ਸਾਡੇ ਨਾਲ ਸ਼ਾਮਲ

Follow us

18.6 C
Chandigarh
Monday, March 2, 2026
More
    Home Breaking News ਭਗਵੰਤ ਮਾਨ ਸਰਕ...

    ਭਗਵੰਤ ਮਾਨ ਸਰਕਾਰ ਮੁਢਲੀ ਸਿੱਖਿਆ ‘ਚ ਸਕਾਰਾਤਮਕ ਬਦਲਾਅ ਲਈ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ‘ਚ ‘ਖੇਡ ਪਿਟਾਰਾ’ ਕਿੱਟ ਪ੍ਰਦਾਨ ਕਰੇਗੀ, 7.5 ਲੱਖ ਬੱਚਿਆਂ ਨੂੰ ਹੋਵੇਗਾ ਲਾਭ

    Punjab Government
    Punjab Government: ਭਗਵੰਤ ਮਾਨ ਸਰਕਾਰ ਮੁਢਲੀ ਸਿੱਖਿਆ ‘ਚ ਸਕਾਰਾਤਮਕ ਬਦਲਾਅ ਲਈ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ 'ਖੇਡ ਪਿਟਾਰਾ' ਕਿੱਟ ਪ੍ਰਦਾਨ ਕਰੇਗੀ, 7.5 ਲੱਖ

    Punjab Government: ਭਗਵੰਤ ਮਾਨ ਸਰਕਾਰ ਸੂਬੇ ਦੇ 3-8 ਸਾਲ ਤੱਕ ਦੇ ਬੱਚਿਆਂ ਦੇ ਭਵਿੱਖ ‘ਚ 9.3 ਕਰੋੜ ਰੁਪਏ ਦਾ ਨਿਵੇਸ਼ ਕਰੇਗੀ

    ਚੰਡੀਗੜ੍ਹ। ਪੰਜਾਬ ਦੇ ਰੌਸ਼ਨ ਭਵਿੱਖ ਲਈ ਵਧੇਰੇ ਉਸਾਰੂ ਸੋਚ ਲੈ ਕੇ ਚਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ‘ਖੇਡ ਪਿਟਾਰਾ’, ਇੱਕ ਵਿਆਪਕ ਖੇਡ-ਅਧਾਰਤ ਸਿਖਲਾਈ ਕਿੱਟ, ਪ੍ਰਦਾਨ ਕਰੇਗੀ, ਜਿਸ ਦਾ ਉਦੇਸ਼ ਛੋਟੇ ਬੱਚਿਆਂ ਲਈ ਮਨੋਰੰਜਕ ਢੰਗ ਨਾਲ ਅਰਥਪੂਰਨ ਸਿੱਖਿਆ ਨੂੰ ਯਕੀਨੀ ਬਣਾਉਣਾ ਹੈ। ਇਹ ਪਹਿਲਕਦਮੀ ਪੰਜਾਬ ਦੇ ਭਵਿੱਖ ਵਿੱਚ ਇੱਕ ਲੰਬੇ ਸਮੇਂ ਦੇ ਨਿਵੇਸ਼ ਨੂੰ ਦਰਸਾਉਂਦੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ 3 ਤੋਂ 8 ਸਾਲ ਤੱਕ ਦੀ ਉਮਰ ਦੇ ਬੱਚਿਆਂ ‘ਤੇ ਧਿਆਨ ਕੇਂਦਰਿਤ ਕਰਕੇ ਸਿੱਖਣ ਦੀ ਨੀਂਹ ਨੂੰ ਮੁੱਢਲੇ ਪੜਾਅ ‘ਤੇ ਵਧੇਰੇ ਮਜ਼ਬੂਤੀ ਦੇ ਰਹੀ ਹੈ, ਜੋ ਭਵਿੱਖ ਦੀ ਅਕਾਦਮਿਕ ਸਫ਼ਲਤਾ, ਵਿਸ਼ਵਾਸ ਅਤੇ ਬੌਧਿਕ ਵਿਕਾਸ ਨੂੰ ਨਿਰਧਾਰਤ ਕਰਦਾ ਹੈ।

    ਇਹ ਪਹਿਲਕਦਮੀ ਭਗਵੰਤ ਮਾਨ ਸਰਕਾਰ ਦੀ ਨਰਸਰੀ ਤੋਂ ਦੂਜੀ ਕਲਾਸ ਤੱਕ ਦੇ ਮੁੱਢਲੇ ਪੜਾਅ ਵਿੱਚ ਕਲਾਸਰੂਮਾਂ ਨੂੰ ਦਿਲਚਸਪ, ਬਾਲ-ਕੇਂਦ੍ਰਿਤ, ਖੇਡ-ਅਧਾਰਤ ਸਿੱਖਣ ਦੇ ਮਾਹੌਲ ਵਿੱਚ ਬਦਲਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜੋ ਮਨੋਰੰਜਕ ਗਤੀਵਿਧੀਆਂ ਰਾਹੀਂ ਸਿੱਖਣ ਦੀ ਆਦਤ ਨੂੰ ਉਤਸ਼ਾਹਿਤ ਕਰਦੇ ਹਨ। ਇਹ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਹੈ ਜੋ ਪੰਜਾਬ ਸਰਕਾਰ ਦੁਆਰਾ ਇਸ ਪੱਧਰ ‘ਤੇ ਲਾਗੂ ਕੀਤੀ ਜਾ ਰਹੀ ਹੈ। ਪੰਜਾਬ ਭਰ ਦੇ ਛੋਟੇ ਬੱਚਿਆਂ ਲਈ ਬਿਹਤਰ ਸਮਝ ਅਤੇ ਅਰਥਪੂਰਨ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਸਬੰਧੀ ਛਪਾਈ ਗਈ ਸਾਰੀ ਸਮੱਗਰੀ ਪੰਜਾਬੀ ਵਿੱਚ ਪ੍ਰਦਾਨ ਕੀਤੀ ਜਾ ਰਹੀ ਹੈ।

    ਖੇਡ ਪਿਟਾਰਾ ਕੀ ਹੈ? | Punjab Government

    ਖੇਡ ਪਿਟਾਰਾ ਇੱਕ ਵਿਆਪਕ ਖੇਡ-ਅਧਾਰਤ ਲਰਨਿੰਗ-ਟੀਚਿੰਗ ਮਟੀਰੀਅਲ ਕਿੱਟ ਹੈ,ਜੋ 3 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ਲਈ ਤਿਆਰ ਕੀਤੀ ਗਈ ਹੈ ਅਤੇ ਇਹ ਨਰਸਰੀ ਤੋਂ ਦੂਸਰੀ ਜਮਾਤ ਤੱਕ ਨੂੰ ਕਵਰ ਕਰਦੀ ਹੈ। ਇਹ ਕਿੱਟ ਬੱਚਿਆਂ ਨੂੰ ਯਾਦ ਰੱਖਣ ਦੀ ਬਜਾਏ ਮਨੋਰੰਜਨ ਗਤੀਵਿਧੀਆਂ ਅਤੇ ਆਪਸੀ ਤਾਲਮੇਲ ਰਾਹੀਂ ਸਿੱਖਣ ਦੇ ਯੋਗ ਬਣਾ ਕੇ ਅਨੁਭਵੀ, ਗਤੀਵਿਧੀ-ਅਧਾਰਤ ਅਤੇ ਮਨੋਰੰਜਕ ਢੰਗ ਨਾਲ ਸਿੱਖਣ ਨੂੰ ਉਤਸ਼ਾਹਿਤ ਕਰਦੀ ਹੈ। ਅਜਿਹੀਆਂ ਪਹਿਲਕਦਮੀਆਂ ਰਾਹੀਂ ਭਗਵੰਤ ਮਾਨ ਸਰਕਾਰ ਰੱਟੇ ਮਾਰਨ ਤੋਂ ਗਤੀਵਿਧੀ-ਅਧਾਰਤ ਸ਼ਮੂਲੀਅਤ ਵੱਲ ਧਿਆਨ ਕੇਂਦਰਿਤ ਕਰਕੇ ਨੌਜਵਾਨ ਸਿਖਿਆਰਥੀਆਂ ਵਿੱਚ ਉਨ੍ਹਾਂ ਦੇ ਵਿਦਿਅਕ ਸਫ਼ਰ ਦੀ ਸ਼ੁਰੂਆਤ ਤੋਂ ਹੀ ਉਤਸੁਕਤਾ, ਰਚਨਾਤਮਕਤਾ ਅਤੇ ਵਿਸ਼ਵਾਸ ਆਦਿ ਗੁਣ ਭਰ ਕੇ ਇੱਕ ਮਜ਼ਬੂਤ ਨੀਂਹ ਰੱਖ ਰਹੀ ਹੈ ਜੋ ਪੰਜਾਬ ਦੇ ਭਵਿੱਖ ਅਤੇ ਲੀਡਰਸ਼ਿਪ ਨੂੰ ਨਵਾਂ ਆਕਾਰ ਦੇਵੇਗੀ।

    ਇਹ ਪਹਿਲ ਵਿਦਿਆਰਥੀਆਂ ਦੀ ਕਿਵੇਂ ਮਦਦ ਕਰੇਗੀ

    ਖੇਡ ਪਿਟਾਰਾ ਪਹਿਲ ਮਨੋਰੰਜਕ ਗਤੀਵਿਧੀਆਂ ਰਾਹੀਂ ਸਿੱਖਣ ਨੂੰ ਵਧੇਰੇ ਰਚਨਾਤਮਕ ਬਣਾ ਕੇ ਕਲਾਸਰੂਮਾਂ ਨੂੰ ਬੱਚਿਆਂ ਲਈ ਅਨੁਕੂਲ ਬਣਾਏਗੀ। ਇਹ ਕਿੱਟ ਬੁਨਿਆਦੀ ਸਾਖਰਤਾ ਅਤੇ ਅੰਕੜਾ ਵਿਗਿਆਨ ਦੀ ਮਜ਼ਬੂਤੀ, ਭਾਸ਼ਾ ਅਤੇ ਗੱਲਬਾਤ ਹੁਨਰ ਨੂੰ ਨਿਖਾਰਨ, ਰਚਨਾਤਮਕਤਾ ਅਤੇ ਕਲਪਨਾ ਸ਼ਕਤੀ ਨੂੰ ਉਭਾਰਨ, ਸਮੱਸਿਆ ਦੇ ਹੱਲ ਸਬੰਧੀ ਯੋਗਤਾਵਾਂ ਨੂੰ ਵਿਕਸਤ ਕਰਨ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਸ਼ੁਰੂਆਤੀ ਸਕੂਲਿੰਗ ਨਾਲ ਜੁੜੇ ਤਣਾਅ ਅਤੇ ਡਰ ਨੂੰ ਘੱਟ ਕਰਨ ਲਈ ਤਿਆਰ ਕੀਤੀ ਗਈ ਹੈ। ਪੈਸਿਵ ਲਰਨਿੰਗ ਦੀ ਬਜਾਏ ਬੱਚੇ ਕਹਾਣੀ ਸੁਣਾਉਣ, ਖੇਡਾਂ, ਗਤੀਵਿਧੀਆਂ ਅਤੇ ਸਹਿਯੋਗੀ ਕਾਰਜਾਂ ਵਿੱਚ ਹਿੱਸਾ ਲੈਣਗੇ ਜੋ ਸਿੱਖਣ ਨੂੰ ਕੁਦਰਤੀ ਅਤੇ ਮਨੋਰੰਜਕ ਬਣਾਏਗਾ। ਇਸ ਬੁਨਿਆਦੀ ਪੜਾਅ ‘ਤੇ ਨਿਵੇਸ਼ ਕਰਕੇ ਭਗਵੰਤ ਮਾਨ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਸਿੱਖਣ ਦੇ ਪਾੜੇ ਨੂੰ ਸ਼ੁਰੂਆਤ ਵਿੱਚ ਹੀ ਪੂਰ ਕੇ ਲੰਬੇ ਸਮੇਂ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇ, ਜੋ ਉਚੇਰੀ ਸਿੱਖਿਆ ਅਤੇ ਕਰੀਅਰ ਦੇ ਮੌਕਿਆਂ ਲਈ ਪਹਿਲਾਂ ਹੀ ਤਿਆਰ ਹੁਨਰਮੰਦ ਪੀੜ੍ਹੀ ਦਾ ਪੂਲ ਤਿਆਰ ਕਰਨ ਵਿੱਚ ਸਹਾਈ ਹੋਵੇਗਾ।

    ਕਿੱਟ ਵਿੱਚ ਕੀ ਸ਼ਾਮਲ ਹੈ | Punjab Government

    ਕਿੱਟ ਵਿੱਚ ਸ਼ੁਰੂਆਤੀ ਜਮਾਤਾਂ ਲਈ ਉਮਰ ਦੇ ਆਧਾਰ ‘ਤੇ ਸਿੱਖਣ ਸਮੱਗਰੀ ਸ਼ਾਮਲ ਹੈ ਜਿਵੇਂ ਕਿ ਖਿਡੌਣੇ ਅਤੇ ਮੈਨੀਪੁਲੇਟਿਵਜ਼, ਪਹੇਲੀਆਂ ਅਤੇ ਖੇਡਾਂ, ਸਟੋਰੀ ਕਾਰਡ ਅਤੇ ਫਲੈਸ਼ ਕਾਰਡ, ਪੋਸਟਰ ਅਤੇ ਗਤੀਵਿਧੀਆਂ ਵਾਲੀਆਂ ਕਿਤਾਬਾਂ, ਕਠਪੁਤਲੀਆਂ ਅਤੇ ਖੇਡ ਸਮੱਗਰੀ, ਅਧਿਆਪਕ ਸਰੋਤ ਸਮੱਗਰੀ। ਹਰੇਕ ਭਾਗ ਭਾਸ਼ਾ, ਅੰਕ, ਰਚਨਾਤਮਕਤਾ ਅਤੇ ਸਮਾਜਿਕ ਸਿੱਖਿਆ ਸਮੇਤ ਮੁੱਖ ਵਿਕਾਸ ਖੇਤਰਾਂ ਵਿੱਚ ਸਹਾਇਤਾ ਕਰਦਾ ਹੈ, ਜੋ ਕਿ ਸੂਬੇ ਭਰ ਵਿੱਚ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ।

    ਲਾਭਪਾਤਰੀ ਅਤੇ ਵੰਡ

    ਇਸ ਪਹਿਲਕਦਮੀ ਨਾਲ ਸੂਬੇ ਭਰ ਵਿੱਚ ਫਾਊਂਡੇਸ਼ਨਲ ਸਟੇਜ ਵਿੱਚ ਪੜ੍ਹ ਰਹੇ ਲਗਭਗ 7.5 ਲੱਖ ਬੱਚਿਆਂ ਨੂੰ ਲਾਭ ਮਿਲੇਗਾ। ਖੇਡ ਪਿਟਾਰਾ ਕਿੱਟਾਂ ਪੰਜਾਬ ਭਰ ਵਿੱਚ ਲਗਭਗ 12,856 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵੰਡੀਆਂ ਜਾਣਗੀਆਂ, ਜਿਸ ਨਾਲ ਮੁਢਲੀਆਂ ਜਮਾਤ ਨੂੰ ਵਿਆਪਕ ਪੱਧਰ ‘ਤੇ ਕਵਰ ਕੀਤਾ ਜਾਵੇਗਾ। ਫਾਊਂਡੇਸ਼ਨਲ ਸਟੇਜ ਕਲਾਸਾਂ ਨੂੰ ਸੰਭਾਲਣ ਵਾਲੇ ਅਧਿਆਪਕਾਂ ਨੂੰ ਕਲਾਸਰੂਮ ਵਿੱਚ ਬਿਹਤਰ ਲਾਗੂਕਰਨ ਲਈ ਗਤੀਵਿਧੀ-ਅਧਾਰਤ ਸਿੱਖਿਆ ਸਮੱਗਰੀ ਰਾਹੀਂ ਢਾਂਚਾਗਤ ਸਹਾਇਤਾ ਵੀ ਮਿਲੇਗੀ। ਭਗਵੰਤ ਮਾਨ ਸਰਕਾਰ ਇਸ ਪਹਿਲਕਦਮੀ ਵਿੱਚ ਲਗਭਗ 9.3 ਕਰੋੜ ਦਾ ਨਿਵੇਸ਼ ਕਰ ਰਹੀ ਹੈ। ਖਰੀਦ ਸਮੇਂ ਸਿਰ ਪੂਰੀ ਕਰ ਲਈ ਗਈ ਹੈ, ਵੰਡ ਆਖਰੀ ਪੜਾਅ ਅਧੀਨ ਹੈ ਅਤੇ ਸਕੂਲਾਂ ਨੂੰ ਸਪਲਾਈ ਕਰਨ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਹ ਕਿੱਟਾਂ 1 ਅਪ੍ਰੈਲ ਤੱਕ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵੰਡੀਆਂ ਜਾਣਗੀਆਂ।

    Read Also : ਅਟਲ ਪੈਨਸ਼ਨ ਯੋਜਨਾ ਕੀ ਹੈ?, ਹੁਣ 5000 ਰੁਪਏ ਪੈਨਸ਼ਨ ਲੈਣ ਦੇ ਹੱਕਦਾਰ ਹੋਣਗੇ ਇਹ ਲੋਕ

    ਇਸ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਮੰਨਣਾ ਹੈ ਕਿ ਸਿੱਖਿਆ ਦਾ ਅਸਲ ਪਰਿਵਰਤਨ ਮੁੱਢਲੇ ਪੜਾਅ ਤੋਂ ਸ਼ੁਰੂ ਹੁੰਦਾ ਹੈ। ਉਨ੍ਹਾਂ ਕਿਹਾ, “3 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਨਿਵੇਸ਼ ਕਰਕੇ, ਭਗਵੰਤ ਮਾਨ ਸਰਕਾਰ ਪੰਜਾਬ ਦੇ ਭਵਿੱਖ ਵਿੱਚ ਇੱਕ ਰਣਨੀਤਕ, ਲੰਬੇ ਸਮੇਂ ਦਾ ਨਿਵੇਸ਼ ਕਰ ਰਹੀ ਹੈ। ਖੇਡ ਪਿਟਾਰਾ ਰਾਹੀਂ ਬੱਚੇ ਸਕੂਲਿੰਗ ਨੂੰ ਇਕ ਬੋਝ ਦੀ ਥਾਂ ਇਸ ਨੂੰ ਖੋਜ, ਰਚਨਾਤਮਕਤਾ ਅਤੇ ਵਿਸ਼ਵਾਸ ਨਿਰਮਾਣ ਵਜੋਂ ਅਨੁਭਵ ਕਰਨਗੇ ਅਤੇ ਇਹ ਪਹਿਲਕਦਮੀ ਸਰਕਾਰ ਦੀ ਮਜ਼ਬੂਤ ਅਕਾਦਮਿਕ ਨੀਂਹ ਬਣਾਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜਿਸ ਦੇ ਨਤੀਜੇ ਆਉਣ ਵਾਲੇ ਦਹਾਕਿਆਂ ਤੱਕ ਸਾਰਥਕ ਰਹਿਣਗੇ।”

    ਭਗਵੰਤ ਮਾਨ ਸਰਕਾਰ ਦੀ ਮੁੱਢਲੀ ਸਿੱਖਿਆ ਨੂੰ ਬਦਲਣ ਪ੍ਰਤੀ ਵਚਨਬੱਧਤਾ

    ਇਹ ਪਹਿਲਕਦਮੀ ਭਗਵੰਤ ਸਿੰਘ ਮਾਨ ਸਰਕਾਰ ਦੀ ਮੁੱਢਲੀ ਸਿੱਖਿਆ ਨੂੰ ਮਜ਼ਬੂਤ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਦ੍ਰਿੜ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ ਕਿ ਹਰ ਬੱਚੇ ਨੂੰ ਸਕੂਲੀ ਸਿੱਖਿਆ ਲਈ ਇੱਕ ਖੁਸ਼ੀ ਭਰਿਆ ਅਤੇ ਦਿਲਚਸਪ ਮਾਹੌਲ ਮਿਲੇ। ਕਲਾਸਰੂਮਾਂ ਨੂੰ ਰੱਟੇ ਵਾਲੀ ਸਿੱਖਿਆ ਤੋਂ ਦੂਰ ਖੇਡ, ਗਤੀਵਿਧੀ-ਅਧਾਰਤ ਸਿੱਖਿਆ ਵੱਲ ਲਿਜਾ ਕੇ, ਭਗਵੰਤ ਸਿੰਘ ਮਾਨ ਸਰਕਾਰ ਸਿਰਫ਼ ਪਾਠਕ੍ਰਮ ਵਿੱਚ ਸੁਧਾਰ ਨਹੀਂ ਕਰ ਰਹੀ ਹੈ ਬਲਕਿ ਆਪਣੇ ਸਭ ਤੋਂ ਛੋਟੇ ਨਾਗਰਿਕਾਂ ਵਿੱਚ ਨਿਰੰਤਰ, ਦੂਰਦਰਸ਼ੀ ਨਿਵੇਸ਼ ਰਾਹੀਂ ਪੰਜਾਬ ਦੇ ਭਵਿੱਖ ਨੂੰ ਮੁੜ ਆਕਾਰ ਦੇ ਰਹੀ ਹੈ।