ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਹਲਕੇ ਤੋਂ ਬਣਾਇਆ ਉਮੀਦਵਾਰ | Lambi
ਬਠਿੰਡਾ (ਸੁਖਜੀਤ ਮਾਨ)। ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਖੁੱਡੀਆਂ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਲੰਬੀ (Lambi) ਤੋਂ ਚੋਣ ਲੜ ਕੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ। ਆਮ ਆਦਮੀ ਪਾਰਟੀ ਦਾ ਨਿਸ਼ਾਨਾ ਵਿਧਾਨ ਸਭਾ ਚੋਣਾਂ ਵਾਂਗ ਲੋਕ ਸਭਾ ’ਚ ਵੀ ਬਾਦਲ ਪਰਿਵਾਰ ਦੇ ਉਮੀਦਵਾਰਾਂ ਦੀ ਸਿਆਸੀ ਘੇਰਾਬੰਦੀ ਕਰਨਾ ਹੈ। ਇਸੇ ਰਣਨੀਤੀ ਤਹਿਤ ਹੀ ਖੁੱਡੀਆਂ ਨੂੰ ਬਠਿੰਡਾ ਸੀਟ ’ਤੇ ਉਤਾਰਿਆ ਹੈ।
ਮਰਹੂਮ ਸੰਸਦ ਮੈਂਬਰ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸੀ। ਪਾਰਟੀ ਨੇ ਉਨ੍ਹਾਂ ਨੂੰ ਹਲਕਾ ਲੰਬੀ ਤੋਂ ਉਮੀਦਵਾਰ ਬਣਾਇਆ, ਜਿੱਥੇ ਉਨ੍ਹਾਂ ਦਾ ਮੁਕਾਬਲਾ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਨਾਲ ਸੀ। ਚੋਣਾਂ ਦੇ ਨਤੀਜੇ ਆਏ ਤਾਂ ਖੁੱਡੀਆਂ ਨੇ ਬਾਦਲ ਨੂੰ 11 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਆਪਣੀ ਪਹਿਲੀ ਹੀ ਵਿਧਾਨ ਸਭਾ ਚੋਣ ’ਚ ਜਿੱਤ ਹਾਸਲ ਕੀਤੀ ਸੀ। (Lambi)
ਆਪ ਸਰਕਾਰ ਬਣਨ ਦੇ ਕੁਝ ਸਮੇਂ ਬਾਅਦ ਜਦੋਂ ਮੰਤਰੀ ਮੰਡਲ ’ਚ ਵਾਧਾ ਹੋਇਆ ਤਾਂ ਗੁਰਮੀਤ ਸਿੰਘ ਖੁੱਡੀਆਂ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ। ਖੁੱਡੀਆਂ ਪਰਿਵਾਰ ਦੀ ਸਿਆਸਤ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਸ਼ੁਰੂ ਹੋਈ ਸੀ। ਗੁਰਮੀਤ ਸਿੰਘ ਖੁੱਡੀਆਂ ਕਾਂਗਰਸ ’ਚ ਵੀ ਪੂਰੇ ਸਰਗਰਮ ਆਗੂ ਰਹੇ। ਉਹ ਪੰਜ ਸਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਪਰ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਬਠਿੰਡਾ ਤੋਂ ਖੁੱਡੀਆਂ ਨੂੰ ਉਮੀਦਵਾਰ ਬਣਾਉਣ ਦੇ ਨਾਲ ਸ਼੍ਰੋਮਣੀ ਅਕਾਲੀ ਦਲ ’ਚੋਂ ਮੌਜ਼ੂਦਾ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਲਈ ਦਿੱਲੀ ਦਾ ਰਾਹ ਸੌਖਾ ਨਹੀਂ ਰਿਹਾ।
Lambi
ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਹਲਕੇ ਤੋਂ ਲਗਾਤਾਰ ਤਿੰਨ ਵਾਰ ਚੋਣ ਜਿੱਤ ਚੁੱਕੇ ਹਨ। ਸੋਸ਼ਲ ਮੀਡੀਆ ’ਤੇ ਇਹ ਵੀ ਚਰਚਾ ਭਾਰੂ ਹੈ ਕਿ ਇਸ ਵਾਰ ਹਰਸਿਮਰਤ ਕੌਰ ਬਾਦਲ ਬਠਿੰਡਾ ਦੀ ਥਾਂ ਕਿਸੇ ਹੋਰ ਹਲਕੇ ਤੋਂ ਚੋਣ ਲੜ ਸਕਦੇ ਹਨ ਪਰ ਉਨ੍ਹਾਂ ਦੀਆਂ ਹਲਕੇ ’ਚ ਲਗਾਤਾਰ ਸਰਗਰਮੀਆਂ ਤੋਂ ਜਾਪਦਾ ਹੈ ਕਿ ਉਹ ਇੱਥੇ ਹੀ ਮੁੜ ਮੈਦਾਨ ’ਚ ਨਿੱਤਰਨਗੇ।
ਮੈਨੂੰ ਕੋਈ ਫਰਕ ਨਹੀਂ ਕਿਸ ਨਾਲ ਹੋਵੇਗਾ ਮੁਕਾਬਲਾ : ਖੁੱਡੀਆਂ | Lambi
ਬਠਿੰਡਾ ਪੁੱਜੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਉਸ ਨੂੰ ਵਿਧਾਨ ਸਭਾ ਚੋਣਾਂ ’ਚ ਉਮੀਦਵਾਰ ਬਣਾ ਕੇ ਮਾਣ ਦਿੱਤਾ ਸੀ ਤੇ ਅੱਗੋਂ ਲੋਕਾਂ ਨੇ ਜਿੱਤ ਹਾਸਲ ਕਰਵਾਈ। ਉਨ੍ਹਾਂ ਕਿਹਾ ਕਿ ਹੁਣ ਲੋਕ ਸਭਾ ਚੋਣਾਂ ਲਈ ਪਾਰਟੀ ਨੇ ਬਠਿੰਡਾ ਤੋਂ ਟਿਕਟ ਦਿੱਤੀ ਹੈ ਤੇ ਉਮੀਦ ਹੈ ਕਿ ਲੋਕ ਵਿਧਾਨ ਸਭਾ ਵਾਂਗ ਲੋਕ ਸਭਾ ’ਚ ਵੀ ਮਾਣ ਬਖਸ਼ਣਗੇ। ਬਠਿੰਡਾ ਲੋਕ ਸਭਾ ’ਚ ਵਿਧਾਨ ਸਭਾ ਵਾਂਗ ਬਾਦਲ ਪਰਿਵਾਰ ਨਾਲ ਹੀ ਮੁਕਾਬਲਾ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ‘ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਕਿ ਮੁਕਾਬਲਾ ਕਿਸ ਨਾਲ ਹੈ। ਮੁਕਾਬਲਾ ਤਾਂ ਲੋਕਾਂ ਦਾ ਹੁੰਦਾ ਹੈ, ਲੋਕ ਵੋਟ ਪਾਉਂਦੇ ਹਨ ਤਾਂ ਹੀ ਮੁਕਾਬਲੇ ’ਚ ਆਇਆ ਜਾਂਦਾ ਹੈ।
Also Read : ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਭਾਜਪਾ ’ਚ ਸ਼ਾਮਲ