ਹਿੰਦੁਸਤਾਨ ਤੋਂ ਅੰਗਰੇਜ਼ ਵਿਦਾ ਹੋ ਗਏ, ਪਰ ‘ਪਾੜੋ ਤੇ ਰਾਜ ਕਰੋ’ ਦਾ ਬੀਜ ਜੋ ਉਨ੍ਹਾਂ ਨੇ ਬੀਜਿਆ ਸੀ, ਉਹ ਅੱਜ ਪੂਰੇ ਭਾਰਤ ਵਿੱਚ ਖਿੱਲਰਕੇ ਵੱਡਾ ਰੁੱਖ ਬਣ ਗਿਆ ਹੈ ਇਸਦੀ ਵਜ੍ਹਾ ਨਾਲ ਸਾਡਾ ਸਮਾਜ ਜਾਤੀ, ਧਰਮ, ਭਾਸ਼ਾ, ਨਸਲਵਾਦ ਅਤੇ ਦਲਿਤ, ਉੱਚੇ, ਨੀਵੇਂ, ਹਿੰਦੂਵਾਦ ਤੇ ਇਸਲਾਮ ਵਿੱਚ ਵੰਡਿਆ ਹੈ। ਬਾਕੀ ਬਚੀ ਕਸਰ ਰਾਜਨੀਤੀ ਅਤੇ ਨੇਤਾਵਾਂ ਦੀ ਗੰਦੀ ਸੋਚ ਪੂਰੀ ਕਰ ਦਿੰਦੀ ਹੈ। ਮਹਾਰਾਸ਼ਟਰ ਦੇ ਪੂਨੇ ਦੇ ਨਜ਼ਦੀਕ ਕੋਰੇ ਗਾਓਂ ਭੀਮਾ ‘ਚ ਦਲਿਤਾਂ ‘ਤੇ ਹੋਈ ਕਥਿਤ ਹਿੰਸਾ ਅਤੇ ਹਮਲੇ ਦੀ ਗੱਲ ਉਸੇ ਬੀਜੇ ਹੋਏ ਬੀਜ ਦਾ ਪੁੰਗਾਰਾ ਹੈ। ਇੱਕ ਪਾਸੇ ਅਸੀਂ ਤਰੱਕੀ ਅਤੇ ਵਿਕਾਸ ਦੀ ਗੱਲ ਕਰ ਰਹੇ ਹਾਂ।
ਭਾਰਤ ਨੂੰ ਅਸੀਂ ਸਵਾ ਸੌ ਅਰਬ ਵਾਲਾ ਦੇਸ਼ ਕਹਿ ਰਹੇ ਹਾਂ, ਨਿਊ ਇੰਡੀਆ, ਡਿਜ਼ੀਟਲ ਅਤੇ ਸਕਿੱਲ ਇੰਡੀਆ ਦੀ ਗੱਲ ਕਰ ਰਹੇ ਹਾਂ, ਜਦੋਂ ਕਿ ਉਸੇ ਦੇਸ਼ ਵਿੱਚ ਆਪਣਿਆਂ ਦੇ ਖਿਲਾਫ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਫਿਰ ਅਸੀਂ ਕਿਸ ਭਾਰਤ ਦੇ ਵਿਕਾਸ ਅਤੇ ਉਸ ਵਿੱਚ ਉਸ ਵਿਚ ਲੁਕੀ ਸਮਾਜਿਕ ਬਰਾਬਰੀ ਦੀ ਗੱਲ ਕਰਦੇ ਹਾਂ? ਇੱਥੇ ਦੇਸ਼ ਪਿੱਛੇ ਹੈ, ਪਹਿਲੀ ਕਤਾਰ ਵਿੱਚ ਜਾਤੀ, ਧਰਮ, ਭਾਸ਼ਾ ਅਤੇ ਭਾਈਚਾਰਾ ਹੈ। ਅੰਗਰੇਜ਼ ਚੰਗੀ ਤਰ੍ਹਾਂ ਜਾਣਦੇ ਸਨ ਕਿ ਭਾਰਤ ਵਿੱਚ ਜਾਤੀ ਅਤੇ ਧਰਮ ਦਾ ਮਸਲਾ ਇੰਨਾ ਜਲਣਸ਼ੀਲ ਹੈ ਕਿ ਸਿਰਫ ਇੱਕ ਤੀਲ੍ਹੀ ਭਾਰਤ ਨੂੰ ਸਾਰੀ ਉਮਰ ਸਾੜਦੀ ਰਹੇਗੀ।
ਬੇਲੋੜੇ ਤਰੀਕੇ ਨਾਲ ਭੜਕੀ ਇਸ ਜਾਤੀ ਹਿੰਸਾ ਵਿੱਚ ਬਹੁਤ ਕੁੱਝ ਸੁਆਹ ਹੋ ਗਿਆ । ਮੁੰਬਈ ਦੀ ਲਾਈਫ ਲਾਈਨ ਕਹੀ ਜਾਣ ਵਾਲੀ ਲੋਕਲ ਟ੍ਰੇਨ ਅਤੇ ਮੈਟਰੋ ਵੀ ਪ੍ਰਭਾਵਿਤ ਹੋਈ । ਵੱਡੀ ਗਿਣਤੀ ਵਿੱਚ ਬੱਸਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ । ਆਰਥਿਕ ਨਗਰੀ ਮੁੰਬਈ ਰੁਕ ਗਈ। ਆਖ਼ਰ ਇਹ ਸਭ ਕਿਉਂ ਹੋਇਆ? ਇਸਦਾ ਅਸਲੀ ਗੁਨਾਹਗਾਰ ਕੌਣ ਹੈ? ਕਿਸਨੇ ਇਹ ਸਾਜਿਸ਼ ਰਚੀ? ਉਸਦਾ ਕਾਲ਼ਾ ਚਿਹਰਾ ਬੇਨਕਾਬ ਹੋਣਾ ਚਾਹੀਦਾ ਹੈ। ਕਾਫ਼ੀ ਹੱਦ ਤੱਕ ਫਡਨਵੀਸ ਸਰਕਾਰ ਵੀ ਜ਼ਿੰਮੇਦਾਰ ਹੈ । ਪੂਨੇ ਵਿੱਚ ਹੋਈ ਘਟਨਾ ਤੋਂ ਬਾਅਦ ਸਮਾਂ ਰਹਿੰਦਿਆਂ ਜੇਕਰ ਕਦਮ ਚੁੱਕੇ ਹੁੰਦੇ, ਤਾਂ ਅੱਗ ਇੰਨੀ ਨਾ ਫੈਲਦੀ। ਅਹਿਮ ਸਵਾਲ ਹੈ ਕਿ ਕੋਰੇ ਗਾਓਂ ਭੀਮਾ ਵਿੱਚ ਇਹ ਪ੍ਰੋਗਰਾਮ ਪਿਛਲੇ 200 ਸਾਲਾਂ ਤੋਂ ਹੁੰਦਾ ਆ ਰਿਹਾ ਹੈ, ਉਦੋਂ ਕਦੇ ਇਸ ਤਰ੍ਹਾਂ ਦੀ ਹਿੰਸਾ ਨਹੀਂ ਭੜਕੀ, ਫਿਰ ਇਸ ਵਾਰ ਆਖ਼ਰ ਅਜਿਹਾ ਕੀ ਹੋਇਆ ਕਿ ਵਿਜੈ ਦਿਵਸ ਦੀ ਬਰਸੀ ਹਿੰਸਾ ਅਤੇ ਸਾੜ-ਫੂਕ ਦੀ ਬਲੀ ਚੜ੍ਹ ਗਿਆ । ਇੱਕ ਵਿਅਕਤੀ ਦੀ ਜਿੱਥੇ ਮੌਤ ਹੋ ਗਈ, ਉੱਥੇ ਹੀ ਕਈ ਲੋਕ ਜਖ਼ਮੀ ਹੋਏ ।
ਮਹਾਰਾਸ਼ਟਰ ਦੇ 15 ਤੋਂ ਜਿਆਦਾ ਜਿਲ੍ਹੇ ਇਸਦੀ ਚਪੇਟ ਵਿੱਚ ਆ ਗਏ। ਇਸ ਹਿੰਸਾ ਨਾਲ ਜਿੱਥੇ ਸਮਾਜਿਕ ਤਾਣੇ-ਬਾਣੇ ਦੀ ਕੰਧ ਢੱਠੀ, ਉੱਥੇ ਹੀ ਦੇਸ਼ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਹਿੰਸਾ ਦੀ ਅਸਲੀ ਵਜ੍ਹਾ ਕੀ ਰਹੀ? ਦਲਿਤਾਂ ਵੱਲੋਂ ਇਹ ‘ਸ਼ੌਰਿਆ ਦਿਵਸ’ ਤਾਂ 200 ਸਾਲਾਂ ਤੋਂ ਮਨਾਇਆ ਜਾਂਦਾ ਹੈ । ਫਿਰ ਇਸਦਾ ਵਿਰੋਧ ਕਿਉਂ ਅਤੇ ਕਿੱਥੋਂ ਸ਼ੁਰੂ ਹੋਇਆ? ਇਹ ਵਿਵਾਦ ਹਿੰਦੂਵਾਦ, ਆਰਐਸਐਸ, ਦੱਖਣ ਅਤੇ ਖੱਬੇਪੱਖੀਆਂ ਨੂੰ ਕਿਵੇਂ ਸ਼ੱਕ ਦੇ ਘੇਰੇ ਵਿਚ ਲਿਆ? ਵਿਜੈ ਦਿਵਸ ਦੇ ਪਿੱਛੇ ਦਾ ਛੁਪਿਆ ਇਤਿਹਾਸ ਕੀ ਹੈ? ਕੀ ਹੈ ਭੀਮਾ-ਕੋਰੇਗਾਓਂ ਦੀ ਲੜਾਈ? ਕਈ ਸਵਾਲ ਹਨ, ਜੋ ਆਮ ਦੇਸ਼ਵਾਸੀ ਦੇ ਜ਼ਿਹਨ ਵਿੱਚ ਉੱਠ ਖੜ੍ਹੇ ਹੋਏ ਹਨ।
ਇਤਿਹਾਸ ਦੀ ਮੰਨੀਏ ਤਾਂ 1 ਜਨਵਰੀ 1818 ਵਿੱਚ ਬ੍ਰਿਟਿਸ਼ ਦੀ ਈਸਟ ਇੰਡੀਆ ਕੰਪਨੀ ਅਤੇ ਮਰਾਠਾ ਸਾਮਰਾਜ ਦੇ ਪੇਸ਼ਵਾ ਧੜੇ ਵਿੱਚ, ਕੋਰੇਗਾਓਂ ਭੀਮਾ ਵਿੱਚ ਜੰਗ ਲੜੀ ਗਈ ਸੀ। ਇਸ ਲੜਾਈ ਵਿੱਚ ਅੰਗਰੇਜ਼ਾਂ ਅਤੇ ਅੱਠ ਸੌ ਮਹਾਰਾਂ ਨੇ ਪੇਸ਼ਵਾ ਬਾਜੀਰਾਓ ਦੂਸਰੇ ਦੇ 28 ਹਜ਼ਾਰ ਸੈਨਿਕਾਂ ਨੂੰ ਹਰਾ ਦਿੱਤਾ ਸੀ । ਮਹਾਰ ਸੈਨਿਕ ਯਾਨੀ ਦਲਿਤ ਈਸਟ ਇੰਡੀਆ ਕੰਪਨੀ ਵੱਲੋਂ ਲੜੇ ਸਨ ਅਤੇ ਕਿਹਾ ਜਾਂਦਾ ਹੈ ਕਿ ਇਸ ਲੜਾਈ ਤੋਂ ਬਾਅਦ ਪੇਸ਼ਵਾ ਰਾਜ ਦਾ ਅੰਤ ਹੋ ਗਿਆ।
ਉਸ ਦੌਰ ਵਿੱਚ ਦੇਸ਼ ਵਿੱਚ ਊਚ- ਨੀਚ ਅਤੇ ਛੂਆ-ਛੂਤ ਦਾ ਬੋਲਬਾਲਾ ਸੀ। ਉੱਚੀਆਂ ਜਾਤੀਆਂ ਦਲਿਤਾਂ ਨੂੰ ਅਛੂਤ ਮੰਨਦੀਆਂ ਸਨ। ਮਹਾਰਾਸ਼ਟਰ ਵਿੱਚ ਮਰਾਠਾ ਉੱਚ ਜਾਤੀ ਤੋਂ ਹਨ, ਜਦੋਂ ਕਿ ਮਹਾਰ ਭਾਈਚਾਰਾ ਦਲਿਤ ਵਰਗ ਤੋਂ ਹੈ । ਅੰਗਰੇਜਾਂ ਨੇ ਇਸਦਾ ਫਾਇਦਾ ਚੁੱਕਿਆ। ਹਿੰਦੂਆਂ ਨੂੰ ਵੰਡਣ ਲਈ ਈਸਟ ਇੰਡੀਆ ਕੰਪਨੀ ਨੇ ਦਲਿਤਾਂ ਵਿੱਚ ਮਹਾਰ ਦੇ ਨਾਂਅ ‘ਤੇ ਇੱਕ ਵੱਖ ਤੋਂ ਰੈਜੀਮੈਂਟ ਬਣਾਈ, ਜਿਸ ਵਿੱਚ ਦਲਿਤਾਂ ਨੇ ਅੰਗਰੇਜਾਂ ਦਾ ਸਾਥ ਦਿੱਤਾ ਅਤੇ ਮਰਾਠਿਆਂ ਨੂੰ ਹਰਾ ਦਿੱਤਾ । ਬਾਅਦ ਵਿੱਚ ਅੰਗਰੇਜਾਂ ਨੇ ਲੜਾਈ ਵਿੱਚ ਸ਼ਹੀਦ ਹੋਏ ਲੋਕਾਂ ਦੇ ਸਨਮਾਨ ਵਿੱਚ ਭੀਮਾ ਨਦੀ ਦੇ ਕੰਢੇ ਵੱਸੇ ਕੋਰੇਗਾਓਂ ਵਿੱਚ ਇੱਕ ਯਾਦਗਾਰ ਬਣਵਾਈ। ਉਦੋਂ ਤੋਂ ਦਲਿਤ ਉਸ ਜਿੱਤ ਨੂੰ ‘ਵਿਜੈ ਦਿਵਸ’ ਦੇ ਰੂਪ ਵਿੱਚ ਮਨਾਉਂਦੇ ਆ ਰਹੇ ਹਨ। ਜਦੋਂ ਕਿ ਕੁੱਝ ਹਿੰਦੂਵਾਦੀ ਸੰਗਠਨ ਇਸਦਾ ਵਿਰੋਧ ਕਰਦੇ ਹਨ।
ਇਹ ਗੱਲ ਸੱਚ ਹੈ ਕਿ ਕੋਰੇਗਾਓਂ ਲੱਖਾਂ ਦੀ ਗਿਣਤੀ ਵਿੱਚ ਦਲਿਤ ਭਾਈਚਾਰੇ ਦੇ ਲੋਕ ਇਕੱਠੇ ਹੁੰਦੇ ਹਨ । ਕਦੇ ਕਿਸੇ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ। ਪਰ ਇਸ ਵਾਰ ਦੇ ਪ੍ਰੋਗਰਾਮ ਵਿੱਚ ਕਈ ਦਲਿਤ ਸੰਗਠਨਾਂ ਤੋਂ ਇਲਾਵਾ ਜਿਗਨੇਸ਼ ਮੇਵਾਨੀ ਅਤੇ ਉਮਰ ਖਾਲਿਦ ਤੋਂ ਇਲਾਵਾ ਖੱਬੇਪੱਖ ਦੇ ਲੋਕ ਵੀ ਉੱਥੇ ਮੌਜੂਦ ਸਨ। ਸਵਾਲ ਇਹ ਹੈ ਕਿ ਇਸ ਤਰ੍ਹਾਂ ਦੇ ਵਿਵਾਦਿਤ ਛਵੀ ਵਾਲੇ ਲੋਕਾਂ ਨੂੰ ਸੱਦਿਆ ਕਿਉਂ ਗਿਆ ਸੀ? ਦੂਜੇ ਪਾਸੇ ਉਮਰ ਖਾਲਿਦ ਅਤੇ ਜਿਗਨੇਸ਼ ਮੇਵਾਨੀ ਕਿਸ ਤਰ੍ਹਾਂ ਦੇ ਨੇਤਾ ਹਨ, ਇਹ ਪੂਰਾ ਦੇਸ਼ ਜਾਣਦਾ ਹੈ । ਜਿਗਨੇਸ਼ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਵਿਧਾਇਕ ਬਣਨ ਤੋਂ ਬਾਅਦ ਕਿਸ ਤਰ੍ਹਾਂ ਦਾ ਬਿਆਨ ਦਿੱਤਾ ਇਹ ਜੱਗ ਜ਼ਾਹਿਰ ਹੈ।
ਇਹ ਵੀ ਪੜ੍ਹੋ : ਕੈਬਨਿਟ ਮੀਟਿੰਗ ਨੂੰ ਸੁੱਖੀ-ਸਾਂਦੀ ਕਰਵਾਉਣ ਲਈ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਪੱਬਾਂ ਭਾਰ
ਉੱਥੇ ਜੇਐਨਯੂ ਦੇ ਵਿਦਿਆਰਥੀ ਆਗੂ ਉਮਰ ਖਾਲਿਦ ਵੀ ਮੌਜੂਦ ਸਨ, ਉਨ੍ਹਾਂ ‘ਤੇ ਵੀ ਭੜਕਾਊ ਬਿਆਨ ਦੇਣ ਦਾ ਇਲਜ਼ਾਮ ਹੈ। ਜੇਐਨਯੂ ਵਿੱਚ ਜਿਸ ਤਰ੍ਹਾਂ ਭਾਰਤ ਵਿਰੋਧੀ ਨਾਅਰੇ ਲੱਗੇ, ਉਸਦੇ ਕੇਂਦਰ ਵਿੱਚ ਇਹੀ ਉਮਰ ਖਾਲਿਦ ਸਨ, ਜੋ ਦੇਸ਼ ਦੀ ਵੰਡ ਦੀ ਗੱਲ ਕਰਦਾ ਹੋਵੇ, ਉਸਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਸੱਦ ਕੇ ਮਹਾਰ ਜਾਂ ਦਲਿਤ ਸੰਗਠਨ ਦੇ ਲੋਕ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸਨ? ਉਨ੍ਹਾਂ ਤੋਂ ਕਿਹੜੀ ਉਮੀਦ ਰੱਖੀ ਗਈ ਸੀ?
ਹਾਲਾਂਕਿ ਇਸ ਹਿੰਸਾ ਦੇ ਪਿੱਛੇ ਹਿੰਦੂ ਏਕਤਾ ਅਘਾੜੀ ਦੇ ਮਿਲਿੰਦ ਏਕਬੋਤੇ ਅਤੇ ਸ਼ਿਵਰਾਜ ਅਦਾਰੇ ਦੇ ਸੰਭਾਜੀ ਭਿੜੇ ਦਾ ਵੀ ਨਾਂਅ ਆ ਰਿਹਾ ਹੈ । ਦੋਵਾਂ ਸੰਗਠਨਾਂ ਨੇ ਭੀਮਾ-ਕੋਰੇਗਾਓਂ ਲੜਾਈ ਵਿੱਚ ਅੰਗਰੇਜਾਂ ਦੀ ਜਿੱਤ ਨੂੰ ‘ਸ਼ੌਰਿਆ ਦਿਵਸ’ ਦੇ ਰੂਪ ਵਿੱਚ ਮਨਾਉਣ ਦਾ ਵਿਰੋਧ ਕੀਤਾ ਸੀ। ਉੱਧਰ ਇਸ ‘ਤੇ ਸੰਸਦ ਤੋਂ ਸੜਕ ਤੱਕ ਰਾਜਨੀਤੀ ਭਖ਼ ਗਈ ਹੈ। ਕਾਂਗਰਸ ਅਤੇ ਰਾਹੁਲ ਗਾਂਧੀ ਨੇ ਜਿੱਥੇ ਭਾਜਪਾ ਅਤੇ ਆਰਐਸਐਸ ‘ਤੇ ਹਿੰਸਾ ਭੜਕਾਉਣ ਦਾ ਇਲਜ਼ਾਮ ਲਾਇਆ ਹੈ, ਉੱਥੇ ਹੀ ਭਾਜਪਾ ਨੇ ਇਸ ਨੂੰ ਕਾਂਗਰਸ ਦੀ ‘ਪਾੜੋ ਤੇ ਰਾਜ ਕਰੋ’ ਨੀਤੀ ਦਾ ਨਤੀਜਾ ਦੱਸਿਆ ਹੈ । ਉਨ੍ਹਾਂ ਦਾ ਇਲਜ਼ਾਮ ਹੈ ਕਿ ਸੰਘ ਅਤੇ ਭਾਜਪਾ ਦਲਿਤਾਂ ਨੂੰ ਸਮਾਜ ਵਿੱਚ ਸਭ ਤੋਂ ਹੇਠਲੇ ਪਾਏਦਾਨ ‘ਤੇ ਰੱਖਣਾ ਚਾਹੁੰਦੀ ਹੈ।
ਊਨਾ, ਰੋਹਿਤ ਵੇਮੁਲਾ ਅਤੇ ਭੀਮਾ-ਕੋਰੇਗਾਓਂ ਦੀ ਹਿੰਸਾ ਦਲਿਤਾਂ ਦੇ ਵਿਰੋਧ ਦੇ ਉਦਾਹਰਨ ਹਨ । ਜਦੋਂ ਗੱਲ ਦਲਿਤਾਂ ਨਾਲ ਜੁੜੀ ਹੋਵੇ ਫਿਰ ਮਾਇਆਵਤੀ ਕਦੋਂ ਪਿੱਛੇ ਰਹਿ ਸਕਦੀ ਹਨ। ਉਨ੍ਹਾਂ ਨੇ ਹਿੰਸਾ ਵਿੱਚ ਭਾਜਪਾ ਦਾ ਹੱਥ ਦੱਸਦੇ ਹੋਏ ਸਾਰਾ ਦੋਸ਼ ਮਹਾਰਾਸ਼ਟਰ ਦੀ ਭਾਜਪਾ ਸਰਕਾਰ ‘ਤੇ ਮੜ੍ਹ ਦਿੱਤਾ । ਜਦੋਂ ਕਿ ਆਰਐਸਐਸ ਨੇ ਇਸ ਘਟਨਾ ਨੂੰ ਦੁਖਦਾਈ ਅਤੇ ਦਰਦਨਾਕ ਦੱਸਿਆ ਹੈ। ਪਰ ਇਸ ‘ਤੇ ਰਾਜਨੀਤੀ ਖੂਬ ਹੋ ਰਹੀ ਹੈ।
ਸਵਾਲ ਉੱਭਰ ਕੇ ਆਉਂਦਾ ਹੈ ਕਿ ਆਜ਼ਾਦ ਭਾਰਤ ਵਿੱਚ ਗੁਲਾਮੀ ਦੇ ਪ੍ਰਤੀਕ ਇਸ ਤਰ੍ਹਾਂ ਦੇ ਸ਼ੌਰਿਆ ਦਿਵਸ ਮਨਾਉਣ ਦੀ ਜ਼ਰੂਰਤ ਕੀ ਹੈ? 200 ਸਾਲ ਪਹਿਲਾਂ ਦਾ ਭਾਰਤ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਫਿਰ ਉਸ ਜ਼ਖ਼ਮ ਨੂੰ ਸ਼ੌਰਿਆ ਦਿਵਸ ਦੇ ਰੂਪ ਵਿੱਚ ਅੱਲਾ ਕਰਨ ਦੀ ਗੱਲ ਸਮਝ ‘ਚ ਨਹੀਂ ਆਉਂਦੀ। ਉਹ ਦੌਰ ਸੀ, ਜਦੋਂ ਦਲਿਤਾਂ ਦੇ ਨਾਲ ਜ਼ੁਲਮ ਹੁੰਦੇ ਰਹੇ ਸਨ। ਸਮਾਜ ਦੀਆਂ ਉੱਚੀਆਂ ਜਾਤੀਆਂ ਉਨ੍ਹਾਂ ਨਾਲ ਭੇਦਭਾਵ ਕਰਦੀਆਂ ਸਨ, ਪਰ ਅਜੋਕਾ ਸਮਾਂ ਬਦਲ ਗਿਆ ਹੈ ।
ਅੰਗਰੇਜੀ ਹਕੂਮਤ ਦਾ ਦੌਰ ਨਹੀਂ ਰਿਹਾ । ਦੇਸ਼ ਵਿਕਾਸ ਵੱਲ ਵਧ ਰਿਹਾ ਹੈ। ਉਸ ਹਾਲਤ ਵਿੱਚ ਜੇਕਰ ਅਸੀਂ ਜਾਤੀ ਅਤੇ ਧਰਮ ਦੀ ਗੱਲ ਕਰਦੇ ਰਹਾਂਗੇ, ਤਾਂ ਇਹ ਗੱਲ ਚੰਗੀ ਨਹੀਂ। ਸੰਸਦ ਵਿੱਚ ਦਲਿਤ ਉਤਪੀੜਨ ਦਾ ਰਾਗ ਅਲਾਪਣ ਵਾਲਿਆਂ ਨੂੰ ਇਹ ਨਹੀਂ ਦਿਸਦਾ ਕਿ ਆਧੁਨਿਕ ਭਾਰਤ ਦਾ ਦਲਿਤ ਸਮਾਜ ਇੰਨਾ ਮਜ਼ਬੂਤ ਹੋ ਚੁੱਕਾ ਹੈ ਕਿ ਉਹ ਆਪਣੀ ਤਾਕਤ ਨਾਲ ਮਹਾਰਾਸ਼ਟਰ ਸਰਕਾਰ ਨੂੰ ਹਿਲਾ ਦਿੰਦਾ ਹੈ। ਹਿੰਸਾ ਅਤੇ ਸਾੜ-ਫੂਕ ਦੀ ਬਦੌਲਤ ਸਾਰੀ ਵਿਵਸਥਾ ਠੱਪ ਕਰ ਦਿੰਦਾ ਹੈ । ਕਰੋੜਾਂ ਦੀ ਜਾਇਦਾਦ ਅੱਗ ਦੀ ਭੇਂਟ ਚੜ੍ਹਾ ਦਿੰਦਾ ਹੈ।
ਇਹ ਗੱਲ ਸੱਚ ਹੈ ਕਿ ਦਲਿਤਾਂ ਦੇ ਨਾਲ ਕੁੱਝ ਘਟਨਾਵਾਂ ਸੱਭਿਆ ਸਮਾਜ ਵਿੱਚ ਨਿੰਦਣਯੋਗ ਹਨ । ਪਰ ਇਹ ਵੀ ਸੱਚ ਹੈ ਕਿ ਉਹ ਆਜ਼ਾਦੀ ਵੀ ਕਿਸ ਕੰਮ ਜਿਸ ਸ਼ੌਰਿਆ ਦਿਵਸ ਨਾਲ ਪੂਰਾ ਦੇਸ਼ ਸੜਨ ਲੱਗੇ । ਦੇਸ਼ ਦੀ ਸਰਕਾਰ ਨੂੰ ਇਸ ਤਰ੍ਹਾਂ ਦੇ ਜਾਤੀਵਾਦੀ, ਧਾਰਮਿਕ ਸੰਗਠਨਾਂ ਅਤੇ ਸੰਸਥਾਵਾਂ ‘ਤੇ ਰੋਕ ਲਾ ਦੇਣੀ ਚਾਹੀਦੀ ਹੈ, ਜਿਸਦੇ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖ਼ਤਰਾ ਹੋਵੇ। ਇਸ ਤਰ੍ਹਾਂ ਦੇ ਸਾਰੇ ਪ੍ਰੋਗਰਾਮ ‘ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ । ਭੀਮਾ ਪਿੰਡ ਦੀ ਹਿੰਸਾ ਦਾ ਸੱਚ ਦੇਸ਼ ਦੇ ਸਾਹਮਣੇ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰਾਜਨੀਤਕ ਸ਼ੀਸ਼ੇ ‘ਚ ਨਹੀਂ ਵੇਖਿਆ ਜਾਣਾ ਚਾਹੀਦਾ ਹੈ । ਇਹ ਆਧੁਨਿਕ ਭਾਰਤ ਵਿੱਚ ਸੱਭਿਆ ਸਮਾਜ ਲਈ ਕਲੰਕ ਹੈ।