Punjabi Story: ਦਿਆਲੂ ਕਿਸਾਨ (ਪੰਜਾਬੀ ਕਹਾਣੀ)

Punjabi Story

Punjabi Story: ਇੱਕ ਦਿਨ ਸ਼ਾਮ ਦੇ ਵੇਲੇ ਰਾਮ ਸਿੰਘ ਆਪਣੇ ਖੇਤ ਜਾਮਣ ਦੇ ਦਰੱਖਤ ਹੇਠ ਬੈਠਾ ਸੀ। ਫਰਵਰੀ ਦਾ ਮਹੀਨਾ ਸੀ। ਜਾਮਣ ਦੇ ਰੁੱਖ ਨੇ ਬੂਰ ਚੁੱਕ ਲਿਆ ਸੀ। ਉਸਦੇ ਕੰਨਾਂ ਵਿੱਚ ਭਿਣ-ਭਿਣ ਦੀ ਆਵਾਜ ਪਈ। ਉਸ ਨੇ ਉੱਪਰ ਦੇਖਿਆ ਤਾਂ ਸ਼ਹਿਦ ਦੀਆਂ ਮੱਖੀਆਂ ਸਨ। ਮਖਿਆਲ ਦੇਖ ਕੇ ਕਿਸਾਨ ਡਰ ਗਿਆ। ਉਸ ਕੋਲ ਪਾਲ ਨਾਂਅ ਦਾ ਇੱਕ ਹੋਰ ਬੰਦਾ ਆਇਆ ਤੇ ਕਹਿਣ ਲੱਗਾ,

‘‘ਚਾਚਾ ਇਹਨੂੰ ਹੁਣੇ ਹੀ ਉਠਾ ਦੇ, ਨਹੀਂ ਤੰਗ ਕਰੂ।’’ Punjabi Story
‘‘ਪੁੱਤਰਾ, ਸ਼ਾਮ ਦਾ ਵੇਲਾ ਹੈ ਹੁਣ ਜਾਊ ਕਿੱਥੇ, ਥੋੜ੍ਹੇ ਸਮੇਂ ਨੂੰ ਹਨ੍ਹੇਰਾ ਹੋਣ ਵਾਲਾ ਹੈ।’’
‘‘ਚਾਚਾ ਜੇ ਲੜ ਗਈਆਂ ਫੇਰ ਦੇਖੀਂ ਪੁੰਨ ਹੋਊ ਕਿ ਪਾਪ!’’
‘‘ਭਾਈ ਦੇਖੀ ਜਾਊ।’’
‘‘ਮੇਰੀ ਮੰਨ ਧੂੰਆਂ ਕਰਦੇ ਆਪੇ ਉੱਡ ਜਾਣਗੀਆਂ।’’
‘‘ਨਹੀਂ ਪਾਲ ਦੇਖੀ ਜਾਊ।’’ ਕਹਿ ਕੇ ਰਾਮ ਸਿੰਘ ਆਪਣੇ ਖੇਤ ’ਚ ਗੇੜਾ ਮਾਰਨ ਚਲਾ ਗਿਆ।

ਜਾਮਣ ਦਾ ਰੁੱਖ ਰਸਤੇ ਉੱਪਰ ਸੀ। ਮਖਿਆਲ ਦਾ ਛੱਤਾ ਦਿਨਾਂ ਵਿੱਚ ਹੀ ਜਾਮਣ ਦੇ ਟਾਹਣੇ ’ਤੇ ਵੱਡਾ ਹੋਣ ਲੱਗਾ। ਲੋਕ ਡਰਦੇ ਮਾਰੇ, ਉਸਦੇ ਥੱਲਿਓਂ ਡਰ ਕੇ ਲੰਘਦੇ ਤੇ ਰਾਮ ਸਿੰਘ ਨੂੰ ਵੀ ਬੁਰਾ-ਭਲਾ ਕਹਿੰਦੇ ਕਿਉਂਕਿ ਉਸਨੇ ਧੂੰਆਂ ਕਰਕੇ ਮਖਿਆਲ ਲੱਗਣੋਂ ਹਟਾਇਆ ਨਹੀਂ ਸੀ ਇਸ ਤਰ੍ਹਾਂ ਕਰਦੇ-ਕਰਦੇ ਕਾਫੀ ਸਮਾਂ ਬੀਤ ਗਿਆ। ਮਖਿਆਲ ਦੇ ਛੱਤੇ ਦਾ ਅਕਾਰ ਹੋਰ ਵੀ ਵੱਡਾ ਹੋ ਗਿਆ। ਉੱਧਰ ਜਾਮਣਾਂ ਵੀ ਪੱਕਣ ਲੱਗੀਆਂ। ਰਾਮ ਸਿੰਘ ਆਪਣੇ ਲਈ ਜਾਮਣਾਂ ਤੋੜਦਾ ਤੇ ਆਪਣੇ ਘਰ ਖੁਸ਼ੀ-ਖੁਸ਼ੀ ਲੈ ਜਾਂਦਾ। Punjabi Story

ਜੇਕਰ ਉਸਦੇ ਬੱਚੇ ਖੁਦ ਜਾਮਣਾਂ ਤੋੜਨ ਦੀ ਜਿੱਦ ਕਰਦੇ ਤਾਂ ਉਹ ਕਹਿੰਦਾ, ‘‘ਬੇਟਾ ਤੁਸੀਂ ਨਿਆਣੇ ਹੋ ਮੱਖੀਆਂ ਦਾ ਕੀ ਪਤੈ ਕਦੋਂ ਚਿੰਬੜ ਜਾਣ।’’ ਬੱਚੇ ਡਰਦੇ ਮਾਰੇ ਚੁੱਪ ਕਰ ਜਾਂਦੇ ਕਿਉਂਕਿ ਉਹਨਾਂ ਨੂੰ ਜਾਮਣਾ ਤਾਂ ਮਿਲ ਹੀ ਜਾਂਦੀਆਂ ਸਨ ਕਿਸਾਨ ਨੂੰ ਬਾਹਰੋਂ ਆਉਣ ਵਾਲੇ ਬੱਚਿਆਂ ਤੇ ਵੱਡਿਆਂ ਦੀ ਵੀ ਚਿੰਤਾ ਲੱਗੀ ਰਹਿੰਦੀ ਕਿ ਕਿਧਰੇ ਉਹਨਾਂ ਦਾ ਹੀ ਨਾ ਕੋਈ ਨੁਕਸਾਨ ਹੋ ਜਾਵੇ ਪਰ ਰੱਬ ਦੀ ਕਿਰਪਾ ਇਨ੍ਹਾਂ ਮੱਖੀਆਂ ਨੇ ਕੋਈ ਨੁਕਸਾਨ ਨਾ ਕੀਤਾ । ਹੁਣ ਇਸ ਛੱਤੇ ਦਾ ਅਕਾਰ ਕਾਫੀ ਵੱਡਾ ਹੋ ਚੁੱਕਾ ਸੀ। ਇਸ ਵਿੱਚ ਬਹੁਤ ਸਾਰਾ ਸ਼ਹਿਦ ਸੀ। ਰਾਮ ਸਿੰਘ ਨੂੰ ਅਕਸਰ ਹੀ ਲੋਕ ਕਹਿੰਦੇ, ‘‘ਰਾਮ ਸਿੰਘ ਹੁਣ ਮੌਕੈ, ਇਸ ਨੂੰ ਉਡਾ ਦੇ, ਹੁਣ ਪੂਰਾ ਸ਼ਹਿਦ ਹੈ।’’

‘‘ਚੱਲ ਬੈਠੈ, ਆਪਣਾ ਕੀ ਲੈਂਦੈ।’’
‘‘ਨਹੀਂ , ਨਹੀਂ, ਫੇਰ ਇਹ ਖਾ ਜਾਣਗੀਆਂ।’’
‘‘ਕੋਈ ਨਹੀਂ ਜੇ ਖਾ ਜਾਣਗੀਆਂ, ਮੈਥੋਂ ਪਾਪ ਨਹੀਂ ਹੁੰਦਾ।’’
‘‘ਤੂੰ ਸਾਨੂੰ ਦੱਸ ਅਸੀਂ ਚੁਆ ਲੈਂਦੇ ਹਾਂ, ਤੈਨੂੰ ਹਿੱਸਾ ਦੇ ਦਿਆਂਗੇ।’’
‘‘ਕੁੱਝ ਦਿਨ ਹੋਰ ਠਹਿਰ ਜਾਓ।’’

ਇਸ ਤਰ੍ਹਾਂ ਹੋਰ ਸਮਾਂ ਲੰਘ ਗਿਆ ਭਾਵੇਂ ਕਦੇ-ਕਦੇ ਕਿਸਾਨ ਰਾਮ ਸਿੰਘ ਦਾ ਦਿਲ ਵੀ ਕਰਦਾ ਸੀ ਕਿ ਉਹ ਵੀ ਸ਼ਹਿਦ ਪ੍ਰਾਪਤ ਕਰ ਲਵੇ ਪਰ ਉਹ ਮੱਖੀਆਂ ਨੂੰ ਦੇਖ ਕੇ ਇੰਨਾਂ ਖੁਸ਼ ਸੀ ਕਿ ਉਹ ਕਿੰਨੀਆਂ ਅਸੀਲ ਹਨ। ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਨਹੀਂ ਕੱਟਿਆ। ਸਭ ਆਂਢੀ-ਗੁਆਂਢੀ ਵੀ ਖੁਸ਼ ਸਨ ਕਿ ਮੱਖੀਆਂ ਕਿੰਨੀਆਂ ਦਿਆਲੂ ਹਨ, ਜਿਨ੍ਹਾਂ ਨੇ ਜਾਮਣਾਂ ਤੋੜਨ ਵੇਲੇ ਵੀ ਟਾਹਣੇ ਹਿਲਾਏ ਜਾਣ ’ਤੇ ਕੋਈ ਹਰਕਤ ਨਹੀਂ ਸੀ ਕੀਤੀ

Read Also : ਦਾਗ (ਮਿੰਨੀ ਕਹਾਣੀ)

ਇੱਕ ਦਿਨ ਪਤਾ ਨਹੀਂ ਕੀ ਹੋਇਆ ਬਹੁਤ ਸਾਰੀਆਂ ਮੱਖੀਆਂ ਛੱਤਾ ਛੱਡ ਕੇ ਚਲੀਆਂ ਗਈਆਂ। ਕਿਸਾਨ ਨੇ ਆ ਕੇ ਜਦ ਦੇਖਿਆ ਤਾਂ ਉਸ ਦਾ ਮਨ ਬਹੁਤ ਉਦਾਸ ਹੋਇਆ ਕਿਉਂਕਿ ਉਸ ਦਾ ਛੱਤੇ ਨਾਲ ਮੋਹ ਪੈ ਚੁੱਕਾ ਸੀ। ਹੁਣ ਛੱਤੇ ਉੱਤੇ ਕੇਵਲ ਕੁੱਝ ਹੀ ਮੱਖੀਆਂ ਅਤੇ ਉਹਨਾਂ ਦੇ ਬੱਚੇ ਸਨ। ਉਸ ਨੂੰ ਛੱਤੇ ਉੱਤੇ ਬੈਠੇ ਬੱਚੇ ਆਪਣੇ ਬੱਚਿਆਂ ਵਰਗੇ ਲੱਗੇ। ਕੁੱਝ ਲੋਕ ਚਾਹੁੰਦੇ ਸਨ ਕਿ ਮਖਿਆਲ ਚੋਅ ਲਿਆ ਜਾਵੇ ਕਿਉਂਕਿ ਹੁਣ ਉਸ ਉੱਤੇ ਬਹੁਤ ਹੀ ਥੋੜ੍ਹੀਆਂ ਮੱਖੀਆਂ ਸਨ ਤਾਂ ਰਾਮ ਸਿੰਘ ਨੇ ਕਿਹਾ,

‘‘ਦੇਖੋ ਭਾਈ ਕੋਈ ਵੀ ਛੱਤੇ ਨੂੰ ਚੋਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਸ ਵਿੱਚ ਬਹੁਤ ਸਾਰੇ ਬੱਚੇ ਹਨ। ਮੈਂ ਪਾਪ ਨਹੀਂ ਕਰਨਾ ਚਾਹੁੰਦਾ।’’ ਕਿਸਾਨ ਦੀ ਗੱਲ ਸੁਣ ਕੇ ਦੂਜੇ ਕਿਸਾਨ ਵੀ ਉਸਦੀ ਦਿਆਲਤਾ ਤੋਂ ਬਹੁਤ ਪ੍ਰਭਾਵਿਤ ਹੋਏ। ਆਮ ਲੋਕ ਉਸਨੂੰ ਦਿਆਲੂ ਕਿਸਾਨ ਵਜੋਂ ਜਾਣਨ ਲੱਗੇ।

ਜਤਿੰਦਰ ਮੋਹਨ, ਪੰਜਾਬੀ ਅਧਿਆਪਕ,
ਸ. ਸੀਨੀ. ਸੈਕੰ. ਸਕੂਲ ਮੱਤੜ (ਸਰਸਾ)
ਮੋ. 94630-20766