ਸੀਐਮਸੀ ਹਸਪਤਾਲ ਲੁਧਿਆਣਾ ਵਿਖੇ ‘ਸ੍ਰੀ ਨੌਹਰ ਚੰਦ ਗੁਪਤਾ ਮੈਮੋਰੀਅਲ ਨਾਨ-ਇਨਵੇਸਿਵ ਕਾਰਡੀਓਲਾਜੀ ਸੈਂਟਰ’ ਦੀ ਸ਼ੁਰੂਆਤ
(ਜਸਵੀਰ ਸਿੰਘ ਗਹਿਲ) ਬਰਨਾਲਾ/ਲੁਧਿਆਣਾ। ਸ੍ਰੀ ਨੌਹਰ ਚੰਦ ਗੁਪਤਾ ਦੀ ਪਹਿਲੀ ਬਰਸੀ ਦੇ ਮੌਕੇ ’ਤੇ ਸੀ.ਐੱਮ.ਸੀ ਹਸਪਤਾਲ ਦੇ ਕਾਰਡਿਓਲਾਜੀ ਵਿਭਾਗ ’ਚ ‘ਨੌਹਰ ਚੰਦ ਗੁਪਤਾ ਯਾਦਗਾਰੀ ਨਾਨ-ਇਨਵੇਸਿਵ ਕਾਰਡਿਓਲਾਜੀ ਸੈਂਟਰ’ ਦਾ ਉਦਘਾਟਨ ਪਦਮ ਸ੍ਰੀ ਰਜਿੰਦਰ ਗੁਪਤਾ ਚੇਅਰਮੈਨ ਟ੍ਰਾਈਡੈਂਟ ਗਰੁੱਪ ਆਫ਼ ਇੰਡਸਟਰੀਜ ਅਤੇ ਸ੍ਰੀ ਵਰਿੰਦਰ ਗੁਪਤਾ ਮੈਨੇਜਿੰਗ ਡਾਇਰੈਕਟਰ ਆਈਓਐਲ ਗਰੁੱਪ ਆਫ ਇੰਡਸਟਰੀਜ ਵੱਲੋਂ ਕੀਤਾ ਗਿਆ।
ਇਸ ਮੌਕੇ ਪਦਮ ਸ੍ਰੀ ਰਾਜਿੰਦਰ ਗੁਪਤਾ ਨੇ ਆਪਣੇ ਪਿਤਾ ਨੌਹਰ ਚੰਦ ਗੁਪਤਾ ‘ਬਾਊ ਜੀ’ ਨੂੰ ਯਾਦ ਕਰਦੇ ਹੋਏ ਕਿਹਾ ਕਿ ਨੌਹਰ ਚੰਦ ਗੁਪਤਾ ਬੇਹੱਦ ਦਿਆਲੂ ਅਤੇ ਸਫ਼ਲ ਇਨਸਾਨ ਤੇ ਦੂਰਦਿ੍ਰਸ਼ਟੀ ਦੇ ਮਾਲਕ ਸਨ। ਜਿਨ੍ਹਾਂ ਨੇ ਕਿ੍ਰਸ਼ਚੀਅਨ ਮੈਡੀਕਲ ਕਾਲਜ ਦੇ ਕਾਰਡੀਓਲਾਜੀ ਵਿਭਾਗ ਵਿੱਚ ਆਪਣੇ ਦਿਲ ਦੀ ਬਿਮਾਰੀ ਦਾ ਇਲਾਜ ਕਰਾਇਆ ਸੀ ਅਤੇ ਵਿਭਾਗ ਦੇ ਡਾਕਟਰਾਂ ਅਤੇ ਸਟਾਫ਼ ਨੂੰ ਉਹ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਮੇਰੇ ਸਮੇਤ ਵਰਿੰਦਰ ਗੁਪਤਾ ਆਈ.ਓ.ਐਲ. ਗਰੁੱਪ ਆਫ਼ ਇੰਡਸਟਰੀਜ਼ ਦੇ ਪ੍ਰਬੰਧਕੀ ਨਿਰਦੇਸ਼ਕ ਹਨ ਤੇ ਆਪਣੇ ਪਿਤਾ ਦੀ ਮਹਾਨ ਵਿਰਾਸਤ ਨੂੰ ਅੱਗੇ ਤੋਰਦੇ ਹੋਏ ਉਨਾਂ ਦੇ ਉਸ ਸੁਪਨੇ ਨੂੰ ਸ਼ਾਕਾਰ ਕਰਨ ਲਈ ਵਚਨਬੱਧ ਹਨ ਜੋ ਉਨਾਂ ਨੇ ਭਾਰਤ ਦੇ ਲੋਕਾਂ ਲਈ ਸਿਹਤ ਸੇਵਾ ਪ੍ਰਦਾਨ ਕਰਨ ਦੇ ਰੂਪ ਵਿੱਚ ਵੇਖੇ।
ਉਨਾਂ ਦੱਸਿਆ ਕਿ ਸੀ.ਐੱਮ.ਸੀ. ਲੁਧਿਆਣਾ ਦੇ ਕਾਰਡਿਓਲਾਜੀ ਵਿਭਾਗ ਵਿੱਚ ਸ੍ਰੀ ਨੌਹਰ ਚੰਦ ਗੁਪਤਾ ਮੈਮੋਰੀਅਲ ਨਾਨ-ਇਨਵੇਸਿਵ ਕਾਰਡਿਓਲਾਜੀ ਸੈਂਟਰ ਉਨਾਂ ਦੁਆਰਾ ਆਪਣੇ ਪਿਤਾ ਸ੍ਰੀ ਨੌਹਰ ਚੰਦ ਗੁਪਤਾ ਨੂੰ ਸਰਧਾਂਜਲੀ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ। ਸੀ.ਐਮ.ਸੀ. ਲੁਧਿਆਣਾ ਦੇ ਕਾਰਡਿਓਲਾਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ ਰਜਨੀਸ਼ ਕੈਲਟਨ ਨੇ ਦੱਸਿਆ ਕਿ ਇਹ ਐਡਵਾਂਸ ਨਾਨ-ਇਨਵੇਸਿਵ ਕਾਰਡਿਓਲਾਜੀ ਸੈਂਟਰ ਅਤਿ ਆਧੁਨਿਕ ਅਤੇ ਵਿਸ਼ਵ ਪੱਧਰ ਦੇ ਉਪਕਰਣਾਂ ਨਾਲ ਲੈੱਸ ਹੋਵੇਗਾ। ਜਿਸ ਵਿੱਚ ਮੌਜੂਦ ਸੁਵਿਧਾਵਾਂ ਵਿੱਚ ਨਵਨੀਤਮ ਫ਼ਿਲਿਪਸ ਸੀ.ਵੀ.ਐਕਸ. ਕਲਰ ਡਾਪਲਰ ਈਕੋ ਕਾਰਡੀਓਗ੍ਰਾਫ਼ੀ ਮਸ਼ੀਨਾਂ ਉਪਲਬੱਧ ਹੋਣਗੀਆਂ। ਜਿਨਾਂ ਵਿੱਚ ਬਾਲਗਾਂ ਅਤੇ ਬੱਚਿਆਂ ਲਈ 2 ਡੀ, 3 ਡੀ ਇਮੇਜਿੰਗ ਸੁਵਿਧਾਵਾਂ ਹਾਸਲ ਹੋਣਗੀਆਂ। ਇਸ ਤੋਂ ਇਲਾਵਾ ਇੱਥੇ ਹੋਲਟਰ ਰਿਕਾਰਡਰ, ਐਂਬੂਲੇਟਰੀ ਬਲੱਡ ਪ੍ਰੈਸਰ ਰਿਕਾਰਡਰ ਅਤੇ 15 ਲੀਡ ਇਲੈਕਟਰੋ ਕਾਰਡੀਓਗ੍ਰਾਫ਼ੀ ਮਸ਼ੀਨ ਅਤੇ ਵਾਇਰਲੈੱਸ ਟਰੇਡਮਿਲ ਮਸ਼ੀਨ ਵੀ ਉਪਲਬੱਧ ਹੋਵੇਗੀ।
ਵਰਣਨਯੋਗ ਹੈ ਕਿ ਪਦਮ ਸ੍ਰੀ ਰਾਜਿੰਦਰ ਗੁਪਤਾ ਨੇ ਸੀ.ਐੱਮ.ਸੀ. ਲੁਧਿਆਣਾ ਨੂੰ ਕਲੀਵਲੈਂਡ ਕਲੀਨਿਕ ਔਹਿਯੋ ਅਮਰੀਕਾ ਦੇ ਨਾਲ ਇੱਕ ਟੇਲੀ-ਮਸ਼ਵਰਾ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਵੀ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਸੀ.ਐਮ.ਸੀ. ਲੁਧਿਆਣਾ ਨਾਲ ਮਿਲਕੇ ਇੱਕ ਸਾਲ ਤੋਂ ਕਲਵੀਲੈਂਡ ਕਲੀਨਿਕ ਟੇਲੀ-ਮਸ਼ਵਰਾ ਕੇਂਦਰ ਪੂਰੀ ਕਾਰਜਸ਼ੀਲਤਾ ਨਾਲ ਕੰਮ ਕਰ ਰਿਹਾ ਹੈ। ਟ੍ਰਾਈਡੈਂਟ ਗਰੁੱਪ ਦੇ ਨਾਲ ਕਲੀਵਲੈਨਡ ਕਲੀਨਿਕ ਦਿਲ ਦੀਆਂ ਗੰਭੀਰ ਸਮੱਸਿਆਵਾਂ ਵਾਲੇ ਰੋਗੀਆਂ ਦੇ ਇਲਾਜ ਲਈ ਸੀ.ਐੱਮ.ਸੀ. ਲੁਧਿਆਣਾ ਦੇ ਕਾਰਡਿਓਲਾਜੀ ਵਿਭਾਗ ਵਿੱਚ ਇੱਕ ਸਟੇਟ ਆਫ਼ ਦਾ ਆਰਟ ਅਤਿ ਆਧੁਨਿਕ ਇੰਨਟੈਂਸਿਵ ਕਰੋਨਰੀ ਕੇਅਰ ਯੂਨਿਟ (ਆਈਸੀਸੀਯੂ) ਬਣਾਉਣ ਬਾਰੇ ਵੀ ਯੋਜਨਾ ਬਣਾ ਰਿਹਾ ਹੈ। ਇਸ ਮੌਕੇ ਡਾ.ਵਿਲੀਅਮ ਭੱਟੀ, ਡਾਇਰੈਕਟਰ, ਸੀਐਮਸੀ ਹਸਪਤਾਲ, ਪਿ੍ਰੰਸੀਪਲ ਡਾ ਜੈਰਾਜ ਪਾਂਡਿਅਨ, ਪ੍ਰੋਫੈਸਰ ਅਤੇ ਮੁਖੀ, ਕਾਰਡੀਓਲਾਜੀ ਵਿਭਾਗ ਡਾ. ਰਜਨੀਸ ਕੈਲਟਨ ਅਤੇ ਸੀਐਮਸੀ ਦੇ ਸਾਰੇ ਸੀਨੀਅਰ ਫੈਕਲਟੀ ਮੈਂਬਰ, ਸਟਾਫ ਅਤੇ ਵਿਦਿਆਰਥੀ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ