ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home ਵਿਚਾਰ ਲੇਖ ਮੱਧਮ ਨਾ ਹੋਣ ਦ...

    ਮੱਧਮ ਨਾ ਹੋਣ ਦਿਓ ਰੌਸ਼ਨੀਆਂ

    Let, Light

    ਸੰਤੋਖ ਸਿੰਘ ਭਾਣਾ

    ਆਦਮੀ ਦੇ ਢਲ਼ਦੇ ਸਰੀਰ ਨੂੰ ਬੁਢਾਪਾ ਕਿਹਾ ਗਿਆ ਹੈ। ਲਗਾਤਾਰ ਜੀਵਨ ਜਿਉਂਦਿਆਂ ਆਦਮੀ ਦੇ ਸਰੀਰ ਦੀਆਂ ਗ੍ਰੰਥੀਆਂ ਥੱਕ ਜਾਂਦੀਆਂ ਹਨ। ਚਮੜੀ ਸੁੰਗੜਨ ਲੱਗਦੀ ਹੈ। ਅੱਖਾਂ ਦੀ ਰੌਸ਼ਨੀ ਤੇ ਕੰਨਾਂ ਦੀ ਸੁਣਨ ਸ਼ਕਤੀ ਘਟ ਜਾਂਦੀ ਹੈ। ਦੰਦ ਡਿੱਗਣ ਲੱਗ ਪੈਂਦੇ ਹਨ। ਵਾਲ ਸਫੈਦ ਹੋਣ ਲੱਗਦੇ ਹਨ। ਚਲਦਿਆਂ-ਚਲਦਿਆਂ, ਜਿਵੇਂ ਮਸ਼ੀਨ ਘਸਣ ਲੱਗਦੀ ਹੈ, ਉਸੇ ਤਰ੍ਹਾਂ ਆਦਮੀ ਦੇ ਸਰੀਰ ਰੂਪੀ ਪੁਰਜੇ ਵੀ ਘਸਣ ਲੱਗਦੇ ਹਨ।  ਏਸੇ ਦਾ ਨਾਂਅ ਬੁਢਾਪਾ ਹੈ। ਜਿਸ ਦਿਨ ਇਹ ਮਸ਼ੀਨ ਕੰਮ ਕਰਨਾ ਬੰਦ ਕਰ ਦਿੰਦੀ ਹੈ, ਉਹ ਛਿਣ ਮੌਤ ਕਹਾਉਂਦਾ ਹੈ।

    ਆਦਮੀ ਦੀ ਮੌਤ ਵੱਲ ਵਧਦੀ ਢਲਾਨ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਸ਼ਾਨਦਾਰ, ਦੂਜੀ ਮਾੜੀ। ਸ਼ਾਨਦਾਰ ਢਲਾਣ ਵਾਲੇ ਬੰਦੇ ਦੇ ਚਿਹਰੇ ‘ਤੇ ਰੌਣਕ, ਬੁੱਲ੍ਹਾਂ ‘ਤੇ ਮੁਸਕਾਨ, ਕੰਮ ਕਰਨ ‘ਚ ਦਿਲਚਸਪੀ ਤੇ ਜਵਾਨਾਂ ਵਰਗੀ ਫੁਰਤੀ ਹੁੰਦੀ ਹੈ। ਮਾੜੀ ਢਲਾਣ ਵਾਲੇ ਬੰਦੇ, ਮੰਜੇ ‘ਤੇ ਅੱਡੀਆਂ ਗੋਡੇ ਰਗੜ-ਰਗੜ ਕੇ ਅਤੇ ਸਿਸਕੀਆਂ ਭਰਦੇ ਹੋਏ ਦਮ ਤੋੜਦੇ ਹਨ। ਕੀ ਤੁਸੀਂ ਅਜਿਹੀ ਮੌਤ ਮਰਨਾ ਪਸੰਦ ਕਰੋਗੇ? ਨਹੀਂ ਨਾ! ਅਜਿਹੀ ਦਰਦਨਾਕ ਮੌਤ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇਕਰ ਤੁਹਾਡੇ ਮਨ ‘ਚ ਹਰ ਵੇਲੇ ਜਵਾਨ ਬਣੇ ਰਹਿਣ ਦੀ ਭਾਵਨਾ ਬਣੀ ਰਹੇ।

    ਇਸ ਭਾਵਨਾ ਨੂੰ ਬਰਕਰਾਰ ਰੱਖਣਾ ਕਿਸੇ ਸਾਧਨਾ ਤੋਂ ਘੱਟ ਨਹੀਂ ਹੁੰਦਾ। ਚਾਲ੍ਹੀ-ਪੰਜਾਹ ਪਾਰ ਕਰਦਿਆਂ ਹੀ ਸਾਡੇ ਲਈ ਸੰਬੋਧਨ ਬਦਲ ਜਾਂਦੇ ਹਨ। ਚਾਚਾ ਜੀ, ਤਾਇਆ ਜੀ, ਮਾਮਾ ਜੀ। ਪੈਰ-ਪੈਰ ‘ਤੇ ਇਹ ਸੰਬੋਧਨ ਸਾਨੂੰ ਬੁਢਾਪੇ ਦਾ ਅਹਿਸਾਸ ਕਰਾਉਂਦੇ ਰਹਿੰਦੇ ਹਨ। ਖਾਸਕਰ ਔਰਤਾਂ ਨੂੰ ਮਾਤਾ ਜੀ, ਤਾਈ ਜੀ ਸ਼ਬਦ ਤੋਂ ਚਿੜ ਹੁੰਦੀ ਹੈ। ਸਿਰਫ ਇੱਕ ‘ਭੈਣ ਜੀ’ ਦਾ ਸੰਬੋਧਨ ਹੀ ਉਨ੍ਹਾਂ ਲਈ ਸੁਖਦ ਹੁੰਦਾ ਹੈ। ਆਦਮੀ ਵੀ ਇਸ ਤਰ੍ਹਾਂ ਦੇ ‘ਬੁੱਢਾ’ ਹੋਣ ਦੇ ਸੰਬੋਧਨ ਸੁਣ ਕੇ ਅੰਦਰੋ-ਅੰਦਰੀ ਬਹੁਤ ਔਖੇ ਹੁੰਦੇ ਹਨ। ਇਸ ਅਹਿਸਾਸ ਦੇ ਹੁੰਦਿਆਂ ਆਪਣੇ-ਆਪ ਨੂੰ ਸਦਾ ਜਵਾਨ ਸਮਝਣਾ ਜਾਂ ਬੁੱਢਾ ਨਾ ਸਮਝਣ ਦੀ ਭਾਵਨਾ ਨੂੰ ਮਨ ‘ਚ ਕਾਇਮ ਰੱਖਣਾ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੁੰਦਾ। ਕਿਉਂਕਿ ਚੁਸਤੀ-ਫੁਰਤੀ ਜਾਂ ਗੱਭਰੂਆਂ ਵਰਗੀ ਚਾਲ-ਢਾਲ ਵਿਖਾਉਣਾ ਸਾਨੂੰ ਮਖੌਲ ਦਾ ਪਾਤਰ ਵੀ ਬਣਾ ਦਿੰਦਾ ਹੈ।

    ਇਨ੍ਹਾਂ ਸਾਰਿਆਂ ਹਾਲਾਤਾਂ ਦੇ ਹੁੰਦਿਆਂ ਆਪਣੇ-ਆਪ ਨੂੰ ਜਵਾਨ ਬਣਾਈ ਰੱਖਣਾ ਸੱਚ-ਮੁੱਚ ਈ ਔਖਾ ਕੰਮ ਹੈ ਪਰ ਫਿਰ ਵੀ ਜੇਕਰ ਅਸੀਂ ਇਹ ਅਹਿਸਾਸ ਬਣਾ ਕੇ ਰੱਖਦੇ ਹਾਂ ਤਾਂ ਹੀ ਬੁਢਾਪਾ ਸਫਲ ਹੋ ਸਕਦਾ ਹੈ। ਵੈਸੇ ਵੀ ਇਹ ਸਮਝਿਆ ਜਾਂਦਾ ਹੈ ਕਿ ਸਰੀਰ ਬੁੱਢਾ ਹੋ ਜਾਂਦਾ ਹੈ ਪਰ ਮਨ ਸਦਾ ਜਵਾਨ ਬਣਿਆ ਰਹਿੰਦਾ ਹੈ।

    ਜੇਕਰ ਤੁਸੀਂ ਆਪਣੇ-ਆਪ ਨੂੰ ਸਦਾ ਤਰੋ-ਤਾਜ਼ਾ ਮਹਿਸੂਸ ਕਰਦ ਰਹੋ ਤਾਂ ਤੁਸੀਂ ਬੁਢਾਪੇ ‘ਚ ਵੀ ਤੰਦਰੁਸਤ ਰਹਿ ਸਕਦੇ ਹੋ। ਇਹ ਕਦੇ ਨਾ ਸੋਚੋ ਕਿ ਅਸੀਂ ਬੁੱਢੇ ਹੋ ਗਏ ਹਾਂ ਤੇ ਮਿਹਨਤ ਨਹੀਂ ਕਰ ਸਕਦੇ । ਮਨ ਵਿੱਚ ਬੁਢਾਪੇ ਦਾ ਜ਼ਰਾ ਜਿੰਨਾ ਅਹਿਸਾਸ ਵੀ ਨਹੀਂ ਹੋਣਾ ਚਾਹੀਦਾ। ਜਿਵੇਂ ਹੀ ਤੁਸੀਂ ਬੁਢਾਪੇ ਦਾ ਅਹਿਸਾਸ ਕਰਨਾ ਸ਼ੁਰੂ ਕਰ ਦਿੰਦੇ ਹੋ ਉਂਦੋ ਹੀ ਤੁਹਾਡੇ ਹੱਥ-ਪੈਰ ਢਿੱਲੇ ਹੋ ਜਾਂਦੇ ਹਨ।  ਮਾਸਪੇਸ਼ੀਆਂ ਸੁੰਗੜ ਜਾਂਦੀਆਂ ਹਨ ਤੇ ਤੁਸੀਂ ਨਿਢਾਲ ਹੋ ਕੇ ਲੁੜਕ ਜਾਂਦੇ ਹੋ। ਤੁਹਾਡੀ ਏਸੇ ਕਮਜ਼ੋਰੀ ਦਾ ਲਾਭ ਉਠਾ ਕੇ ਹੀ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਤੁਹਾਡੇ ‘ਤੇ ਹਮਲਾ ਕਰ ਦਿੰਦੀਆਂ ਹਨ ਤੇ ਤੁਸੀ ਮੰਜੇ ਨਾਲ ਮੰਜਾ ਹੋ ਜਾਂਦੇ ਹੋ।

    ਬੁਢਾਪਾ ਸੋਚਣ ਨਾਲ ਆਉਂਦਾ ਹੈ। ਜੇਕਰ ਤੁਸੀਂ ਆਪਣੇ ਭੂਤਕਾਲ ਦੀ ਉਧੇੜਬੁਣ ‘ਚ ਨਹੀਂ ਪੈਂਦੇ, ਯਾਰਾਂ-ਦੋਸਤਾਂ, ਰਿਸ਼ਤੇਦਾਰ ਤੇ ਆਸ-ਪਾਸ ਦੇ ਲੋਕਾਂ ਨਾਲ ਮਾੜਾ ਵਤੀਰਾ ਨਹੀਂ ਕਰਦੇ, ਨਵੇਂ-ਨਵੇਂ ਕੰਮ ਕਰਨ ਤੋਂ ਜੀ ਨਹੀਂ ਚੁਰਾਉਂਦੇ ਤਾਂ ਬੁਢਾਪਾ ਤੁਹਾਡੇ ਨੇੜੇ ਫਟਕ ਵੀ ਨਹੀਂ ਸਕਦਾ। ਜਿਹੜੇ ਬੰਦੇ ਸਦਾ ਨਵੀਆਂ-ਨਵੀਆਂ ਗੱਲਾਂ ਸੋਚਦੇ ਰਹਿੰਦੇ ਹਨ, ਨਵੇਂ-ਨਵੇਂ ਕੰਮਾਂ ‘ਚ ਹਰ ਵੇਲੇ ਦਿਲਚਸਪੀ ਰੱਖਦੇ ਹਨ, ਹਰ ਵੇਲੇ ਖੁਸ਼ ਤੇ ਚੜ੍ਹਦੀ ਕਲਾ ‘ਚ ਰਹਿੰਦੇ ਹਨ ਉਹ ਕਦੇ ਵੀ ਢਲਦੀ ਉਮਰ ਦੀ ਪ੍ਰਕਿਰਿਆ ਨੂੰ ਮਹਿਸੂਸ ਨਹੀਂ ਕਰਦੇ।

    ਜਵਾਨੀ ਦਾ ਸੁਪਨਾ ਕਦੇ ਨਾ ਤੋੜੋ। ਉਹ ਸਾਰੇ ਆਦਰਸ਼ ਅਤੇ ਕਲਪਨਾਵਾਂ ਜੋ ਤੁਹਾਨੂੰ ਪ੍ਰੇਰਨਾ ਦਿੰਦੀਆਂ ਹਨ, ਉਹ ਹੀ ਜਵਾਨੀ ਦਾ ਭੇਦ ਹਨ। ਕਲਪਨਾਵਾਂ ਤੇ ਰੰਗੀਨੀਆਂ ਨੂੰ ਕਦੇ ਵੀ ਮੱਧਮ ਨਾ ਹੋਣ ਦੇਵੋ, ਬੁਢਾਪਾ ਤੁਹਾਨੂੰ ਕਦੇ ਨਹੀ ਸਤਾਵੇਗਾ।

    ਬੁਢਾਪੇ ਦੀ ਭਾਵਨਾ ਸਾਡੇ ਸਰੀਰ ਦੇ ਪੋਸ਼ਕ ਤੱਤਾਂ ਨੂੰ ਆਪਣਾ ਕੰਮ ਨਹੀਂ ਕਰਨ ਦਿੰਦੀ। ਨਕਾਰਾਤਮਕ ਮਾਨਸਿਕਤਾ ਦੇ ਹੁੰਦਿਆਂ, ਜੇਕਰ ਅਸੀਂ ਕਦੇ ਬਿਮਾਰ ਹੋ ਜਾਂਦੇ ਹਾਂ ਤਾਂ ਸਾਡਾ ਸਰੀਰ ਰੋਗਾਂ ਦਾ ਸਾਹਮਣਾ ਨਹੀਂ ਕਰ ਸਕਦਾ ਤੇ ਅਸੀਂ ਮੰਜਾ ਫੜ੍ਹ ਲੈਂਦੇ ਹਾਂ।  ਚੰਗਾ-ਭਲਾ ਆਦਮੀ ਵੀ ਆਪਣੇ ਭੈੜੇ ਸੁਪਨਿਆਂ ਕਰਕੇ ਬੇਕਾਰ ਹੋ ਜਾਂਦਾ ਹੈ। ਭਾਵਨਾਵਾਂ ਹੀ ਸਾਨੂੰ ਨਿਰਬਲ ਜਾਂ ਬਲਵਾਨ ਬਣਾ ਕੇ ਰੱਖਦੀਆਂ ਹਨ। ਜਿਸ ਬੰਦੇ ਨੂੰ ਉਮਰ ਦੀ ਕੋਈ ਚਿੰਤਾ ਹੀ ਨਾ ਹੋਵੇ, ਉਹ ਬੁੱਢਾ ਕਿਵੇਂ ਹੋ ਸਕਦਾ ਹੈ!

    ਗੂੜ੍ਹੀ ਨੀਂਦ ਸ਼ਾਂਤ ਅਤੇ ਸਹਿਜ਼ ਦਿਮਾਗ ਵਿੱਚ ਹੀ ਆਉਂਦੀ ਹੈ। ਜਦੋਂ ਤੱਕ ਦਿਮਾਗ ਵਿੱਚ ਹਲਚਲ ਰਹਿੰਦੀ ਹੈ, ਨੀਂਦ ਆਉਂਦੀ ਹੀ ਨਹੀਂ। ਦਿਮਾਗ ‘ਚ ਸੁੰਦਰ ਸੁਖਦ ਵਿਚਾਰ ਹੋਣਗੇ ਤਾਂ ਦਿਮਾਗ ਨੂੰ ਬੜਾ ਅਰਾਮ ਮਿਲਦਾ ਹੈ ਤੇ ਨੀਂਦ ਬੜੀ ਸਰਲਤਾ ਨਾਲ ਆ ਜਾਂਦੀ ਹੈ। ਇਸ ਲਈ ਚੰਗੀ ਨੀਂਦ ਲਈ ਮਨ ਇੱਕਦਮ ਹਲਕਾ ਰੱਖਣ ਦੀ ਲੋੜ ਹੈ। ਮਨ ਦੀਆਂ ਭਾਵਨਾਵਾਂ ਆਦਮੀ ਨੂੰ ਮੌਤ ਦੇ ਆਖਰੀ ਛਿਣ ਤੱਕ ਜਵਾਨ ਬਣਾਈ ਰੱਖ ਸਕਦੀਆਂ ਹਨ।  ਉਮਰ ਦਾ ਅਹਿਸਾਸ ਭੁੱਲ ਜਾਵੋ। ਕਦੇ ਵੀ ਆਪਣੀ ਉਮਰ ਨੂੰ ਨਾ ਜੋੜੇ। ਉਮਰ ਦਾ ਅਹਿਸਾਸ ਤੁਹਾਡੇ ਸਰੀਰ ਨੂੰ ਤੋੜ ਕੇ ਰੱਖ ਦਿੰਦਾ ਹੈ। ਇਸ ਵੱਲ ਕਦੇ ਧਿਆਨ ਹੀ ਨਾ ਦੇਵੋ। ਉਮਰ ਦਾ ਅਹਿਸਾਸ ਭੁੱਲ ਜਾਵੋਗੇ ਤਾਂ ਤੁਸੀਂ ਸਦਾ ਜਵਾਨ ਰਹੋਗੇ।

    ਗੁਰੂ ਅਰਜਨ ਦੇਵ ਨਗਰ,
    ਪੁਰਾਣੀ ਕੈਂਟ ਰੋਡ, ਫ਼ਰੀਦਕੋਟ। 

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here