ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ ਨੇ ਸੁਣਾਇਆ ਆਪਣਾ ਆਦੇਸ਼, ਗੁਪਤਾ ਦੀ ਤੈਨਾਤੀ ਪਾਈ ਗਈ ਖ਼ਾਮੀਆਂ
ਪੰਜਾਬ ਦੇ ਦੋ ਸੀਨੀਅਰ ਡੀਜੀਪੀ ਮੁਹਮਦ ਮੁਸਤਫ਼ਾ ਅਤੇ ਸਿਧਾਰਥ ਚਟੋਪਾਧਾਏ ਵਲੋਂ ਪਾਈ ਗਈ ਸੀ ਪਟੀਸ਼ਨ
ਹੁਣ ਪੰਜਾਬ ਸਰਕਾਰ ਨੂੰ ਮੁੜ ਭੇਜਣਾ ਪਏਗਾ ਪੈਨਲ, ਅਮਰਿੰਦਰ ਸਿੰਘ ਨੇ ਕਿਹਾ, ਨਹੀਂ ਪਏਗੀ ਇਸ ਦੀ ਜਰੂਰਤ
ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ (ਕੈਟ) ਨੇ ਸ਼ੁੱਕਰਵਾਰ ਨੂੰ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਡੀ.ਜੀ.ਪੀ. ਦਿਨਕਰ ਗੁਪਤਾ ਦੀ ਤੈਨਾਤੀ ਨੂੰ ਗਲਤ ਕਰਾਰ ਦੇ ਕੇ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਮੁੜ ਤੋਂ ਨਵਾਂ ਪੈਨਲ ਭੇਜਣ ਲਈ ਕਿਹਾ ਹੈ, ਜਿਸ ਰਾਹੀਂ ਪੰਜਾਬ ਦੇ ਨਵੇਂ ਪੁਲਿਸ ਮੁਖੀ ਦੀ ਨਿਯੁਕਤੀ ਦੀ ਕਾਰਵਾਈ ਨੂੰ ਸ਼ੁਰੂ ਕੀਤਾ ਜਾ ਸਕੇ। ਇਥੇ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਾਫ਼ ਕਹਿ ਦਿੱਤਾ ਹੈ ਕਿ ਦਿਨਕਰ ਗੁਪਤਾ ਪੁਲਿਸ ਮੁਖੀ ਦੇ ਅਹੁਦੇ ਤੋਂ ਨਹੀਂ ਹਟਣਗੇ, ਉਨਾਂ ਦੀ ਨਿਯੁਕਤੀ ਨੂੰ ਲੈ ਕੇ ਯੂ.ਪੀ.ਐਸ.ਈ. ਅਤੇ ਕੈਟ ਨਾਲ ਸਰਕਾਰ ਆਪਣੇ ਪੱਧਰ ‘ਤੇ ਗੱਲਬਾਤ ਕਰ ਲਏਗੀ।
ਸ਼ੁੱਕਰਵਾਰ ਨੂੰ ਕੈਟ ਵਲੋਂ ਡੀ.ਜੀ.ਪੀ. ਦਿਨਕਰ ਗੁਪਤਾ ਦੀ ਨਿਯੁਕਤੀ ਦੇ ਖ਼ਿਲਾਫ਼ ਪਾਈ ਗਈ ਪਟੀਸ਼ਨ ਨੂੰ ਸਵੀਕਾਰ ਕਰਨ ਤੋ ਬਾਅਦ ਪੰਜਾਬ ਸਰਕਾਰ ਅਤੇ ਪੁਲਿਸ ਵਿੱਚ ਭਾਜੜ ਮੱਚ ਗਈ। ਮੁੱਖ ਮੰਤਰੀ ਅਮਰਿੰਦਰ ਸਿੰਘ ਉਸ ਸਮੇਂ ਵਿਧਾਨ ਸਭਾ ਦੇ ਅੰਦਰ ਕਾਰਵਾਈ ਵਿੱਚ ਭਾਗ ਲੈ ਰਹੇ ਸਨ, ਜਿਥੇ ਕਿ ਉਨਾਂ ਨੂੰ ਅਧਿਕਾਰੀਆਂ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਜਾਣਕਾਰੀ ਅਨੁਸਾਰ ਪੰਜਾਬ ਦੇ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਅਤੇ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਵੱਲੋਂ ਦਿਨਕਰ ਗੁਪਤਾ ਦੀ ਪੰਜਾਬ ਪੁਲਿਸ ਮੁਖੀ ਵਲੋਂ ਨਿਯੁਕਤੀ ਨੂੰ ਕੈਟ ਵਿੱਚ ਚੁਣੌਤੀ ਦਿੱਤੀ ਗਈ ਸੀ ਜਿਥੇ ਇਨਾਂ ਦੋਵਾਂ ਵੱਲੋਂ ਯੂ.ਪੀ.ਐਸ.ਸੀ. ਅਤੇ ਪੰਜਾਬ ਸਰਕਾਰ ਸਣੇ ਦਿਨਕਰ ਗੁਪਤਾ ਨੂੰ ਪਾਰਟੀ ਬਣਾਇਆ ਗਿਆ ਸੀ।
ਕੈਟ ਨੇ ਕਿਹਾ ਕਿ ਪੰਜਾਬ ਪੁਲਿਸ ਮੁਖੀ ਦੀ ਨਿਯੁਕਤੀ ਲਈ ਤਿਆਰ ਕੀਤੇ ਗਏ ਪੈੱਨਲ ਵਿੱਚ ਕਾਫ਼ੀ ਜਿਆਦਾ ਖ਼ਾਮੀਆਂ ਸਨ
ਸ਼ੁੱਕਰਵਾਰ ਆਪਣਾ ਆਦੇਸ਼ ਜਾਰੀ ਕਰਦੇ ਹੋਏ ਕੈਟ ਨੇ ਕਿਹਾ ਕਿ ਪੰਜਾਬ ਪੁਲਿਸ ਮੁਖੀ ਦੀ ਨਿਯੁਕਤੀ ਲਈ ਤਿਆਰ ਕੀਤੇ ਗਏ ਪੈੱਨਲ ਵਿੱਚ ਕਾਫ਼ੀ ਜਿਆਦਾ ਖ਼ਾਮੀਆਂ ਸਨ। ਜਿਹੜਾ ਪੈਨਲ ਪੰਜਾਬ ਸਰਕਾਰ ਵੱਲੋਂ ਬਣਾ ਕੇ ਭੇਜਿਆ ਗਿਆ ਸੀ ਉਹ ਸੁਪਰੀਮ ਕੋਰਟ ਵਲੋਂ ਪ੍ਰਕਾਸ਼ ਸਿੰਘ ਮਾਮਲੇ ਵਿੱਚ ਦਿੱਤੇ ਗਏ ਆਦੇਸ਼ਾਂ ਦੇ ਖ਼ਿਲਾਫ਼ ਸੀ। ਕੈਟ ਵੱਲੋਂ ਯੂ.ਪੀ.ਐਸ.ਸੀ. ਅਤੇ ਪੁਲਿਸ ਮੁਖੀ ਦੀ ਨਿਯੁਕਤੀ ਕਰਨ ਵਾਲੀ ਕਮੇਟੀ ਨੂੰ ਆਦੇਸ਼ ਦਿੱਤੇ ਹਨ ਕਿ 4 ਹਫ਼ਤੇ ਵਿੱਚ ਮੁੜ ਤੋਂ ਪੈਨਲ ਬਣਾ ਕੇ ਭੇਜਿਆ ਜਾਵੇ।
ਇਸ ਪਟੀਸ਼ਨ ਵਿੱਚ ਦੋਵੇਂ ਡੀ.ਜੀ.ਪੀ. ਵੱਲੋਂ ਕਿਹਾ ਗਿਆ ਸੀ ਕਿ ਉਨਾਂ ਦੀ ਰਿਕਾਰਡ ਕਾਫ਼ੀ ਜਿਆਦਾ ਸਾਫ਼ ਅਤੇ ਚੰਗਾ ਹੈ ਫਿਰ ਵੀ ਉਨਾਂ ਦੀ ਸੀਨੀਅਰਤਾ ਨੂੰ ਧਿਆਨ ਵਿੱਚ ਰਖਦੇ ਹੋਏ ਗਲਤ ਤਰੀਕੇ ਨਾਲ ਪੈਨਲ ਤਿਆਰ ਕੀਤਾ ਗਿਆ ਅਤੇ ਉਨਾਂ ਨੂੰ ਪੁਲਿਸ ਮੁੱਖੀ ਬਣਾਉਣ ਤੋਂ ਰੋਕਣ ਦੀ ਕੋਸ਼ਸ਼ ਕੀਤੀ ਗਈ। ਜਿਸ ਕਾਰਨ ਮੌਜੂਦਾ ਨਿਯੁਕਤੀ ਨੂੰ ਰੱਦ ਕੀਤਾ ਜਾਣਾ ਬਣਦਾ ਹੈ। ਕੈਟ ਵੱਲੋਂ ਇਨਾਂ ਦੋਵਾਂ ਡੀ.ਜੀ.ਪੀ. ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਗਿਆ ਹੈ।
ਇਥੇ ਹੀ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਮੁੱਖੀ ਨੂੰ ਲੈ ਕੇ ਨਵਾਂ ਪੈਨਲ ਤਿਆਰ ਕਰਨ ਦੀ ਜਰੂਰਤ ਨਹੀਂ ਪਏਗੀ, ਇਸ ਲਈ ਦਿਨਕਰ ਗੁਪਤਾ ਆਪਣੇ ਅਹੁਦੇ ‘ਤੇ ਕੰਮ ਕਰਦੇ ਰਹਿਣਗੇ। ਇਸ ਮਾਮਲੇ ਵਿੱਚ ਯੂ.ਪੀ.ਐਸ.ਸੀ. ਅਤੇ ਕੈਟ ਵਿੱਚ ਮੁੜ ਤੋਂ ਜਾਣ ਦੀ ਜਿਹੜੀ ਵੀ ਜਰੂਰਤ ਪਏਗੀ ਤਾਂ ਸਰਕਾਰ ਉਥੇ ਜਾ ਕੇ ਮੁੜ ਤੋਂ ਆਪਣਾ ਪੱਖ ਰੱਖੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।