ਉੱਤਰਾਖੰਡ ਦੇ ਸਿਲਕਿਆਰਾ ਸੁਰੰਗ ’ਚ ਫਸੇ 40 ਮਜ਼ਦੂਰਾਂ ਨੂੰ ਫਸੇ ਹੋਏ ਅੱਜ 9ਵਾਂ ਦਿਨ ਹੈ। ਹਾਲੇ ਤੱਕ ਉਨ੍ਹਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਪਾਸੇ ਤਾਂ ਅਸੀਂ ਚੰਦਰਮਾ ’ਤੇ ਪਹੰੁਚਣ ਦਾ ਜਸ਼ਨ ਮਨਾ ਰਹੇ ਹਾਂ ਤੇ ਦੂਜੇ ਪਾਸੇ ਅਸੀਂ ਧਰਤੀ ’ਤੇ ਹੀ ਆਪਣੇ 41 ਮਜ਼ਦੂਰਾਂ ਤੱਕ ਨਹੀਂ ਪਹੰੁਚ ਪਾ ਰਹੇ। ਇਹ ਠੀਕ ਹੈ ਕਿ ਕੁਦਰਤ ਦੇ ਕਹਿਰ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ, ਪਰ ਸੁਰੰਗ ਖੋਦਦੇ ਸਮੇਂ ਸਾਰਿਆਂ ਨੂੰ ਸੰਭਵਿਤ ਖਤਰੇ ਦਾ ਪਤਾ ਹੰੁਦਾ ਹੈ ਤੇ ਫਿਰ ਵੀ ਸੁਰੱਖਿਆ ਦੇ ਉਪਾਅ ਕਿਉਂ ਨਹੀਂ ਸਨ? ਕਿਉਂ ਦੇਸ਼ ਦੇ 40 ਬਹਾਦਰ ਮਜ਼ਦੂਰਾਂ ਦੀ ਜਾਨ ਨੌਂ ਦਿਨਾਂ ਤੋਂ ਖਤਰੇ ’ਚ ਹੈ? ਦੱਸਿਆ ਜਾ ਰਿਹਾ ਹੈ ਕਿ ਖੁਦਾਈ ਕਰਦੇ ਸਮੇਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਸਨ, ਪਰ ਸੁਰੰਗ ਦਾ ਕੰਮ ਲਗਭਗ ਪੂਰਾ ਹੋ ਗਿਆ ਸੀ ਇਸ ਲਈ ਸੁਰੱਖਿਆ ਯੰਤਰ ਹਟਾ ਲਏ ਗਏ ਸਨ। (Accident)
ਇਹ ਇੱਕ ਵੱਡੀ ਭੁੱਲ ਹੀ ਨਹੀਂ ਬਹੁਤ ਵੱਡੀ ਮੂਰਖਤਾ ਵੀ ਹੈ। ਪਹਿਲਾਂ ਤਾਂ ਇਹ ਕਿ ਸੁਰੰਗ ਦਾ 100 ਫੀਸਦੀ ਕੰਮ ਪੂਰੇ ਹੋਣ ਤੇ ਆਵਾਜ਼ਾਈ ਦੇ ਯੋਗ ਹੋਣ ਤੋਂ ਪਹਿਲਾਂ ਕੀਤੀ ਜਾਣ ਵਾਲੀ ਸੁਰੱਖਿਆ ਜਾਂਚ ’ਚ ਕਲੀਅਰੈਂਸ ਮਿਲੇ ਬਿਨਾ ਸੁਰੱਖਿਆ ਹਟਾਉਣਾ ਕਿੱਥੋਂ ਤੱਕ ਜਾਇਜ਼ ਹੈ। ਦੂਜਾ ਆਵਾਜ਼ਾਈ ਲਈ ਸੁਰੰਗ ਖੋਲ੍ਹ ਦੇਣ ਤੋਂ ਬਾਅਦ ਕਿਸੇ ਵੀ ਸੰਭਾਵਿਤ ਖਤਰੇ ਤੋਂ ਸੁਰੱਖਿਆ ਤੇ ਬਚਾਅ ਦੇ ਉੱਥੇ ਕੋਈ ਪ੍ਰਬੰਧ ਨਾ ਹੋਣਾ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ। ਅਸੀਂ ਬੇਸ਼ੱਕ ਚੰਦ ’ਤੇ ਪਹੰੁਚਣ ਲਈ ਕਿੰਨਾ ਵੀ ਸੀਨਾ ਚੌੜਾ ਕਰੀਏ ਪਰ ਅਜੇ ਵੀ ਅਸੀਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਮਾਮਲੇ ’ਚ ਪੱਛੜੇ ਹੀ ਹਾਂ। ਦੀਵਾਲੀ ਦੇ ਦਿਨ ਐਤਵਾਰ ਨੂੰ ਸੁਰੰਗ ਹਾਦਸਾ ਹੋਇਆ। (Accident)
Also Read : ਐਸ.ਐਸ.ਪੀ. ਵਰੁਣ ਸ਼ਰਮਾ ਵੱਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਹੰਭਲਾ ਮਾਰਨ ਦਾ ਸੱਦਾ
ਦੋ ਦਿਨਾਂ ਬਾਅਦ ਮੰਗਲਵਾਰ ਨੂੰ ਡ੍ਰਿਲਿੰਗ ਮਸ਼ੀਨ ਆਈ। ਦੋ-ਤਿੰਨ ਦਿਨ ਇਸ ਮਸ਼ੀਨ ਨੇ ਕੰਮ ਕੀਤਾ ਜਦੋਂ ਇਸ ਮਸ਼ੀਨ ’ਚ ਖਰਾਬੀ ਆਈ ਤਾਂ ਦੂਜੀ ਮਸ਼ੀਨ ਆਉਣ ’ਚ ਫਿਰ ਦੋ ਦਿਨ ਦਾ ਸਮਾਂ ਲੱਗਿਆ। ਇਸੇ ਕਸ਼ਮਕਸ਼ ’ਚ ਅੱਜ 9ਵਾਂ ਦਿਨ ਹੈ। ਸੂਬੇ ਤੇ ਦੇਸ਼ ਦਾ ਪ੍ਰਸ਼ਾਸਨਿਕ ਅਮਲਾ ਬੇਸ਼ੱਕ 41 ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਪਰ ਇੱਥੇ ਅਗਲੀ ਰਣਨੀਤੀ ਦੀ ਘਾਟ ਸਪੱਸ਼ਟ ਦਿਖਾਈ ਦੇ ਰਹੀ ਹੈ। ਕਿਸੇ ਵੀ ਸੰਭਾਵਿਤ ਹਾਦਸੇ ’ਚ ਸੁਰੱਖਿਆ ਦੇ ਇੰਤਜ਼ਾਰ ਤਿਆਰ ਹੋਣੇ ਚਾਹੀਦੇ ਹਨ। (Accident)
ਪਲਾਨ ਏ ’ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਹੈ। ਕਿਸੇ ਕਾਰਨ ਪਲਾਨ ਏ ਫੇਲ੍ਹ ਹੋ ਜਾਂਦਾ ਹੈ ਤਾਂ ਪਹਿਲਾਂ ਤੋਂ ਤਿਆਰ ਪਲਾਨ ਬੀ ’ਤੇ ਤੁਰੰਤ ਕੰਮ ਸ਼ੁਰੂ ਹੋਣਾ ਚਾਹੀਦਾ ਹੈ, ਜੋ ਇਸ ਮਾਮਲੇ ’ਚ ਨਹੀਂ ਹੋਇਆ। ਜਨਤਾ ਦੀਆਂ ਦੁਆਵਾਂ ਫਸੇ ਹੋਏ ਮਜ਼ਦੂਰਾਂ ਨਾਲ ਹਨ। ਕਾਸ਼ ਸਰਕਾਰਾਂ ਵੀ ਦੂਜੇ ਗ੍ਰਹਿਾਂ ’ਤੇ ਜੀਵਨ ਖੋਜਣ ਤੋਂ ਪਹਿਲਾਂ ਇਸ ਗ੍ਰਹਿ (ਧਰਤੀ) ’ਤੇ ਜੀਵਨ ਸੁਰੱਖਿਅਤ ਕਰਨ ’ਤੇ ਧਿਆਨ ਦੇਣ ਤੇ ਇਸ ਤਰ੍ਹਾਂ ਦੀ ਭੁੱਲ ਤੋਂ ਸਬਕ ਲਓ।