ਸੱਚ ਕਹੂੰ ਨਿਊਜ, ਮੋਗਾ: ਸ਼ਹਿਰ ਦੀ ਬੱਗੇਆਣਾ ਬਸਤੀ ਵਿੱਚ ਡੇਂਗੂ ਦਾ ਪਹਿਲਾ ਕੇਸ ਮਿਲਣ ‘ਤੇ ਸਿਹਤ ਵਿਭਾਗ ਅਤੇ ਕਾਰਪੋਰੇਸ਼ਨ ਪੱਬਾਂ ਭਾਰ ਹੋ ਗਈ ਹੈ ਅਤੇ ਸ਼ਹਿਰ ਵਿੱਚ ਐਂਟੀ ਲਾਰਵਾ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਗਈ ਹੈ ।
ਪਬਲਿਕ ਸਥਾਨਾਂ ‘ਤੇ ਕੀਤੀ ਸਾਂਝੀ ਕਾਰਵਾਈ
ਇਸ ਸਬੰਧੀ ਅੱਜ ਸਿਵਲ ਸਰਜਨ ਮੋਗਾ ਅਤੇ ਮਿਉਂਸਪਲ ਕਮਿਸ਼ਨਰ ਮੋਗਾ ਦੇ ਆਦੇਸ਼ਾਂ ‘ਤੇ ਸਿਹਤ ਵਿਭਾਗ ਮੋਗਾ ਅਤੇ ਮਿਉਂਸਪਲ ਕਾਰਪੋਰੇਸ਼ਨ ਦੀ ਟੀਮ ਵੱਲੋਂ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ ਅਤੇ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਕਈ ਪਬਲਿਕ ਸਥਾਨਾਂ ਤੇ ਮਲੇਰੀਆ, ਡੇਂਗੂ ਦਾ ਲਾਰਵਾ ਪਕੜਨ ਲਈ ਸਾਂਝੀ ਕਾਰਵਾਈ ਕੀਤੀ ਗਈ, ਜਿਸ ਦੌਰਾਨ ਫੋਕਲ ਪੁਆਇੰਟ ਮੋਗਾ ਵਿੱਚ ਕਈ ਥਾਵਾਂ ‘ਤੇ ਮਲੇਰੀਆ ਅਤੇ ਡੇਂਗੂ ਦਾ ਲਾਰਵਾ ਮਿਲਿਆ ।
ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਟੀਮ ਵੱਲੋਂ ਮੌਕੇ ਤੇ ਕਈ ਫੈਕਟਰੀਆਂ ਦੇ ਚਲਾਨ ਕੱਟੇ ਗਏ । ਇਸ ਮੌਕੇ ਜ਼ਿਲ੍ਹਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਕੁਮਾਰ ਵੱਲੋਂ ਸਾਰੀਆਂ ਪਬਲਿਕ ਸੰਸਥਾਵਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧੀਨ ਬਿਲਡਿੰਗਾਂ ਦੀ ਨਿਗਰਾਨੀ ਕਰਨ ਤੇ ਕੂਲਰਾਂ ਦਾ ਪਾਣੀ ਹਰ ਹਫਤੇ ਬਦਲਿਆ ਜਾਵੇ।ਇਸ ਟੀਮ ਵਿੱਚ ਸੁਮਨ ਕੁਮਾਰ ਸੈਨੇਟਰੀ ਇੰਸਪੈਕਟਰ ਮਿਉਂਸਪਲ ਕਾਰਪੋਰੇਸ਼ਨ, ਮਹਿੰਦਰ ਪਾਲ ਲੂੰਬਾ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਗਗਨਦੀਪ ਸਿੰਘ ਸੈਨੇਟਰੀ ਇੰਸਪੈਕਟਰ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਮਦਨ ਲਾਲ ਅਤੇ ਨਿਰਮਲ ਸਿੰਘ ਸ਼ਾਮਿਲ ਸਨ ।