ਵਿਧਾਨ ਸਭਾ ਵਿੱਚ 117 ਵਿਧਾਇਕਾਂ ਵਿੱਚੋਂ ਸਿਰਫ਼ 67 ਨੇ ਦਿੱੱਤਾ ਆਪਣੀ ਜਾਇਦਾਦ ਦਾ ਹਿਸਾਬ, 50 ਵਿਧਾਇਕਾਂ ਨੇ ਵੱੱਟੀ ਚੁੱਪ
31 ਜਨਵਰੀ ਸੀ ਆਖਰੀ ਤਾਰੀਖ, 1 ਜਨਵਰੀ ਤੋਂ ਲਗਾਤਾਰ ਵਿਧਾਇਕਾਂ ਸਣੇ ਮੰਤਰੀਆਂ ਨੂੰ ਜਾ ਰਹੇ ਸਨ ਸੁਨੇਹੇ
ਪਿਛਲੇ ਸਾਲ ਵਿਧਾਨ ਸਭਾ ‘ਚ ਪਾਸ ਕੀਤਾ ਗਿਆ ਸੀ ਐਕਟ, ਮੁੱਖ ਮੰਤਰੀ ਵੀ ਆਉਂਦੇ ਹਨ ਇਸੇ ਐਕਟ ਦੇ ਘੇਰੇ ‘ਚ
ਚੰਡੀਗੜ, (ਅਸ਼ਵਨੀ ਚਾਵਲਾ)। ਸਰਕਾਰ ਦੀ ਪਾਈ ਪਾਈ ਦਾ ਹਿਸਾਬ ਕਿਤਾਬ ਕਰਨ ਵਾਲੇ ਵਿਧਾਇਕ ਖ਼ੁਦ ਹੀ ਜਾਇਦਾਦ ਦਾ ਹਿਸਾਬ ਕਿਤਾਬ ਦੇਣ ਨੂੰ ਤਿਆਰ ਨਹੀਂ ਹਨ। ਪੰਜਾਬ ਵਿਧਾਨ ਸਭਾ ਵਿੱਚ ਪਿਛਲੇ ਸਾਲ ਪਾਸ ਹੋਏ ਐਕਟ ਦੇ ਅਨੁਸਾਰ ਹਰ ਵਿਧਾਇਕ ਨੂੰ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਆਪਣੀ ਪ੍ਰਾਪਰਟੀ ਰਿਟਰਟ ਵਿਧਾਨ ਸਭਾ ਸਕਤਰੇਤ ਵਿਖੇ ਦਾਖ਼ਲ ਕਰਨਾ ਜਰੂਰੀ ਹੈ ਪਰ ਫਿਰ ਵੀ 117 ਵਿਧਾਇਕਾਂ ਵਿੱਚੋਂ 50 ਇਹੋ ਜਿਹੇ ਵਿਧਾਇਕ ਹਨ, ਜਿਨਾਂ ਨੇ ਇਸ ਸਮੇਂ ਦੌਰਾਨ ਆਪਣੀ ਪ੍ਰਾਪਰਟੀ ਰਿਟਰਨ ਵਿਧਾਨ ਸਭਾ ਨੂੰ ਹੁਣ ਤੱਕ ਭੇਜੀ ਹੀ ਨਹੀਂ ਹੈ।
ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਏ ਨਵੇਂ ਐਕਟ ਦੇ ਅਨੁਸਾਰ ਹਰ ਵਿਧਾਇਕ ਦੇ ਨਾਲ ਹੀ ਮੁੱਖ ਮੰਤਰੀ, ਸਾਰੇ ਕੈਬਨਿਟ ਮੰਤਰੀ ਅਤੇ ਵਿਰੋਧੀ ਧਿਰ ਦੇ ਲੀਡਰ ਸਣੇ ਖ਼ੁਦ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਵੀ ਇਸੇ ਕਾਨੂੰਨ ਦੇ ਘੇਰੇ ਵਿੱਚ ਆਉਂਦੇ ਹਨ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਸਰਕਾਰ ਵਿਧਾਨ ਸਭਾ ਵਿੱਚ ਇੱਕ ਐਕਟ ਪਾਸ ਕਰੇਗੀ, ਜਿਸ ਦੇ ਤਹਿਤ ਹਰ ਵਿਧਾਇਕ ਨੂੰ ਹਰ ਸਾਲ ਪ੍ਰਾਪਰਟੀ ਰਿਟਰਨ ਵਿਧਾਨ ਸਭਾ ਵਿੱਚ ਭੇਜਣੀ ਪਏਗੀ।
ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਬਾਦ ਸਾਲ 2018 ਵਿੱਚ ਵਿਧਾਨ ਸਭਾ ਵਿੱਚ ਵਿਧਾਇਕਾਂ ਬਾਰੇ ਬਣੇ ਐਕਟ ਵਿੱਚ ਸੋਧ ਕਰਦੇ ਹੋਏ ਇਹ ਜਰੂਰੀ ਕਰ ਦਿੱਤਾ ਕਿ ਹਰ ਵਿਧਾਇਕ ਆਪਣੀ ਪ੍ਰਾਪਰਟੀ ਰਿਟਰਨ ਦੀ ਜਾਣਕਾਰੀ ਹਰ ਸਾਲ ਵਿਧਾਨ ਸਭਾ ਨੂੰ ਦੇਵੇਗਾ। ਇਸ ਸੋਧ ਐਕਟ ਵਿੱਚ ਇਹ ਗਲਤੀ ਹੋ ਗਈ ਕਿ ਪ੍ਰਾਪਰਟੀ ਰਿਟਰਨ ਦਾਖ਼ਲ ਕਰਨ ਦੀ 1 ਜਨਵਰੀ ਹੀ ਤਾਰੀਖ ਰੱਖੀ ਗਈ ਸੀ। ਜਿਸ ਕਾਰਨ ਵਿਧਾਇਕਾਂ ਨੇ ਕਿਹਾ ਕਿ ਉਹ 31 ਦਸੰਬਰ ਤੱਕ ਦੀ ਪ੍ਰਾਪਰਟੀ ਰਿਟਰਨ ਰਾਤੋ ਰਾਤ ਵਿੱਚ ਕਿਵੇਂ ਤਿਆਰ ਕਰ ਸਕਦੇ ਹਨ।
ਵਿਧਾਨ ਸਭਾ ਵਿੱਚ ਮੁੜ ਸੋਧ ਬਿੱਲ ਪੇਸ਼ ਕਰਕੇ ਪ੍ਰਾਪਰਟੀ ਰਿਟਰਨ ਦਾਖ਼ਲ ਕਰਨ ਦੀ ਆਖ਼ਰੀ ਤਰੀਕ 31 ਜਨਵਰੀ ਕਰ ਦਿੱਤੀ ਗਈ ਸੀ। ਇਸ ਐਕਟ ਸੋਧ ਹੋਣ ਤੋਂ ਬਾਅਦ ਹਰ ਵਿਧਾਇਕ ਕੋਲ ਆਪਣੀ ਪ੍ਰਾਪਰਟੀ ਰਿਟਰਨ ਦਾਖ਼ਲ ਕਰਨ ਲਈ 1 ਜਨਵਰੀ ਤੋਂ 31 ਜਨਵਰੀ ਤੱਕ ਦਾ ਸਮਾਂ ਸੀ। ਪਿਛਲੇ ਸਾਲ 1 ਜਨਵਰੀ 2019 ਤੋਂ 31 ਦਸੰਬਰ 2019 ਤੱਕ ਦੀ ਪ੍ਰਾਪਰਟੀ ਰਿਟਰਨ ਬੀਤੇ ਦਿਨੀਂ 31 ਜਨਵਰੀ ਤੱਕ ਹਰ ਵਿਧਾਇਕ ਨੇ ਵਿਧਾਨ ਸਭਾ ਸਕਤਰੇਤ ਨੂੰ ਭੇਜਣੀ ਸੀ।
ਵਿਧਾਨ ਸਭਾ ਸਕੱਤਰੇਤ ਨੇ ਇਸ ਪ੍ਰਾਪਰਟੀ ਰਿਟਰਨ ਨੂੰ ਭੇਜਣ ਲਈ ਬਕਾਇਦਾ ਹਰ ਵਿਧਾਇਕ ਨੂੰ ਸੁਨੇਹਾ ਤੱਕ ਭੇਜਿਆ ਗਿਆ ਅਤੇ ਇਸ ਪ੍ਰਾਪਰਟੀ ਰਿਟਰਨ ਨੂੰ ਹੱਥ ਦਸਤੀ ਸਣੇ ਈਮੇਲ ਰਾਹੀਂ ਭੇਜਣ ਲਈ ਵੀ ਇਜਾਜਤ ਦੇ ਦਿੱਤੀ ਗਈ ਫਿਰ ਵੀ ਪ੍ਰਾਪਰਟੀ ਰਿਟਰਨ ਸਿਰਫ਼ 67 ਵਿਧਾਇਕਾਂ ਨੇ ਹੀ ਵਿਧਾਨ ਸਭਾ ਨੂੰ ਭੇਜੀ ਹੈ, ਜਦੋਂ ਕਿ ਬਾਕੀ ਰਹਿੰਦੇ 50 ਵਿਧਾਇਕਾਂ ਵਲੋਂ ਹੁਣ ਤੱਕ ਕੋਈ ਵੀ ਜੁਆਬ ਵਿਧਾਨ ਸਭਾ ਨੂੰ ਨਹੀਂ ਭੇਜਿਆ ਗਿਆ ਹੈ।
ਕਿਹੜੀ ਪਾਰਟੀ ਦੇ ਕਿੰਨੇ ਵਿਧਾਇਕਾਂ ਨੇ ਭੇਜੀ ਪ੍ਰਾਪਰਟੀ ਰਿਟਰਨ ?
- ਪਾਰਟੀ ਕੁਲ ਕਿੰਨੇ ਵਿਧਾਇਕ ਕਿੰਨੇ ਵਿਧਾਇਕਾਂ ਨੇ ਭੇਜੀ ਪ੍ਰਾਪਰਟੀ ਰਿਟਰਨ
- ਕਾਂਗਰਸ 80 44
- ਆਪ 19 13
- ਅਕਾਲੀ ਦਲ 14 7
- ਭਾਜਪਾ 1 1
- ਲੋਕ ਇਨਸਾਫ਼ ਪਾਰਟੀ 2 2
ਜਨਤਕ ਨਹੀਂ ਹੋਏਗੀ ਕਿਸੇ ਦੀ ਵੀ ਪ੍ਰਾਪਰਟੀ ਰਿਟਰਨ ?
ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਕੋਲ ਦਾਖ਼ਲ ਕੀਤੀ ਗਈ ਕਿ ਪ੍ਰਾਪਰਟੀ ਰਿਟਰਨ ਕਿਸੇ ਵੀ ਤਰਾਂ ਜਨਤਕ ਨਹੀਂ ਕੀਤੀ ਜਾਏਗੀ, ਜਿਸ ਕਾਰਨ ਇਸ ਪ੍ਰਾਪਰਟੀ ਰਿਟਰਨ ਨੂੰ ਦਾਖਲ ਕਰਵਾਉਣ ਦਾ ਮਕਸਦ ਸਮਝ ਨਹੀਂ ਆ ਰਿਹਾ ਹੈ। ਜਿਹੜੇ ਵੀ ਵਿਧਾਇਕਾਂ ਵਲੋਂ ਪ੍ਰਾਪਰਟੀ ਰਿਟਰਨ ਵਿਧਾਨ ਸਭਾ ਸਕਤਰੇਤ ਨੂੰ ਭੇਜੀ ਜਾਏਗੀ, ਉਸ ਪ੍ਰਾਪਰਟੀ ਰਿਟਰਨ ਨੂੰ ਫਾਇਲ ‘ਚ ਲਗਾ ਕੇ ਰੱਖ ਦਿੱਤਾ ਜਾਏਗਾ, ਜਦੋਂ ਕਿ ਇਸ ਪ੍ਰਾਪਰਟੀ ਰਿਟਰਨ ਨੂੰ ਵਿਧਾਨ ਸਭਾ ਦੀ ਵੈਬਸਾਇਟ ਰਾਹੀਂ ਜਨਤਕ ਨਹੀਂ ਕੀਤਾ ਜਾਏਗਾ। ਜਦੋਂ ਕਿ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਇਹ ਸਾਫ਼ ਸੀ ਕਿ ਸਾਰੇ ਵਿਧਾਇਕਾਂ ਦੀ ਪ੍ਰਾਪਰਟੀ ਰਿਟਰਨ ਜਨਤਕ ਕੀਤੀ ਜਾਏਗੀ।
ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ, 9 ਮੰਤਰੀਆਂ ਨੇ ਨਹੀਂ ਭੇਜੀ ਰਿਟਰਨ
ਪ੍ਰਾਪਰਟੀ ਰਿਟਰਨ ਵਿਧਾਨ ਸਭਾ ਸਕਤਰੇਤ ਨੂੰ ਭੇਜਣ ਦੇ ਕਾਨੂੰਨ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਮਾਂ ਰਹਿੰਦੇ ਆਪਣੀ ਸਾਰੀ ਜਾਣਕਾਰੀ ਵਿਧਾਨ ਸਭਾ ਕੋਲ ਭੇਜ ਦਿੱਤੀ ਹੈ ਅਤੇ ਉਨਾਂ ਦੇ ਨਾਲ ਹੀ ਕੁਲ 8 ਕੈਬਨਿਟ ਮੰਤਰੀਆਂ ਨੇ ਵੀ ਵਿਧਾਨ ਸਭਾ ਨੂੰ ਆਪਣੀ ਪ੍ਰਾਪਰਟੀ ਰਿਟਰਨ ਭੇਜੀ ਹੈ ਪਰ 9 ਮੰਤਰੀ ਇਹੋ ਜਿਹੇ ਵੀ ਹਨ, ਜਿਨਾਂ ਨੇ ਹੁਣ ਤੱਕ ਤੈਅ ਸਮੇਂ ਅਨੁਸਾਰ ਵਿਧਾਨ ਸਭਾ ਨੂੰ ਆਪਣੀ ਪ੍ਰਾਪਰਟੀ ਰਿਟਰਨ ਹੀ ਨਹੀਂ ਭੇਜੀ ਹੈ। ਇਨਾਂ 9 ਮੰਤਰੀਆਂ ਵਿੱਚ ਕਈ ਵੱਡੇ ਵਿਭਾਗਾਂ ‘ਤੇ ਕਾਬਜ਼ ਮੰਤਰੀ ਵੀ ਸਾਮਲ ਹਨ। ਇਥੇ ਹੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਵੀ ਆਪਣੀ ਪ੍ਰਾਪਰਟੀ ਦਾਖ਼ਲ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।