੂੰ ਮਾਣ ਕੌਣ ਬਖਸ਼ਦਾ ਹੈ ਬਾਈ ਗੰਢਾ ਸਿਹਾਂ! ਮੈਂ ਤੇਰੀ ਉਪਰੋਕਤ ਦਲੀਲ ਨਾਲ ਕਿਸੇ ਹੱਦ ਤੱਕ ਸਹਿਮਤੀ ਪ੍ਰਗਟਾਉਂਦਾ ਹਾਂ ਅਤੇ ਨਾਲ ਹੀ ਤੇਰਾ ਧਿਆਨ ਉਸ ਮੁੱਦੇ ਵੱਲ ਵੀ ਲਿਆਉਂਦਾ ਹਾਂ ਜਿਹੜਾ ਅੱਜ-ਕੱਲ੍ਹ ਤੈਨੂੰ ਬਿਨਾਂ ਮੂੰਹ ਲਾਇਆਂ ਹਰੇਕ ਭਾਰਤੀ ਦੀ ਜ਼ੁਬਾਨ ਨੂੰ ਕੁਸੈਲਿਆਂ ਕਰੀ ਜਾ ਰਿਹਾ ਹੈ ਤੇ ਇਹ ਮੁੱਦਾ ਹੈ ਦਿਨ-ਬ-ਦਿਨ ਵਧ ਰਿਹਾ ਤੇਰਾ ਭਾਅ  ਮਿੱਤਰਾ!

    ਜਿਨ੍ਹਾਂ ਦਿਹਾੜਿਆਂ ਵਿਚ ਤੇਰੀ ਕੀਮਤ 15-20 ਦਮੜੇ ਹੋਇਆ ਕਰਦੀ ਸੀ ਉਸ ਵਕਤ ਜਨਤਾ ਤੈਨੂੰ ਰੱਜਵਾਂ ਪਿਆਰ ਦਿਆ ਕਰਦੀ ਸੀ ਅਤੇ ਇੱਕ-ਅੱਧੇ ਕਿਲੋ ਦੀ ਬਜਾਏ ਤੈਨੂੰ ਧੜੀਆਂ-ਵੱਟੀਆਂ ਵਿਚ ਖਰੀਦਦੀ ਸੀ ਪਰ ਜਿਸ ਦਿਨ ਤੋਂ ਤੂੰ 60-70 ਰੁਪਏ ਕਿਲੋ ਦੇ ਹਿਸਾਬ ਨਾਲ ਵਿਕਣ ਲੱਗਿਆਂ ਏਂ ਬਹੁਤ ਸਾਰੇ ਮਾਹਤੜਾਂ ਦੀ ਪਹੁੰਚ ਸਿਰਫ਼ ਪਾਈਆ ਕੁ ਤੱਕ ਹੀ ਰਹਿ ਗਈ ਹੈ ਤੇ ਜਿਸ ਤਰ੍ਹਾਂ ਦੇ ਸਬਜ਼ੀ ਮੰਡੀ ਦੇ ਹਲਾਤ ਦੇਖਣ-ਸੁਣਨ ਨੂੰ ਮਿਲ ਰਹੇ ਹਨ ਲੱਗਦਾ ਹੈ ਕਿ ਮੇਰੇ ਵਰਗਿਆਂ ਦੀ ਇਹ ਪਾਈਆ ਵਾਲੀ ਪਹੁੰਚ ਵੀ ਬਿਨ ਆਈ ਮੌਤ ਹੀ ਮਰ ਜਾਵੇਗੀ ਜਿਸ ਦਿਨ ਇਹ ਮੌਤ ਹੋ ਗਈ ਲੋਕ ਨਾ ਸਿਰਫ਼ ਤੈਨੂੰ ਹੀ ਨਫ਼ਰਤ ਭਰੀਆਂ ਨਿਗਾਹਾਂ ਨਾਲ ਦੇਖਣਗੇ  ਸਗੋਂ ਤੇਰੀ ਪਿੱਠ ਠੋਕਣ (ਵਪਾਰੀਆਂ, ਜਮ੍ਹਾਖੋਰਾਂ, ਬਲੈਕ-ਮਾਰਕੀਟੀਆਂ) ਵਾਲਿਆਂ ਪ੍ਰਤੀ ਕੁਝ ਸੋਚਣ ਲਈ ਵੀ ਮਜਬੂਰ ਹੋਣਗੇ                                            ਕਿਤੇ ਇਹ ਨਾ ਹੋਵੇ ਕਿ ਪਬਲਿਕ ਦੀ ਇਸ ਸੋਚ ਦਾ ਅਸਰ ਦਿੱਲੀ ਦੇ ਦਰਵਾਜ਼ੇ (ਵੋਟਾਂ ਰਾਹੀਂ) ਤੱਕ ਵੀ ਚਲਾ ਜਾਵੇ

    ਪਿਆਜ਼ ਭਰਾਵਾ! ਤੇਰੇ ਵੱਲੋਂ ਫ਼ੈਲਾਈ ਕੁੜੱਤਣ ਨੇ ਤਾਂ ਇੱਕ ਦਿਨ ਹੱਦ ਹੀ ਕਰ ਦਿੱਤੀ ਸਾਡੇ ਪਿੰਡ ਵਾਲੇ ਕੱਬਿਆਂ ਦੇ ਕਰਤਾਰੇ ਦੀ ਕੁੜੀ ਦਾ ਵਿਆਹ ਸੀ ਜਦੋਂ ਬਰਾਤ ਆਈ ਤਾਂ ਉਸ ਦਾ ਭਰਪੂਰ ਸਵਾਗਤ ਕੀਤਾ ਗਿਆ ਚਾਹ-ਪਾਣੀ ਤੋਂ ਲੈ ਕੇ ਫੇਰਿਆਂ ਤੱਕ ਦਾ ਸਾਰਾ ਮਾਹੌਲ ਮਿੱਠਾ-ਮਿੱਠਾ ਚੱਲ ਰਿਹਾ ਸੀ ਪਰ ਕੁੜੱਤਣ ਉਸ ਵਕਤ ਵਧੀ ਜਦੋਂ ਬਰਾਤੀ ਰੋਟੀ ਖਾਣ ਲੱਗੇ ਉਂਜ ਤਾਂ ਖਾਣੇ ਦੀ ਮੇਜ਼ ਉੱਪਰ ਰੰਗ-ਬਰੰਗਾ ਸਲਾਦ ਹਾਜ਼ਰ ਸੀ ਪਰ ਇਕੱਲਾ ਤੂੰ ਗੈਰ ਹਾਜ਼ਰ ਸੀ ਤੇ ਤੇਰੀ ਇਹ ਗੈਰ ਹਾਜ਼ਰੀ ਲਾੜੇ ਦੇ ਫੁੱਫੜ ਦੀ ਨਜ਼ਰੀਂ ਪੈ ਗਈ ਬੱਸ ਫਿਰ ਉਸ ਨੇ ਉੱਥੇ ਜੋ ਬਵਾਲ ਖੜ੍ਹਾ ਕੀਤਾ ਉਸ ਨਾਲ ਹੇਠਲੀ ਉੱਪਰ ਆਉਣ ਵਾਲੀ ਹੋ ਗਈ, ਅਖੇ! ਆਪਣੇ ਜਵਾਈ ਦੀ ਸੇਵਾ ਤਾਂ ਇਨ੍ਹਾਂ ਨੇ ਹੁਣ ਸਾਰੀ ਉਮਰ ਕਰੀ ਹੀ ਜਾਣੀ ਹੈ

    ਪਰ ਅਸੀਂ ਬਰਾਤੀਆਂ ਕਿਹੜਾ ਰੋਜ਼-ਰੋਜ਼ ਇਨ੍ਹਾਂ ਦੇ ਘਰ ਆਉਣਾ ਸੀ ਜੇ ਰੋਟੀ ਦੇ ਨਾਲ ਚਾਰ ਪਿਆਜ਼ ਵੀ ਸਲਾਦ ਵਿਚ ਲਾ ਦਿੰਦੇ ਤਾਂ ਭਲਾ ਕਿਹੜਾ ਘਾਟਾ ਪੈ ਜਾਣਾ ਸੀ, ਨੰਗ ਕਿਸੇ ਥਾਂ ਦੇ ਨਾ ਹੋਣ! ਮੁੰਡੇ ਦੇ ਫੁੱਫੜ ਦੇ ਇਹ ਰੁੱਖੇ ਸ਼ਬਦ ਕਿਸੇ ਨੇ ਕੁੜੀ ਦੇ ਪਿਤਾ ਨੂੰ ਜਾ ਦੱਸੇ ਆਪਣੀ ਸਫ਼ਾਈ ਦਿੰਦਿਆਂ ਉਸ ਨੇ ਕਿਹਾ, ‘ਸਰਦਾਰ ਜੀ! ਮੈਂ ਤਾਂ ਆਪਣੀ ਚਾਦਰ ਦੇਖ ਕੇ ਪਿਆਜ਼ ਪਸਾਰੇ ਸਨ ਪਰ ਉਹ ਸਾਰੇ ਸਬਜ਼ੀਆਂ ਦਾ ਸੁਆਦ ਵਧਾਉਣ ਲਈ ਹੀ ਕੁਰਬਾਨ ਹੋ ਗਏ ਰੱਬ ਦਾ ਵਾਸਤਾ ਹੁਣ ਮੇਰੇ ਕੋਲ ਹੋਰ ਪਿਆਜ਼ ਖਰੀਦਣ ਦਾ ਹੀਆ ਨਹੀਂ ਜੇ ਪੈਂਦਾ’ ਉਸ ਦੀਆਂ ਖ਼ਰੀਆਂ-ਖ਼ਰੀਆਂ ਸੁਣ ਕੇ ਬਰਾਤ ਸ਼ਾਂਤ ਹੋ ਗਈ ਅਤੇ ਬਿਨਾ ਤੇਰੀ ਹਾਜ਼ਰੀ ਦੇ ਹੀ ਰੋਟੀ ਖਾਣ ਲੱਗ ਪਈ ਇਹ ਤਾਂ ਸਮਝਦਾਰਾਂ ਦੀ ਸਮਝ ਕਰਕੇ ਮਾਮਲਾ ਠੰਢਾ ਹੋ ਗਿਆ ਵਰਨਾ ਤੇਰੇ ਵੱਲੋਂ ਤਾਂ ਕੋਈ ਕਸਰ ਬਾਕੀ ਨਹੀਂ ਸੀ

    ਸੋ ਪਿਆਰੇ ਵੀਰ ਗੰਢਾ ਜੀ! ਮੈਂ ਆਪਣੇ ਇਸ ਪੱਤਰ ਰਾਹੀਂ ਤੇਰੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੂੰ ਸਾਡੇ ਕੋਲੋਂ ਬਹੁਤਾ ਬੇਮੁੱਖ ਨਾ ਹੋ ਅਤੇ ਪਹਿਲਾਂ ਵਾਂਗ ਹੀ ਸਾਡੀ ਰਸੋਈ ਦੀ ਕੜਾਹੀ ਦੀ ਖ਼ਬਰਸਾਰ ਲੈਂਦਾ ਰਹੁ ਭਾਵੇਂ ਸਾਡੀ ਰਸੋਈ ਵਿਚ ਛਕਣ-ਛਕਾਉਣ ਵਾਲੇ ਬੇਸ਼ਕੀਮਤੀ ਪਦਾਰਥਾਂ ਦੀ ਕੋਈ ਤੋਟ ਨਹੀਂ ਹੈ ਪਰ ਤੇਰੀ ਅਣਹੋਂਦ ਨੇ ਤਾਂ ਸਾਨੂੰ ਅੰਦਰ ਤੱਕ ਹਿਲਾ ਰੱਖ ਦਿੱਤਾ ਹੈ ਅਖੀਰ ਵਿਚ ਮੈਂ ਇਨ੍ਹਾਂ ਸਤਰਾਂ ਨਾਲ

    ਆਪਣਾ ਪੱਤਰ ਸਮੇਟਣ ਦੀ ਤੇਰੇ ਕੋਲੋਂ ਆਗਿਆ ਚਾਹੁੰਦਾ ਹਾਂ:-                                                                                                                              
    ਤੂੰ ਯਾਰਾਂ ਦਾ ਯਾਰ ਹੁੰਦਾ ਸੀ, ਸਭ ਨਾਲ ਤੇਰਾ ਪਿਆਰ ਹੁੰਦਾ ਸੀ
    ਕੌੜਾ ਸੀ ਸੁਭਾਅ ਦਾ ਚਾਹੇ,  ਪਰ ਪੂਰਾ ਅਸਰਦਾਰ ਹੁੰਦਾ ਸੀ
    ਕਿਹੜੀ ਗੱਲੋਂ ਨਾਰਾਜ਼ ਹੋ ਗਿਆਂ ਸਾਡੇ ਨਾਲ ਪਿਆਜ਼ ਮੀਆਂ,                        
    ‘ਚੋਹਲੇ’ ਵਾਲੇ ‘ਬੱਗੇ’ ਨਾਲ ਨਾ ਤੇਰਾ ਕਦੇ ਤਕਰਾਰ ਹੁੰਦਾ ਸੀ
    ਰਮੇਸ਼ ਬੱਗਾ ਚੋਹਲਾ,
    ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
    ਮੋ. 94631-32719

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here