ਭਾਖੜਾ ਨਹਿਰ ਸਮਾਣਾ ’ਚੋਂ ਮਿਲਿਆ ਭਾਰੀ ਮਾਤਰਾ ’ਚ ਅਸਲਾ
(ਸੁਨੀਲ ਚਾਵਲਾ) ਸਮਾਣਾ। ਭਾਖੜਾ ਨਹਿਰ ਸਮਾਣਾ ਵਿੱਚੋਂ ਅੱਜ ਕਾਫ਼ੀ ਮਾਤਰਾ ਵਿੱਚ ਅਸਲਾ ਮਿਲਿਆ ਹੈ ਜਿਸ ਨੂੰ ਗੋਤਾਖੋਰਾਂ ਦੀ ਟੀਮ ਵੱਲੋਂ ਨਹਿਰ ਵਿੱਚੋਂ ਕੱਢ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਤਾਖੋਰ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਕੁੱਝ ਲਾਪਤਾ ਵਿਅਕਤੀਆਂ ਦੇ ਸਿਲਸਿਲੇ ਵਿੱਚ ਭਾਖੜਾ ਨਹਿਰ ਫ਼ਤਿਹਪੁਰ ਨੇੜੇ ਤਲਾਸ਼ ਕਰ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਨੂੰ ਅਸਲੇ ਵਰਗਾ ਕੁੱਝ ਖ਼ਤਰਨਾਕ ਸਮਾਨ ਦਿਖਾਈ ਦਿੱਤਾ।
ਜਿਸ ਦੀ ਜਾਣਕਾਰੀ ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ,ਜਿਨ੍ਹਾਂ ਦੀ ਨਿਗਰਾਣੀ ਹੇਠ ਅੱਜ ਸਮਾਣਾ ਨੇੜੇ ਤੋਂ ਉਨ੍ਹਾਂ ਦੀ ਟੀਮ ਜਿਸ ਵਿਚ ਮਲਕੀਤ ਸਿੰਘ ਬੱਬਰ, ਸਦੀਕ ਅੰਸਾਰੀ, ਸ਼ਾਹੀਦ ਖਾਨ, ਗੁਰਪ੍ਰੀਤ, ਰਿਤੇਸ਼ ਚੋਪਡਾ, ਕੇਸਰ ਸਿੰਘ ਅਤੇ ਜੋਗਿੰਦਰਪਾਲ ਸਿੰਘ ਸ਼ਾਮਲ ਹਨ ਨੇ ਭਾਖੜਾ ਨਹਿਰ ਵਿਚੋਂ ਇਹ ਅਸਲਾ ਕੱਢ ਕੇ ਪੁਲਿਸ ਹਵਾਲੇ ਕੀਤਾ। ਮਾਮਲੇ ਨੂੰ ਦੇਖ ਰਹੇ ਸਿਟੀ ਪੁਲਿਸ ਦੇ ਏਐਸਆਈ ਪੂਰਨ ਸਿੰਘ ਨੇ ਦੱਸਿਆ ਕਿ ਭਾਖੜਾ ਨਹਿਰ ਵਿਚੋਂ 3 ਏਅਰ ਪਿਸਟਲ, 1 ਏਅਰ ਗੰਨ, 2 ਰੋਕੇਟ ਲਾਂਚਰ ਅਤੇ 46 ਕਾਰਤੂਸ ਮਿਲੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ