17 ਕਿਸਾਨ ਹੋਏ ਜਖ਼ਮੀ, ਹਸਪਤਾਲ ’ਚ ਕਰਵਾਏ ਗਏ ਦਾਖਲ | Kisan Andolan
- ਹਰਿਆਣਾ ਪੁਲਿਸ ਨੇ ਘੱਗਰ ’ਚੋਂ ਗੰਦੇ ਪਾਣੀ ਦਾ ਕੀਤਾ ਇਸਤੇਮਾਲ
Kisan Andolan: (ਖੁਸ਼ਵੀਰ ਸਿੰਘ ਤੂਰ) ਸ਼ੰਭੂ ਬਾਰਡਰ, ਪਟਿਆਲਾ। ਆਪਣੀਆਂ ਮੰਗਾਂ ਸਬੰਧੀ 101 ਮਰਜ਼ੀਵੜੇ ਕਿਸਾਨਾਂ ਦਾ ਤੀਜਾ ਜੱਥਾ ਅੱਜ ਮੁੜ ਦਿੱਲੀ ਕੂਚ ਲਈ ਪੈਦਲ ਰਵਾਨਾ ਹੋਇਆ, ਪਰ ਪਹਿਲਾਂ ਦੀ ਤਰ੍ਹਾਂ ਹੀ ਕਿਸਾਨਾਂ ਨੂੰ ਅੱਗੇ ਨਾ ਵਧਣ ਦਿੱਤਾ ਗਿਆ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਪਿੱਛੇ ਹਟਾਉਣ ਲਈ ਉਨ੍ਹਾਂ ਉੱਪਰ ਵਾਟਰ ਕੈਨਨ ਸਮੇਤ ਅੱਥਰੂ ਗੈਸ ਦੇ ਗੋਲਿਆਂ ਦਾ ਰੱਜ ਕੇ ਇਸਤੇਮਾਲ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਨਿਹੱਥੇ ਕਿਸਾਨਾਂ ਉੱਪਰ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਹਨ। ਇਸ ਭੇੜ ਦੌਰਾਨ 17 ਕਿਸਾਨ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਐਬੂਲੈਸਾਂ ਰਾਹੀਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: Indian Air Force: ਖਮਾਣੋਂ ਦੀ ਅਰਸ਼ਦੀਪ ਕੌਰ ਬਣੀ ਭਾਰਤੀ ਹਵਾਈ ਸੈਨਾ ’ਚ ਫਲਾਇੰਗ ਅਫ਼ਸਰ
ਜਾਣਕਾਰੀ ਅਨੁਸਾਰ ਅੱਜ ਕਿਸਾਨ ਆਗੂ ਜਸਵਿੰਦਰ ਸਿੰਘ ਲੋਗੋਵਾਲ ਅਤੇ ਮਲਕੀਤ ਸਿੰਘ ਦੀ ਅਗਵਾਈ ਹੇਠ ਤੀਜਾ ਜੱਥਾ ਦੁਪਹਿਰ 12 ਵਜੇਂ ਦਿੱਲੀ ਕੂਚ ਲਈ ਰਵਾਨਾ ਹੋਇਆ। ਜਦੋਂ ਉਕਤ ਜੱਥਾ ਕੁਝ ਕੁ ਮੀਟਰ ਦੂਰੀ ’ਤੇ ਹਰਿਆਣਾ ਪੁਲਿਸ ਵੱਲੋਂ ਲਾਏ ਗਏ ਨਾਕੇ ਅਤੇ ਰੋਕਾਂ ਕੋਲ ਪੁੱਜਾ ਤਾਂ ਪੁਲਿਸ ਵੱਲੋਂ ਸਪੀਕਰ ਰਾਹੀਂ ਉਨ੍ਹਾਂ ਨੂੰ ਪਿੱਛੇ ਰਹਿਣ ਲਈ ਆਖਿਆ ਗਿਆ ਅਤੇ ਗੱਲਬਾਤ ਰਾਹੀਂ ਆਪਣੀਆਂ ਮੰਗਾਂ ਸਬੰਧੀ ਸਰਕਾਰ ਨੂੰ ਜਾਣੂ ਕਰਵਾਉਣ ਲਈ ਕਿਹਾ।
ਕਿਸਾਨਾਂ ਨੇ ਆਖਿਆ ਕਿ ਉਹ ਆਪਣੀਆਂ ਮੰਗਾਂ ਸਬੰਧੀ ਹੀ ਨਿਹੱਥੇ ਪੈਦਲ ਦਿੱਲੀ ਸਰਕਾਰ ਨਾਲ ਗੱਲਬਾਤ ਲਈ ਜਾ ਰਹੇ ਹਨ। ਹਰਿਆਣਾ ਪੁਲਿਸ ਨੇ ਕਿਹਾ ਕਿ ਤੁਹਾਡੇ ਕੋਲ ਅੱਗੇ ਜਾਣ ਲਈ ਕੋਈ ਪਰਮਿਸ਼ਨ ਨਹੀਂ ਹੈ। ਤੁਸੀਂ ਦਿੱਲੀ ਜਾਣ ਲਈ ਪਰਮਿਸ਼ਨ ਲੈ ਕੇ ਆਓ ਅਤੇ ਅਸੀਂ ਤੁਹਾਨੂੰ ਖੁਦ ਦਿੱਲੀ ਛੱਡ ਕੇ ਆਵਾਂਗੇ ਕਾਫ਼ੀ ਸਮਾਂ ਕਿਸਾਨਾਂ ਅਤੇ ਪੁਲਿਸ ਵਿਚਕਾਰ ਆਪਣੀ ਬਹਿਸ ਹੁੰਦੀ ਰਹੀ। ਇਸ ਦੌਰਾਨ ਜਦੋਂ ਕਿਸਾਨਾਂ ਵੱਲੋਂ ਹਰਿਆਣਾ ਪੁਲਿਸ ਵੱਲੋਂ ਲਾਈ ਗਈ ਜਾਲੀ ਨੂੰ ਰੱਸੇ ਨਾਲ ਪੁੱਟਣ ਦੀ ਕੋਸ਼ਿਸ ਕਰਨ ਲੱਗੇ ਤਾਂ ਹਰਿਆਣਾ ਪੁਲਿਸ ਵੱਲੋਂ ਪਹਿਲਾਂ ਪਾਣੀ ਦੀਆਂ ਵਾਛੜਾਂ ਦਾ ਇਸਤੇਮਾਲ ਕੀਤਾ ਅਤੇ ਉਸ ਤੋਂ ਬਾਅਦ ਅੱਥਰੂ ਗੈਸ ਦੇ ਇੱਕ ਤੋਂ ਬਾਅਦ ਇੱਕ ਗੋਲੇ ਕਿਸਾਨਾਂ ਉੱਪਰ ਵਰਾਏ ਗਏ।
ਮੁੜ ਦਿੱਲੀ ਪੈਦਲ ਜਾਂਦੇ ਕਿਸਾਨਾਂ ’ਤੇ ਪਾਣੀ ਦੀਆਂ ਵਾਛੜਾਂ ਅਤੇ ਦਾਗੇ ਹੰਝੂ ਗੈਸ ਦੇ ਗੋਲੇ
ਅੱਥਰੂ ਗੈਸ ਦੇ ਗੋਲਿਆਂ ਨੂੰ ਰੋਕਣ ਲਈ ਭਾਵੇਂ ਕਿਸਾਨਾਂ ਵੱਲੋਂ ਗਿੱਲੀ ਬੋਰੀਆਂ ਆਦਿ ਨਾਲ ਉਨ੍ਹਾਂ ਦੀ ਗੈਸ ਨੂੰ ਰੋਕਣ ਦਾ ਯਤਨ ਜ਼ਰੂਰ ਕੀਤਾ ਗਿਆ। ਇਸ ਮੌਕੇ ਅੱਥਰੂ ਗੈਸ ਚੜ੍ਹਨ ਕਾਰਨ ਕਈ ਕਿਸਾਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਈ ਅਤੇ ਕਈ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਐਬੂਲੈਸਾਂ ਰਾਹੀਂ ਹਸਪਤਾਲ ਅੰਦਰ ਦਾਖਲ ਕਰਵਾਇਆ ਗਿਆ। ਇਸ ਦੌਰਾਨ ਕਿਸਾਨਾਂ ਨੇ ਦੋਸ਼ ਲਾਇਆ ਕਿ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ’ਤੇ ਘੱਗਰ ਦਾ ਗੰਦਾ ਪਾਣੀ ਵਾਟਰ ਕੈਨਨ ਰਾਹੀਂ ਸੁੱਟਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਘੱਗਰ ’ਚੋਂ ਪਾਇਪਾਂ ਲਗਾਕੇ ਗੰਦੇ ਪਾਣੀ ਨੂੰ ਭਰਿਆ ਗਿਆ ਅਤੇ ਉਸ ਤੋਂ ਬਾਅਦ ਇਹ ਕਿਸਾਨਾਂ ਉੱਪਰ ਇਸਤੇਮਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਘੱਟੋਂ ਘੱਟ ਪੁਲਿਸ ਸਾਫ਼ ਪਾਣੀ ਦਾ ਤਾ ਕਿਸਾਨਾਂ ਤੇ ਇਸਤੇਮਾਲ ਕਰੇ, ਕਿਉਂਕਿ ਘੱਗਰ ਦੇ ਪਾਣੀ ਵਿੱਚ ਕੈਮੀਕਲ ਆਦਿ ਹੋਰ ਗੰਦ ਮੰਦ ਹੁੰਦਾ ਹੈ।
ਕਿਸਾਨਾਂ ਵੱਲੋਂ ਪੁਲਿਸ ਤੇ ਕਿਸਾਨਾਂ ਤੇ ਰਬੜ ਦੀਆਂ ਗੋਲੀਆਂ ਚਲਾਉਣ ਦਾ ਦੋਸ਼ ਵੀ ਲਗਾਏ। ਪੁਲਿਸ ਵੱਲੋਂ ਦੋਂ ਗੱਡੀਆਂ ਰਾਹੀਂ ਕਿਸਾਨਾਂ ਤੇ ਪਾਣੀ ਦੀਆਂ ਵਾਛੜਾਂ ਮਾਰੀਆਂ ਗਈਆਂ। ਕਿਸਾਨਾਂ ਅਤੇ ਪੁਲਿਸ ਵਿਚਕਾਰ ਚੱਲੀ ਢਾਈ ਤਿੰਨ ਘੰਟਿਆਂ ਦੀ ਜੱਦੋਂ ਜਹਿਦ ਤੋਂ ਦੁਪਹਿਰ ਬਾਅਦ ਕਿਸਾਨਾਂ ਨੂੰ ਦੇ ਜਥੇ ਨੂੰ ਵਾਪਸ ਬੁਲਾ ਲਿਆ ਗਿਆ। Kisan Andolan
ਹਰਿਆਣਾ ਪੁਲਿਸ ਨੇ ਸ਼ੈੱਡ ਨੂੰ ਹੋਰ ਕੀਤਾ ਮਜ਼ਬੂਤ
ਸ਼ੰਭੂ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਆਪਣੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਗਏ। ਹਰਿਆਣਾ ਪੁਲਿਸ ਵੱਲੋਂ ਆਪਣੇ ਉਸਾਰੇ ਗਏ ਸ਼ੈੱਡ ਦੇ ਉੱਪਰ ਹੋਰ ਪਾਇਪਾਂ ਰਾਹੀਂ ਉਸ ਨੂੰ ਉੱਚਾ ਚੁੱਕਿਆ ਗਿਆ ਅਤੇ ਇਸ ਤੋਂ ਇਲਾਵਾ ਬੈਰੀਕੇਡਿੰਗ ਵੀ ਸਖ਼ਤ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਮਾਨਯੋਗ ਅਦਾਲਤ ਵੱਲੋਂ ਸ਼ੰਭੂ ਬਾਰਡਰ ਤੇ ਸਟੇਟਸ-ਕੋਂ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵੀ ਇਸ ਆਦੇਸ਼ ਦੀ ਪਾਲਣਾ ਕਰਨ। ਇਸੇ ਉੱਚੀ ਥਾਂ ਤੋਂ ਹੀ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਸਮੇਤ ਪਾਣੀ ਦੀਆਂ ਬਛਾੜਾਂ ਕਿਸਾਨਾਂ ਤੇ ਮਾਰੀਆਂ ਗਈਆਂ।
ਇੰਟਰਨੈਂਟ ਸੇਵਾਵਾਂ ਕੀਤੀਆਂ ਬੰਦ
ਹਰਿਆਣਾ ਸਰਕਾਰ ਵੱਲੋਂ ਹੁਕਮ ਜਾਰੀ ਕਰਦਿਆ ਅੰਬਾਲਾ ਦੇ ਕੁਝ ਹਿੱਸਿਆ ਵਿੱਚ ਇਟਰਨੈਂਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ। ਹੁਕਮਾਂ ਅਨੁਸਾਰ ਅੰਬਾਲਾ ਦੇ ਸ਼ੰਭੂ ਬਾਰਡਰ ਨਾਲ ਲੱਗਦੇ ਪਿੰਡ ਡੰਗਡੇਹੜੀ, ਲੋਹਗੜ੍ਹ, ਮਾਣਕਪੁਰ, ਡਡਿਆਣਾ, ਮਾੜੀ ਗੇਲ, ਛੋਟੀ ਗੇਲ, ਕਾਲੂ ਮਾਜਰਾ,ਦੇਵੀ ਨਗਰ, ਸੱਦੋਂਪੁਰ, ਸੁਲਤਾਨਪੁਰ ਅਤੇ ਕਾਕਰੂ ਆਦਿ ਪਿੰਡਾਂ ਵਿੱਚ 17 ਦਸੰਬਰ ਤੱਕ ਇੰਟਰਨੈਂਟ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ।
ਇਹ ਕਿਸਾਨ ਹੋਏ ਜਖ਼ਮੀ | Kisan Andolan
ਜਖ਼ਮੀ ਕਿਸਾਨਾਂ ਵਿੱਚ ਕੁਲਦੀਪ ਸਿੰਘ ਹਰੀਗੜ੍ਹ, ਸੁਖਦੇਵ ਸਿੰਘ, ਸਮਸ਼ੇਰ ਸਿੰਘ ਸੰਗਰੂਰ, ਮੁਖਤਿਆਰ ਸਿੰਘ ਖੁਰਾਣਾ, ਦਰਸ਼ਨ ਖੋਖਰ ਲਹਿਰਾ, ਸੂਬਾ ਸਿੰਘ ਮੰਗਵਾਲ, ਜੰਗੀਰ ਸਿੰਘ ਫੌਜੀ, ਅਜੇ, ਪਰਮਜੀਤ ਸਿੰਘ, ਅਮਨਪ੍ਰੀਤ ਸਿੰਘ, ਇੰਦਰਜੀਤ ਸਿੰਘ, ਰਾਜ ਕੁਮਾਰ ਢਾਂਡਾ ਹਰਿਆਣਾ, ਆਰ ਆਨੰਦ ਕੁਮਾਰ ਤਾਮਿਲਨਾਡੂ, ਸੁਖਵਿੰਦਰ ਸਿੰਘ ਗੁਰਦਾਸਪੁਰ, ਹਜਾਰਾ ਸਿੰਘ, ਸਾਧੂ ਸਿੰਘ, ਸੁਖਵੰਤ ਸਿੰਘ ਸ਼ਾਮਲ ਹਨ। ਇਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਸ਼ੰਭੂ ਬਾਰਡਰ ’ਤੇ ਕਿਸਾਨ ਨੇ ਨਿਗਲੀ ਸਲਫ਼ਾਸ, ਹਾਲਤ ਗੰਭੀਰ
ਸ਼ੰਭੂ ਬਾਰਡਰ ’ਤੇ ਅੱਜ ਮੰਦਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਕਿਸਾਨ ਵੱਲੋਂ ਸਲਫ਼ਾਸ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ ਗਈ। ਇਸ ਦਾ ਪਤਾ ਲੱਗਣ ’ਤੇ ਕਿਸਾਨਾਂ ਵੱਲੋਂ ਉਸ ਨੂੰ ਤਰੁੰਤ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਕਿਸਾਨ ਦੀ ਪਛਾਣ ਜੋਧ ਸਿੰਘ ਵਾਸੀ ਰਤਨਖੇੜੀ ਖੰਨਾ ਵਜੋਂ ਹੋਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਕਤ ਕਿਸਾਨ ਵੱਲੋਂ ਸ਼ੰਭੂ ਬਾਰਡਰ ’ਤੇ ਅੱਜ ਹਰਿਆਣਾ ਪੁਲਿਸ ਵੱਲੋਂ ਕੀਤੀ ਕਾਰਵਾਈ ਅਤੇ ਦਿੱੱਲੀ ਨਾ ਜਾਣ ਦੇਣ ਤੋਂ ਦੁਖੀ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। Kisan Andolan