ਲਾਂਸ ਨਾਇਕ ਕਰਨੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ 50 ਲੱਖ ਰੁਪਏ ਤੇ ਨੌਕਰੀ ਦੇਣ ਦਾ ਐਲਾਨ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ 10 ਜੇ.ਏ.ਕੇ. ਆਈ.ਆਈ.ਐਫ. ਦੇ ਲਾਂਸ ਨਾਇਕ ਕਰਨੈਲ ਸਿੰਘ ਜੋ ਜੰਮੂ ਕਸ਼ਮੀਰ ਦੇ ਰਾਜੌਰੀ ਖੇਤਰ ਵਿੱਚ ਕੰਟਰੋਲ ਰੇਖਾ ‘ਤੇ ਸਰਹੱਦ ਪਾਰ ਤੋਂ ਫਾਇਰਿੰਗ ਵਿੱਚ ਸ਼ਹੀਦ ਹੋ ਗਿਆ, ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 50 ਲੱਖ ਰੁਪਏ ਦੇ ਐਕਸ ਗ੍ਰੇਸ਼ੀਆ ਦਾ ਐਲਾਨ ਕੀਤਾ ਹੈ।
ਸ਼ਹੀਦ ਨੂੰ ਸ਼ਰਧਾਂਜਲੀ ਅਤੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲਾਂਸ ਨਾਇਕ ਕਰਨੈਲ ਸਿੰਘ ਨੇ ਬਹਾਦਰੀ ਨਾਲ ਲੜਾਈ ਲੜਦਿਆਂ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ ਜਿਸ ਦੇ ਮਹਾਨ ਬਲਿਦਾਨ ਨੂੰ ਦੇਸ਼ ਕਦੇ ਨਹੀਂ ਭੁੱਲੇਗਾ। ਉਨਾਂ ਦੀ ਸ਼ਹਾਦਤ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਦਾ ਕੰਮ ਕਰੇਗੀ। ਸ਼ਹੀਦ ਲਾਂਸ ਨਾਇਕ ਕਰਨੈਲ ਸਿੰਘ ਸੰਗਰੂਰ ਜ਼ਿਲੇ ਦੇ ਪਿੰਡ ਲੋਹਾ ਖੇੜਾ ਦਾ ਰਹਿਣ ਵਾਲਾ ਸੀ ਜੋ ਆਪਣੇ ਪਿੱਛੇ ਮਾਪੇ, ਪਤਨੀ ਤੇ ਇਕ ਸਾਲ ਦਾ ਬੇਟਾ ਛੱਡ ਗਿਆ।