ਖਾਲਸਾ ਏਡ ਦੀ ਪੁੱਛਗਿੱਛ ਕੇਂਦਰ ਦੀ ਬੁਖਲਾਹਟ : ਬਾਦਲ

ਕਿਹਾ, ਖੇਤੀ ਕਾਨੂੰਨਾਂ ਦਾ ਹੱਲ ਨਹੀਂ ਕਰਨਾ ਚਾਹੁੰਦੀ ਕੇਂਦਰ ਸਰਕਾਰ

ਫਿਰੋਜ਼ਪੁਰ, (ਸਤਪਾਲ ਥਿੰਦ)। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖਾਲਸਾ ਏਡ ਦੇ ਮਾਮਲੇ ’ਚ ਕੇਂਦਰ ’ਤੇ ਤਿੱਖੇ ਹਮਲੇ ਕੀਤੇ ਅਕਾਲੀ ਦਲ ਪ੍ਰਧਾਨ ਅੱਜ ਫਿਰੋਜ਼ਪੁਰ ਵਿਖੇ ਪ੍ਰੈੱਸ ਮਿਲਣੀ ਦੌਰਾਨ ਸੰਬੋਧਨ ਕਰ ਰਹੇ ਸਨ ਬਾਦਲ ਨੇ ਕਿਹਾ ਕਿ ਜਦੋਂ ਖਾਲਸਾ ਏਡ ਨੇ ਗੁਜਰਾਤ ਵਿਚ ਮਨੁੱਖਤਾ ਦੀ ਮੱਦਦ ਦਾ ਕੰਮ ਕੀਤਾ ਤਾਂ ਉਸ ਵੇਲੇ ਕੇਂਦਰ ਸਰਕਾਰ ਨੂੁੰ ਕੁਝ ਵੀ ਗਲਤ ਨਹੀਂ ਲੱਗਾ ਪਰ ਜਦੋਂ ਇਹ ਦਿੱਲੀ ਦੇ ਬਾਰਡਰਾਂ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮੱਦਦ ਵਿਚ ਨਿੱਤਰੀ ਹੈ ਤਾਂ ਸਰਕਾਰ ਨੇ ਇਸ ਮਗਰ ਕੌਮੀ ਜਾਂਚ ਏਜੰਸੀ (ਐਨਆਈਏ) ਲਾ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਹ ਕਿਵੇਂ ਸੰਭਵ ਹੈ ਕਿ ਜਿਸ ਜਥੇਬੰਦੀ ਦੀ ਪਹਿਲਾਂ ਦੇਸ਼ ਨੇ ਸ਼ਲਾਘਾ ਕੀਤੀ ਹੋਵੇ, ਉਹ ਸਿਰਫ ਇਸ ਕਰ ਕੇ ਹੀ ਮਾੜੀ ਹੋ ਗਈ ਕਿ ਉਹ ਕਿਸਾਨਾਂ ਦੀ ਮੱਦਦ ਵਾਸਤੇ ਨਿੱਤਰੀ?

ਉਨ੍ਹਾਂ ਕਿਹਾ ਕਿ ਐਨ ਆਈ ਏ ਵੱਲੋਂ ਖਾਲਸਾ ਏਡ ਨਾਲ ਜੁੜੇ ਲੋਕਾਂ ਨੂੰ ਤਲਬ ਕਰਨਾ ਸਪਸ਼ਟ ਸੰਕੇਤ ਹੈ ਕਿ ਸਰਕਾਰ ਬੌਖਲਾ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਹ ਸਮਝਦੀ ਹੈ ਕਿ ਉਹ ਇਸ ਤਰੀਕੇ ਧਮਕਾਉਣ ਵਾਲੇ ਕਦਮਾਂ ਨਾਲ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰ ਸਕਦੀ ਹੈ ਤਾਂ ਉਸਨੂੰ ਸ਼ਾਇਦ ਇਸ ਗੱਲ ਦਾ ਗਿਆਨ ਨਹੀਂ ਕਿ ਅਜਿਹੇ ਦਮਨਕਾਰੀ ਕਦਮਾਂ ਨਾਲ ਕਿਸਾਨ ਅੰਦੋਲਨ ਹੋਰ ਮਜ਼ਬੂਤ ਹੋਵੇਗਾ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਦਾ ਹੱਲ ਨਹੀਂ ਕਰਨਾ ਚਾਹੁੰਦੀ, ਜਿਸ ਦਾ ਹੱਲ ਇੱਕ ਮਿੰਟ ’ਚ ਹੋ ਸਕਦਾ ਹੈ ਜੇਕਰ ਕਿਸਾਨ ਇਹ ਕਾਨੂੰਨ ਨਹੀੰ ਚਾਹੁੰਦੇ ਤਾਂ ਵਾਪਸ ਲੈ ਲੈਣੇ ਚਾਹੀਦੇ ਹਨ। ਇਸ ਮੌਕੇ ਉਹਨਾਂ ਅਫਸਰਾਂ ਨੂੰ ਚਿਤਾਵਨੀ ਦਿੰਦੇ ਆਖਿਆ ਕਿ ਉਹ ਕਾਨੂੰਨ ਮੁਤਾਬਕ ਚੱਲਣ ਨਾ ਕਿ ਕਾਂਗਰਸੀ ਵਿਧਾਇਕ ਦੇ ਹੁਕਮਾਂ ਮੁਤਾਬਕ। ਨਗਰ ਕੌਂਸਲ ਚੋਣਾਂ ਨੂੰ ਧਿਆਨ ’ਚ ਰੱਖਦਿਆ ਇਸ ਮੌਕੇ ਉਹਨਾਂ ਨੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਦਿਆ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਇਸ ਮੌਕੇ ਉਹਨਾਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਹੇ ਤੇ ਪੰਜ ਵਾਰ ਦੇ ਫਿਰੋਜ਼ਪੁਰ ਤੋਂ ਵਿਧਾਇਕ ਪੰਡਤ ਬਾਲ ਮੁਕੰਦ ਸ਼ਰਮਾ ਦੇ ਘਰ ਜਾ ਕੇ ਪਰਿਵਾਰ ਦਾ ਦੁੱਖ ਸਾਂਝਾ ਕੀਤਾ ਜਿਹਨਾਂ ਦਾ ਹਾਲ ਹੀ ਵਿਚ ਦਿਹਾਂਤ ਹੋ ਗਿਆ ਸੀ। ਇਸ ਮੌਕੇ ਜਨਮੇਜਾ ਸਿੰਘ ਸੇਖੋਂ, ਜੋਗਿੰਦਰ ਸਿੰਘ ਜਿੰਦੂ, ਅਵਤਾਰ ਸਿੰਘ ਜ਼ੀਰਾ, ਵਰਦੇਵ ਸਿੰਘ ਮਾਨ ਅਤੇ ਮੋਂਟੂ ਵੋਹਰਾ ਸਮੇਤ ਵੱਖ-ਵੱਖ ਵਰਕਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.