ਕੋਟਕਪੂਰਾ ਫੋਟੋਗ੍ਰਾਫ਼ਰ ਐਸੋਸੀਏਸ਼ਨ ਨੇ ਪੌਦੇ ਲਾ ਕੇ ਮਨਾਇਆ ਵਰਲਡ ਫੋਟੋਗ੍ਰਾਫੀ ਦਿਵਸ
ਕੋਟਕਪੂਰਾ, (ਸੁਭਾਸ਼ ਸ਼ਰਮਾ) | ਵਿਸ਼ਵ ਫੋਟੋਗ੍ਰਾਫੀ ਦਿਵਸ ਨੂੰ ਕੋਟਕਪੂਰੇ ਦੇ ਫੋਟੋਗ੍ਰਾਫਰਾਂ ਨੇ ਵਿਲੱਖਣ ਢੰਗ ਨਾਲ ਮਨਾਉਂਦਿਆਂ ਸ਼ਹਿਰ ਦੀਆਂ ਕੁਝ ਕੁ ਸਾਂਝੀਆਂ ਥਾਵਾਂ ’ਤੇ ਤਿ੍ਰਵੈਣੀ ਸਮੇਤ ਫਲਦਾਰ, ਫੁੱਲਦਾਰ, ਛਾਂਦਾਰ ਅਤੇ ਹਰਬਲ ਬੂਟੇ ਲਾਏ। ਕੋਟਕਪੂਰਾ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਿੱਚ ਸ਼ਾਮਲ ਪ੍ਰਧਾਨ ਸੋਮਪਾਲ ਅਰੋੜਾ, ਚਿਮਨ ਲਾਲ ਰਿੰਕੀ, ਅਸ਼ੌਕ ਕੁਮਾਰ ਵਿੱਕੀ ਸਮੇਤ ਹੋਰ ਬੁਲਾਰਿਆਂ ਨੇ ਦੇਸ਼ ਭਰ ਦੇ ਫੋਟੋਗ੍ਰਾਫਰਾਂ ਨੂੰ ਫੋਟੋਗ੍ਰਾਫੀ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਉਨਾਂ ਪ੍ਰਣ ਕੀਤਾ ਸੀ ਕਿ ਬੂਟੇ ਉਨੇ ਹੀ ਲਾਏ ਜਾਣ, ਜਿੰਨਿਆਂ ਦੀ ਸੰਭਾਲ ਕੀਤੀ ਜਾ ਸਕੇ।
ਉਨਾ ਦੱਸਿਆ ਕਿ ਭਾਵੇਂ ਕਈ ਕਿਸਮ ਦੀਆਂ ਹਰਿਆਵਲ ਲਹਿਰਾਂ ਚੱਲੀਆਂ ਪਰ ਲਾਏ ਗਏ ਬੂਟਿਆਂ ਦੀ ਸੰਭਾਲ ਨਾ ਹੋਣ ਕਰਕੇ ਸਾਨੂੰ ਤਿਆਰ ਹੋਏ ਬੂਟੇ ਜਾਂ ਦਰੱਖਤ ਦਿਖਾਈ ਨਹੀਂ ਦਿੱਤੇ। ਉਨਾ ਦੱਸਿਆ ਕਿ ਉਨਾ ਪਹਿਲਾਂ ਇਹ ਯਕੀਨੀ ਬਣਾਇਆ ਕਿ ਉਕਤ ਬੂਟਿਆਂ ਦੀ ਸੰਭਾਲ ਲਈ ਬਕਾਇਦਾ ਡਿਊਟੀਆਂ ਲੱਗ ਚੁੱਕੀਆਂ ਹਨ ਤੇ ਉਕਤ ਬੂਟੇ ਸਿਰਫ ਛਾਂ, ਫਲ-ਫਰੂਟ ਜਾਂ ਆਕਸੀਜਨ ਵਰਗੇ ਫਾਇਦੇ ਹੀ ਨਹੀਂ ਦੇਣਗੇ ਬਲਕਿ ਇਸ ਉਪਰਾਲੇ ਤੋਂ ਹੋਰਨਾ ਨੂੰ ਵੀ ਪੇ੍ਰਰਨਾ ਮਿਲਣੀ ਸੁਭਾਵਿਕ ਹੈ।
ਇਸ ਸਮੇਂ ਉਚੇਚੇ ਤੌਰ ’ਤੇ ਪੁੱਜੇ ਉੱਘੇ ਸਮਾਜਸੇਵੀ ਤੇ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਸਾਨੂੰ ਵਿਆਹ ਦੀ ਵਰੇਗੰਢ, ਜਨਮ ਦਿਨ ਅਤੇ ਹੋਰ ਖੁਸ਼ੀ ਦੇ ਮੌਕਿਆਂ ’ਤੇ ਭਾਂਤ-ਭਾਂਤ ਦੇ ਬੂਟੇ ਲਾ ਕੇ ਉਨਾ ਦੀ ਸੰਭਾਲ ਕਰਨੀ ਚਾਹੀਦੀ ਹੈ। ਮੌਕੇ ਉਪਰੋਕਤ ਤੋਂ ਇਲਾਵਾ ਗੁਰਦੀਪ ਸਿੰਘ ਗੋਲਡਨ, ਮਲਕੀਤ ਸਿੰਘ, ਗੁਰਮੀਤ ਸਿੰਘ ਫੋਟੋਜੈਨਿਕ, ਪੇ੍ਰਮ ਚਾਵਾਲ, ਸੋਨੀ ਕਾਂਵਰਾ, ਗਗਨ ਸਿੰਗਲਾ, ਅਸ਼ਵਨੀ ਕੁਮਾਰ, ਚੰਨੀ ਕੁਮਾਰ, ਮਨੀ ਲਾਲ, ਟੋਨੀ ਦਾਦਾ, ਰਾਜ ਕੁਮਾਰ ਅਤੇ ਕੁਲਦੀਪ ਸਿੰਘ ਗੁਰਦਾਸ ਆਦਿ ਵੀ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ