ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਹਰਸਿਮਰਤ ਕੌਰ ਬਾਦਲ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ
(ਬਲਜਿੰਦਰ ਭੱਲਾ/ ਵਿੱਕੀ ਕੁਮਾਰ) ਬਾਘਾ ਪੁਰਾਣਾ/ ਮੋਗਾ। ਬੀਬਾ ਹਰਸਿਮਰਤ ਕੌਰ ਬਾਦਲ ਨੇ ਬਾਘਾ ਪੁਰਾਣਾ ਬਲਾਕ ਦੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਰੈਲੀ ਕੀਤੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਹਰਸਿਮਰਤ ਕੌਰ ਬਾਦਲ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰੰਤੂ ਪੁਲਿਸ ਪ੍ਰਸ਼ਾਸਨ ਦੇ ਸਖਤ ਪ੍ਰਬੰਧਾਂ ਕਾਰਨ ਕੋਈ ਵੀ ਤਕਰਾਰਬਾਜ਼ੀ ਨਹੀਂ ਹੋਈ। ਮੁੱਦਕੀ ਰੋਡ ਇੱਕ ਪੈਲੇਸ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ ਪ੍ਰੰਤੂ ਆਮ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਅਤੇ ਨਾ ਹੀ ਲੋਕਾਂ ਨੂੰ ਕਾਂਗਰਸ ਪਾਰਟੀ ਤੋਂ ਕੋਈ ਆਸ ਹੈ।
ਬੇਰੁਜ਼ਗਾਰੀ ਭੱਤੇ ਦਾ ਵਾਅਦਾ, ਘਰ-ਘਰ ਨੌਕਰੀ ਦਾ ਵਾਅਦਾ, 51 ਹਜ਼ਾਰ ਰੁਪਏ ਸ਼ਗਨ ਸਕੀਮ, ਕਰਜ਼ਾ ਮੁਆਫ਼ੀ ਆਦਿ ਅਨੇਕਾਂ ਝੂਠੇ ਲਾਰੇ ਲਾ ਕੇ ਕਾਂਗਰਸ ਪਾਰਟੀ ਸੱਤਾ ਵਿੱਚ ਆਈ ਹੈ। ਇਸ ਪਾਰਟੀ ਦਾ ਸਥਾਨਕ ਵਿਧਾਇਕ ਵਿਕਾਸ ਦੇ ਨਾਮ ਤੇ ਘਪਲੇ ਕਰਦਾ ਹੈ। ਉਨ੍ਹਾਂ ਕਾਲੀਆਂ ਝੰਡੀਆਂ ਵਿਖਾਉਣ ਵਾਲਿਆਂ ਨੂੰ ਕਿਹਾ ਕਿ ਕਾਲੀਆਂ ਝੰਡੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਵਿਖਾਈਆਂ ਜਾਣ ਕਿਉਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਲੇ ਖੇਤੀ ਕਾਨੂੰਨਾਂ ਨੂੰ ਆਪਣੇ ਰਾਜ ਅੰਦਰ ਅਪਣਾਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਅਖਬਾਰਾਂ ਵਿੱਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਉਡਾ ਰਹੇ ਹਨ। ਇਸ ਮੌਕੇ ਐੱਸ ਓ ਆਈ ਦੇ ਵਰਕਰ, ਪਿੰਡਾਂ ਦੇ ਸਾਬਕਾ ਸਰਪੰਚ, ਪੰਚ, ਯੂਥ ਵਰਕਰਾਂ ਦਾ ਭਾਰੀ ਇਕੱਠ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ