ਚੋਣਾਂ ਦੌਰਾਨ ਕਾਇਮ ਰੱਖੀਏ ਭਾਈਚਾਰਕ ਸਾਂਝ!
ਸਾਡੇ ਮੁਲਕ ਦੀ ਲੋਕਤੰਤਰੀ ਵਿਵਸਥਾ ’ਚ ਸਥਾਨਕ ਸੰਸਥਾਵਾਂ ਦਾ ਬੜਾ ਅਹਿਮ ਸਥਾਨ ਹੈ। ਲੋਕਤੰਤਰ ਦੀ ਮੁੱਢਲੀ ਇਕਾਈ ਵਜੋਂ ਸਥਾਪਿਤ ਇਹਨਾਂ ਸੰਸਥਾਵਾਂ ਦੀਆਂ ਚੋਣਾਂ ਵਿੱਚ ਆਮ ਲੋਕਾਂ ਦੀ ਭਾਗੀਦਾਰੀ ਹੋਰ ਕਿਸੇ ਵੀ ਚੋਣ ਨਾਲੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ। ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰੀ ਖੇਤਰਾਂ ਦੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਦੌਰਾਨ ਵੋਟਾਂ ਭੁਗਤਣ ਦੀ ਪ੍ਰਤੀਸ਼ਤਤਾ ਵੀ ਹੋਰਨਾਂ ਸਾਰੀਆਂ ਚੋਣਾਂ ਨਾਲੋਂ ਕਿਤੇ ਜਿਆਦਾ ਵੱਧ ਹੁੰਦੀ ਹੈ। ਇਹਨਾਂ ਸਥਾਨਕ ਚੋਣਾਂ ਵਿੱਚ ਨਾ ਕੇਵਲ ਆਮ ਲੋਕ ਸਗੋਂ ਰਾਜਸੀ ਪਾਰਟੀਆਂ ਵੀ ਬਹੁਤ ਜਿਆਦਾ ਰੁਚੀ ਵਿਖਾਉਂਦੀਆਂ ਹਨ।
ਤਕਰੀਬਨ ਸਾਰੀਆਂ ਹੀ ਰਾਜਸੀ ਪਾਰਟੀਆਂ ਇਹਨਾਂ ਸੰਸਥਾਵਾਂ ’ਤੇ ਕਾਬਜ਼ ਹੋਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀਆਂ ਕਿਉਂਕਿ ਰਾਜਸੀ ਪਾਰਟੀਆਂ ਨੇ ਆਮ ਵੋਟਰਾਂ ਨਾਲ ਰਾਬਤਾ ਇਹਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਰਾਹੀਂ ਹੀ ਕਾਇਮ ਕਰਨਾ ਹੁੰਦਾ ਹੈ। ਇਹਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਆਮ ਵੋਟਰਾਂ ਦਾ ਰਿਸ਼ਤਾ ਰਾਜਸੀ ਪਾਰਟੀਆਂ ਦੇ ਹੋਰ ਸਭ ਆਹੁਦੇਦਾਰਾਂ ਨਾਲੋਂ ਨਜ਼ਦੀਕ ਦਾ ਹੁੰਦਾ ਹੈ। ਰਾਜਸੀ ਖੇਤਰ ਦੇ ਧਰਾਤਲ ’ਤੇ ਕੰਮ ਕਰਨ ਵਾਲੇ ਇਹਨਾਂ ਸਥਾਨਕ ਸੰਸਥਾਵਾਂ ਦੇ ਨੁਮਾਇੰਦੇ ਅਸਲ ਵਿੱਚ ਰਾਜਸੀ ਪਾਰਟੀਆਂ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ।
ਸੂਬੇ ਦੀਆਂ ਵਿਧਾਨ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਵੇਖੇ ਜਾਣ ਕਾਰਨ ਇਹਨਾਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਦਾ ਅਹਿਮ ਹੋਰ ਵੀ ਵਧ ਗਿਆ ਹੈ। ਸ਼ਾਇਦ ਇਸੇ ਲਈ ਸ਼ਹਿਰੀ ਸਥਾਨਕ ਚੋਣਾਂ ਦੀਆਂ ਪੈ ਰਹੀਆਂ ਵੋਟਾਂ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਰਾਜਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਵੱਲੋਂ ਇਹਨਾਂ ਚੋਣਾਂ ’ਤੇ ਬਾਜ਼ ਅੱਖ ਰੱਖੀ ਹੋਈ ਹੈ। ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ਼ ਕਰਨ ਸਮੇਂ ਤੋਂ ਹੀ ਇਹਨਾਂ ਸੰਸਥਾਵਾਂ ਦਾ ਚੋਣ ਅਮਲ ਸੁਰਖੀਆਂ ਵਿੱਚ ਆਇਆ ਹੋਇਆ ਹੈ। ਪਰ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੋਈ ਵੀ ਚੋਣ ਅਮਲ ਆਪਸੀ ਭਾਰਈਚਾਰਕ ਸਾਂਝ ਤੋਂ ਉੱਪਰ ਨਹੀਂ ਹੁੰਦਾ। ਸਮਝਣ ਵਾਲੀ ਗੱਲ ਇਹ ਵੀ ਹੈ ਕਿ ਭਾਈਚਾਰਕ ਸਾਂਝ ਦੀ ਕੀਮਤ ’ਤੇ ਪ੍ਰਾਪਤ ਕੀਤਾ ਕੋਈ ਵੀ ਰਾਜਸੀ ਅਹੁਦਾ ਕੋਈ ਮਾਅਨੇ ਨਹੀਂ ਰੱਖਦਾ ਹੁੰਦਾ।
ਲੋਕਤੰਤਰੀ ਪ੍ਰਕਿਰਿਆ ਦਾ ਅਹਿਮ ਇਸੇ ਗੱਲ ਵਿੱਚ ਹੈ ਕਿ ਹਰ ਵਿਅਕਤੀ ਨੂੰ ਸੰਵਿਧਾਨਕ ਅਧਿਕਾਰਾਂ ਅਨੁਸਾਰ ਲੋਕਤੰਤਰੀ ਅਹੁਦੇ ਦੀ ਪ੍ਰਾਪਤੀ ਲਈ ਚੋਣ ਲੜਨ ਦਾ ਅਤੇ ਹਰ ਵੋਟਰ ਨੂੰ ਪਸੰਦੀਦਾ ਉਮੀਦਵਾਰ ਚੁਣਨ ਲਈ ਵੋਟ ਪਾਉਣ ਦਾ ਅਧਿਕਾਰ ਮਿਲੇ। ਪਰ ਬਦਕਿਸਮਤੀ ਵੱਸ ਸਾਡੇ ਮੁਲਕ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਪਿਛਲੇ ਕੁੱਝ ਸਮੇਂ ਤੋਂ ਬਹੁਵਿਆਪੀ ਖੋਰਾ ਲੱਗ ਰਿਹਾ ਹੈ। ਲੋਕਤੰਤਰੀ ਸੰਸਥਾਵਾਂ ’ਤੇ ਕਾਬਜ਼ ਹੋਣ ਦੇ ਬਦਲੇ ਤੌਰ-ਤਰੀਕਿਆਂ ਨੇ ਲੋਕਤੰਤਰੀ ਨੁਮਾਇੰਦਿਆਂ ਦੇ ਕੰਮ ਕਰਨ ਦੇ ਤੌਰ-ਤਰੀਕੇ ਵੀ ਤਬਦੀਲ ਕਰ ਦਿੱਤੇ ਹਨ। ਲੋਕਤੰਤਰੀ ਨੁਮਾਇੰਦੇ ਤਾਨਾਸ਼ਾਹਾਂ ਜਿਹਾ ਵਤੀਰਾ ਧਾਰਨ ਕਰਨ ਲੱਗੇ ਹਨ।
ਚੋਣਾਂ ਜਿੱਤਣ ਉਪਰੰਤ ਉਮੀਦਵਾਰ ਤੋਂ ਨੁਮਾਇੰਦਾ ਬਣੇ ਲੋਕਾਂ ਦੇ ਬਦਲਦੇ ਤੇਵਰਾਂ ਤੋਂ ਸੂਬੇ ਦਾ ਹਰ ਨਾਗਰਿਕ ਭਲੀ ਪ੍ਰਕਾਰ ਜਾਣੂ ਹੈ। ਮੌਜ਼ੂਦਾ ਸਮੇਂ ’ਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨ ਇਸ ਵਰਤਾਰੇ ਦੀ ਪ੍ਰਤੱਖ ਉਦਾਹਰਨ ਹਨ। ਲੋਕ ਇੱਛਾਵਾਂ ਅਨੁਸਾਰ ਨਿਰਣੇ ਲੈਣਾ ਕਿਸੇ ਵੀ ਲੋਕਤੰਤਰੀ ਸਰਕਾਰ ਦਾ ਮੁੱਢਲਾ ਫਰਜ਼ ਹੁੰਦਾ ਹੈ। ਪਰ ਇਸ ਮਾਮਲੇ ਵਿੱਚ ਲੋਕ-ਇੱਛਾ ਨੂੰ ਦਿੱਤੀ ਜਾਣ ਵਾਲੀ ਅਹਿਮੀਅਤ ਸਾਡੇ ਸਭ ਦੇ ਸਾਹਮਣੇ ਹੈ। ਨਗਰ ਕੌਂਸਲ ਅਤੇ ਨਗਰ ਨਿਗਮਾਂ ਦਾ ਇਹ ਚੋਣ ਅਮਲ ਸ਼ੁਰੂ ਤੋਂ ਹੀ ਡਰ ਅਤੇ ਭੈਅ ਦੇ ਸਾਏ ਹੇਠ ਆਇਆ ਹੋਇਆ ਹੈ।
ਕਈ ਥਾਵਾਂ ’ਤੇ ਰਾਜਸੀ ਪਾਰਟੀਆਂ ਦਰਮਿਆਨ ਹਿੰਸਾਤਮਕ ਟਕਰਾਅ ਦੀਆਂ ਖਬਰਾਂ ਵੀ ਪੜ੍ਹਨ ਅਤੇ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਚੋਣਾਂ ਦੌਰਾਨ ਪੈਦਾ ਹੋਣ ਵਾਲੇ ਹਿੰਸਾਤਮਕ ਟਕਰਾਅ ਦਾ ਹਿੱਸਾ ਹਮੇਸ਼ਾ ਹੀ ਆਮ ਲੋਕ ਬਣਦੇ ਹਨ। ਹਿੰਸਾ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਵੀ ਆਮ ਲੋਕਾਂ ’ਤੇ ਹੀ ਪੈਂਦਾ ਹੈ। ਕਈ ਵਾਰ ਤਾਂ ਰਾਜਸੀ ਪਾਰਟੀਆਂ ਦੇ ਆਮ ਵਰਕਰਾਂ ਨੂੰ ਜਾਨ ਤੋਂ ਹੱਥ ਤੱਕ ਧੋਣੇ ਪੈ ਜਾਂਦੇ ਹਨ। ਰਾਜਸੀ ਪਾਰਟੀਆਂ ਦੇ ਵੱਡੇ ਆਗੂਆਂ ਤੱਕ ਅਜਿਹੀਆਂ ਹਿੰਸਾਤਮਕ ਕਾਰਵਾਈਆਂ ਦਾ ਸੇਕ ਘੱਟ ਹੀ ਪਹੁੰਚਦਾ ਹੈ।
ਅੱਜ ਚੌਦਾਂ ਫਰਵਰੀ ਨੂੰ ਹੋ ਰਹੀਆਂ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਦੇ ਅਮਲ ਨੂੰ ਸ਼ਾਂਤੀ ਪੂਰਵਕ ਅਤੇ ਸੁਤੰਤਰ ਮਾਹੌਲ ਵਿੱਚ ਨੇਪਰੇ ਚਾੜ੍ਹ ਕੇ ਭਾਈਚਾਰਕ ਸਾਂਝ ਨੂੰ ਸਲਾਮਤ ਰੱਖਣਾ ਸਾਡਾ ਸਭ ਦਾ ਫਰਜ਼ ਹੈ। ਲੋਕਤੰਤਰੀ ਪ੍ਰਕਿਰਿਆ ਦਾ ਗੌਰਵ ਆਮ ਲੋਕਾਂ ਦੇ ਨਿਰਣੇ ਨੂੰ ਸਵੀਕਾਰਨ ਵਿੱਚ ਹੈ ਨਾ ਕਿ ਡਰ ਅਤੇ ਭੈਅ ਦਾ ਵਾਤਾਵਰਨ ਸਿਰਜ ਕੇ ਆਮ ਲੋਕਾਂ ਨੂੰ ਫੈਸਲੇ ਬਦਲਣ ਲਈ ਮਜਬੂਰ ਕਰਨ ਵਿੱਚ। ਮਿਸਾਲ ਵਜੋਂ ਜਾਣੀ ਜਾਂਦੀ ਪੰਜਾਬੀਆਂ ਦੀ ਭਾਈਚਾਰਕ ਸਾਂਝ ਮਿਸਾਲ ਹੀ ਬਣੀ ਰਹਿਣੀ ਚਾਹੀਦੀ ਹੈ। ਅਸਥਾਈ ਅਹੁਦਿਆਂ ਦੀ ਖਾਤਰ ਸਥਾਈ ਅਤੇ ਸਦੀਆਂ ਪੁਰਾਣੀ ਭਾਈਚਾਰਕ ਸਾਂਝ ਨੂੰ ਦਾਅ ’ਤੇ ਲਾਉਣਾ ਕਿਵੇਂ ਵੀ ਸਿਆਣਪ ਭਰਪੂਰ ਕਦਮ ਨਹੀਂ ਕਿਹਾ ਜਾ ਸਕਦਾ। ਚੋਣ ਮੈਦਾਨ ਵਿੱਚ ਉੱਤਰੇ ਉਮੀਦਵਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਆਮ ਲੋਕਾਂ ਨੂੰ ਸੁਤੰਤਰ ਨਿਰਣਾ ਲੈਣ ਦਿੱਤਾ ਜਾਵੇ।
ਰਾਜਸੀ ਪਾਰਟੀਆਂ ਦਾ ਵੀ ਫਰਜ਼ ਬਣਦਾ ਹੈ ਕਿ ਰਾਜਨੀਤਿਕ ਲਾਹਿਆਂ ਦੀ ਖਾਤਰ ਆਮ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਖਤਰੇ ਵਿੱਚ ਨਾ ਪਾਇਆ ਜਾਵੇ। ਚੋਣ ਅਮਲ ਦੌਰਾਨ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਦੀ ਉਮੀਦ ਨਾਲ ਵੋਟਰਾਂ ਤੋਂ ਵੀ ਇਹ ਉਮੀਦ ਕਰਦੇ ਹਾਂ ਕਿ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ ਦੇ ਕੀਤਾ ਜਾਵੇ। ਨਸ਼ੇ ਜਾਂ ਹੋਰ ਲਾਲਚਾਂ ਵੱਸ ਪੈ ਕੇ ਕਦੇ ਵੀ ਸਿਹਤਮੰਦ ਲੋਕਤੰਤਰੀ ਵਿਵਸਥਾ ਨਹੀਂ ਉਸਾਰੀ ਜਾ ਸਕਦੀ। ਬੇਸ਼ੱਕ ਅੱਜ ਵੋਟਾਂ ਦੀ ਗਿਣਤੀ ਨਾ ਹੋਣ ਕਾਰਨ ਲੋਕ-ਫਤਵੇ ਦਾ ਪਤਾ ਨਹੀਂ ਲੱਗ ਸਕੇਗਾ ਅਤੇ ਅਸੀਂ ਵੋਟਾਂ ਦੀ ਗਿਣਤੀ ਵਾਲੇ ਦਿਨ ਵੋਟਰਾਂ ਦਾ ਫਤਵਾ ਹਾਸਲ ਕਰਕੇ ਲੋਕਤੰਤਰੀ ਵਿਵਸਥਾ ਦੀ ਮੁੱਢਲੀ ਇਕਾਈ ਦੇ ਮੈਂਬਰ ਬਣਨ ਵਾਲੇ ਉਮੀਦਵਾਰਾਂ ਨੂੰ ਅਡਵਾਂਸ ਵਿੱਚ ਮੁਬਾਰਕਵਾਦ ਦਿੰਦਿਆਂ ਉਹਨਾਂ ਕੋਲੋਂ ਉਮੀਦ ਕਰਦੇ ਹਾਂ ਕਿ ਉਹ ਲੋਕਤੰਤਰੀ ਵਿਵਸਥਾ ਦੀ ਬਹਾਲੀ ਲਈ ਤਨਦੇਹੀ ਨਾਲ ਕੰਮ ਕਰਨਗੇ।
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.