ਕੰਪਿਊਟਰ ਅਕਾਊਂਟਿੰਗ ਦੀ ਜਾਣਕਾਰੀ ਹਰ ਖੇਤਰ ’ਚ ਜ਼ਰੂਰੀ
ਕੰਪਿਊਟਰ ਅਕਾਊਂਟਿੰਗ ਦੀ ਜਾਣਕਾਰੀ ਦਾ ਇਸਤੇਮਾਲ ਕਰਕੇ, ਆਦਾਨ-ਪ੍ਰਦਾਨ ਦਾ ਲੇਖਾ-ਜੋਖਾ ਤਿਆਰ ਕਰਨਾ ਜਾਂ ਰਿਟਰਨ ਤਿਆਰ ਕਰਕੇ ਉਸ ਨੂੰ ਆਨਲਾਈਨ ਦਾਖ਼ਲ ਕਰਨਾ ਹੈ ਤਾਂ ਇਹ ਸਾਰੇ ਕੰਮ ਇਸ ਸਾਫਟਵੇਅਰ ਦੀ ਮੱਦਦ ਨਾਲ ਸੌਖੇ ਢੰਗ ਨਾਲ ਹੋ ਜਾਂਦੇ ਹਨ। ਜੀਐੱਸਟੀ ਲਾਗੂ ਹੋਣ ਤੋਂ ਬਾਅਦ ਅਜਿਹੇ ਸਾਫਟਵੇਅਰ ਤੇ ਆਨਲਾਈਨ ਟੂਲਜ਼ ਦੀ ਜ਼ਰੂਰਤ ਹਰ ਛੋਟੀ-ਵੱਡੀ ਸੰਸਥਾ ਨੂੰ ਹੈ। ਕਾਮਰਸ ਸਟ੍ਰੀਮ ’ਚ 12ਵੀਂ ਕਰਨ ਵਾਲੇ ਜ਼ਿਆਦਾਤਰ ਵਿਦਿਆਰਥੀਆਂ ਲਈ ਚਾਰਟਰਡ ਅਕਾਊਂਟੈਂਸੀ ਅੱਜ ਵੀ ਆਕਰਸ਼ਕ ਜ਼ਰੀਆ ਹੈ। ਭਾਰਤ ਸਮੇਤ ਵਿਦੇਸ਼ ’ਚ ਵੀ ਇਸ ਖੇਤਰ ਨੂੰ ਸਨਮਾਨਜਨਕ ਮੰਨਿਆ ਜਾਂਦਾ ਹੈ। ਇਨ੍ਹੀਂ ਦਿਨੀਂ ਸੀਏ ਤੋਂ ਇਲਾਵਾ ਆਈਸੀਡਬਲਿਊ, ਕੰਪਿਊਟਰ ਅਕਾਊਂਟੈਂਸੀ ’ਚ ਮਾਹਿਰਾਂ ਦੀ ਮੰਗ ਲਗਤਾਰ ਵਧ ਰਹੀ ਹੈ। ਇਸ ਲਈ ਜੇ ਤੁਹਾਨੂੰ ਕੰਪਿਊਟਰ ’ਤੇ ਕੰਮ ਕਰਨਾ ਆਉਂਦਾ ਹੈ ਅਤੇ ਟੈਲੀ ਈਆਰਪੀ, ਐਡਵਾਂਸ ਐਕਸਲ, ਬੈਲੈਂਸ ਸ਼ੀਟ, ਇਨਕਮ ਟੈਕਸ, ਅਕਾਊਂਟ ਫਾਈਨਲਾਈਜ਼ੇਸ਼ਨ, ਕੁਇਕ ਬੁੱਕ ਜਿਹੇ ਨਵੇਂ ਹੁਨਰਾਂ ਦੀ ਜਾਣਕਾਰੀ ਰੱਖਦੇ ਹੋ ਤਾਂ ਫਾਇਨਾਂਸ ਦੇ ਖੇਤਰ ’ਚ ਕਰੀਅਰ ਬਣਾਇਆ ਜਾ ਸਕਦਾ ਹੈ। ਈ-ਕਾਮਰਸ ’ਚ ਵਿਸਥਾਰ, ਜੀਐੱਸਟੀ ਤੇ ਸਵੈ-ਰੁਜ਼ਗਾਰ ਦੇ ਵਧਦੇ ਰੁਝਾਨ ਨੂੰ ਵੇਖਦਿਆਂ ਭਵਿੱਖ ’ਚ ਨੌਕਰੀ ਦੇ ਵਧੀਆ ਮੌਕੇ ਇਸ ਖੇਤਰ ’ਚ ਆਉਣ ਵਾਲੇ ਹਨ।
ਚਾਰਟਰਡ ਅਕਾਊਂਟੈਂਟ
ਜਿਹੜੇ ਨੌਜਵਾਨ ਅਕਾਊਂਟਿੰਗ ’ਚ ਦਿਲਚਸਪੀ ਰੱਖਦੇ ਹਨ, ਉਨ੍ਹਾਂ ਲਈ ਨਿਸ਼ਚਿਤ ਤੌਰ ’ਤੇ ਸੀਏ ਇੱਕ ਵਧੀਆ ਜ਼ਰੀਆ ਹੈ। ਦ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟ ਆਫ ਇੰਡੀਆ ਇਸ ਦਾ ਕੋਰਸ ਕਰਵਾਉਂਦਾ ਹੈ। ਇੰਸਟੀਚਿਊਟ ਦੀ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਨੂੰ ਇਸ ਖੇਤਰ ’ਚ ਕੁਆਲੀਫਾਈਡ ਚਾਰਟਰਡ ਅਕਾਊਂਟੈਂਟ ਦੇ ਰੂਪ ’ਚ ਵਧੀਆ ਨੌਕਰੀ ਮਿਲ ਸਕਦੀ ਹੈ। ਸੀਏ ਕਰਨ ਲਈ ਤੁਹਾਨੂੰ ਤਿੰਨ ਪ੍ਰੀਖਿਆਵਾਂ ਪਾਸ ਕਰਨੀਆਂ ਪੈਣਗੀਆਂ। ਸ਼ੁਰੂਆਤ ਕਾਮਨ ਪ੍ਰਾਫੀਸ਼ੀਐਂਸੀ ਟੈਸਟ ਤੋਂ ਹੁੰਦੀ ਹੈ, ਜਿਸ ਤੋਂ ਬਾਅਦ ਆਈਪੀਸੀਸੀ ਤੇ ਆਖ਼ਰੀ ਸਾਲ ਪੂਰਾ ਕਰਨਾ ਹੰੁਦਾ ਹੈ। ਸੀਏ ਦੀ ਤਿਆਰੀ ਲਈ ਅਕਾਊਂਟਿੰਗ ’ਚ ਮਜ਼ਬੂਤ ਪਕੜ ਹੋਣੀ ਜ਼ਰੂਰੀ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਸੇ ਅਕਾਊਂਟਿੰਗ ਫਰਮ ਜਾਂ ਕੰਪਨੀ ’ਚ ਸੀਏ ਦੇ ਤੌਰ ’ਤੇ ਕੰਮ ਸ਼ੁਰੂ ਕਰ ਸਕਦੇ ਹੋ। ਕੁਝ ਸਾਲ ਦੇ ਤਜ਼ਰਬੇ ਤੋਂ ਬਾਅਦ ਸੀਏ ਦੇ ਤੌਰ ’ਤੇ ਸੁਤੰਤਰ ਰੂਪ ’ਚ ਪ੍ਰੈਕਟਿਸ ਕਰ ਸਕਦੇ ਹੋ।
ਸੀਏ ਵਾਂਗ ਹੀ ਕੰਪਨੀ ਸੈਕਰੇਟਰੀ ਬਣਨ ਲਈ ਵੀ ਤਿੰਨ ਤਰ੍ਹਾਂ ਦੀ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ, ਜਿਵੇਂ ਫਾਊਂਡੇਸ਼ਨ (ਅੱਠ ਮਹੀਨੇ), ਅਗਜ਼ੈਕਟਿਵ ਤੇ ਪ੍ਰੋਫੈਸ਼ਨਲ ਪ੍ਰੋਗਰਾਮ। ਸੀਐੱਸ ਦਾ ਇਹ ਕੋਰਸ ਇੱਕੋ ਸੰਸਥਾ ਦ ਇੰਸਟੀਚਿਊਟ ਆਫ ਕੰਪਨੀ ਸੈਕਰੇਟਰੀਜ਼ ਆਫ ਇੰਡੀਆ ਕਰਵਾਉਂਦੀ ਹੈ। ਸਾਇੰਸ, ਕਾਮਰਸ ਅਤੇ ਆਰਟਸ ’ਚ 12ਵੀਂ ਤੋਂ ਬਾਅਦ ਕੰਪਨੀ ਸੈਕਰੇਟਰੀ ਕੋਰਸ ਲਈ ਦਾਖ਼ਲਾ ਲੈ ਸਕਦੇ ਹੋ। ਗ੍ਰੈਜੂਏਟ ਵਿਦਿਆਰਥੀਆਂ ਨੂੰ ਅੱਠ ਮਹੀਨੇ ਦੇ ਫਾਊਂਡੇਸ਼ਨ ਕੋਰਸ ਤੋਂ ਛੋਟ ਹੁੰਦੀ ਹੈ। ਉਨ੍ਹਾਂ ਨੂੰ ਸਿੱਧਾ ਦੂਸਰੇ ਪੜਾਅ ’ਚ ਦਾਖ਼ਲਾ ਮਿਲ ਜਾਂਦਾ ਹੈ। ਐਗਜ਼ੈਕਟਿਵ ਤੇ ਪ੍ਰੋਫੈਸ਼ਨਲ ਕੋਰਸ ਕਰਨ ਤੋਂ ਬਾਅਦ ਕੰਪਨੀ ਜਾਂ ਕਿਸੇ ਤਜ਼ਰਬੇਕਾਰ ਸੈਕਰੇਟਰੀ ਨਾਲ 16 ਮਹੀਨੇ ਦੀ ਟ੍ਰੇਨਿੰਗ ਕਰਨੀ ਜ਼ਰੂਰੀ ਹੁੰਦੀ ਹੈ। ਪ੍ਰੋਫੈਸ਼ਨਲ ਕੋਰਸ ਤੇ ਟ੍ਰੇਨਿੰਗ ਤੋਂ ਬਾਅਦ ਤੁਸੀਂ ਆਈਸੀਐੱਸਆਈ ਦੇ ਐਸੋਸੀਏਟ ਮੈਂਬਰ ਬਣ ਜਾਂਦੇ ਹੋ।
ਅਕਾਊਂਟੈਂਟ ਜਾਂ ਜੀਐੱਸਟੀ ਸਪੈਸ਼ਲਿਸਟ
ਬੈਚਲਰ ਆਫ ਕਾਮਰਸ ਇਨ ਅਕਾਊਂਟਿੰਗ ਐਂਡ ਫਾਇਨਾਂਸ ਕੋਰਸ ਕਰਨ ਤੋਂ ਬਾਅਦ ਅਕਾਊਂਟਸ ਤੇ ਫਾਇਨਾਂਸ ਦੇ ਖੇਤਰ ’ਚ ਨੌਕਰੀ ਦੇ ਕਾਫ਼ੀ ਮੌਕੇ ਹੁੰਦੇ ਹਨ। ਸ਼ੁਰੂ ਵਿਚ ਬਤੌਰ ਟਰੇਨੀ ਅਕਾਊਂਟਸ ਦਾ ਕੰਮ ਕੀਤਾ ਜਾ ਸਕਦਾ ਹੈ। ਵਿਦਿਆਰਥੀ ਚਾਹੁਣ ਤਾਂ ਫਾਇਨੈਂਸ਼ੀਅਲ ਅਕਾਊਂਟਿੰਗ, ਮੈਨੇਜ਼ਮੈਂਟ ਅਕਾਊਂਟਿੰਗ, ਆਡੀਟਿੰਗ ਤੇ ਟੈਕਸ ਅਕਾਊਂਟਿੰਗ ’ਚ ਵੀ ਕਰੀਅਰ ਬਣਾ ਸਕਦੇ ਹਨ। ਅਕਾਊਂਟਿੰਗ ’ਚ ਡਿਗਰੀ ਤੋਂ ਬਾਅਦ ਜੀਐੱਸਟੀ ’ਚ ਡਿਪਲੋਮਾ ਜਾਂ ਸਰਟੀਫਿਕੇਟ ਕੋਰਸ ਕੀਤਾ ਜਾ ਸਕਦਾ ਹੈ।
ਆਡੀਟਿੰਗ
ਨਿੱਜੀ ਕੰਪਨੀਆਂ ਦਾ ਕਾਰੋਬਾਰ ਵਧਣ ਨਾਲ ਆਡੀਟਰਜ਼ ਦੀ ਭੂਮਿਕਾ ਪਹਿਲਾਂ ਨਾਲੋਂ ਕਈ ਗੁਣਾ ਵਧ ਗਈ ਹੈ। ਹਰ ਕਾਰੋਬਾਰੀ ਨੂੰ ਆਪਣੀ ਬੈਂਲੇਸ ਬੱੁਕ ਤੇ ਵਿੱਤੀ ਲੈਣ-ਦੇਣ ਦੀ ਆਖ਼ਰੀ ਜਾਂਚ ਕਰਵਾਉਣ ਲਈ ਆਡੀਟਰਜ਼ ਦੀ ਜ਼ਰੂਰਤ ਪੈਂਦੀ ਹੈ। ਆਡੀਟਰਜ਼ ਇੰਟਰਨਲ ਤੇ ਪਬਲਿਕ ਦੋਵੇਂ ਤਰ੍ਹਾਂ ਦੀ ਆਡੀਟਿੰਗ ਕਰਦੇ ਹਨ। ਸਰਕਾਰੀ ਵਿਭਾਗਾਂ ਦੀ ਆਡੀਟਿੰਗ ਲਈ ਕਰਮਚਾਰੀ ਚੋਣ ਕਮਿਸ਼ਨ (ਐੱਸਐੱਸਸੀ) ਵੱਲੋਂ ਆਡੀਟਰਜ਼ ਦੀ ਭਰਤੀ ਕੀਤੀ ਜਾਂਦੀ ਹੈ। ਜਿਨ੍ਹਾਂ ਵਿਦਿਆਰਥੀਆਂ ਦੀ ਅਕਾਊਂਟਿੰਗ ’ਚ ਰੁਚੀ ਹੈ, ਉਹ 12ਵੀਂ ਤੋਂ ਬਾਅਦ ਬੈਚਲਰ ਆਫ ਕਾਮਰਸ (ਬੈਂਕਿੰਗ ਐਂਡ ਇੰਸ਼ੋਰੈਂਸ) ਦਾ ਕੋਰਸ ਕਰ ਸਕਦੇ ਹਨ।
ਫਾਇਨਾਂਸ ਅਫਸਰ
ਬੈਚਲਰ ਆਫ ਕਾਮਰਸ ਇਨ ਫਾਇਨੈਂਸ਼ੀਅਲ ਮਾਰਕੀਟਿਜ਼ ’ਚ ਡਿਗਰੀ ਕਰਨ ਤੋਂ ਬਾਅਦ ਫਾਇਨਾਂਸ ਅਫਸਰ, ਫਾਇਨਾਂਸ ਕੰਟਰੋਲਰ, ਫਾਇਨਾਂਸ ਪਲਾਨਰ, ਰਿਸਕ ਮੈਨੇਜਮੈਂਟ, ਮਨੀ ਮਾਰਕੀਟ ਡੀਲਰ, ਇੰਸ਼ੋਰੈਂਸ ਮੈਨੇਜਰ ਦੀ ਨੌਕਰੀ ਮਿਲ ਸਕਦੀ ਹੈ। ਫਾਇਨਾਂਸ, ਇਨਵੈਸਟਮੈਂਟ, ਸਟਾਕ ਮਾਰਕੀਟ, ਮਿਊਚੁਅਲ ਫੰਡ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਕੰਪਿਊਟਰ ਅਕਾਊਂਟਿੰਗ ਹਰ ਕੰਪਨੀ ਦੀ ਜ਼ਰੂਰਤ
ਬਦਲਦੇ ਸਮੇਂ ਦੀ ਜ਼ਰੂਰਤ ਨੂੰ ਦੇਖਦਿਆਂ ਕੰਪਿਊਟਰ ਅਕਾਊਂਟੈਂਸੀ ਦੀ ਮੰਗ ਦਿਨੋ-ਦਿਨ ਵਧ ਰਹੀ ਹੈ। ਇਹ ਅਜਿਹਾ ਕੋਰਸ ਹੈ, ਜਿਸ ਨੂੰ ਔਸਤ ਪੜ੍ਹਾਈ ਵਾਲੇ ਨੌਜਵਾਨ ਵੀ ਕਰ ਸਕਦੇ ਹਨ। ਇਸ ਲਈ ਕਾਮਰਸ ਜ਼ਰੂਰੀ ਨਹੀਂ ਹੈ। ਸਿਰਫ਼ ਤੁਹਾਨੂੰ ਕੰਪਿਊਟਰ ਅਤੇ ਅਕਾਊਂਟਿੰਗ ਸਾਫਟਵੇਅਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਕੋਰਸ ਨੂੰ ਕਰਨ ਵਾਲੇ ਨੌਜਵਾਨਾਂ ਲਈ ਵਰਤਮਾਨ ਤੇ ਭਵਿੱਖ ਬਹੁਤ ਵਧੀਆ ਹੈ, ਕਿਉਂਕਿ ਅੱਜ-ਕੱਲ੍ਹ ਸਾਰੇ ਮਾਲਜ਼, ਸ਼ੋਅ ਰੂਮਜ਼, ਬੀਪੀਓ, ਕੇਪੀਓ ਤੇ ਫੈਕਟਰੀਜ਼ ਤੋਂ ਇਲਾਵਾ ਛੋਟੇ-ਵੱਡੇ ਦਫ਼ਤਰਾਂ ’ਚ ਬੈਂਕ ਆਫਿਸ ਅਕਾਊਂਟੈਂਟ, ਅਕਾਊਂਟਸ ਅਗਜ਼ੈਕਟਿਵ, ਅਕਾਊਂਟਸ ਅਸਿਸਟੈਂਟ, ਫਾਇਨਾਂਸ ਅਗਜ਼ੈਕਟਿਵ ਜਿਹੇ ਅਹੁਦਿਆਂ ਲਈ ਹਰ ਸਮੇਂ ਜ਼ਰੂਰਤ ਹੰੁਦੀ ਹੈ। ਅਕਾਊਂਟਸ ਤੇ ਫਾਇਨਾਂਸ ’ਚ ਬਹੁਤ ਸਾਰੇ ਆਨਲਾਈਨ ਕੋਰਸ ਵੀ ਅੱਜ-ਕੱਲ੍ਹ ਉਪਲੱਬਧ ਹਨ, ਉੱਥੋਂ ਵੀ ਸ਼ਾਰਟ-ਟਰਮ ਕੋਰਸ ਕੀਤਾ ਜਾ ਸਕਦਾ ਹੈ।
ਮੈਨੇਜਮੈਂਟ ਅਕਾਊਂਟੈਂਟ
ਇਹ ਕੋਰਸ ਬੀਏ ਤੋਂ ਬਾਅਦ ਕੀਤਾ ਜਾ ਸਕਦਾ ਹੈ। ਕੋਈ ਵੀ ਵਿਦਿਆਰਥੀ ਕੌਸਟ ਐਂਡ ਵਰਕਰਜ਼ ਅਕਾਊਂਟਿੰਗ ਦੇ ਇਸ ਕੋਰਸ ’ਚ ਸਿੱਧਾ ਦਾਖ਼ਲਾ ਲੈ ਸਕਦਾ ਹੈ ਪਰ ਹੁਣ ਇੰਡੀਅਨ ਕੌਸਟ ਵਰਕਰਜ਼ ਐਸੋਸੀਏਸ਼ਨ ਨੇ 12ਵੀਂ ਪਾਸ ਵਿਦਿਆਰਥੀਆਂ ਲਈ ਫਾਊਂਡੇਸ਼ਨ ਕੋਰਸ ’ਚ ਦਾਖ਼ਲੇ ਲਈ ਰਸਤਾ ਖੋਲ੍ਹ ਦਿੱਤਾ ਹੈ। ਇੰਸਟੀਚਿਊਟ ਆਫ ਕੌਸਟ ਅਕਾਊਂਟੈਂਟਸ ਇਸ ਦਾ ਸਰਟੀਫਿਕੇਸ਼ਨ ਪ੍ਰਦਾਨ ਕਰਦਾ ਹੈ। ਇਸ ਕੋਰਸ ਨੂੰ ਪੂਰਾ ਕਰਨ ਵਾਲੇ ਕੰਪਨੀਆਂ ਲਈ ਬਜਟ ਬਣਾਉਣ, ਕੌਸਟ ਮੈਨੇਜਮੈਂਟ, ਪਰਫਾਰਮਰਜ਼ ਇਵੈਲਿਊਏਸ਼ਨ ਅਤੇ ਅਸੈੱਟ ਮੈਨੇਜਮੈਂਟ ਜਿਹੀਆਂ ਸੇਵਾਵਾਂ ਦਿੰਦੇ ਹਨ। ਇਸ ਤੋਂ ਇਲਾਵਾ ਇਹ ਪ੍ਰੋਫੈਸ਼ਨਲ ਫਾਇਨੈਂਸ਼ੀਅਲ ਪਲਾਨਿੰਗ ਅਤੇ ਸਟ੍ਰੈਟੇਜੀ ਬਣਾਉਣ ’ਚ ਵੀ ਸਹਿਯੋਗ ਦਿੰਦੇ ਹਨ।
ਪੇਸ਼ਕਸ਼: ਵਿਜੈ ਗਰਗ,
ਸੇਵਾ ਮੁਕਤ ਪਿ੍ਰੰਸੀਪਲ ,
ਮਲੋਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ