ਅਗਲੇਰੀ ਜਾਂਚ ਜਾਰੀ, ਹੋਰ ਗ੍ਰਿਫ਼ਤਾਰੀਆਂ ਦੀ ਉਮੀਦ: ਡੀਆਈਜੀ ਫਿਰੋਜ਼ਪੁਰ ਰੇਂਜ
(ਰਜਨੀਸ਼ ਰਵੀ) ਫਾਜ਼ਿਲਕਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਫੈਸਲਾਕੁੰਨ ਜੰਗ ਦੌਰਾਨ ਪੰਜਾਬ ਪੁਲਿਸ ਨੇ ਫਾਜ਼ਿਲਕਾ ਦੇ ਪਿੰਡ ਲਾਲੋ ਵਾਲੀ ਦੇ ਇਲਾਕੇ ‘ਚੋਂ 35 ਪੈਕੇਟ ਹੈਰੋਇਨ (Heroin ), ਜਿਸ ਦਾ ਵਜ਼ਨ 36.9 ਕਿਲੋ ਹੈ, ਬਰਾਮਦ ਕਰਕੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਸ. ਰਣਜੀਤ ਸਿੰਘ ਢਿੱਲੋਂ ਨੇ ਐੱਸ.ਐੱਸ.ਪੀ. ਦਫਤਰ ਦੇ ਮੀਟਿੰਗ ਹਾਲ ਵਿੱਚ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਅਵਨੀਤ ਕੌਰ ਸਿੱਧੂ ਵੀ ਮੌਜੂਦ ਸਨ।
ਸ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਮਨਪ੍ਰੀਤ ਸਿੰਘ, ਜਸਪਾਲ ਸਿੰਘ ਉਰਫ਼ ਗੋਪੀ, ਸੁਖਦੇਵ ਸਿੰਘ ਅਤੇ ਦਿਆਲਵਿੰਦਰ ਸਿੰਘ ਸਾਰੇ ਵਾਸੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਨੇ ਦੋ ਸੀਡੈਨ ਕਾਰਾਂ, ਜਿਹਨਾਂ ਵਿੱਚ ਚਿੱਟੇ ਰੰਗ ਦੀ ਹੁੰਡਈ ਐਲਾਂਟਰਾ (ਪੀਬੀ-02-ਡੀਪੀ-0717) ਅਤੇ ਇੱਕ ਸਿਲਵਰ ਹੌਂਡਾ ਸਿਵਿਕ (ਪੀਬੀ-63-ਡੀ-2370) ਸ਼ਾਮਲ ਹਨ, ਵੀ ਬਰਾਮਦ ਕੀਤੀਆਂ ਹਨ ਜਿਹਨਾਂ ਦੀ ਵਰਤੋਂ ਰਾਜਸਥਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਕੀਤੀ ਗਈ ਸੀ।
ਉਨ੍ਹਾਂ ਨੇ ਦੱਸਿਆ ਕਿ ਰਾਜਸਥਾਨ ਤੋਂ ਪੰਜਾਬ ਵਿੱਚ ਵੱਡੀ ਮਾਤਰਾ ਵਿੱਚ ਹੈਰੋਇਨ (Heroin ) ਦੀ ਆਮਦ ਬਾਰੇ ਗੁਪਤ ਸੂਚਨਾ ਦੇ ਆਧਾਰ ‘ਤੇ ਐੱਸ.ਐੱਸ.ਪੀ. ਦੀ ਅਗਵਾਈ ਵਿੱਚ ਫਾਜ਼ਿਲਕਾ ਜ਼ਿਲ੍ਹੇ ਦੀਆਂ ਪੁਲਿਸ ਟੀਮਾਂ ਨੇ ਫਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਲਾਲੋ ਵਾਲੀ ਦੇ ਇਲਾਕੇ ਵਿੱਚ ਨਹਿਰੀ ਪੁਲ ਨੇੜੇ ਨਾਕਾ ਲਾਇਆ ਹੋਇਆ ਸੀ, ਇਸ ਦੌਰਾਨ ਜਦੋਂ ਇਹ ਚਾਰ ਵਿਅਕਤੀ ਆਪਣੀ ਕਾਰ ਵਿੱਚ ਬੈਠੇ ਹੋਏ ਉੱਥੇ ਕਿਸੇ ਹੋਰ ਵਿਅਕਤੀ ਦੀ ਉਡੀਕ ਕਰ ਰਹੇ ਸਨ। ਪੁਲਿਸ ਪਾਰਟੀ ਨੂੰ ਦੇਖ ਕੇ ਮੁਲਜ਼ਮਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਰਾਜਸਥਾਨ ਤੋਂ ਡਰੋਨ ਰਾਹੀਂ ਸਰਹੱਦ ਪਾਰੋਂ ਸੁੱਟੀ ਗਈ ਸੀ ਹੈਰੋਇਨ (Heroin )
ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਟੀਮਾਂ ਨੇ 24.295 ਕਿਲੋਗ੍ਰਾਮ ਹੈਰੋਇਨ ਦੇ 23 ਪੈਕਟ ਬਰਾਮਦ ਕੀਤੇ ਹਨ, ਜੋ ਕਿ ਕਾਰ ਦੀਆਂ ਖਿੜਕੀਆਂ ਦੀ ਗੱਤੇ ਦੀ ਚਾਦਰ ਵਿੱਚ ਲੁਕਾ ਕੇ ਰੱਖੇ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਫੜੇ ਗਏ ਨਸ਼ਾ ਤਸਕਰਾਂ ਵੱਲੋਂ ਦੱਸੇ ਗਏ ਟਿਕਾਣੇ ਤੋਂ 12.620 ਕਿਲੋਗ੍ਰਾਮ ਹੈਰੋਇਨ ਦੇ 12 ਹੋਰ ਪੈਕੇਟ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫ਼ਤੀਸ਼ ਅਨੁਸਾਰ, ਮੁਲਜ਼ਮ ਰਾਜਸਥਾਨ ਤੋਂ ਡਰੋਨ ਰਾਹੀਂ ਸਰਹੱਦ ਪਾਰੋਂ ਸੁੱਟੀ ਹੈਰੋਇਨ ਦੀ ਖੇਪ ਲੈ ਕੇ ਆ ਰਹੇ ਸਨ।
ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਇਸ ਗਿਰੋਹ ਵਿੱਚ ਸ਼ਾਮਲ ਹੋਰ ਲੋਕਾਂ ਅਤੇ ਪੰਜਾਬ ਨਾਲ ਸਬੰਧਤ ਵਿਅਕਤੀ, ਜਿਸ ਵੱਲੋਂ ਇਹ ਖੇਪ ਮੰਗਵਾਈ ਗਈ ਸੀ, ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਫਾਜ਼ਿਲਕਾ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21(ਸੀ), 23, 29 ਤਹਿਤ ਐੱਫ.ਆਈ.ਆਰ ਨੰਬਰ 58 ਮਿਤੀ 12.04.2023 ਦਰਜ ਕੀਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ